ਜਾਤ ਅਤੇ ਸਿੱਖ - ਹਰਲਾਜ ਸਿੰਘ ਬਹਾਦਰਪੁਰ

  ਸਾਡੀ ਲੜਾਈ ਜਾਤ ਅਧਾਰਤ ਦੀ ਥਾਂ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਂਦੀ ਹੈ ।
ਜਾਤ ਸ਼ਬਦ ਵੇਖਣ ਅਤੇ ਬੋਲਣ ਵਿੱਚ ਤਾਂ ਬਹੁਤ ਛੋਟਾ ਹੈ ਪਰ ਇਹ ਪੁਆੜੇ ਬਹੁਤ ਵੱਡੇ ਪਾਂਉਦਾ ਹੈ । ਜੇ ਇਉਂ ਕਹਿ ਲਈਏ ਕਿ ਇਹ ਜਾਤ ਸ਼ਬਦ ਮਨੁੱਖਤਾ ਦਾ ਸੱਭ ਤੋਂ ਵੱਡਾ ਦੁਸ਼ਮਣ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ । ਦੁੱਖ ਦੀ ਗੱਲ ਇਹ ਹੈ ਸਾਡੇ ਭਾਰਤ ਦੇਸ਼ ਉਤੇ ਰਾਜ ਹੀ ਜਾਤ ਦਾ ਹੈ, ਇਸ ਜਾਤ ਰਾਜੇ ਨੇ ਭਾਰਤ ਵਾਸੀਆਂ ਨੂੰ ਬਦੇਸ਼ੀ ਹਮਲਾਵਰਾ ਨਾਲੋਂ ਵੀ ਵੱਧ ਜਲੀਲ ਕਰਕੇ ਅਜਿਹੇ ਜਖਮ ਦਿੱਤੇ ਹਨ ਜੋ ਕਦੇ ਭਰ ਹੀ ਨਹੀਂ ਸਕਣੇ । ਕਿਉਂਕਿ ਬਦੇਸ਼ੀ ਹਮਲਾਵਰ ਤਾਂ ਕਦੇ ਆਉਂਦੇ ਸਨ ਜਾਂ ਕੁੱਝ ਸਮੇ ਲਈ ਗੁਲਾਮ ਬਣਾਉਂਦੇ ਸਨ, ਇਹਨਾ ਤੋਂ ਤਾਂ ਮੁਕਤੀ ਸੰਭਵ ਸੀ , ਸੰਭਵ ਸਿਰਫ ਕਹਿਣ ਲਈ ਹੀ ਨਹੀ, ਜਾਤੀ ਪ੍ਰਬੰਧ ਦੀ ਗੁਲਾਮੀ ਤੋਂ ਬਾਅਦ ਦੇ ਵਿਦੇਸ਼ੀ ਹਮਲਾਵਰਾਂ ਤੋਂ ਭਾਰਤ ਨੂੰ ਪ੍ਰਤੱਖ ਰੂਪ ਵਿੱਚ ਮੁਕਤੀ ਮਿਲੀ ਵੀ ਹੈ। ਸਾਡੇ ਭਾਰਤੀਆਂ (ਖਾਸ ਕਰ ਸਿੱਖਾਂ) ਨੇ ਵਿਦੇਸ਼ੀ ਹਮਲਾਵਰਾਂ ਦੇ ਅਜਿਹੇ ਦੰਦ ਖੱਟੇ ਕੀਤੇ ਕਿ ਉਹਨਾ ਨੇ ਮੁੜਕੇ ਭਾਰਤ ਤੇ ਹਮਲਾ ਕਰਨ ਵਾਰੇ ਸੋਚਣਾ ਵੀ ਬੰਦ ਕਰ ਦਿੱਤਾ, ਅੰਗ੍ਰੇਜੀ ਰਾਜ ਨੂੰ ਖਤਮ ਕਰਕੇ ਭਾਰਤ ਦੇਸ਼ ਨੂੰ ਅਜਾਦ ਵੀ ਕਰਵਾ ਲਿਆ। ਪਰ ਅਫਸੋਸ ਕਿ ਵਿਦੇਸ਼ੀ ਹਮਲਾਵਰਾਂ ਅਤੇ ਅੰਗ੍ਰੇਜਾਂ ਨੂੰ ਹਰਾਉਣ ਵਾਲੇ ਭਾਰਤੀ (ਖਾਸ ਕਰ ਸਿੱਖ) ਜਾਤੀ ਪ੍ਰਬੰਧ ਤੋਂ ਹਾਰ ਗਏ, ਇਸ ਪ੍ਰਬੰਧ ਦਾ ਭਾਰਤ ਅੱਜ ਵੀ ਗੁਲਾਮ ਹੈ ਅਤੇ ਪਤਾ ਕਿੰਨਾ ਚਿਰ ਅਜੇ ਹੋਰ ਗੁਲਾਮ ਰਹੇਗਾ । ਕਹਿਣ ਨੂੰ ਤਾਂ ਚਲਾਕ (ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ) ਲੋਕ ਕਹਿੰਦੇ ਹਨ ਕੇ ਅੰਗ੍ਰੇਜਾਂ ਦੀ ਨੀਤੀ ਸੀ ਫੁੱਟ ਪਾਓ ਤੇ ਰਾਜ ਕਰੋ, ਕਿ ਅੰਗ੍ਰੇਜਾਂ ਨੇ ਫੁੱਟ ਪਾ ਕੇ ਭਾਰਤੀਆਂ ਤੇ ਰਾਜ ਕੀਤਾ । ਚਲੋ ਜੇ ਇਸ ਗੱਲ ਨੂੰ ਠੀਕ ਵੀ ਮੰਨ ਲਈਏ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਭਾਰਤੀ ਲੋਕ ਅੰਗ੍ਰੇਜਾਂ ਤੋਂ ਤਾਂ ਅਜਾਦ ਹੋ ਵੀ ਚੁੱਕੇ ਹਨ ਪਰ ਜਾਤੀ ਪ੍ਰਬੰਧ ਤੋਂ ਅਜਾਦ ਨਹੀਂ ਹੋਏ । ਜਾਂ ਇਉਂ ਕਹਿ ਲਈਏ ਕਿ ਇਸ ਦੇਸ਼ ਭਾਰਤ ਦੇ ਮੂਲ ਨਿਵਾਸੀ (ਮਾਲਕ) ਤਾਂ ਹਜਾਰਾਂ ਸਾਲਾਂ ਤੋਂ ਹੀ ਗੁਲਾਮ ਚਲੇ ਆ ਰਹੇ ਹਨ । ਜੇ ਇਸ ਦੇਸ਼ ਉਤੇ ਵਿਦੇਸ਼ੀ ਹਮਲਾਵਰਾਂ ਨੇ ਹਮਲੇ ਕੀਤੇ ਜਾਂ ਰਾਜ ਕੀਤਾ ਤਾਂ ਉਹ ਵੀ ਇਸ ਦੇਸ਼ ਤੇ ਪਹਿਲਾਂ ਤੋਂ ਕਬਜਾ ਕਰੀਂ ਬੈਠੇ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਆਰੀਅਨਾ ਦੀ ਫੁੱਟ ਪਾਊ ਨੀਤੀਆਂ ਕਾਰਨ ਹੀ ਹੋਇਆ ਸੀ । ਵਿਦੇਸ਼ੀ ਹਮਲਾਵਰਾਂ ਦੇ ਹਮਲੇ ਅਤੇ ਗੁਲਾਮੀ ਦਾ ਸੰਤਾਪ ਤਾਂ ਭਾਵੇਂ ਭਾਰਤ ਦੇ ਮੂਲ ਨਿਵਾਸੀਆਂ ਨੂੰ ਵੀ ਭੋਗਣਾ ਪਿਆ, ਪਰ ਅਸਲ ਵਿੱਚ ਇਹ ਹਮਲੇ ਭਾਰਤੀਆਂ ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠੇ ਬ੍ਰਾਹਮਣਾਂ ਉਤੇ ਹੀ ਸਨ। ਭਾਰਤ ਦੇ ਮੂਲ ਨਿਵਾਸੀਆਂ ਨੇ ਜੋ ਸੰਘਰਸ਼ ਕਰਕੇ ਵਿਦੇਸ਼ੀ ਹਮਲਾਵਰਾਂ ਦੇ ਹਮਲਿਆਂ ਅਤੇ ਰਾਜ ਤੋਂ ਅਜਾਦੀ ਪ੍ਰਾਪਤ ਕੀਤੀ ਸੀ ਉਸ ਨਾਲ ਭਾਰਤੀ ਅਜਾਦ ਨਹੀਂ ਸਨ ਹੋਏ, ਉਸ ਨਾਲ ਤਾਂ ਭਾਰਤੀਆਂ ਤੇ ਪਹਿਲਾਂ ਤੋਂ ਹੀ ਕਬਜਾ ਕਰੀਂ ਬੈਠਾ ਬ੍ਰਾਹਮਣ ਹੀ ਅਜਾਦ ਹੋਇਆ ਸੀ । ਭਾਰਤੀਆ ਨੂੰ ਤਾਂ ਅਜਾਦ ਹੋਣ ਲਈ ਇੱਕ ਹੋਰ ਇੰਨਕਲਾਬੀ ਲੜਾਈ ਬ੍ਰਾਹਮਣ/ਜਾਤੀ ਪ੍ਰਬੰਧ ਦੇ ਸਿਰਜਕ ਨਾਲ ਲੜਨੀ ਪਵੇਗੀ । ਜਾਤੀ ਪ੍ਰਬੰਧ ਤੋਂ ਮੁਕਤੀ ਹੀ ਭਾਰਤੀਆਂ ਦੀ ਅਸਲ ਅਜਾਦੀ ਹੋਵੇਗੀ । ਇਸ ਜਾਤੀ ਪ੍ਰਬੰਧ ਤੋਂ ਮੁਕਤੀ ਵਗੈਰ ਅਸੀਂ ਸਿੱਧੇ ਰੂਪ ਵਿੱਚ ਰਾਜ ਕਰਦੇ ਹੋਏ ਵੀ ਅਸਿੱਧੇ ਰੂਪ ਵਿੱਚ ਗੁਲਾਮ ਹੀ ਹੋਵਾਂਗੇ । ਭਾਵ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਰਹਿ ਕੇ ਦਲਿਤ ਵੀ ਪਿੰਡਾਂ ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣ ਜਾਣ ਫਿਰ ਵੀ ਭਾਰਤ ਅਜਾਦ ਨਹੀਂ ਹੋਵੇਗਾ । ਭਾਰਤ ਦੀ ਅਜਾਦੀ ਇਸ ਵਿੱਚ ਹੈ ਕਿ ਇਸ ਦੇਸ਼ ਵਿੱਚੋਂ ਜਾਤ,  ਵਰਣਵੰਡ, ਊਚ-ਨੀਚਤਾ ਨੂੰ ਖਤਮ ਕਰਕੇ ਜਾਤ ਸ਼ਬਦ ਨੂੰ ਦੇਸ਼ ਧਰੋਹੀ ਸ਼ਬਦ ਐਲਾਨਿਆ ਜਾਵੇ । ਕਿਉਂਕਿ ਜਾਤੀ ਵੰਡ ਕੇਵਲ ਮਨੁੱਖੀ ਸਰੀਰਾਂ ਅਤੇ ਆਰਥਿਕਤਾ ਨੂੰ ਹੀ ਨਹੀਂ, ਬਲਕਿ ਮਨੁੱਖੀ ਮਾਨਸਿਕਤਾ ਨੂੰ ਵੀ ਗੁਲਾਮ ਬਣਾਉਂਦੀ ਹੈ । ਮਾਨਸਿਕ ਗੁਲਾਮੀ, ਸਰੀਰਕ ਅਤੇ ਆਰਥਿਕ ਗੁਲਾਮੀ ਨਾਲੋਂ ਵੀ ਵੱਧ ਖਤਰਨਾਕ ਹੁੰਦੀ ਹੈ । ਜਿਵੇਂ ਕਿ ਜੇਕਰ ਜਾਤੀ ਪ੍ਰਬੰਧ ਦੇ ਅਧੀਨ ਚਲਦਿਆਂ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ (ਕਹੀਆਂ ਜਾਂਦੀਆਂ ਨੀਚ ਜਾਤੀਆਂ) ਥਾਪ ਕੇ ਬੇਸੱਕ ਅਰਬਾਂ ਪਤੀ ਬਣਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਵੀ ਬਣਾ ਦਿਓ ਉਹ ਫਿਰ ਵੀ ਚੂਹੜਾ, ਚਮਿਆਰ (ਨੀਚ) ਹੀ ਰਹੇਗਾ ਉਸ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਨੀਚ ਹੀ ਕਹਾਉਣਗੀਆਂ, ਉਹਨਾ ਅੰਦਰੋਂ ਕਹੀ ਜਾਂਦੀ ਨੀਚ ਜਾਤ ਦੀ ਹੀਣ ਭਾਵਨਾ ਕਦੇ ਵੀ ਖਤਮ ਨਹੀਂ ਹੋਵੇਗੀ । ਇੱਕ ਕਹੀ ਜਾਂਦੀ ਉਚ ਜਾਤੀ ਦਾ ਬ੍ਰਾਹਮਣ ਬੇਸੱਕ ਆਰਥਿਕ ਤੌਰ ਤੇ ਕੰਮਜੋਰ ਹੁੰਦਾ ਹੋਇਆ, ਕਹੇ ਜਾਂਦੇ ਨੀਚ ਜਾਤੀ ਵਾਲੇ ਕੰਮ ਕਰਦਾ ਹੋਇਆ ਵੀ ਉਚੀ ਜਾਤ ਦਾ ਫਖਰ ਮਹਿਸੂਸ ਕਰਦਾ ਤੇ ਬ੍ਰਾਹਮਣ ਹੀ ਰਹਿੰਦਾ ਹੈ ।ਇਸ ਲਈ ਬ੍ਰਾਹਮਣ ਵੀ ਇਹੀ ਚਾਹੁੰਦਾ ਹੈ ਕਿ ਕਹੀਆਂ ਜਾਂਦੀਆਂ ਨੀਚ ਜਾਤੀਆਂ ਦੇ ਆਗੂਆਂ ਨੂੰ ਬੇਸੱਕ ਪਿੰਡਾਂ  ਦੇ ਸਰਪੰਚਾਂ ਤੋਂ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸਟਰਪਤੀ ਤੱਕ ਬਣਾ ਲਓ ਪਰ ਜਾਤੀ ਪ੍ਰਬੰਧ ਨੂੰ ਖਤਮ ਨਾ ਕਰੋ । ਕਿਉਂਕਿ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣਾ ਬਹੁਤ ਮੁਸ਼ਕਲ ਹੈ, ਸਰਕਾਰਾਂ ਤਾਂ ਬਦਲ ਦੀਆਂ ਹੀ ਰਹਿੰਦੀਆਂ ਹਨ । ਉਝ ਬੇਸੱਕ ਸਰਕਾਰ ਨੇ ਐੱਸ ਸੀ ਐਕਟ ਬਣਾਇਆ ਹੋਇਆ ਹੈ, ਜਾਤੀ ਪ੍ਰਬੰਧ ਅਧੀਨ ਚੱਲ ਰਹੀ ਸਰਕਾਰ ਦਾ ਇਹ ਐਕਟ ਵੀ ਭਾਰਤੀਆਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੁੱਝ ਵੀ ਨਹੀਂ ਹੈ, ਇੱਕ ਪਾਸੇ ਕਿਸੇ ਮਨੁੱਖ ਨੂੰ ਚੂਹੜਾ ਜਾਂ ਚਮਿਆਰ ਕਹਿਣ ਵਾਲੇ ਨੂੰ ਸਜਾ ਦਿੱਤੀ ਜਾਂਦੀ ਹੈ ਦੂਜੇ ਪਾਸੇ ਉਸੇ ਮਨੁੱਖ ਨੂੰ ਆਪਣੇ ਨਾਮ ਨਾਲ ਜਾਤੀ ਚੂਹੜਾ ਜਾਂ ਚਮਿਆਰ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ । ਜੇ ਇਹ ਜਾਤੀ ਵਾਚਕ ਸ਼ਬਦ (ਚੂਹੜਾ ਜਾਂ ਚਮਿਆਰ) ਇੰਨਾ ਮਾੜਾ ਹੈ ਜਿਸ ਦੇ ਕਹਿਣ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ, ਜਿਸ ਕਾਰਨ ਇਹ ਸ਼ਬਦ ਵਰਤਣ ਵਾਲੇ ਨੂੰ ਸਜਾ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਫਿਰ ਇਸ ਮਨੁੱਖੀ ਮਨ ਨੂੰ ਠੇਸ ਪਹੁੰਚਾਣ ਵਾਲੇ ਜਾਤੀ ਵਾਚਕ ਸ਼ਬਦ ਨੂੰ ਖਤਮ ਹੀ ਕਿਉਂ ਨਹੀਂ ਕਰ ਦਿੱਤਾ ਜਾਂਦਾ ? ਅਫਸੋਸ ਕਿ ਭਾਰਤ ਦੇ ਮਾਲਿਕ ਮੂਲ ਨਿਵਾਸੀ ਆਪਣੀ ਗੁਲਾਮੀ ਦੇ ਇਸ ਕਾਰਨ (ਜਾਤੀ ਵੰਡ) ਨੂੰ ਸਮਝ ਕੇ ਇਸ ਤੋਂ ਮੁਕਤੀ ਪਾਉਣ ਦੀ ਥਾਂ ਇਸ ਵਿੱਚਲੀ ਗੁਲਾਮੀ ਨੂੰ ਹੀ ਅਜਾਦੀ ਮੰਨ ਕੇ ਇਸੇ ਵਿੱਚ ਹੀ ਗਰਕ ਹੋ ਰਹੇ ਹਨ । ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿੱਆਰਥੀਆਂ ਨੇ ਅੱਠ ਮਾਰਚ ਨੂੰ ਮਹਿਲਾ ਦਿਵਸ ਤੇ ਮੰਨੂ ਸਿੰਮ੍ਰਿਤੀ ਦੀਆਂ ਕਾਪੀਆਂ ਇਹ ਕਹਿ ਕੇ ਸਾੜ ਦਿੱਤੀਆਂ ਕਿ ਇਸ ਵਿੱਚ ਔਰਤਾਂ ਅਤੇ ਸ਼ੂਦਰਾਂ ਨੂੰ ਅਪਮਾਨਿਤ ਕੀਤਾ ਗਿਆ ਹੈ । ਇਹ ਸੱਚ ਵੀ ਹੈ ਕਿਉਂਕਿ ਮੰਨੂ ਸਿੰਮ੍ਰਿਤੀ ਤਿਆਰ ਹੀ ਇਸ ਲਈ ਕੀਤੀ ਗਈ ਸੀ ਕਿ ਭਾਰਤ ਵਾਸੀਆਂ ਨੂੰ ਨੀਚ ਥਾਪ ਕੇ ਅਤੇ ਜਾਤਾਂ ਵਿੱਚ ਵੰਡ ਕੇ ਬ੍ਰਾਹਮਣ ਦੇ ਅਧੀਨ (ਗੁਲਾਮ) ਰੱਖਿਆ ਜਾਵੇ । ਇਸ ਵਿੱਚ ਖੁਸੀ ਦੀ ਗੱਲ ਇਹ ਹੈ ਕਿ ਚਲੋ ਸਾਡੇ ਯੂਨੀਵਰਸਿਟੀਆਂ ਵਿੱਚ ਪੜਦੇ ਬੱਚਿਆਂ ਨੂੰ ਇਸ ਦੀ ਉਸ  ਅਸਲੀਅਤ ਵਾਰੇ ਪਤਾ ਤਾਂ ਲੱਗ ਗਿਆ ਜਿਸ ਵਾਰੇ ਭਗਤ ਕਬੀਰ ਜੀ ਨੇ ਸੱਤ ਸਦੀਆਂ ਪਹਿਲਾਂ ਸੁਚੇਤ ਕਰਦਿਆ ਕਿਹਾ ਸੀ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥( ਗੁਰੂ ਗ੍ਰੰਥ ਸਾਹਿਬ ਪੰਨਾ ੩੨੯ ) ਪਰ ਅਸਲ ਗੱਲ ਇਹ ਹੈ ਕਿ ਇਹ ਜਾਤੀਵਾਦ ਦਾ ਸੱਪ ਸਿਰਫ ਮੰਨੂ ਸਿੰਮ੍ਰਿਤੀ ਸਾੜਨ ਨਾਲ ਨਹੀਂ ਮਰੇਗਾ ਜਿਵੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ :- ਵਰਮੀ ਮਾਰੀ ਸਾਪੁ ਨ ਮੂਆ ( ਗੁਰੂ ਗ੍ਰੰਥ ਸਾਹਿਬ ਪੰਨਾ ੧੩੪੮) ਭਾਵ ਕਿ ਜੇ ਸੱਪ ਦੀ ਖੁੱਡ ਬੰਦ ਕਰ ਦਿੱਤੀ ਜਾਏ, (ਤਾਂ ਇਸ ਤਰ੍ਹਾਂ ਉਸ ਖੁੱਡ ਵਿਚ ਰਹਿਣ ਵਾਲਾ) ਸੱਪ ਨਹੀਂ ਮਰਦਾ । ਬ੍ਰਾਹਮਣ ਦੇ ਜਾਤੀ ਪ੍ਰਬੰਧ ਤੋਂ ਅਸੀਂ ਉਨਾ ਚਿਰ ਮੁਕਤਿ ਨਹੀਂ ਹੋ ਸਕਦੇ ਜਿੰਨਾ ਚਿਰ ਇਸ ਦੀ ਅਸਲੀਅਤ ਨੂੰ ਸਮਝ ਕੇ ਜਾਤ ਸ਼ਬਦ ਨੂੰ ਜੜ ਤੋਂ ਖਤਮ ਨਹੀਂ ਕਰਦੇ । ਜਾਤੀ ਪ੍ਰਬੰਧ ਨੂੰ ਖਤਮ ਕਰੇ ਵਗੈਰ ਜੇਕਰ ਬ੍ਰਾਹਮਣਾਂ ਦੀਆਂ ਲੜਕੀਆਂ ਨੂੰ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ/ਚਮਿਆਰਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਜਾਂ ਨੀਚ ਜਾਤ ਦੇ ਕਹੇ ਜਾਂਦੇ ਚੂਹੜੇ/ਚਮਿਆਰਾਂ ਦੀਆਂ ਲੜਕੀਆਂ ਨੂੰ ਬ੍ਰਾਹਮਣਾਂ ਦੇ ਲੜਕਿਆਂ ਨਾਲ ਵਿਆਹ ਦਿੱਤਾ ਜਾਵੇ ਤਾਂ ਵੀ ਇਹ ਕੋਈ ਸਾਰਥਿਕ ਕਦਮ ਨਹੀਂ ਹੋਵੇਗਾ ਕਿਉਂਕਿ ਊਚ-ਨੀਚ ਤੇ ਜਾਤ ਤਾਂ ਫਿਰ ਵੀ ਕਾਇਮ ਹੀ ਰਹੇਗੀ, ਲੋੜ ਤਾਂ ਜਾਤ ਸਬਦ ਨੂੰ ਹੀ ਖਤਮ ਕਰਨ ਦੀ ਹੈ । ਜਾਤੀ ਪ੍ਰਬੰਧ ਦਾ ਸਿਰਜਿਕ ਵੀ ਇਹ ਚਾਹੁੰਦਾ ਹੈ ਕਿ ਅੰਤਰ ਜਾਤੀ ਵਿਆਹ ਤਾਂ ਹੋਣ ਪਰ ਜਾਤੀ ਖਤਮ ਨਾ ਹੋਵੇ । ਕਾਨੂੰਨੀ ਤੌਰ ਤੇ ਕਹੀਆਂ ਜਾਂਦੀਆਂ ਨੀਚ ਜਾਤੀਆਂ ਨੂੰ ਵੱਧ ਅਧਿਕਾਰ (ਰਾਖਵਾਂਕਰਨ) ਦੇਣ ਦੀ ਨੀਤੀ ਵੀ ਜਾਤੀ ਪ੍ਰਬੰਧ ਦੀ ਹੀ ਇੱਕ ਫੁੱਟ ਪਾਊ ਸਾਜਿਸ ਹੈ । ਜੇ ਅਸੀਂ ਇਸ ਨੂੰ ਨਾ ਸਮਝੇ ਤਾਂ ਬ੍ਰਾਹਮਣ ਨੇ ਦਲਿਤਾਂ ਨੂੰ ਨੀਚ ਜਾਤ ਦੇ ਨਾਲ ਨਾਲ ਇੱਕ ਵੱਖਰੇ ਧਰਮ ਵੱਜੋਂ ਵੀ ਸਥਾਪਿਤ ਕਰ ਦੇਣਾ ਹੈ ।ਕਿਉਂਕਿ ਹੁਣ ਜਾਤੀ ਵੰਡ ਵਾਲੀ ਸਾਜਿਸ ਨੂੰ ਕੁੱਝ ਲੋਕ ਪਹਿਚਾਨਣ ਲੱਗ ਗਏ ਹਨ, ਬ੍ਰਾਹਮਣ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਜਾਤੀ ਵੰਡ ਨੂੰ ਸਾਇਦ ਜਿਆਦਾ ਸਮਾਂ ਕਾਇਮ ਰੱਖਣਾ ਮੁਸਕਲ ਹੋ ਜਾਵੇ, ਉਸ ਨੇ ਜਾਤੀ ਵੰਡ ਦੇ ਬਦਲ ਵਿੱਚ ਧਰਮ ਵੰਡ ਦਾ ਸਿਧਾਂਤ ਲਾਗੂ ਕਰ ਦੇਣਾ ਹੈ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ । ਕਈ ਥਾਵਾਂ ਤੇ ਜਿੱਥੇ ਸਾਰੇ ਧਰਮਾ ਵਾਰੇ ਜਿਕਰ ਕੀਤਾ ਹੁੰਦਾ ਹੈ ਲਿਖਿਆ ਮਿਲਦਾ ਹੈ, ਹਿੰਦੂ, ਮੁਸਲਿਮ, ਸਿੱਖ ਤੇ ਦਲਿਤ । ਫਿਰ ਗੱਲ ਹਿੰਦੂ, ਮੁਸਲਿਮ, ਸਿੱਖ ਤੇ ਦਲਿਤ ਤੱਕ ਸੀਮਤ ਨਹੀਂ ਰਹਿਣੀ, ਫਿਰ ਜਿੰਨੇ ਦੇਸ਼ ਵਿੱਚ ਡੇਰੇ ਜੋ ਜਾਤਾਂ ਦੇ ਨਾਮ ਤੇ ਹਨ ਜਾਂ ਇੱਕ ਜਾਤ ਦੇ ਕਈ ਕਈ ਹਨ ਇਹ ਸੱਭ ਵੱਖਰੇ ਵੱਖਰੇ ਧਰਮ ਬਣਾ ਦਿੱਤੇ ਜਾਣਗੇ । ਜਾਤੀ ਪ੍ਰਬਧ ਦੀਆਂ ਸਰਕਾਰਾਂ ਨੇ ਜਾਤਾਂ, ਗੋਤਾਂ ਦੇ ਨਾਲ ਨਾਲ ਡੇਰਿਆਂ ਨੂੰ ਵੀ ਉਤਸਾਹਿਤ ਕਰਨਾ ਸ਼ੁਰੂ ਕੀਤਾ ਹੋਇਆ ਹੈ । ਪਹਿਲਾਂ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ ਨੂੰ ਇੱਕ ਧਰਮ ਬਣਾ ਕੇ ਉਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ । ਹੁਣ ਦਲਿਤ ਧਰਮ ਨੂੰ ਸਥਾਪਿਤ ਕਰਕੇ ਇਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ । ਫਿਰ ਮੰਦਰਾਂ ਵਿੱਚ ਭਗਤ ਰਵਿਦਾਸ, ਭਗਤ ਕਬੀਰ ਆਦਿ ਦੇ ਬੁੱਤਾਂ ਵਾਂਗ ਡਾ: ਭੀਮ ਰਾਓ ਅੰਬੇਦਕਰ ਤੇ ਕਾਂਸ਼ੀ ਰਾਮ ਜੀ ਦੇ ਬੁੱਤ ਸਥਾਪਿਤ ਕਰਕੇ ਉਹਨਾ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਜਾਵੇਗੀ । ਫਿਰ ਸਿੱਖਾਂ ਵਾਂਗ ਦਲਿਤਾਂ ਦਾ ਅਕਾਲੀ ਦਲ, ਬਹੁਜਨ ਸਮਾਜ ਪਾਰਟੀ ਹੋਵੇਗੀ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤਰਾਂ ਦਲਿਤਾਂ ਦੀਆਂ ਮੰਦਰ ਕਮੇਟੀਆਂ ਹੋਣਗੀਆਂ ਜੋ ਅਸਿਧੇ ਰੂਪ ਵਿੱਚ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਲਈ ਹੀ ਕੰਮ ਕਰਨਗੀਆਂ, ਜਿਸ ਤਰਾਂ ਅੱਜ ਸਿੱਖਾਂ ਦੇ ਅਕਾਲੀ ਦਲ,  ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ , ਅਕਾਲ ਤਖਤ, ਡੇਰੇ ਤੇ ਟਕਸਾਲਾਂ ਆਦਿ ਕਰ ਰਹੀਆਂ ਹਨ । ਜਾਤੀ ਪ੍ਰਬੰਧ ਦੇ ਸਿਰਜਕ ਚਲਾਕ ਬ੍ਰਾਹਮਣ ਨੇ ਇਸ ਪ੍ਰਬੰਧ ਨੂੰ ਲਾਗੂ ਹੀ ਅਜਿਹੇ ਢੰਗ ਨਾਲ ਕੀਤਾ ਹੈ ਕਿ ਹਰ ਕੋਈ ਇਸ ਵਿੱਚੋਂ ਨਿਕਲਣ ਦੀ ਥਾਂ ਫਸੇ ਰਹਿਣ ਵਿੱਚ ਹੀ ਫਖਰ ਮਹਿਸੂਸ ਕਰਦਾ ਹੈ । ਪਿਛਲੀਆਂ ਸਦੀਆਂ ਵਿੱਚ ਇਸ ਜਾਤੀ ਪ੍ਰਬੰਧ ਨੂੰ ਕਾਨੂੰਨੀ ਧੱਕੇ (ਮੰਨੂੰ ਸਿੰਮ੍ਰਤੀ) ਦੀ ਡਾਂਗ ਦੇ ਜੋਰ ਨਾਲ ਲਾਗੂ ਰੱਖਿਆ ਗਿਆ ਸੀ ਅਤੇ ਹੁਣ ਰਾਖਵੇਕਰਣ ਦਾ ਚੋਗਾ ਪਾ ਕੇ ਲਾਗੂ ਕੀਤਾ ਹੋਇਆ ਹੈ । ਇਸ ਦੀ ਪਿੰਜਰੇ ਦੇ ਤੋਤੇ ਜਾਂ ਸ਼ੇਰ ਦੀ ਜਿੰਦਗੀ ਨਾਲ ਤੁਲਨਾ ਕੀਤੀ ਜਾ ਸਕਦੀ ਹੈ, ਕਿ ਖੁਦ ਸ਼ਿਕਾਰ ਕਰਕੇ (ਕਮਾ ਕੇ) ਖਾਣ ਵਾਲੇ ਨੂੰ ਜਾਤ ਦੇ ਪਿੰਜਰੇ ਵਿੱਚ ਬੰਦ ਕਰਕੇ, ਪਿੰਜਰੇ ਵਿੱਚ ਬੈਠੇ ਨੂੰ ਮਾਰ ਕੇ ਲਿਆਂਦਾ (ਬਿਨਾ ਕਮਾਇਆ) ਭੋਜਨ ਖਵਾ ਖਵਾ ਕੇ ਉਸ ਦੇ ਸ਼ੇਰ ਪੁਣੇ ਨੂੰ ਖਤਮ ਕਰਨ ਦੇ ਨਾਲ ਨਾਲ ਉਸ ਦੀ ਜੰਗਲੀ ਅਜਾਦੀ ਵਾਲੀ ਦਾਹੜ ਅਤੇ ਨਿੱਡਰਤਾ ਨੂੰ ਖਤਮ ਕਰਕੇ ਗਿਦੜ ਨਾਲੋਂ ਵੀ ਹੀਣਾ ਬਣਾਇਆ ਜਾ ਰਿਹਾ ਹੈ । ਇਹੀ ਕਾਰਨ ਹੈ ਕਿ ਅੱਜ ਭਾਰਤ ਦਾ ਮਾਲਕ ਮੂਲ ਨਿਵਾਸੀ ਅਪਣੀ ਜਾਤੀ ਗੁਲਾਮੀ ਨੂੰ ਸਮਝੇ ਵਗੈਰ ਜਾਤੀ ਵੰਡ ਦੀ ਗੁਲਾਮੀ ਤੋਂ ਅਜਾਦੀ ਲੈਣ ਲਈ ਲੜ ਕੇ ਮਰਨ ਦੀ ਥਾਂ ਰਾਖਵੇਂਕਰਨ ਦਾ ਚੋਗਾ ਪ੍ਰਾਪਤ ਕਰਨ ਲਈ ਜਿੱਥੇ ਆਪਣੇ ਹੀ ਭਰਾਵਾਂ ਨਾਲ ਲੜ ਕੇ ਮਰ ਰਿਹਾ ਹੈ ਉੱਥੇ ਜਾਤੀ ਵੰਡ ਵਾਲੀ ਗੁਲਾਮੀ ਨੂੰ ਹੋਰ ਮਜਬੂਤ ਕਰ ਰਿਹਾ ਹੈ । ਬ੍ਰਾਹਮਣ ਦੀ ਜਾਤੀ ਵੰਡ ਵਾਲੀ ਗੁਲਾਮੀ ਤੋਂ ਅਜਾਦ ਹੋਣ ਲਈ ਸਾਨੂੰ ਜਾਤੀ ਅਧਾਰਿਤ ਰਾਖਵੇਂਕਰਨ ਨੂੰ ਤਿਆਗ ਕੇ ਇਸ ਦਾ ਡੱਟ ਕੇ ਵਿਰੋਧ ਵੀ ਕਰਨਾ ਪਵੇਗਾ । ਜੇ ਰਾਖਵੇਂਕਰਣ ਦੀ ਸਾਹਿਤਾ ਲੈਣੀ ਹੈ ਤਾਂ ਉਹ ਆਰਥਿਕ ਅਧਾਰ ਤੇ ਹੋਣੀ ਚਾਹੀਂਦੀ ਹੈ ਨਾ ਕਿ ਜਾਤੀ ਵੰਡ ਦੇ ਅਧਾਰ ਤੇ । ਸਾਡੀ ਲੜਾਈ ਜਾਤ ਅਧਾਰਤ ਦੀ ਥਾਂ ਜਾਤੀ ਪ੍ਰਬੰਧ ਦੇ ਵਿਰੁੱਧ ਹੋਣੀ ਚਾਹੀਂਦੀ ਹੈ । ਹਰਿਆਣੇ ਵਿੱਚ ਜਾਤੀ ਸਿਰਜਿਕ ਬ੍ਰਾਹਮਣ ਦੀ ਸਾਜਿਸ ਦਾ ਸਿਕਾਰ ਹੋਏ ਜਾਟਾਂ ਨੇ ਪਿਛਲੇ ਦਿਨੀ ਜਾਟ ਰਾਖਵਾਂਕਰਨ ਦੇ ਨਾਮ ਤੇ ਗੁੰਡਾ ਗਰਦੀ ਕਰਦਿਆਂ ਆਪਣੇ ਹੀ ਭਰਾਵਾਂ ਦੀਆਂ ਜਾਇਦਾਦਾਂ ਨੂੰ ਸਾੜ ਕੇ ਅਤੇ ਆਪਣੀਆਂ ਹੀ ਧੀਆਂ ਭੈਣਾ ਦੀਆਂ ਇੱਜਤਾਂ ਲੁੱਟ ਕੇ ਇਨਸਾਨੀਅਤ ਦੇ ਮੁੱਖ ਤੇ ਕਾਲਖ ਪੋਚ ਦਿੱਤੀ । ਇਸ ਘਟਨਾ ਨਾਲ ਜਿੱਥੇ ਇਨਸਾਨੀਅਤ ਸਰਮਸਾਰ ਹੋਈ ਉਥੇ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੂੰ ਮਨੁੱਖਤਾ ਦੀਆਂ ਲਾਸਾਂ ਉੱਤੇ ਜਾਤੀਵਾਦ ਦੀਆਂ ਕੰਧਾਂ ਹੋਰ ਊਚੀਆਂ ਤੇ ਪੱਕੀਆਂ ਹੁੰਦੀਆਂ ਵੇਖ ਕੇ ਖੁਸੀ ਮਿਲੀ ਹੋਵੇਗੀ । ਜਾਤੀ ਵੰਡੀਆਂ ਦੇ ਅਜਿਹੇ ਮਾੜੇ ਨਤੀਜਿਆਂ ਵਾਰੇ ਸੁਚੇਤ ਕਰਦਿਆਂ ਅਤੇ ਜਾਤ ਦਾ ਹੰਕਰ ਕਰਨ ਵਾਲੇ ਬ੍ਰਾਹਮਣ ਨੂੰ ਮੂਰਖ ਕਹਿੰਦਿਆਂ ਗੁਰੂ ਸਾਹਿਬ ਜੀ ਨੇ ਸਦੀਆਂ ਪਹਿਲਾਂ ਕਿਹਾ ਸੀ ਕਿ :- ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦਤੇ ਸਭ ਓਪਤਿ ਹੋਈ ॥੨॥ (ਗੁਰੂ ਗ੍ਰੰਥ ਸਾਹਿਬ ਪੰਨਾ ੧੧੨੭-੨੮) ਹੇ ਭਾਈ ! ਕੋਈ ਭੀ ਧਿਰ ਊਚੀ ਜਾਤ ਦਾ ਮਾਣ ਨਾਹ ਕਰਿਓ। ( ਜਾਤ ਦੇ ਆਸਰੇ ਬ੍ਰਾਹਮਣ ਨਹੀਂ ਬਣੀਂਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਗੀ ਸਾਂਝ ਪਾ ਲੈਂਦਾ ਹੈ।੧। ਹੇ ਮੂਰਖ! ਹੇ ਗੰਵਾਰ! (ਊਚੀ) ਜਾਤ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿੱਚ) ਕਈ ਵਿਗਾੜ ਚੱਲ ਪੈਂਦੇ ਹਨ ।੨। ਹੇ ਭਾਈ ! ਹਰੇਕ ਮਨੁੱਖ ਆਖਦਾ ਹੈ ਕਿ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਚਾਰ ਵਰਨ ਹਨ।ਪਰ ਇਹ ਲੋਕ ਇਹ ਨਹੀਂ ਸਮਝਦੇ ਕਿ ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ। ਜਾਤੀ ਵਾਦ ਦੇ ਅਜਿਹੇ ਝਗੜਿਆਂ ਤੋਂ ਗੁਰੂ ਸਾਹਿਬ ਜੀ ਨੇ ਸਾਨੂੰ ਸਦੀਆਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਪਰ ਇਸ ਨੂੰ ਅਸੀਂ ਅੱਜ ਤੱਕ ਨਹੀਂ ਸਮਝ ਸਕੇ ਕਿਉਂਕਿ ਜਾਤੀ ਪ੍ਰਬੰਧ ਦੇ ਜਨਮ ਦਾਤੇ ਬ੍ਰਾਹਮਣਾਂ/ਆਰੀਅਨਾ ਨੇ ਪ੍ਰਬੰਧ ਹੀ ਐਸਾ ਸਿਰਜਿਆ ਹੈ ਕਿ ਉਹ ਭਾਰਤ ਦੇ ਵੱਡੀ ਗਿਣਤੀ ਦੇ ਮੂਲ ਨਿਵਾਸੀਆਂ ਨੂੰ ਸਮਝ ਹੀ ਨਹੀਂ ਆ ਰਿਹਾ । ਇਸ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਜਿੱਥੇ ਮਨੁੱਖਤਾ ਨੂੰ ਉਚੀਆਂ ਨੀਵੀਆਂ ਜਾਤਾਂ ਵਿੱਚ ਵੰਡਿਆ ਉੱਥੇ ਇਕੱਲੇ ਮਨੁੱਖ ਨੂੰ ਵੀ ਦੋ ਜਾਤਾ ਵਿੱਚ ਵੰਡ ਦਿੱਤਾ, ਇਸਤਰੀ ਨੀਚ ਜਾਤ ਤੇ ਪੁਰਸ਼ ਉਤਮ । ਜਦ ਕਿ ਇਸਤਰੀ ਤੇ ਪੁਰਸ਼ ਦੋਨੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਹਨ, ਕਿਉਂਕਿ ਇਸਤਰੀ ਤੋਂ ਵਗੈਰ ਪੁਰਸ਼ ਅਧੂਰਾ ਹੈ ਅਤੇ ਪੁਰਸ਼ ਤੋਂ ਵਗੈਰ ਇਸਤਰੀ ਅਧੂਰੀ ਹੈ, ਪਰ ਬ੍ਰਾਹਮਣ ਨੇ ਇਸ ਕੁਦਰਤੀ ਰਿਸਤੇ ਵਿੱਚ ਵੀ ਫੁੱਟ ਪਾ ਦਿੱਤੀ । ਬ੍ਰਾਹਮਣ ਦੀ ਇਸ ਚਾਲ ਨੂੰ ਪਹਿਲਾਂ ਮਹਾਤਮਾ ਗੌਤਮ ਬੁੱਧ ਨੇ ਸਮਝਿਆ ਤਾਂ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਬੋਧੀ ਸੋਚ ਨੂੰ ਅਜਿਹਾ ਖਤਮ ਕੀਤਾ ਕਿ ਅੱਜ ਹਿੰਦੂ ਦੇਵਤਿਆਂ ਵਾਂਗ ਬੁੱਧ ਦੇ ਬੁਤਾਂ ਦੀ ਪੂਜਾ ਹੋ ਰਹੀ ਹੈ।ਬੁੱਧ ਤੋਂ ਬਾਅਦ ਭਗਤ ਕਬੀਰ, ਭਗਤ ਨਾਮਦੇਵ, ਭਗਤ ਰਵਿਦਾਸ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਨੇ ਬ੍ਰਾਹਮਣ ਦੇ ਇਸ ਜਾਤੀ ਪ੍ਰਬੰਧ ਦੇ ਵਿਰੁੱਧ ਬਰਾਬਰਤਾ ਵਾਲਾ ਸਮਾਜ ਸਿਰਜਿਣ ਲਈ ਸੰਘਰਸ ਕੀਤਾ । ਬ੍ਰਾਹਮਣ ਦੇ ਵੱਲੋਂ ਮਨੁੱਖਤਾ ਨੂੰ ਵੰਡਣ ਵਾਲੀ ਪਾਈ ਜਾਤੀ ਵੰਡ ਨੂੰ ਨਕਾਰਦੇ ਹੋਏ ਚਣੌਤੀ ਦਿੰਦਿਆਂ ਭਗਤ ਕਬੀਰ ਜੀ ਕਹਿ ਰਹੇ ਹਨ ਕਿ :- ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੩੨੪) ਸਾਰੇ ਜੀਵਾਂ ਦੀ ਉਤਪੱਤੀ ਪਰਮਾਤਮਾ ਦੀ ਅੰਸ਼ ਤੋਂ ਹੈ, ਮਾਂ ਦੇ ਪੇਟ ਵਿਚ ਤਾਂ ਕਿਸੇ ਨੂੰ ਇਹ ਸਮਝ ਨੀ ਹੁੰਦੀ ਕਿ ਮੈਂ ਕਿਸ ਕੁਲ ਦਾ ਹਾਂ।ਦੱਸ ਹੇ ਪੰਡਿਤ! ਤੁਸੀਂ ਬ੍ਰਾਹਮਣ ਕਦੋਂ ਦੇ ਬਣ ਗਏ ਹੋਂ ? ਇਹ ਆਖ ਆਖ ਕਿ ਮੈਂ ਬ੍ਰਾਹਮਣ ਹਾਂ, ਮੈਂ ਬ੍ਰਾਹਮਣ ਹਾਂ, ਮਨੁੱਖਾ ਜਨਮ ਨਾਹ ਗਵਾਓ ।੧। ਜੇ ਤੂੰ ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ, ਤਾਂ ਤੂੰ ਕਿਸੇ ਹੋਰ ਰਾਹੇ ਕਿਉਂ ਨੀ ਜੰਮ ਪਿਆ ? ।੨।ਤੁਸੀਂ ਕਿਵੇਂ ਬ੍ਰਾਹਮਣ ? ਅਸੀਂ ਕਿਵੇਂ ਸ਼ੂਦਰ ? ਸਾਡੇ ਸਰੀਰ ਵਿੱਚ ਕਿਵੇਂ ਲਹੂ ਹੈ ? ਤੁਹਾਡੇ ਸਰੀਰ ਵਿੱਚ ਕਿਵੇਂ (ਲਹੂ ਦੀ ਥਾਂ) ਦੁੱਧ ਹੈ ?।੩। ਬ੍ਰਾਹਮਣ ਵੱਲੋਂ ਇਸਤਰੀ ਜਾਤੀ ਨੂੰ ਨੀਚ ਕਹਿ ਕੇ ਮੰਦਾ ਕਹਿਣ ਵਾਲਿਆਂ
ੂੰ ਸਮਝਾਉਂਦਿਆਂ ਬਾਬੇ ਨਾਨਕ ਜੀ ਨੇ ਔਰਤਾਂ ਦੇ ਹੱਕ ਵਿੱਚ ਅਵਾਜ ਉਠਾਉਦਿਆਂ ਕਿਹਾ ਸੀ ਕਿ :- ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣ ਵੀਅਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ ॥ ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥.......॥( ਗੁਰੂ ਗ੍ਰੰਥ ਸਾਹਿਬ ਪੰਨਾ ਨੰ: ੪੭੩) ਪ੍ਰੋ: ਸਾਹਿਬ ਸਿੰਘ ਨੇ ਇਸ ਸ਼ਬਦ ਦੇ ਅਰਥ ਕਰਦਿਆਂ ਲਿਖਿਆ ਹੈ ਕਿ ਇਸਤਰੀ ਤੋਂ ਜਨਮ ਲਈਂਦਾ ਹੈ, ਇਸਤਰੀ ਦੇ ਪੇਟ ਵਿੱਚ ਹੀ ਪ੍ਰਾਣੀ ਦਾ ਸਰੀਰ ਬਣਦਾ ਹੈ, ਇਸਤਰੀ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ, ਇਸਤਰੀ ਰਾਹੀਂ ਹੀ ਹੋਰ ਲੋਕਾਂ ਨਾਲ ਸਬੰਧ ਬਣਦਾ ਹੈ, ਇਸਤਰੀ ਤੋਂ ਹੀ ਜਗਤ ਦੀ ਉਤਪਤੀ ਦਾ ਰਾਸਤਾ ਚੱਲਦਾ ਹੈ, ਜੇ ਇਸਤਰੀ ਮਰ ਜਾਏ ਤਾਂ ਹੋਰ ਇਸਤਰੀ ਦੀ ਭਾਲ ਕਰੀਂਦੀ ਹੈ, ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ, ਜਿਸ ਇਸਤਰੀ ਜਾਤੀ ਤੋਂ ਰਾਜੇ ਭੀ ਜੰਮਦੇ ਹਨ ਉਸ ਨੂੰ ਮੰਦਾ ਆਖਣਾ ਠੀਕ ਨਹੀਂ ਹੈ।(ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਪਣ, ਪੋਥੀ ਤੀਜੀ ਪੰਨਾ ਨੰ: ੬੮੦) ॥ ਜਾਤੀ ਭੇਦ ਭਾਵ ਤੋਂ ਦੁਖੀ ਹੋਏ ਭਗਤ ਨਾਮ ਦੇਵ ਜੀ ਬ੍ਰਾਹਮਣ ਵੱਲੋਂ ਨੀਚ ਢੇਡ ਕਹੇ ਜਾਣ ਤੇ ਪ੍ਰਮਾਤਮਾਂ ਅੱਗੇ ਕਿਵੇਂ ਫਰਿਆਦ ਕਰਦੇ ਹੋਏ ਕਹਿ ਰਹੇ ਹਨ ਕਿ :- ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥ ਏ ਪੰਡੀਆ ਮੋ ਕਉ ਢੇਢ ਕਹਤ ਤੇਰੀ ਪੈਜ ਪਿਛੰਉਡੀ ਹੋਇਲਾ ॥੨॥(ਗੁਰੂ ਗ੍ਰੰਥ ਸਾਹਿਬ ਪੰਨਾ ੧੨੯੨-੯੩)। ਜੇ ਤੂੰ ਮੈਨੂੰ ਮਰਨ ਪਿੱਛੋਂ ਮੁਕਤੀ ਦੇ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ ਦਾ ਕਿਸੇ ਨੂੰ ਪਤਾ ਨਹੀਂ ਲੱਗਣਾ, ਇਹ ਪਾਂਡੇ ਮੈਨੂੰ ਨੀਚ ਆਖ ਰਹੇ ਹਨ, ਇਸ ਤਰ੍ਹਾਂ ਤਾਂ ਤੇਰੀ ਆਪਣੀ ਹੀ ਇੱਜ਼ਤ ਘੱਟ ਰਹੀ ਹੈ । ਇਸ ਸ਼ਬਦ ਤੋਂ ਸਿੱਧ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਦੇ ਸਮੇ ਵੀ ਜਾਤੀ ਪ੍ਰਬੰਧ ਦੇ ਸਿਰਜਿਕਾਂ ਵੱਲੋਂ ਜਾਤ ਦੇ ਅਧਾਰ ਤੇ ਮਨੁੱਖਤਾ ਨੂੰ ਕਿਵੇਂ ਅਪਮਾਨਿਤ ਕੀਤਾ ਜਾਂਦਾ ਸੀ । ਰੱਬ ਦੇ ਨਾਮ ਤੇ ਬ੍ਰਾਹਮਣ ਵੱਲੋਂ ਪਾਈ ਵਰਣ ਵੰਡ ਵਾਰੇ ਸਮਝਾਉਂਦਿਆਂ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ :- ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥ ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥ ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੪੬੯)  ਜੋਗ ਦਾ ਧਰਮ ਗਿਆਂਨ ਪ੍ਰਾਪਤ ਕਰਨਾ ਹੈ । ਬ੍ਰਾਹਮਣ ਦਾ ਧਰਮ ਵੇਦਾਂ ਦੀ ਵਿਚਾਰ ਹੈ । ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ। ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨਾ ਹੈ । ਪਰ ਅਸਲ ਵਿੱਚ ਸਾਰਿਆਂ ਦਾ ਧਰਮ ਇੱਕ ਹੀ ਹੈ  ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ। ਆਪਣੇ ਆਪ ਨੂੰ ਹਿੰਦੂ, ਮੁਸਲਮਾਨ ਤੋਂ ਵਖਰਾ ਅਜਾਦ ਐਲਾਨਦਿਆਂ ਭਗਤ ਜਬੀਰ ਜੀ ਕਹਿ ਰਹੇ ਹਨ :- ਉਲਟਿ ਜਾਤਿ ਕੁਲ ਦੋਊ ਬਿਸਾਰੀ ॥ ਸੁੰਨ ਸਹਜ ਮਹਿ ਬੁਨਤ ਹਮਾਰੀ ॥੧॥ ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੧੧੫੮-੫੯) ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਮਨ ਨੂੰ ਮਾਇਆ ਵੱਲੋਂ ਉਲਟਾ ਕੇ ਮੈਂ ਜਾਤ ਤੇ ਕੁਲ ਦੋਵੇਂ ਵਿਸਾਰ ਦਿੱਤੀਆਂ ਹਨ, ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ, ਮੇਰੀ ਅਵਸਥਾ ਹੁਣ ਅਡੋਲ ਹੋ ਗਈ ਹੈ, ਮੈ ਪੰਡਿਤ ਅਤੇ ਮੁੱਲਾਂ ਦੋਹੇਂ ਹੀ ਛੱਡ ਦਿੱਤੇ ਹਨ।੧।ਪ੍ਰਭੂ ਚਰਨਾ ਵਿਚ ਟਿਕੀ ਸੁਰਤ ਦੀ ਤਾਣੀ ਉਣ ਉਣ ਕੇ ਮੈ ਆਪਣੇ ਆਪ ਨੂੰ ਪਹਿਨਾ ਰਿਹਾ ਹਾਂ, ਮੈਂ ਉੱਥੇ ਪਹੁੰਚ ਕੇ ਪ੍ਰਭੂ ਦੀ ਸਿਫਤ ਸਲਾਹ ਕਰ ਰਿਹਾ ਹਾਂ ਜਿਥੇ ਆਪਾ-ਭਾਵ ਨਹੀਂ ਹੈ।੨।ਕਰਮ ਕਾਂਢ ਤੇ ਸ਼ਰਹ ਬਾਰੇ ਪੰਡਿਤਾਂ ਅਤੇ ਮੌਲਵੀਆਂ ਨੇ ਜੋ ਕੁੱਝ ਲਿਖਿਆਂ ਹੈ, ਮੈਨੂੰ ਉਸ ਦੀ ਲੋੜ ਨਹੀਂ ਰਹੀ,ਮੈ ਇਹ ਸੱਭ ਕੁੱਝ ਛੱਡ ਦਿੱਤਾ ਹੈ।੩। ਬ੍ਰਾਹਮਣ ਦੇ ਧਾਰਮਿਕ ਚਿੰਨ੍ਹ ਜਨੇਊ , ਬੇਦ ਗਾਇਤ੍ਰੀ ਪੜਨ੍ਹ , ਭਾਰਤੀਆਂ ਦੇ ਮਾਲਿਕ (ਧਰਮ ਗੁਰੂ) ਬਣਨ ਅਤੇ ਰਾਜਿਆਂ ਤੋਂ ਮੰਗ ਕੇ ਖਾਣ ਦੇ ਪਖੰਡ ਤੇ ਚੋਟ ਕਰਦਿਆਂ ਭਗਤ ਕਬੀਰ ਜੀ ਫੁਰਮਉਂਦੇ ਹਨ ਕਿ :- ਹਮ ਘਰਿ ਸੂਤੁ ਤਨਹਿ ਨਿਤ ਤਾਨਾ ਕੰਠਿ ਜਨੇਊ ਤੁਮਾਰੇ ॥ ਤੁਮ૲ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥੧॥ ਮੇਰੀ ਜਿਹਬਾ ਬਿਸਨੁ ਨੈਨ ਨਾਰਾਇਨ ਹਿਰਦੈ ਬਸਹਿ ਗੋਬਿੰਦਾ ॥ ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥੧॥ ਰਹਾਉ ॥ ਹਮ ਗੋਰੂ ਤੁਮ ਗੁਆਰ ਗੁਸਾਈ ਜਨਮ ਜਨਮ ਰਖਵਾਰੇ ॥ ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥੨॥ ਤੂੰ ਬਾਮ૲ਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥ ਤੁਮ૲ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥੩॥ (ਗੁਰੂ ਗ੍ਰੰਥ ਸਾਹਿਬ ਪੰਨਾ ੪੮੨) ਹੇ ਝੱਲੇ ਬ੍ਰਾਹਮਣ! ਜੇ ਤੈਨੂੰ ਇਸ ਕਰਕੇ ਆਪਣੀ ਊਚੀ ਜਾਤ ਦਾ ਮਾਣ ਹੈ ਕਿ ਤੇਰੇ ਗਲ ਵਿੱਚ ਜਨੇਊ ਹੈ, ਜੋ ਸਾਡੇ ਗਲ ਵਿੱਚ ਨਹੀਂ ਹੈ , ਤਾਂ ਵੇਖ ਉਹੋ ਜਿਹਾ ਹੀ ਸਾਡੇ ਘਰ ਬਥੇਰਾ ਸੂਤਰ ਹੈ ਜਿਸ ਨਾਲ ਨਿੱਤ ਤਾਣਾ ਤਣਦੇ ਹਾਂ।ਤੇਰਾ ਵੇਦ ਆਦਿਕ ਪੜਨ ਦਾ ਮਾਣ ਭੀ ਕੂੜਾ ਹੈ ਕਿਉਂਕਿ ਤੁਸੀ ਤਾਂ ਵੇਦ ਤੇ ਗਾਇਤ੍ਰੀ-ਮੰਤਰ ਨਿਰੇ ਜੀਭ ਨਾਲ ਹੀ ਉਚਾਰ ਦੇ ਹੋਂ, ਪਰ ਪਰਮਾਤਮਾ ਤਾਂ ਮੇਰੇ ਹਿਰਦੇ ਵਿੱਚ ਵੱਸਦਾ ਹੈ।੧।ਹੇ ਕਮਲੇ ਬ੍ਰਾਹਮਣ! ਪ੍ਰਭੂ ਜੀ ਤਾਂ ਮੇਰੀ ਜੀਭ ਉਤੇ, ਮੇਰੀਆਂ ਅੱਖਾਂ ਵਿੱਚ ਤੇ ਦਿਲ ਵਿੱਚ ਵਸਦੇ ਹਨ। ਪਰ ਜਦੋਂ ਤੈਨੂੰ ਧਰਮਰਾਜ ਦੀ ਹਜੂਰੀ ਵਿੱਚ ਪ੍ਰਭੂ ਵੱਲੋਂ ਪੁੱਛ ਹੋਵੇਗੀ ਤਾਂ ਕੀਹ ਉੱਤਰ ਦੇਵੇਂਗਾ, ਹੇ ਬ੍ਰਾਹਮਣ ਤੁਸੀਂ ਕਈ ਜਨਮਾਂ ਤੋਂ ਸਾਡੇ ਰਾਖੇ (ਮਾਲਕ ਗੁਆਲੇ) ਬਣੇ ਆ ਰਹੇ ਹੋਂ, ਅਸੀਂ ਤੁਹਾਡੀਆਂ ਗਾਈਆਂ ਬਣੇ ਰਹੇ, ਪਰ ਤੁਸੀਂ ਹੁਣ ਤੱਕ ਨਕਾਰਾ ਹੀ ਸਾਬਤ ਹੋਏ, ਤੁਸਾਂ ਕਦੇ ਭੀ ਸਾਨੂੰ (ਨਦੀਓਂ) ਪਾਰ ਲੰਘਾ ਕੇ ਨਾਹ ਚਾਰਿਆ, ਭਾਵ ਕਿ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਲੀ ਕੋਈ ਮੱਤ ਨਾ ਦਿੱਤੀ।੨। ਇਹ ਠੀਕ ਹੈ ਕਿ ਤੂੰ ਕਾਂਸ਼ੀ ਦਾ ਬ੍ਰਾਹਮਣ ਹੈਂ, ਤੈਨੂੰ ਕਾਂਸ਼ੀ ਵਿੱਚ ਪ੍ਰਾਪਤ ਕੀਤੀ ਆਪਣੀ ਵਿੱਦਿਆ ਦਾ ਮਾਣ ਹੈ,ਤੇ ਮੈਂ ਜਾਤ ਦਾ ਜੁਲਾਹਾ ਹਾਂ ਜਿਸ ਨੂੰ ਤੁਹਾਡੀ ਵਿੱਦਿਆ ਪੜ੍ਹਨ ਦਾ ਹੱਕ ਨਹੀਂ ਹੈ, ਪਰ ਮੇਰੀ ਵਿਚਾਰ ਦੀ ਇੱਕ ਗੱਲ ਸੋਚ ਕਿ ਵਿੱਦਿਆ ਪੜ੍ਹ ਕ ਤੁਸੀਂ ਆਖਰ ਕਰਦੇ ਕੀਹ ਹੋਂ, ਤੁਸੀਂ ਤਾਂ ਰਾਜੇ ਰਾਣਿਆਂ ਦੇ ਦਰ ਤੇ ਮੰਗਦੇ ਫਿਰਦੇ ਹੋਂ ਤੇ ਮੇਰੀ ਸੁਰਤਿ ਪ੍ਰਭੂ ਨਾਲ ਜੁੜੀ ਹੋਈ ਹੈ।੩।ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਬੁੱਧ ਮੱਤ ਵੱਲੋਂ ਜਾਤ ਧਰਮ ਤੇ ਕੀਤੀ ਗਈ ਚੋਟ ਦੇ ਜਖਮਾਂ ਨੂੰ ਭਰ ਕੇ ਇਸ ਨੂੰ ਦੁਬਾਰਾ ਮਜਬੂਤੀ ਨਾਲ ਲਾਗੂ ਕਰਨ ਵਾਸਤੇ ਆਪਣਾ ਨਵਾਂ ਵਿਧਾਨ ਕਾਨੂੰਨ ਤਿਆਰ ਕਰਕੇ ਇਸ ਨੂੰ ਮੰਨੂ ਸਿੰਮ੍ਰਿਤੀ ਦਾ ਨਾਮ ਦਿੱਤਾ, ਇਸ ਮੰਨੂ ਸਿੰਮ੍ਰਿਤੀ ਨੂੰ ਅਧਾਰ ਬਣਾਕੇ ਜਾਤੀ ਵੰਡ ਨੂੰ ਪੱਕਿਆਂ ਕਰਦਿਆਂ ਭਾਰਤੀਆਂ ਉਪਰ ਫਿਰ ਜੁਰਮ ਸੁਰੂ ਕਰ ਦਿੱਤੇ । ਬ੍ਰਾਹਮਣ ਦੇ ਮੰਨੂ ਵਿਧਾਨ (ਮੰਨੂ ਸਿੰਮ੍ਰਿਤੀ) ਦੀ ਸੱਪਣੀ (ਨਾਗਨ) ਨਾਲ ਤੁਲਨਾ ਕਰਦਿਆਂ ਭਗਤ ਕਬੀਰ ਜੀ ਫੁਰਮਾਉਂਦੇ ਹਨ ਕਿ :- ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥ ਸਾਂਕਲ ਜੇਵਰੀ ਲੈ ਹੈ ਆਈ ॥੧॥ ਆਪਨ ਨਗਰੁ ਆਪ ਤੇ ਬਾਧਿਆ ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ ॥੧॥ ਰਹਾਉ ॥ ਕਟੀ ਨ ਕਟੈ ਤੂਟਿ ਨਹ ਜਾਈ ॥ ਸਾ ਸਾਪਨਿ ਹੋਇ ਜਗ ਕਉ ਖਾਈ ॥੨॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥ ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥੩॥(ਗੁਰੂ ਗ੍ਰੰਥ ਸਾਹਿਬ ਪੰਨਾ ੩੨੯) ਹੇ ਵੀਰ! ਇਹ ਸਿੰਮ੍ਰਿਤੀ ਜੋ ਬੇਦਾਂ ਦੇ ਅਧਾਰ ਤੇ ਬਣੀ ਹੈ ਇਹ ਆਪਣੇ ਸ਼ਰਧਾਲੂਆਂ (ਮੰਨਣ ਵਾਲਿਆਂ) ਵਾਸਤੇ ਵਰਨ ਆਸ਼ਰਮ ਦੇ ਮਾਨੋ ਸੰਗਲ ਤੇ ਕਰਮ-ਕਾਂਢ ਦੀਆਂ ਰੱਸੀਆਂ ਲੈ ਕੇ ਆਈ ਹੋਈ ਹੈ।੧।ਇਸ ਸਿੰਮ੍ਰਿਤੀ ਨੇ ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ, ਇਹਨਾ ਨੂੰ ਨਰਕ ਸੁਰਗ ਆਦਿਕ ਦੇ ਮੋਹ ਦੀ ਫਾਹੀ ਵਿੱਚ ਫਸਾ ਕੇ, ਇਹਨਾ ਦੇ ਸਿਰ ਤੇ ਮੌਤ ਦੇ ਸਹਿਮ ਦਾ ਤੀਰ ਖਿੱਚਿਆ ਹੋਇਆ ਹੈ।੧।ਇਹ ਸਿੰਮ੍ਰਿਤੀ-ਰੂਪ ਫਾਹੀ ਸ਼ਰਧਾਲੂਆਂ ਪਾਸੋਂ ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾ ਹੀ ਇਹ ਆਪਣੇ ਆਪ ਟੁੱਟਦੀ ਹੈ। ਇਹ ਸੱਪਣੀ ਬਣ ਕੇ ਸਾਰੇ ਜਗਤ ਨੂੰ ਖਾ ਰਹੀ ਹੈ।੨। ਮੇਰੇ ਦੇਖਦਿਆਂ ਦੇਖਦਿਆਂ ਜਿਸ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰਕੇ ਉਸ ਤੋਂ ਬਚ ਗਿਆ ਹਾਂ।੩।ਗੁਰਬਾਣੀ ਵਿੱਚ ਬ੍ਰਾਹਮਣ ਦੇ ਜਾਤੀ ਪ੍ਰਬੰਧ, ਊਚ-ਨੀਚ, ਬਹੁ ਦੇਵੀ-ਦੇਵਤਾ ਬਾਦ, ਬੁੱਤ ਪੂਜਾ, ਕਰਮ-ਕਾਂਢ, ਪੁੰਨ-ਦਾਨ, ਵਰਤ ਆਦਿ ਦਾ ਖੰਡਨ ਕਰਦੇ ਅਨੇਕਾਂ ਸਬਦ ਹਨ, ਜਿੰਨਾ ਨੂੰ ਅਸੀਂ ਪੜ ਸੁਣ ਕੇ ਵਿਚਾਰਨ ਦੀ ਥਾਂ ਸਿਰਫ ਮੱਥੇ ਟੇਕਣ ਤੱਕ ਹੀ ਸੀਮਤ ਹੋ ਕੇ ਰਹਿ ਗਏ । ਸਾਡੇ ਕੋਲ ਸਾਡੇ ਭਗਤਾਂ ਤੇ ਗੁਰੂਆਂ ਦੀ ਸੋਚ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਹੈ ਜੋ ਇੱਕ ਪਿਤਾ ਦੇ ਪੁੱਤਰ ਜਾਣ ਕੇ ਸ਼ਾਂਝੀਵਾਲਤਾ ਦਾ ਸਬਕ ਸਿੱਖਾ ਕੇ ਜਾਤੀ ਬੰਧਨਾ ਤੋਂ ਮੁਕਤਿ ਕਰਦੀ ਹੈ, ਸਾਨੂੰ ਗੁਰਬਾਣੀ ਤੋਂ ਸੇਧ ਲੈ ਕੈ ਜਾਤੀਵਾਦ ਨੂੰ ਖਤਮ ਕਰਕੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਸੰਘਰਸ਼ ਕਰਨਾ ਚਾਹੀਂਦਾ ਹੈ, ਬ੍ਰਾਹਮਣਵਾਦ ਦਾ ਜੇ ਕੋਈ ਸੱਭ ਤੋਂ ਵੱਡਾ ਦੁਸਮਣ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ, ਜੋ ਬ੍ਰਾਹਮਣ ਦੇ ਪਾਖੰਡ, ਬੁੱਤ ਪੂਜਾ, ਤੀਰਥ ਯਾਤਰਾ, ਜਾਤ-ਪਾਤ, ਊਚ-ਨੀਚ, ਭਾਵ ਕਿ ਮਨੁੱਖਤਾ ਵਿਰੋਧੀ ਹਰ ਕਰਮ ਕਾਂਢ ਦਾ ਡੱਟ ਕੇ ਖੰਡਨ ਕਰਦਾ ਹੈ ਅਤੇ ਸਮੁੱਚੀ ਮਨੁੱਖਤਾ ਨੂੰ ਇੱਕ ਪਿਤਾ ਦੀ ਸੰਤਾਨ ਮੰਨਕੇ ਬਰਾਬਰਤਾ ਦਿੰਦਾ ਹੈ । ਪਰ ਅਫਸੋਸ ਕਿ ਸਾਨੂੰ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਬ੍ਰਾਹਮਣ ਦੇ ਦੁਸਮਣ ਅਤੇ ਸਾਡੇ ਮਿੱਤਰ (ਗੁਰੂ) ਵਾਰੇ ਵੀ ਜਾਣਕਾਰੀ ਨਹੀਂ ਹੈ । ਜੇ ਅਸੀਂ ਇਸੇ ਤਰਾਂ ਅਵੇਸਲੇ ਰਹੇ ਤਾਂ ਬ੍ਰਾਹਮਣ ਨੇ ਕੁੱਝ ਸਮੇ ਬਾਅਦ ਜਲਦੀ ਹੀ ਗੁਰਬਾਣੀ ਨੂੰ ਵੀ ਖਤਮ ਕਰ ਦੇਣਾ ਹੈ, ਫਿਰ ਇਹ ਭਾਰਤੀਆਂ ਨੂੰ ਹਿੰਦੂ ਬਣਨ ਦੀ ਥਾਂ ਸਿੱਖ ਬਣਨ ਲਈ ਪ੍ਰੇਰਨ ਲੱਗ ਜਾਣਗੇ ਕਿਉਂਕਿ ਉਦੋਂ ਤੱਕ ਸਿੱਖੀ ਦਾ ਹਿੰਦੂਕਰਨ ਹੋ ਚੁੱਕਿਆ ਹੋਵੇਗਾ ਜੋ ਕੁੱਝ ਹੱਦ ਤੱਕ ਹੋ ਵੀ ਚੁਕਿਆ ਹੈ, ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਸੇ ਕਰਨ ਦੀ ਲੋੜ ਹੀ ਬਾਕੀ ਹੈ । ਅਸਲ ਵਿੱਚ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਦਾ ਇੱਕੋ ਮਕਸਦ ਹੈ ਕਿ ਮਨੁੱਖਤਾ ਵਿੱਚ ਜਾਤਾਂ-ਧਰਮਾਂ ਦੇ ਨਾਮ ਤੇ ਵੰਡੀਆਂ ਪਾ ਕੇ ਰੱਖਣੀਆਂ, ਇੱਕ ਰੱਬ ਦੀ ਥਾਂ ਅਨੇਕਾਂ ਦੇਵੀ-ਦੇਵਤਿਆਂ, ਭਗਵਾਨਾ ਦੀ ਪੂਜਾ ਕਰਵਾਉਣੀ (ਇਸ ਵੱਲੋਂ ਸਿਰਜੇ ਉਹ ਭਗਵਾਨ ਚਾਹੇ ਸ਼ੂਦਰ ਜਾਤੀ ਦੇ ਵੀ ਕਿਉਂ ਨਾ ਹੋਣ), ਕਿਰਤ ਦੀ ਥਾਂ ਕਿਸਮਤ ਅਤੇ ਮੰਤ੍ਰਾਂ ਵਿੱਚ ਵਿਸਵਾਸ਼ ਪੈਦਾ ਕਰਨਾ । ਬ੍ਰਾਹਮਣ ਦੀ ਇਸ ਚਾਲ ਨੂੰ ਪਹਿਚਾਣਦਿਆਂ ਭਗਤਾਂ ਤੇ ਗੁਰੂਆਂ ਦੇ ਜੀਵਨ ਸਮੇ ਤੋਂ ਬਾਅਦ, ਭਗਤਾਂ/ਗੁਰੂਆਂ ਦੀ ਇਸ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਉੱਤੇ ਪਹਿਰਾ ਦਿੰਦਿਆਂ ਭਾਈ ਗੁਰਬਖਸ ਸਿੰਘ (ਬੰਦਾ ਸਿੰਘ ਬਹਾਦਰ) ਨੇ ਇਸ ਜਾਤੀ ਪ੍ਰਬੰਧ ਨਾਲ ਟੱਕਰ ਲਈ ਸੀ, (ਇਸ ਤੋਂ ਬਾਅਦ ਸੰਘਰਸ਼ ਤਾਂ ਹੁੰਦੇ ਰਹੇ ਪਰ ਬ੍ਰਾਹਮਣ ਦੀ ਸੋਚ ਭਾਰੂ ਹੁੰਦੀ ਗਈ) ਸਿੱਖ ਮਿਸਲਾਂ ਨੇ ਵਿਦੇਸ਼ੀ ਹਮਲਾਵਰਾਂ ਦੇ ਦੰਦ ਖੱਟੇ ਕੀਤੇ, ਮੁਗਲਾਂ ਨਾਲ ਲੜਾਈਆਂ ਲੜੀਆਂ, ਵਿਦੇਸ਼ੀ ਜਰਵਾਣਿਆਂ ਤੋਂ ਇਸ ਦੇਸ਼ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਬਚਾਈਆਂ, ਪਰ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਸੋਚਿਆ ਕਿ ਜੇਕਰ ਜਾਤੀ ਪ੍ਰਬੰਧ ਨੂੰ ਖਤਮ ਕਰਨ ਵਾਲਾ ਸਿੱਖ ਪ੍ਰਬੰਧ ਲਾਗੂ ਹੋ ਗਿਆ ਤਾਂ ਭਾਰਤੀ ਅਜਾਦ ਹੋ ਜਾਣਗੇ ਅਤੇ ਮੇਰਾ ਹਜਾਰਾਂ ਸਾਲਾਂ ਦਾ ਸਥਾਪਤ ਕੀਤਾ ਰਾਜ ਖਤਮ ਹੋ ਜਾਵੇਗਾ । ਤਾਂ ਉਸ ਨੇ ਆਪਣੀਆਂ ਧੀਆਂ ਭੈਣਾ ਦੀ ਰਾਖੀ ਕਰਨ ਵਾਲਿਆਂ ਭਾਰਤੀ ਸਿੱਖਾਂ ਦੀ ਥਾਂ ਆਪਣੀਆਂ ਧੀਆਂ ਭੈਣਾ ਦੀਆਂ ਇੱਜਤਾਂ ਲੁੱਟਣ ਵਾਲਿਆਂ ਦਾ ਸਾਥ ਦੇ ਕੇ ਸਿੱਖਾਂ ਨੂੰ ਖਤਮ ਕਰਵਾਇਆ, ਫਿਰ ਸਿੱਖ ਰਾਜ ਨੂੰ ਖਤਮ ਕਰਵਾਇਆ, ਤੇ ਹੌਲੀ ਹੌਲੀ ਜਾਤ ਪਾਤ ਵਿਰੋਧੀ  ਭਗਤਾਂ/ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ  ਵਿਚਾਰਧਾਰਾ ਗੁਰਬਾਣੀ ਨੂੰ ਸਤਿਕਾਰ ਦੇ ਨਾਮ ਤੇ ਪੂਜਣ ਯੋਗ ਬੁੱਤ ਬਣਾ ਕੇ ਰੱਖ ਦਿੱਤਾ । ਸਿੱਖੀ ਇਸ ਦੇਸ਼ ਵਿੱਚ ਪਹਿਲਾਂ ਤੋਂ ਚੱਲ ਰਹੇ ਧਰਮਾਂ ਜਾਂ ਜਾਤਾਂ ਦੇ ਮੁਕਾਬਲੇ ਇੱਕ ਹੋਰ ਨਵਾਂ ਧਰਮ ਜਾਂ ਜਾਤ ਨਹੀਂ ਸੀ, ਇਹ ਤਾਂ ਪਹਿਲਾਂ ਤੋਂ ਪ੍ਰਚੱਲਤ ਮਨੁੱਖਤਾ ਵਿੱਚ ਵੰਡੀਆਂ ਪਾਉਣ ਵਾਲੇ ਧਰਮਾ ਅਤੇ ਜਾਤਾਂ ਦੇ ਵਿਰੁੱਧ ਇੱਕ ਸਹੀ ਸੋਚ ਸੀ। ਸੋਚੋ ਭਗਤ ਕਬੀਰ, ਭਗਤ ਫਰੀਦ, ਭਗਤ ਨਾਮਦੇਵ, ਭਗਤ ਰਵਿਦਾਸ ਆਦਿ ਜਿੰਨਾ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਉਹਨਾ ਦਾ ਕੀ ਧਰਮ ਜਾਂ ਜਾਤ ਸੀ ? ਉਹ ਕਿਸ ਧਰਮ ਜਾਂ ਜਾਤ ਦੇ ਪ੍ਰਚਾਰਕ ਸਨ ? ਫਿਰ ਇਹਨਾ ਸਾਰੇ ਭਗਤਾਂ ਦੀ ਵਿਚਾਰਧਾਰਾ, ਗੁਰਬਾਣੀ ਨੂੰ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੀ ਵਿਚਾਰਧਾਰਾਂ ਗੁਰਬਾਣੀ ਨਾਲ ਦਰਜ ਕਰਨ ਵਾਲੇ ਗੁਰੂਆਂ ਦਾ ਕੀ ਕੋਈ ਜਾਤ ਗੋਤ ਵਰਨ ਜਾਂ ਧਰਮ ਹੋਵੇਗਾ ? ਨਹੀਂ ।ਬ੍ਰਾਹਮਣ ਨੇ ਜਾਤੀ ਪ੍ਰਬੰਧ ਦੇ ਵਿਰੋਧ ਵਿੱਚ ਉਠੀ ਸਿੱਖੀ ਲਹਿਰ ਨੂੰ ਐਸਾ ਮੋੜ ਦਿੱਤਾ ਕਿ ਸਿੱਖਾਂ ਰਾਹੀਂ ਹੀ ਗੁਰਬਾਣੀ ਨੂੰ ਪੜ ਸੁਣ ਕੇ ਵਿਚਾਰਨ ਦੀ ਥਾਂ ਇੱਕ ਮੰਤ੍ਰ ਬਣਾ ਕੇ ਉਸ ਦੇ ਅਖੰਡ ਪਾਠ, ਸੰਪਟ ਪਾਠ, ਮੋਨ ਪਾਠ ਆਦਿ ਬਣਾ ਕੇ ਮੰਤਰਾਂ ਵਾਂਗ ਤੋਤਾ ਰੱਟਣੀਆਂ ਕਰਨੀਆਂ ਸ਼ੁਰੂ ਕਰਵਾ ਦਿੱਤੀਆਂ ।ਜਾਤ, ਕੁਲ ਵਿਰੋਧੀ ਇੱਕ ਗ੍ਰੰਥ ਤੇ ਸਾਂਝੀਵਾਲਤਾ ਦੇ ਇੱਕ ਪੰਥ ਨੂੰ ਮੰਨਣ ਵਾਲੇ ਸਿੱਖਾਂ ਨੂੰ ਹੀ ਜਾਤੀ ਪ੍ਰਬੰਧ ਦੇ ਸਿਰਜਿਕ ਬ੍ਰਾਹਮਣ ਨੇ ਗਹਿਰੀ ਸਾਜਿਸ ਦੇ ਅਧੀਨ ਜਾਤਾਂ, ਗੋਤਾਂ, ਵੰਸ਼ਾਂ, ਡੇਰਿਆਂ, ਟਕਸਾਲਾਂ ਠਾਠਾਂ ਆਦਿ ਵਿੱਚ ਵੰਡ ਦਿੱਤਾ । ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਵਿਚਾਰਧਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ ਸਿੱਖਾਂ ਨੇ ਅਣਗਿਣਤ ਗ੍ਰੰਥਾਂ ਨੂੰ ਆਪਣੇ ਮਾਰਗ ਦਰਸ਼ਕ ਬਣਾ ਲਿਆ, ਇੱਥੋਂ ਤੱਕ ਕਿ ਇਸਤਰੀ ਜਾਤੀ ਦੇ ਵਿਰੋਧੀ, ਜਾਤਾਂ, ਵੰਸ਼ਾਂ, ਵਰਨਾ, ਦੇਵੀ ਦੇਵਤਿਆਂ, ਨਸਿਆਂ ਅਤੇ ਲੱਚਰਤਾ ਨੂੰ ਉਤਸਾਹਤ ਕਰਨ ਵਾਲੇ ਮਿਥਹਿਸ ਨਾਲ ਭਰਭੂਰ, ਬਚਿਤ੍ਰਨਾਟਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਥਾਪਿਤ ਕਰਨ ਦੀਆਂ ਕੋਝੀਆਂ ਚਾਲਾ ਚੱਲੀਆਂ ਜਾ ਹਰੀਆਂ ਹਨ, ਤਾਂ ਕਿ ਜਾਤਾਂ, ਗੋਤਾਂ, ਵੰਸ਼ਾਂ, ਊਚ-ਨੀਚ, ਵਰਨ-ਵੰਡ, ਦੇਵੀ-ਦੇਵਤਿਆਂ ਦੇ ਬੁੱਤਾਂ ਦੀ ਪੂਜਾ, ਨਸਿਆਂ ਦੇ ਸੇਵਨ ਤੋਂ ਰੋਕਣ ਅਤੇ ਮਨੁੱਖਤਾ ਨੂੰ ਬਰਾਬਰਤਾ ਦਾ ਸੁਨੇਹਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕੀਤਾ ਜਾ ਸਕੇ ।ਜਾਤੀ ਪ੍ਰਬੰਧ ਦੇ ਸਿਰਜਿਕ ਨੇ ਸਰਕਾਰੀ ਸਰਪ੍ਰਸਤੀ ਹੇਠ  ਪੂਰੇ ਭਾਰਤ ਨੂੰ ਡੇਰਿਆਂ ਦੇ ਜਾਲ ਵਿੱਚ ਫਸਾ ਦਿੱਤਾ । ਬੁੱਤ ਪੂਜਾ ਅਤੇ ਜਾਤ-ਵਰਨ ਦੇ ਵਿਰੋਧੀ ਭਗਤਾਂ ਦੀਆਂ ਅਖੌਤੀ ਜਾਤਾਂ ਦੇ ਨਾਵਾਂ ਉੱਤੇ ਮੰਦਰ ਉਸਾਰ ਕੇ ਉਹਨਾ ਦੇ ਹੀ ਬੁੱਤ ਬਣਾ ਕੇ ਪੂਜਾ ਸ਼ੁਰੂ ਕਰਵਾ ਦਿੱਤੀ  । ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ ਦਾ ਮਨੁੱਖ ਸੀ, ਇੱਕ ਰੱਬ ਨੂੰ ਮੰਨਣ ਵਾਲਾ ਅਜਾਦ ਮਨੁੱਖ, ਸਿੱਖ, ਸਿੰਘ, ਖਾਲਸਾ ਜੋ ਕਿਸੇ ਦਾ ਗੁਲਾਮ ਨਹੀਂ ਹੋਵੇਗਾ,  ਜਿਸ ਦੀ ਕੋਈ ਜਾਤ ਨਹੀਂ ਹੋਵੇਗੀ, ਜਿਸ ਦੀ ਕੋਈ ਕੁਲ਼ ਨਹੀਂ ਹੋਵੇਗੀ, ਜਿਸ ਦਾ ਕੋਈ ਧਰਮ ਨਹੀਂ ਹੋਵੇਗਾ, (ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ਗੁਰੂ ਗ੍ਰੰਥ ਸਾਹਿਬ ਪੰਨਾ ੨੬੬, ਹੇ ਮਨ ! ਪ੍ਰਭੂ ਦਾ ਨਾਮ ਜਪ ਅਤੇ ਪਵਿਤ੍ਰ ਆਚਰਣ ਬਣਾ ਇਹ ਧਰਮ ਸਾਰੇ ਧਰਮਾਂ ਨਾਲੋਂ ਚੰਗਾ ਹੈ ।) ਜਿਸ ਦਾ ਕੋਈ ਵਿਸੇਸ ਕੰਮ ਨਹੀਂ ਹੋਵੇਗਾ, ਉਸ ਦੀ ਆਪਣੀ ਮਰਜੀ ਹੋਵੇਗੀ ਕਿ ਉਸ ਨੇ ਕਿਹੜਾ ਕੰਮ ਕਰਨਾ ਹੈ ਜਾਂ ਨਹੀਂ ਕਰਨਾ । ਪਰ ਜਾਤੀ ਪ੍ਰਬੰਧ ਦੇ ਸਿਰਜਿਕ ਨੇ ਇਸ ਸੋਚ (ਸਿੱਖ) ਨੂੰ ਜਲਦੀ ਹੀ ਆਪਣੇ ਕਲਾਵੇ ਵਿੱਚ ਲੈ ਕੇ ਆਪਣੇ ਰੰਗ ਵਿੱਚ ਰੰਗ ਕੇ ਜਾਤੀ ਵੰਡ ਵਿੱਚ ਵੰਡ ਦਿੱਤਾ । ਹੁਣ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗਿਆ ਹੋਇਆ ਸਿੱਖ ਆਪਣੇ ਆਪ ਨੂੰ  ਜੱਟ ਸਿੱਖ, ਮਹਜਵੀ ਸਿੱਖ, ਰਵਦਾਸੀਆ ਸਿੱਖ, ਰੰਘਰੇਟਾ ਸਿੱਖ, ਰਾਮਗੜੀਆ ਸਿੱਖ, ਮਹਿਰਾ ਸਿੱਖ, ਸੋਢੀ ਸਿੱਖ, ਬੇਦੀ ਸਿੱਖ, ਲੁਬਾਣੇ ਸਿੱਖ, ਰੋੜੇ ਸਿੱਖ, ਇਸ ਤੋਂ ਵੀ ਅੱਗੇ ਵੱਧ ਕੇ ਟਕਸਾਲੀ ਸਿੱਖ, ਜੱਥੇ ਵਾਲੇ ਸਿੱਖ, ਨਾਨਕ ਸਰੀਏ ਸਿੱਖ, ਰਾੜੇ ਵਾਲੇ ਸਿੱਖ, ਆਦਿ ਸਿੱਖ , ਹੁਣ ਜਾਤਾਂ, ਗੋਤਾਂ, ਵੰਸ਼ਾਂ, ਸੰਪ੍ਰਦਾਵਾਂ, ਜੱਥੇਬੰਦੀਆਂ ਦੇ ਇੰਨੇ ਭਾਂਤੇ ਸਿੱਖ ਬਣ ਚੁੱਕੇ ਹਨ ਕੇ ਉਹਨਾ ਦਾ ਜਿਕਰ ਕਰਨਾ ਵੀ ਬਹੁਤ ਔਖਾ ਹੈ । ਜਦ ਕਿ ਸੱਚ ਇਹ ਹੈ ਕਿ ਜੋ ਸਿੱਖ ਹੈ ਉਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਨਹੀਂ ਹੈ, ਜਿਸ ਦੀ ਜਾਤ (ਗੋਤ, ਵੰਸ਼, ਸੰਪ੍ਰਦਾ) ਹੈ ਉਹ ਸਿੱਖ ਨਹੀਂ ਹੈ ਕਿਉਂਕਿ ਜਾਤੀ ਪ੍ਰਬੰਧ ਵਿੱਚ ਸਿਰਫ ਬ੍ਰਾਹਮਣ ਜਾਤ ਹੀ ਊਚੀ ਤੇ ਅਜਾਦ ਹੈ, ਬਾਕੀ ਦੀਆਂ ਸਾਰੀਆਂ ਜਾਤੀਆਂ ਨੀਚ ਅਤੇ ਬ੍ਰਾਹਮਣ ਦੇ ਅਧੀਨ ਹਨ । ਅਜੋਕੇ ਹਾਲਾਤਾਂ ਅਨੁਸਾਰ ਜੇ ਇਉਂ ਕਹਿ ਲਈਏ ਕਿ ਤਿਲਕ, ਬੋਦੀ, ਧੋਤੀ ਵਾਲੇ ਬ੍ਰਾਹਮਣ ਦੀ ਥਾਂ ਭੇਸ ਬਦਲ ਕੇ  ਪੱਗ, ਕੇਸ ਦਾੜੀ ਤੇ ਗਾਤਰੇ ਵਾਲਾ, ਓਹੀ  ਬ੍ਰਾਹਮਣ ਬੈਠ ਗਿਆ ਹੈ ਤਾਂ ਇਸ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੋਵੇਗੀ । ਗੁਰਬਾਣੀ ਦਾ ਸੁਨੇਹਾ ਸਮੁੱਚੀ ਮਨੁੱਖਤਾ ਲਈ ਹੈ ਨਾ ਕਿ ਸਿਰਫ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਲਈ । ਮੁਆਫ ਕਰਨਾ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਭਗਤਾਂ ਤੇ ਗੁਰੂਆਂ ਦੀ ਇਨਕਲਾਬੀ ਅਤੇ ਸਾਂਝੀਵਾਲਤਾ ਦੀ ਸੋਚ (ਗੁਰਬਾਣੀ) ਜਿਸ ਨੇ ਜਾਤੀ ਪ੍ਰਬੰਧ ਦੇ ਸਿਰਜਿਕ ਤੋਂ ਪੂਰੀ ਮਨੁੱਖਤਾ ਨੂੰ ਅਜਾਦ ਕਰਵਾਉਣਾ ਸੀ , ਉਸ ਨੂੰ ਸਾਰੀ ਮਨੁੱਖਤਾ ਦੇ ਭਲੇ ਲਈ ਅੱਜ ਜਾਤੀ ਪ੍ਰਬੰਧ ਦੇ ਰੰਗ ਵਿੱਚ ਰੰਗੇ ਹੋਏ ਸਿੱਖਾਂ ਤੋਂ ਅਜਾਦ ਕਰਵਾਉਣ ਦੀ ਲੋੜ ਹੈ !

    ਮਿਤੀ 17-05-2016


                                        ਹਰਲਾਜ ਸਿੰਘ ਬਹਾਦਰਪੁਰ  
                        ਪਿੰਡ ਤੇ ਡਾਕ : ਬਹਾਦਰਪੁਰ                
                        ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ) 
                        ਪਿੰਨਕੋਡ-151501 
                        ਮੋਬਾਇਲ-94170-23911
                        harlajsingh7@gmail.com