ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

15 ਮਈ 2023

 

ਕਰਨਾਟਕ ਦਾ ਮੁੱਖ ਮੰਤਰੀ ਚੁਣਨ ਦੇ ਅਧਿਕਾਰ ਖੜਗੇ ਨੂੰ ਦਿਤੇ- ਇਕ ਖ਼ਬਰ

ਚਾਹੇ ਸੁੱਥਣ ਸੰਵਾ ਦੇ ਚਾਹੇ ਲਹਿੰਗਾ, ਤੇਰੇ ਅੱਗੇ ਥਾਨ ਸੁੱਟਿਆ।

ਜਥੇਦਾਰ ਦੀ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ਦੀ ਮੰਗਣੀ ‘ਚ ਸ਼ਮੂਲੀਅਤ ਬਣੀ ਚਰਚਾ ਦਾ ਵਿਸ਼ਾ- ਇਕ ਖ਼ਬਰ

ਅੱਡੀ ਮਾਰ ਕੇ ਨੱਚੀ ਜਦੋਂ ਬੰਤੋ, ਪਿੰਡ ‘ਚ ਭੂਚਾਲ ਆ ਗਿਆ।

 

ਐੱਲ.ਆਈ. ਸੀ. ਦੇ ਡੀਵੈਲਪਮੈਂਟ ਅਫ਼ਸਰ ਵਲੋਂ 4 ਕਰੋੜ 30 ਲੱਖ ਤੋਂ ਵੱਧ ਦੀ ਧੋਖਾਧੜੀ- ਇਕ ਖ਼ਬਰ

ਤਾਏ ਦੀ ਧੀ ਚੱਲੀ ਤਾਂ ਮੈਂ ਕਿਉਂ ਰਹਾਂ ‘ਕੱਲੀ।

 

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਪ੍ਰਧਾਨ ਮੰਤਰੀ ਮੋਦੀ ਨੂੰ ਜੱਫੀ ਪਾ ਕੇ ਮਿਲੇ- ਇਕ ਖ਼ਬਰ

ਤੇਰੀ ਸੱਜਰੀ ਪੈੜ ਦਾ ਰੇਤਾ, ਚੁੱਕ ਚੁੱਕ ਲਾਵਾਂ ਹਿੱਕ ਨੂੰ।

 

ਮੋਦੀ ਨੇ ਕਾਨੂੰਨ ਮੰਤਰੀ ਰੀਜੀਜੂ ਨੂੰ ਉਸ ਦੇ ਬਿਆਨਾਂ ਕਰ ਕੇ ਅਹੁਦੇ ਤੋਂ ਹਟਾਇਆ- ਇਕ ਖ਼ਬਰ

ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ।

ਨਗਰ ਨਿਗਮ ਚੋਣਾਂ ਜਲਦੀ ਕਰਵਾਏ ਜਾਣ ਦੀ ਸੰਭਾਵਨਾ- ਇਕ ਖ਼਼ਬਰ

ਹਾਂ ਜੀ! ਤਵਾ ਗਰਮ ਐ, ਦੋ ਮੰਨੀਆਂ ਰਾੜ੍ਹ ਲਉ ਜਲਦੀ।

ਕੇਂਦਰ ਦੇ ‘ਏਜੰਸੀ ਰਾਜ’ ਨੇ ਸਾਡਾ ਕੰਮ ਚੁਣੌਤੀਪੂਰਨ ਬਣਾ ਦਿਤਾ- ਮਮਤਾ

ਸਉਣ ਦਿਆ ਬੱਦਲਾ ਵੇ, ਹੀਰ ਭਿਉਂ ‘ਤੀ ਮਿਜਾਜ਼ਾਂ ਵਾਲ਼ੀ।

ਸਾਫ਼- ਸੁਥਰੀ ਪੰਥਕ ਲੀਡਰਸ਼ਿੱਪ ਦੀ ਉਡੀਕ ‘ਚ ਹਨ ਸਿੱਖ ਸੰਸਥਾਵਾਂ- ਇਕ ਖ਼ਬਰ

ਸਉਣ ਵਿਚ ਆ ਜਾ ਮਿੱਤਰਾ, ਗੁੜ ਵੰਡਦੀ ਪੀਰ ਦੇ ਜਾਵਾਂ।

ਸਿਸੋਦੀਆਂ ਨੇ ਜੇਲ੍ਹ ‘ਚੋਂ ਲਿਖੀ ਚਿੱਠੀ, ਕਵਿਤਾ ਰਾਹੀਂ ਕੇਂਦਰ ਸਰਕਾਰ ‘ਤੇ ਸਾਧੇ ਨਿਸ਼ਾਨੇ- ਇਕ ਖ਼ਬਰ

ਸੱਸ ਪਿੱਟਣੀ ਪੰਜੇਬਾਂ ਪਾ ਕੇ, ਜੱਗ ਭਾਵੇਂ ਕਰੇ ਨਿੰਦਿਆ।

ਨਾਜਾਇਜ਼ ਉਸਾਰੀਆਂ ਖਿਲਾਫ਼ ਕਾਰਵਾਈ ਕਰਨ ਵਾਲੇ ਅਫ਼ਸਰ ਦੀ ਕਮਿਸ਼ਨਰ ਨੇ ਕੀਤੀ ਬਦਲੀ- ਇਕ ਖਬਰ

ਓਏ ਸਹੁਰੀ ਦਿਆ ਸਾਡੇ ਢਿੱਡ ‘ਤੇ ਕਾਹਨੂੰ ਲੱਤ ਮਾਰਦੈਂ, ਦਫ਼ਾ ਹੋ ਏਥੋਂ।

ਕਿਸਮਤ ਦੇ ਧਨੀ ਨਿਕਲੇ ‘ਜਥੇਦਾਰ’, ਆਈ ਸੁਨਾਮੀ ਫ਼ਿਲਹਾਲ ਟਲ ਗਈ- ਇਕ ਖ਼ਬਰ

ਬੱਕਰੇ ਦੀ ਮਾਂ ਕਿੰਨਾ ਕੁ ਚਿਰ ਖ਼ੈਰ ਮਨਾਏਗੀ।

ਕੇਂਦਰ ਨੇ ਆਰਡੀਨੈਂਸ ਜਾਰੀ ਕਰ ਕੇ ਦੱਸ ਦਿਤਾ ਕਿ ਅੰਤਮ ਫ਼ੈਸਲਾ ਉਸ ਦਾ ਹੀ ਹੋਵੇਗਾ- ਕਪਿਲ ਸਿੱਬਲ

ਵੈਰੀਆਂ ਦਾ ਖੂਹ ਵਗਦਾ, ਮੈਨੂੰ ਤੇਰੀ ਵੇ ਜਾਨ ਦਾ ਧੋਖਾ।
                                                                        

ਅਮਰੀਕੀਆਂ ‘ਤੇ ਰੂਸ ‘ਚ ਦਾਖ਼ਲੇ ‘ਤੇ ਪਾਬੰਦੀ- ਇਕ ਖ਼ਬਰ

ਡੇਕ ਦਾ ਗੁਮਾਨ ਕਰਦੀ, ਸਾਨੂੰ ਤੋਤਿਆਂ ਨੂੰ ਬਾਗ਼ ਬਥੇਰੇ।

ਨੱਢਾ ਜਿੱਥੇ ਵੀ ਜਾਂਦੇ ਹਨ, ਭਾਜਪਾ ਹਾਰ ਜਾਂਦੀ ਹੈ- ਸੰਜੇ ਰਾਊਤ

ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।

ਸੁਪਰੀਮ ਕੋਰਟ ’ਚ ਖੁਲਾਸਾ: ਅਡਾਨੀ ਦੀਆਂ ਕੰਪਨੀਆ ਦੀ ਜਾਂਚ ਸੇਬੀ ਨੇ 2016 ਤੋਂ ਹੀ ਨਹੀਂ ਕੀਤੀ-ਇਕ ਖ਼ਬਰ

ਮਿੱਤਰਾਂ ਦੇ ਫੁਲਕੇ ਨੂੰ, ਨੀਂ ਮੈਂ ਖੰਡ ਦਾ ਪਲੇਥਣ ਲਾਵਾਂ।