ਜੂਨ 1984 ਦਾ ਤੀਜਾ ਘੱਲੂਘਾਰਾ - ਬਘੇਲ ਸਿੰਘ  ਧਾਲੀਵਾਲ

 ਜੂਨ 84 ਤੋ ਪਹਿਲਾਂ ਸਿੱਖਾਂ ਖਿਲਾਫ ਸਿਰਜੇ ਗਏ ਵਿਰਤਾਂਤ

ਜੂਨ ਦੇ ਪਹਿਲੇ ਹਫਤੇ ਨੂੰ ਸਿੱਖ ਕੌਂਮ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੀ ਹੈ।ਹਰ ਸਾਲ ਹੀ ਜੂਨ ਦੇ ਪਹਿਲੇ ਹਫਤੇ 1984 ਦਾ ਉਹ ਮੰਜਰ ਸਿੱਖ ਚੇਤਿਆਂ ਵਿੱਚ ਰਿਸਦੇ ਨਸੂਰ ਦੀ ਤਰਾਂ ਤਾਜਾ ਹੋ ਜਾਂਦਾ ਹੈ,ਜਦੋ ਭਾਰਤੀ ਫੌਜਾਂ ਵੱਲੋਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੋ ਵੱਧ ਗੁਰਦੁਆਰਾ ਸਹਿਬਾਨਾਂ ਤੇ ਇੱਕੋ ਸਮੇ ਹਮਲਾ ਕਰਕੇ ਜਿੱਥੇ ਹਜਾਰਾਂ ਨਿਰਦੋਸ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਬੰਦੀ ਬਣਾ ਕੇ ਫੌਜੀ ਕੈਂਪਾਂ ਵਿੱਚ ਕੈਦ ਕਰ ਲਿਆ, ਓਥੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਧਹਿ ਢੇਰੀ ਕਰ ਦਿੱਤਾ ਗਿਆ ਅਤੇ ਸਿੱਖ ਮਰਿਯਾਦਾ ਨੂੰ ਵੀ ਬੁਰੀ ਤਰਾਂ ਤਹਿਸ ਨਹਿਸ ਕੀਤਾ ਗਿਆ। ਸਿੱਖ ਮਨਾਂ ਚ ਤੀਜੇ ਘੱਲੂਘਾਰੇ ਵਜੋਂ ਡੂੰਘੇ ਉੱਤਰੇ ਅਤੇ ਨਾ ਭਰਨਯੋਗ ਜਖਮ ਦੇਣ ਵਾਲੇ ਜੂਨ ਮਹੀਨੇ ਦੇ ਪਹਿਲੇ ਹਫਤੇ ਨੂੰ ਚੇਤੇ ਕਰਨ ਤੋ ਪਹਿਲਾਂ ਇਸ ਦੇ ਸੰਖੇਪ ਇਤਿਹਾਸ ਤੇ ਜਰੂਰ ਨਜਰਸਾਨੀ ਕਰਨੀ ਬਣਦੀ ਹੈ। ਸਿੱਖਾਂ ਦੀ ਕੇਂਦਰ ਨਾਲ ਲੜਾਈ ਦਾ ਮੁੱਢ ਤਾਂ ਭਾਂਵੇ ਅਜਾਦੀ ਤੋ ਬਾਅਦ ਉਸ ਸਮੇ ਹੀ ਬੱਝ ਗਿਆ ਸੀ,ਜਦੋ ਗਾਂਧੀ,ਨਹਿਰੂ ਅਤੇ ਪਟੇਲ ਦੀ ਤਿੱਕੜੀ ਸਿੱਖਾਂ ਦੀਆਂ 93 ਫੀਸਦੀ ਕੁਰਬਾਨੀਆਂ ਮਿੱਟੀ ਘੱਟੇ ਚ ਰੋਲ ਕੇ ਉਹਨਾਂ ਨੂੰ ਅਜਾਦੀ  ਦਾ ਨਿੱਘ ਮਾਨਣ ਲਈ ਅਜਾਦ ਖਿੱਤਾ  ਦੇਣ ਦੇ ਵਾਅਦੇ ਤੋ ਅਸਲੋਂ ਹੀ ਮੁਨਕਰ ਹੋ ਗਈ। ਏਥੇ ਹੀ ਬੱਸ ਨਹੀ,ਸਗੋਂ ਪੰਜਾਬ ਅੰਦਰ ਡੇਰਾਵਾਦ ਦਾ ਪਾਸਾਰ ਵੀ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਦੀ ਨੀਅਤ ਨਾਲ ਕੀਤਾ ਗਿਆ।ਨਿਰੰਕਾਰੀਆਂ ਦੇ ਸਿੱਖੀ ਤੇ ਵਾਰ ਵਾਰ ਹਮਲੇ ਵੀ ਕੇਂਦਰ ਦੀ ਕਾਂਗਰਸ ਜਮਾਤ ਅਤੇ ਜਨਸੰਘ ਦੀ ਮਿਲੀਭੁਗਤ ਦਾ ਨਤੀਜਾ ਸਨ।ਇਹਨਾਂ ਹਮਲਿਆਂ ਦੀ ਸਿਖਰ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਦੇਖੀ ਗਈ,ਜਦੋਂ ਤਤਕਾਲੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸ੍ਰੀ ਅਮ੍ਰਿਤਸਰ ਵਿੱਚ ਮਾਨਵ ਏਕਤਾ ਦੇ ਨਾਮ ਹੇਠ ਨਿਰੰਕਾਰੀ ਸਮਾਗਮ ਕਰਨ ਲਈ ਪਹੁੰਚ ਗਿਆ।ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਨਿਰੰਕਾਰੀਆਂ ਦੇ ਇਸ ਕੁਫਰ ਦੇ ਸਮਾਗਮ ਨੂੰ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਪੰਜ ਪੰਜ ਸਿੰਘਾਂ ਦੇ ਪੰਜ ਜਥੇ ਭੇਜੇ ਗਏ,ਪ੍ਰੰਤੂ ਨਿਰੰਕਾਰੀ ਮੁਖੀ ਵੱਲੋਂ ਬਣਾਏ ਗਏ ਹਥਿਆਰਬੰਦ ਸੰਗਠਨ ‘ਨਿਰੰਕਾਰੀ ਸੇਵਾ ਦਲ’ਦੇ ਕਾਰਕੁਨਾਂ ਅਤੇ ਪੁਲਿਸ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ 13 ਸਿੰਘ ਸ਼ਹੀਦ ਹੋ ਗਏ ਤੇ ਬਾਕੀ ਸਿੰਘ ਗੰਭੀਰ ਜਖਮੀ ਹੋ ਗਏ ਸਨ।ਇਹ 13 ਸਿੰਘ ਇਸ ਦੌਰ ਦੇ ਪਹਿਲੇ ਸਿੱਖ ਸ਼ਹੀਦ ਮੰਨੇ ਜਾਂਦੇ ਹਨ,ਜਿਸਤੋਂ ਬਾਅਦ ਹਕੂਮਤ ਅਤੇ ਭਾਰਤੀ ਮੀਡੀਏ ਦੀ ਬਦੌਲਤ ਸਿੱਖਾਂ ਨੂੰ ਮੱਲੋ ਮੱਲੀ ਟਕਰਾਅ ਵਾਲੇ ਰਾਹ ਤੋਰਨ ਦੇ ਲਗਾਤਾਰ ਵਿਰਤਾਂਤ ਸਿਰਜੇ ਜਾਣ ਲੱਗੇ। ਹਿੰਦੂ ਸਿੱਖਾਂ ਵਿੱਚ ਪਾੜਾ ਵਧਾਉਣ ਲਈ ਜਲੰਧਰ ਦੀ ਪ੍ਰੈਸ ਮੁੱਖ ਤੌਰ ਤੇ ਜਿੰਮੇਵਾਰ ਮੰਨੀ ਜਾਂਦੀ ਹੈ।ਇਹ ਭਾਂਵੇਂ ਸਿੱਖਾਂ ਦਾ ਧਾਰਮਿਕ ਮਸਲਾ ਸੀ,ਪਰ ਜਲੰਧਰ ਦੀ ਪ੍ਰੈਸ ਨੇ ਇਸ ਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾ ਕੇ ਪੇਸ ਕੀਤਾ।1981 ਵਿੱਚ ਕੀਤਾ ਗਿਆ ਲਾਲਾ ਜਗਤ ਨਰਾਇਣ ਦਾ ਕਤਲ ਵੀ ਇਸੇ ਸਦੰਰਭ ਵਿੱਚ ਦੇਖਿਆ ਜਾਂਦਾ ਹੈ।ਇਹ ਸਿਲਸਿਲਾ ਅੱਗੇ ਵੱਧਦਾ ਗਿਆ।ਇਸ ਦੌਰਾਨ ਹੀ ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਭ ਤੋ ਕਰੀਬੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਦੀ ਹੋਈ ਗਿਰਫਤਾਰੀ ਦੇ ਵਿਰੋਧ ਵਿੱਚ ਅਤੇ ਉਹਨਾ ਦੀ ਬਿਨਾ ਸ਼ਰਤ ਰਿਹਾਈ ਲਈ 19 ਜੁਲਾਈ 1982  ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੋਰਚਾ ਅਰੰਭ ਦਿੱਤਾ।ਉਹਨਾਂ ਵੱਲੋਂ ਹਰ ਰੋਜ 51 ਸਿੱਖਾਂ ਦਾ ਜਥਾ  ਗਿਰਫਤਾਰੀ ਦੇਣ ਲਈ ਭੇਜਿਆ ਜਾਂਦਾ ਸੀ।ਬਾਅਦ ਵਿੱਚ ਇਸ ਮੋਰਚੇ ਨੂੰ ਸਰੋਮਣੀ ਅਕਾਲੀ ਦਲ ਨੇ ਅਪਣਾਅ ਲਿਆ।ਸ਼ਰੋਮਣੀ ਅਕਾਲੀ ਦਲ ਵੱਲੋ ਇਹ ਮੋਰਚਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ  ਅਗਵਾਈ ਵਿੱਚ ਲਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਧਰਮਯੁੱਧ ਮੋਰਚੇ ਦੇ ਨਾਮ ਹੇਠ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਅਰੰਭਿਆ ਗਿਆ ਇਹ ਧਰਮਯੁੱਧ ਮੋਰਚਾ ਕੇਂਦਰ ਸਰਕਾ੍ਰ ਤੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਲਾਇਆ ਗਿਆ ਸੀ।ਮੋਰਚੇ ਦੀ ਅਰੰਭਤਾ ਸਮੇ,ਜਿਸ ਦਿਨ ਅਰਦਾਸ ਕਰਕੇ ਸਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਸੁਰੂ ਗਿਆ ਸੀ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤਾਂ ਉਸ ਦਿਨ ਤੋ ਹੀ ਇਸ ਗੱਲ ਤੇ ਦ੍ਰਿੜ ਹੋ ਗਏ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ, ਪ੍ਰੰਤੂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਵੱਲੋਂ ਇਹਨਾਂ ਬਚਨਾਂ ਤੇ ਪਹਿਰਾ ਨਹੀ ਦਿੱਤਾ ਜਾ ਸਕਿਆ। ਉਸ ਮੌਕੇ ਉਹਨਾਂ ਵੱਲੋ ਵੀ ਇਹ ਗੱਲਾਂ ਬੜੀ ਸ਼ਿੱਦਤ ਨਾਲ ਕਹੀਆਂ ਤੇ ਪਰਚਾਰੀਆਂ ਜਾਂਦੀਆਂ ਰਹੀਆਂ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ। ਅਕਾਲੀ ਦਲ ਨੇ ਇਸ ਮੋਰਚੇ ਨੂੰ ‘ਜੰਗ ਹਿੰਦ ਪੰਜਾਬ’ ਦਾ ਨਾਂਅ ਦਿੱਤਾ ਸੀ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।ਉਹਨਾਂ ਇਹ ਵੀ ਬੜੀ ਦ੍ਰਿੜਤਾ ਨਾਲ ਕਿਹਾ ਸੀ ਕਿ ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਵਿੱਚ ਹੋਵੇਗੀ ਅਤੇ ਸਭ ਤੋ ਵੱਡੀ ਗੱਲ ਕਿ ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਮੋਰਚੇ ਦੌਰਾਨ ਸਰੋਮਣੀ ਅਕਾਲੀ ਦਲ ਨੇ ਸਿੱਖਾਂ ਨੂੰ ਭਾਵਨਾਤਮਕ ਤੌਰ ਤੇ ਵੱਡੀ ਪੱਧਰ ਤੇ ਜਜਬਾਤੀ ਕਰ ਦਿੱਤਾ ਸੀ। 1983 ਦੀ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਵਾਏ ਗਏ ਸਨ। ਨਤੀਜੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪ੍ਰਣ ਪੱਤਰ ਭਰਨ ਵਾਲੇ ਮਰਜੀਵੜਿਆਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ। ਇਸ ਦੌਰਾਨ ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਸੈਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨਤਾਰਨ ਰੇਲਵੇ ਫਾਟਕ ‘ਤੇ ਬੱਸ ਨਾਲ ਰੇਲ ਦੀ ਹੋਈ ਟੱਕਰ ਵਿੱਚ 34 ਸਿੰਘ ਅਪਣੀਆਂ ਜਾਨਾਂ ਤੋ ਹੱਥ ਧੋ ਬੈਠੇ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ।ਅਜਿਹੀਆਂ ਦਰਦਨਾਕ ਮੌਤਾਂ ਅਤੇ ਸਰਕਾਰੀ ਜਬਰ ਦੇ ਕਿੱਸੇ ਸਿੱਖਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਅਤੇ ਰੋਹ ਨੂੰ ਹੋਰ ਪਰਚੰਡ ਕਰ ਰਹੇ ਸਨ। ਇਹ ਉਹ ਸਮਾ ਸੀ ਜਦੋ ਮੋਰਚਾ ਅਪਣੇ ਪੂਰੇ ਜੋਬਨ ਤੇ ਪਹੁੰਚ ਚੁੱਕਾ ਸੀ।ਕੋਈ ਵੀ ਧਿਰ ਮੋਰਚੇ ਤੋ ਬਾਹਰ ਨਹੀ ਸੀ ਰਹੀ।ਸੁਮੱਚੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਸਨ। ਦਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਸਰ ਹੀ ਅਪਣੀਆਂ ਤਕਰੀਰਾਂ ਵਿੱਚ ਕਿਹਾ ਕਰਦੇ ਸਨ ਕਿ ਇਸ ਵਾਰ ਜਾਂ ਤਾ ਮੋਰਚਾ ਫਤਿਹ ਹੋਵੇਗਾ ਜਾਂ ਫਿਰ ਸ਼ਹੀਦੀਆਂ ਹੋਣਗੀਆਂ,ਵਿੱਚ ਵਿਚਾਲੇ ਕੁੱਝ ਨਹੀ ਹੋ ਸਕੇਗਾ।ਪਿੰਡਾਂ,ਸਹਿਰਾਂ,ਕਸਬਿਆਂ ਤੋ ਸਿੱਖਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਘੱਤ ਕੇ ਪਹੁੰਚ ਰਹੇ ਸਨ।ਧਰਮਯੁੱਧ ਮੋਰਚੇ ਦੀ ਧਾਂਕ ਪੂਰੇ ਭਾਰਤ ਵਿੱਚ ਹੀ ਨਹੀ,ਬਲਕਿ ਪੂਰੀ ਦੁਨੀਆਂ ਵਿੱਚ ਪੈ ਰਹੀ ਸੀ । ਦੂਜੇ ਪਾਸੇ ਮੀਡੀਏ ਦੀ ਭੂਮਿਕਾ ਧਰਮਯੁੱਧ ਮੋਰਚੇ ਦੌਰਾਨ ਸਿੱਖਾਂ ਪ੍ਰਤੀ ਹਾਂਅ ਪੱਖੀ ਨਹੀ ਬਲਕਿ ਭੇਦਭਾਵ ਵਾਲੀ ਹੀ ਰਹੀ ਹੈ। ਇੱਕ ਪਾਸੇ ਸਰਕਾਰ ਦੇ ਡੰਡਾਤੰਤਰ ਦੀ ਦਹਿਸਤ ਅਤੇ ਦੂਜੇ ਪਾਸੇ ਰਾਸ਼ਟਰਵਾਦ ਦਾ  ਭੂਤ ਅਮ੍ਰਿਤਸਰ ਦੇ ਬਹੁ ਗਿਣਤੀ ਪੱਤਰਕਾਰਾਂ ਨੂੰ ਸੱਚ ਲਿਖਣ ਤੋ ਸਖਤੀ ਨਾਲ ਵਰਜ ਰਿਹਾ ਸੀ। ਦੂਰ ਦੁਰਾਡੇ ਤੋ ਅਮ੍ਰਿਤਸਰ ਵਿੱਚ ਡੇਰੇ ਜਮਾ ਕੇ ਬੈਠਣ ਵਾਲੇ ਗੈਰ ਸਿੱਖ ਪੱਤਰਕਾਰਾਂ ਦੀ ਮਾਨਸਿਕਤਾ ਵਿੱਚ ਪਹਿਲਾਂ ਹੀ ਸਿੱਖਾਂ ਪ੍ਰਤੀ ਕੋਈ ਬਹੁਤੀ ਸਕਾਰਾਤਮਕ ਸੋਚ ਨਹੀ ਸੀ,ਜਿਸ ਕਰਕੇ ਉਹ ਸ੍ਰੀ ਦਰਬਾਰ ਸਾਹਿਬ ਤੋ ਚੱਲ ਰਹੀਆਂ ਗਤੀਵਿਧੀਆਂ ਨੂੰ ਅਲੱਗਵਾਦ ਦੇ ਨਜਰੀਏ ਤੋ ਹੀ ਦੇਖਦੇ,ਸੋਚਦੇ ਅਤੇ ਲਿਖਦੇ ਰਹੇ ਹਨ,ਮੀਡੀਏ ਦੀ ਸਰਕਾਰ ਪੱਖੀ ਅਤੇ ਰਾਸ਼ਟਰਵਾਦੀ ਸੋਚ ਕਾਰਨ ਪੂਰੇ ਭਾਰਤ ਵਿੱਚ ਸਿੱਖਾਂ ਪ੍ਰਤੀ ਦੇਸ ਦੇ ਲੋਕਾਂ ਦੀ ਸੋਚ ਸਕਾਰਾਤਮਕ ਨਹੀ ਰਹੀ ਸੀ।ਇਹ ਸਾਰਾ ਵਿਰਤਾਂਤ ਬਾਕਾਇਦਾ ਸਿਰਜਿਆ ਗਿਆ,ਜਿਸ ਲਈ ਭਾਰਤੀ ਖੂਫੀਆ ਏਜੰਸੀਆਂ ਪੂਰੀ ਤਰਾਂ  ਚੌਕਸ ਰਹਿ ਕੇ ਕੰਮ ਕਰਦੀਆਂ ਰਹੀਆਂ,ਏਜੰਸੀਆਂ ਲਈ ਸ੍ਰੀ ਦਰਬਾਰ ਸਾਹਿਬ ਦੀਆਂ ਖੁਫੀਆਂ ਰਿਪੋਰਟਾਂ ਲੈਣ ਲਈ ਬਹੁਤ ਸਾਰੇ ਪੱਤਰਕਾਰ ਉਹਨਾਂ ਲਈ ਭੁਗਤਾਨ ਵਰਕਰ ਦੇ ਤੌਰ ਤੇ ਕੰਮ ਕਰਦੇ ਸਨ,ਜਿਹੜੇ ਅਖਬਾਰਾਂ ਅਤੇ ਨਿਊਜ ਏਜੰਸੀਅਸ਼ ਲਈ ਰਿਪੋਰਟਿੰਗ ਕਰਨ ਦੀ ਘੱਟ ਅਤੇ ਖੁਫੀਆ ਏਜੰਸੀਆਂ ਲਈ ਜਿਆਦਾ ਜੁੰਮੇਵਾਰ ਵਜੋਂ ਕੰਮ ਕਰਦੇ ਸਨ। ਏਜੰਸੀਆਂ ਵੱਲੋਂ ਇਸ ਕੰਮ ਲਈ ਪੈਸਾ ਪਾਣੀ ਵਾਂਗੂੰ  ਵਹਾਇਆ ਗਿਆ। ਬਹੁਤ ਸਾਰੇ ਨਾਮਵਰ ਪੱਤਰਕਾਰਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਚ ਰਹੀ।ਬਹੁਤ ਸਾਰਿਆਂ ਨੇ ਸਰੋਮਣੀ ਅਕਾਲੀ ਦਲ ਅਤੇ ਸੰਤ ਹਰਚੰਦ ਸਿੰਘ ਨਾਲ ਨੇੜਤਾ ਬਣਾ ਲਈ ਅਤੇ ਕੁੱਝ ਗਿਣੇ ਚੁਣੇ ਪੱਤਰਕਾਰ ਸੰਤ ਭਿੰਡਰਾਂ ਵਾਲਿਆਂ ਦੇ ਖੇਮੇ ਚ ਰਹਿ ਗਏ। (ਇਹ ਕੌੜਾ ਸੱਚ ਸ੍ਰ ਜਸਪਾਲ ਸਿੰਘ ਸਿੱਧੂ ਨੇ ਅਪਣੀ ਪੁਸਤਕ ‘ਸੰਤ ਭਿਡਰਾਂ ਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’  ਵਿੱਚ ਬੜੀ ਬੇਬਾਕੀ ਨਾਲ ਦਰਜ ਕੀਤਾ ਹੈ)ਇਸ ਸਮੇ ਦੌਰਾਨ ਭਾਰਤੀ ਫੋਰਸਾਂ ਅਤੇ ਏਜੰਸੀਆਂ ਨੇ,ਜਿੰਨਾਂ ਵਿੱਚ ਆਈ ਬੀ ਅਤੇ ਰਾਅ ਸਮੇਤ ਅੱਧੀ ਦਰਜਨ ਏਜੰਸੀਆਂ ਨੇ ਪੰਜਾਬ ਤੇ ਤਿੱਖੀ ਨਜਰ ਰੱਖੀ ਅਤੇ ਹਾਲਾਤਾਂ ਨੂੰ ਭਾਪ ਲਿਆ। ਫੌਜੀ ਹਮਲਾ ਇੱਕ ਸੋਚੀ ਸਮਝੀ ਸਕੀਮ ਤਹਿਤ ਕੀਤਾ ਗਿਆ ਸੀ,ਇਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੌ ਵੱਧ ਗੁਦੁਆਰਾ ਸਾਹਿਬਾਨ ਫੌਜੀ ਕਹਿਰ ਦਾ ਸ਼ਿਕਾਰ ਹੋਏ ਸਨ। ਇਸ ਸਮੇ ਦੌਰਾਨ ਪੱਤਰਕਾਰੀ ਦੇ ਖੇਤਰ ਚ ਕੰਮ ਕਰਦੇ ਬਹੁਤ ਸਾਰੇ ਵਿਅਕਤੀਆਂ ਨੇ ਅਪਣੀਆਂ ਕਲਮਾਂ ਨੂੰ ਖੁੰਡਾ ਕਰ ਲਿਆ ਸੀ ਤੇ ਗੈਰਤ ਚੰਦ ਛਿਲੜਾਂ ਬਦਲੇ ਗਿਰਵੀ ਕਰ ਦਿੱਤੀ ਸੀ।ਇਹ ਸਰਕਾਰੀ ਦਹਿਸਤ ਅਤੇ ਰਾਸ਼ਟਰਵਾਦ ਦੇ ਸਾਂਝੇ ਪਰਭਾਵ ਦਾ ਕਮਾਲ਼ ਸੀ ਕਿ ਪੱਤਰਕਾਰਾਂ ਦੀਆਂ ਖਬਰਾਂ ਪੰਜਾਬ ਦਾ ਅਸਲ ਸੱਚ ਦਿਖਾਉਣ ਦੀ ਬਜਾਏ ਭਾਰਤੀ ਸਿਸਟਮ ਅਨੁਸਾਰ ਲਿਖ ਕੇ ਅਜਿਹਾ ਮਹੌਲ ਸਿਰਜਣ ਵਿੱਚ ਅਪਣਾ ਯੋਗਦਾਨ ਪਾ ਰਹੀਆਂ ਸਨ,ਜਿਹੜਾ ਕੁੱਝ ਦਿਨਾਂ  ਬਾਅਦ ਸੱਚਖੰਡ  ਸ੍ਰੀ ਦਰਬਾਰ ਸਾਹਿਬ ਤੇ ਹੋਣ ਵਾਲੀ ਫੌਜੀ ਕਾਰਵਾਈ ਲਈ ਸਾਜਗਾਰ ਸਿੱਧ ਹੋਇਆ।

ਬਘੇਲ ਸਿੰਘ  ਧਾਲੀਵਾਲ
99142-58142