ਪੰਜਾਬ ਵੱਲ ਨਿਸ਼ਾਨਾ ਸੇਧਣ ਵਾਲੀ ਹੈ ਵਿਅਕਤੀਵਾਦ ਵੱਲ ਵਧ ਰਹੀ ਦੇਸ਼ ਦੀ ਰਾਜਨੀਤੀ - ਜਤਿੰਦਰ ਪਨੂੰ

ਬਹੁਤ ਸਾਰੇ ਚਿੰਤਕਾਂ ਦੀ ਇਸ ਗੱਲ ਨੂੰ ਅਸੀਂ ਕੱਟਣਾ ਨਹੀਂ ਚਾਹੁੰਦੇ ਕਿ ਭਾਰਤ ਉੱਤੇ ਆਰ ਐੱਸ ਐੱਸ ਵੱਲੋਂ ਆਪਣੀ ਵਿਚਾਰਧਾਰਾ ਥੋਪੀ ਜਾ ਰਹੀ ਹੈ ਤੇ ਭਾਰਤ ਹੌਲੀ-ਹੌਲੀ ਉਸ ਪਾਸੇ ਵੱਲ ਜਾਂਦਾ ਦਿਖਾਈ ਦੇਂਦਾ ਹੈ, ਜਿਸ ਪਾਸੇ ਲਿਜਾਣ ਲਈ ਸੰਘ ਪਰਵਾਰ ਚਿਰਾਂ ਤੋਂ ਯਤਨਸ਼ੀਲ ਸੀ। ਫਿਰ ਵੀ ਸਾਡੀ ਰਾਏ ਹੈ ਕਿ ਗੱਲ ਸਿਰਫ ਸੰਘ ਪਰਵਾਰ ਅਤੇ ਇਸ ਦੀ ਵਿਚਾਰਧਾਰਾ ਦੀ ਨਹੀਂ, ਇਸ ਦੇ ਓਹਲੇ ਹੇਠ ਵਿਅਕਤੀਵਾਦੀ ਮੋੜ ਕੱਟਿਆ ਜਾ ਰਿਹਾ ਜਾਪਦਾ ਹੈ।
ਅਸੀਂ ਉਹ ਦਿਨ ਚੇਤੇ ਕਰੀਏ, ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਤੇ ਉਸ ਦੇ ਬਾਅਦ ਲੋਕਾਂ ਦੀ ਚੁਣੀ ਹੋਈ ਲੋਕ ਸਭਾ ਦੀ ਵਿਰੋਧੀ ਧਿਰ ਦੀ ਸਾਬਕਾ ਆਗੂ ਸੁਸ਼ਮਾ ਸਵਰਾਜ ਤੇ ਫਿਰ ਦੂਸਰੇ ਸਦਨ ਰਾਜ ਸਭਾ ਦੀ ਵਿਰੋਧੀ ਧਿਰ ਦੇ ਸਾਬਕਾ ਆਗੂ ਅਰੁਣ ਜੇਤਲੀ ਨੂੰ ਅੱਗੇ ਕੀਤਾ ਸੀ। ਇਸ ਸੂਚੀ ਤੋਂ ਸੁਚੱਜ ਝਲਕਦਾ ਸੀ, ਜਿਹੜਾ ਉਸ ਵੇਲੇ ਹੋਰ ਵਧ ਗਿਆ, ਜਦੋਂ ਉਸ ਵਕਤ ਤੱਕ ਦੇ ਭਾਜਪਾ ਪ੍ਰਧਾਨ ਰਾਜਨਾਥ ਸਿੰਘ ਤੇ ਫਿਰ ਉਸ ਤੋਂ ਪਹਿਲੇ ਪ੍ਰਧਾਨਾਂ ਵੈਂਕਈਆ ਨਾਇਡੂ ਤੇ ਨਿਤਿਨ ਗਡਕਰੀ ਨੂੰ ਸਹੁੰ ਚੁਕਾਈ ਸੀ। ਉਨ੍ਹਾਂ ਮਗਰੋਂ ਸਾਬਕਾ ਮੁੱਖ ਮੰਤਰੀਆਂ ਦੇ ਨਾਂਅ ਲਿਖੇ ਹੋਏ ਸਨ। ਇਸ ਸਾਰੀ ਤਰਤੀਬ ਨੂੰ ਵੇਖਣ ਪਿੱਛੋਂ ਮੀਡੀਆ ਬਹਿਸ ਵਿੱਚ ਇੱਕ ਪ੍ਰਮੁੱਖ ਚਿੰਤਕ ਨੇ ਸਾਨੂੰ ਕਿਹਾ ਸੀ ਕਿ ਮੋਦੀ ਦਾ ਪਿਛੋਕੜ ਜੋ ਵੀ ਹੋਵੇ, ਸਹੁੰ ਚੁੱਕਣ ਦੀ ਸੂਚੀ ਦੀ ਜਿਹੜੀ ਤਰਤੀਬ ਉਸ ਨੇ ਬਣਾਈ ਹੈ, ਉਸ ਨਾਲ ਸਾਰਿਆਂ ਦੇ ਸੀਨੇ ਠੰਢੇ ਕਰ ਦਿੱਤੇ ਹਨ। ਮੈਂ ਹੱਸ ਕੇ ਕਿਹਾ ਸੀ ਕਿ ਜਦੋਂ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਸਹੁੰ ਚੁੱਕਣੀ ਸੀ ਤਾਂ ਗੱਦੀ ਛੱਡ ਰਹੇ ਕੇਸ਼ੂ ਭਾਈ ਪਟੇਲ ਦੇ ਪੈਰ ਹਜ਼ਾਰਾਂ ਲੋਕਾਂ ਦੇ ਇਕੱਠ ਸਾਹਮਣੇ ਮੰਚ ਉੱਤੇ ਛੋਹੇ ਅਤੇ ਲਾਲ ਕ੍ਰਿਸ਼ਨ ਅਡਵਾਨੀ ਦੇ ਵੀ ਛੋਹੇ ਸਨ। ਉਹ ਦੋਵੇਂ ਹੁਣ ਕਿਸ ਹਾਲਤ ਵਿੱਚ ਹਨ, ਦੱਸਣ ਦੀ ਲੋੜ ਨਹੀਂ। ਅਗਲੇ ਮਹੀਨੇ ਜਦੋਂ ਇਹ ਖਬਰ ਆਈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਨੂੰ ਘਰ ਸੱਦ ਕੇ ਘੂਰਿਆ ਅਤੇ ਫਿਰ ਮੀਡੀਏ ਵਿੱਚ ਗਿਣੇ-ਮਿਥੇ ਢੰਗ ਨਾਲ ਇਹ ਗੱਲ ਲੀਕ ਕੀਤੀ ਗਈ ਹੈ, ਓਸੇ ਚਿੰਤਕ ਦਾ ਇਹ ਕਹਿਣਾ ਸੀ ਕਿ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ, ਗੱਡੀ ਓਸੇ ਲੀਹ ਉੱਤੇ ਤੁਰਦੀ ਜਾਪਣ ਲੱਗ ਪਈ ਹੈ। ਇਹ ਗੱਲ ਕਹਿਣ ਵੇਲੇ ਉਸ ਦਾ ਚਿਹਰਾ ਕਾਫੀ ਗੰਭੀਰ ਦਿਖਾਈ ਦੇਂਦਾ ਸੀ।
ਕੁਝ ਦਿਨਾਂ ਬਾਅਦ ਇੰਗਲੈਂਡ ਬੈਠੇ ਕ੍ਰਿਕਟ ਦੇ ਘਪਲੇਬਾਜ਼ ਲਲਿਤ ਮੋਦੀ ਦਾ ਮਾਮਲਾ ਉੱਛਲ ਪਿਆ। ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਪਤੀ ਅਤੇ ਧੀ ਵੱਲੋਂ ਲਲਿਤ ਮੋਦੀ ਦਾ ਕੇਸ ਲੜਨ ਅਤੇ ਪ੍ਰਧਾਨ ਮੰਤਰੀ ਨੂੰ ਦੱਸੇ ਬਿਨਾਂ ਸੁਸ਼ਮਾ ਵੱਲੋਂ ਲਲਿਤ ਮੋਦੀ ਦੀ ਮਦਦ ਕਰਨ ਦੀ ਕਹਾਣੀ ਵੀ ਬਾਹਰ ਆ ਗਈ। ਅਗਲੇ ਦਿਨਾਂ ਵਿੱਚ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਸ਼ੁਰੂ ਹੋਈਆਂ ਤਾਂ ਸੁਸ਼ਮਾ ਸਵਰਾਜ ਦੀ ਭੈਣ ਨੂੰ ਇੱਕ ਹਲਕੇ ਤੋਂ ਭਾਜਪਾ ਦੀ ਟਿਕਟ ਬੜੀ ਉਚੇਚ ਨਾਲ ਪਰੋਸੀ ਗਈ। ਕੁੱਲ ਚਾਰ ਮਹੀਨੇ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਜਦੋਂ ਭਾਜਪਾ ਉਮੀਦਵਾਰ ਜਿੱਤਿਆ ਸੀ ਤਾਂ ਉਸ ਨੇ ਏਸੇ ਅਸੈਂਬਲੀ ਹਲਕੇ ਤੋਂ ਪੰਜਾਹ ਹਜ਼ਾਰ ਵੋਟਾਂ ਲਈਆਂ ਸਨ ਤੇ ਇਨੈਲੋ ਪਾਰਟੀ ਦਾ ਉਮੀਦਵਾਰ ਬੱਤੀ ਹਜ਼ਾਰ ਵੋਟਾਂ ਤੱਕ ਸੀਮਤ ਰਿਹਾ ਸੀ, ਕਾਂਗਰਸ ਨੂੰ ਛੱਬੀ ਹਜ਼ਾਰ ਤੋਂ ਵੀ ਘੱਟ ਪਈਆਂ ਸਨ। ਏਨੀ ਵੱਡੀ ਲੀਡ ਲੈਣ ਦੇ ਬਾਅਦ ਬੜੀ ਸੁਰੱਖਿਅਤ ਸਮਝੀ ਜਾਂਦੀ ਉਸ ਸੀਟ ਉੱਤੇ ਸੁਸ਼ਮਾ ਸਵਰਾਜ ਦੀ ਭੈਣ ਜਦੋਂ ਚੋਣ ਲੜੀ ਤਾਂ ਉਹ ਅਠਾਈ ਹਜ਼ਾਰ ਵੋਟਾਂ ਵੀ ਨਾ ਲੈ ਸਕੀ ਤੇ ਸਾਰੀ ਵੋਟ ਆਜ਼ਾਦ ਉਮੀਦਵਾਰ ਨੂੰ ਪੈ ਜਾਣ ਨਾਲ ਉਹ ਜਿੱਤ ਗਿਆ। ਰਾਜਨਾਥ ਦੇ ਬਾਅਦ ਜਦੋਂ ਸੁਸ਼ਮਾ ਸਵਰਾਜ ਨੂੰ ਵੀ ਏਦਾਂ ਦਾ ਝਟਕਾ ਦੇ ਦਿੱਤਾ ਗਿਆ ਤਾਂ ਬਾਕੀ ਸਾਰੇ ਸੰਭਲ ਗਏ ਸਨ।
ਅਗਲਾ ਝਟਕਾ ਕਿਸ ਨੂੰ ਕਿਸ ਤਰ੍ਹਾਂ ਦਿੱਤਾ ਗਿਆ, ਇਸ ਦੀ ਲੰਮੀ ਦਾਸਤਾਨ ਵਿੱਚੋਂ ਬਹੁਤਾ ਦਿਲਚਸਪ ਕਿੱਸਾ ਹਰਿਆਣੇ ਦਾ ਹੈ। ਓਥੇ ਜਦੋਂ ਵਿਧਾਨ ਸਭਾ ਚੋਣਾਂ ਹੋਣੀਆਂ ਸਨ ਤਾਂ ਦੋ ਆਗੂਆਂ ਬਾਰੇ ਕਿਹਾ ਜਾ ਰਿਹਾ ਸੀ ਕਿ ਭਾਜਪਾ ਜਿੱਤ ਗਈ ਤਾਂ ਇਨ੍ਹਾਂ ਵਿਚਾਲੇ ਮੁੱਖ ਮੰਤਰੀ ਬਣਨ ਲਈ ਖਿੱਚੋਤਾਣ ਹੋ ਸਕਦੀ ਹੈ। ਇੱਕ ਤਾਂ ਸੀਨੀਅਰ ਆਗੂ ਅਨਿਲ ਵਿੱਜ ਸੀ, ਜਿਹੜਾ ਚਾਰ ਵਾਰੀਆਂ ਦਾ ਵਿਧਾਨ ਸਭਾ ਮੈਂਬਰ ਸੀ ਤੇ ਦੂਸਰਾ ਫੌਜੀ ਸੇਵਾ ਪਿੱਛੋਂ ਆਰ ਐੱਸ ਐੱਸ ਲਈ ਕੰਮ ਕਰ ਰਹੇ ਕੈਪਟਨ ਅਭਿਮੰਨੂ ਦਾ ਨਾਂਅ ਲਿਆ ਜਾ ਰਿਹਾ ਸੀ। ਵੱਡੀ ਆਸ ਅਨਿਲ ਵਿੱਜ ਨੂੰ ਸੀ, ਪਰ ਨਿਬੇੜੇ ਦੀ ਘੜੀ ਆਈ ਤਾਂ ਉਸ ਮਨੋਹਰ ਲਾਲ ਖੱਟਰ ਦਾ ਨਾਂਅ ਸਾਹਮਣੇ ਆ ਗਿਆ, ਜਿਸ ਦਾ ਰਾਜਸੀ ਖੇਤਰ ਦੇ ਆਗੂ ਵਜੋਂ ਕਦੀ ਜ਼ਿਕਰ ਨਹੀਂ ਸੀ ਸੁਣਿਆ। ਇਸ ਦਾ ਵੀ ਕਾਰਨ ਸੀ। ਅਟਲ ਬਿਹਾਰੀ ਵਾਜਪਾਈ ਸਰਕਾਰ ਦੇ ਵਕਤ ਨਰਿੰਦਰ ਮੋਦੀ ਨੂੰ ਹਰਿਆਣੇ ਦੀ ਭਾਜਪਾ ਦਾ ਇੰਚਾਰਜ ਬਣਾਇਆ ਗਿਆ ਸੀ ਤੇ ਜਦੋਂ ਚੋਣ ਲਈ ਓਮ ਪ੍ਰਕਾਸ਼ ਚੌਟਾਲੇ ਨਾਲ ਗੱਲਬਾਤ ਚੱਲ ਰਹੀ ਸੀ, ਓਦੋਂ ਮੋਦੀ ਦੇ ਸਖਤ ਰੁਖ ਕਾਰਨ ਕੁੜੱਤਣ ਆ ਗਈ ਸੀ। ਇੱਕ ਦਿਨ ਚੌਟਾਲੇ ਨੇ ਵਾਜਪਾਈ ਨੂੰ ਫੋਨ ਕਰ ਕੇ ਕਹਿ ਦਿੱਤਾ ਕਿ ਭਾਜਪਾ ਨਾਲ ਸਾਡਾ ਸਮਝੌਤਾ ਸਿਰਫ ਇੱਕ ਸ਼ਰਤ ਉੱਤੇ ਹੋ ਸਕਦਾ ਹੈ ਕਿ ਤੁਸੀਂ ਮੋਦੀ ਨੂੰ ਏਥੋਂ ਕੱਢ ਕੇ ਕਿਤੇ ਹੋਰ ਭੇਜ ਦਿਓ। ਵਾਜਪਾਈ ਤੇ ਅਡਵਾਨੀ ਮੰਨ ਗਏ। ਗੱਠਜੋੜ ਨੇ ਚੋਣ ਲੜੀ ਤੇ ਜਿੱਤ ਗਿਆ, ਪਰ ਮੋਦੀ ਦੇ ਮਨ ਵਿੱਚ ਇਹ ਗੱਲ ਬੈਠ ਗਈ ਕਿ ਵਾਜਪਾਈ ਅਤੇ ਅਡਵਾਨੀ ਨੇ ਉਸ ਵਕਤ ਉਸ ਦਾ ਸਾਥ ਦੇਣ ਦੀ ਥਾਂ ਚੌਟਾਲੇ ਦਾ ਪੱਖ ਲਿਆ ਸੀ। ਏਸੇ ਵਿੱਚ ਇਹ ਗੱਲ ਸ਼ਾਮਲ ਸੀ ਕਿ ਓਦੋਂ ਵਾਜਪਾਈ ਅਤੇ ਅਡਵਾਨੀ ਨੇ ਇਹ ਮੋੜ ਹਰਿਆਣੇ ਦੇ ਫਲਾਣੇ ਆਗੂ ਦੀ ਸਲਾਹ ਉੱਤੇ ਕੱਟਿਆ ਸੀ। ਉਸ 'ਫਲਾਣੇ' ਆਗੂ ਦਾ ਚੇਤਾ ਜੇ ਫਿਰ ਮੋਦੀ ਨੂੰ ਨਹੀਂ ਸੀ ਭੁੱਲਣਾ ਤਾਂ ਇਹ ਗੱਲ ਵੀ ਕਦੇ ਨਹੀਂ ਸੀ ਭੁੱਲਣੀ ਕਿ ਓਦੋਂ ਹਰਿਆਣੇ ਦੀ ਭਾਜਪਾ ਦੇ ਆਰ ਐੱਸ ਐੱਸ ਵੱਲੋਂ ਇੰਚਾਰਜ ਜਨਰਲ ਸਕੱਤਰ ਮਨੋਹਰ ਲਾਲ ਖੱਟਰ ਨੇ ਮੋਦੀ ਦਾ ਡਟ ਕੇ ਸਾਥ ਦਿੱਤਾ ਸੀ।
ਹਰਿਆਣੇ ਵਿੱਚੋਂ ਕੱਢੇ ਜਾਣ ਪਿੱਛੋਂ ਨਰਿੰਦਰ ਮੋਦੀ ਨੂੰ ਪੰਜਾਬ ਦਾ ਇੰਚਾਰਜ ਲਾਇਆ ਗਿਆ ਸੀ ਤੇ ਉਸ ਦੇ ਸੁਭਾਅ ਕਾਰਨ ਪੰਜਾਬ ਭਾਜਪਾ ਦੇ ਬਹੁਤੇ ਆਗੂ ਪਾਰਟੀ ਮੀਟਿੰਗਾਂ ਤੋਂ ਬਗੈਰ ਉਸ ਨਾਲ ਖਾਸ ਨੇੜ ਨਹੀਂ ਸੀ ਕਰਦੇ। ਉਸ ਦੌਰ ਵਿੱਚ ਇੱਕ ਆਗੂ ਇਹੋ ਜਿਹਾ ਸੀ, ਜਿਸ ਨੂੰ ਪੂਰੇ ਸਮੱਰਪਣ ਦੇ ਬਾਵਜੂਦ ਪਾਰਟੀ ਨੇ ਆਪਣੇ ਪਿੰਡ ਦੀ ਸਰਪੰਚੀ ਤੋਂ ਅੱਗੇ ਨਹੀਂ ਸੀ ਵਧਣ ਦਿੱਤਾ, ਉਹ ਨਰਿੰਦਰ ਮੋਦੀ ਦਾ ਭਰੋਸੇਮੰਦ ਮੰਨਿਆ ਜਾਣ ਲੱਗਾ ਸੀ। ਜਦੋਂ ਸਮਾਂ ਪਲਟਿਆ ਤੇ ਨਰਿੰਦਰ ਮੋਦੀ ਨੂੰ ਪਾਰਟੀ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਤਾਂ ਟਿਕਟਾਂ ਦੇਣ ਵੇਲੇ ਪੰਜਾਬ ਵਿੱਚ ਇੱਕ ਸੀਟ ਮੋਦੀ ਦੀ ਕ੍ਰਿਪਾ ਨਾਲ ਉਸ ਬੰਦੇ ਲਈ ਨਿਕਲ ਆਈ, ਜਿਹੜਾ ਜਿੱਤ ਵੀ ਗਿਆ, ਸਗੋਂ ਕੇਂਦਰ ਦੀ ਸਰਕਾਰ ਵਿੱਚ ਰਾਜ ਮੰਤਰੀ ਵੀ ਜਾ ਬਣਿਆ। ਪੰਜਾਬ ਦੀ ਭਾਜਪਾ ਦੇ ਪੁਰਾਣੇ ਆਗੂ ਰਾਜਨੀਤੀ ਤਾਂ ਕਰਨੀ ਜਾਣਦੇ ਸਨ, ਉਹ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਦਾ ਫਾਰਮੂਲਾ ਕਦੇ ਨਹੀਂ ਸੀ ਜਾਣ ਸਕੇ।
ਹੁਣ ਇੱਕ ਹੋਰ ਪਾਸਾ ਵੇਖਣ ਵਾਲਾ ਹੈ। ਮਮਤਾ ਬੈਨਰਜੀ ਤੇ ਅਰਵਿੰਦ ਕੇਜਰੀਵਾਲ ਨੇ ਇਸ ਵਕਤ ਨਰਿੰਦਰ ਮੋਦੀ ਦੇ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ। ਕੇਜਰੀਵਾਲ ਦੀ ਸੋਚ ਹੋਰ ਤੇ ਮਮਤਾ ਬੈਨਰਜੀ ਦਾ ਮਾਮਲਾ ਹੋਰ ਤਰ੍ਹਾਂ ਦਾ ਹੈ। ਪੱਛਮੀ ਬੰਗਾਲ ਵਿੱਚ ਭਾਜਪਾ ਦਾ ਚੱਕਾ ਬੰਨ੍ਹਣ ਲਈ ਮਮਤਾ ਨੂੰ ਭਾਜਪਾ ਦੇ ਨੇੜੇ ਲਿਆਉਣ ਦੇ ਸਾਰੇ ਯਤਨ ਕੀਤੇ ਗਏ ਤਾਂ ਇਸ ਦੌਰਾਨ ਉਸ ਦੇ ਵਿਰੁੱਧ ਕੋਈ ਇੱਕ ਸ਼ਬਦ ਨਹੀਂ ਸੀ ਬੋਲਿਆ। ਜਦੋਂ ਸਾਫ ਹੋ ਗਿਆ ਕਿ ਉਹ ਭਾਜਪਾ ਵੱਲ ਨਹੀਂ ਆ ਰਹੀ, ਉਸ ਦੇ ਖਿਲਾਫ ਸ਼ਾਰਦਾ ਚਿੱਟ ਫੰਡ ਘੋਟਾਲੇ ਦਾ ਕੇਸ ਚੁੱਕ ਕੇ ਸਭ ਤੋਂ ਪਹਿਲਾ ਭਾਸ਼ਣ ਮੋਦੀ ਨੇ ਕੀਤਾ ਤੇ ਉਸ ਪਿੱਛੋਂ ਮਮਤਾ ਨੂੰ ਟਿਕ ਕੇ ਨਹੀਂ ਬਹਿਣ ਦਿੱਤਾ। ਸ਼ਿਵ ਸੈਨਾ ਨਾਲ ਲੋਕ ਸਭਾ ਚੋਣਾਂ ਵਿੱਚ ਆਪਣੀਆਂ ਸ਼ਰਤਾਂ ਉੱਤੇ ਸਾਂਝ ਪਾ ਲਈ, ਪਰ ਜਦੋਂ ਸ਼ਿਵ ਸੈਨਾ ਨੇ ਕੇਂਦਰ ਵਿੱਚ ਹਿੱਸਾ ਕੁਝ ਵੱਧ ਮੰਗਿਆ ਤੇ ਵਿਧਾਨ ਸਭਾ ਚੋਣਾਂ ਵਾਸਤੇ ਵੀ ਸਖਤ ਰੁਖ ਵਿਖਾਇਆ ਤਾਂ ਉਸ ਨੂੰ ਠਿੱਬੀ ਲਾ ਦਿੱਤੀ। ਉਸ ਦੇ ਇੱਕ ਆਗੂ ਸੁਰੇਸ਼ ਪ੍ਰਭੂ ਦਾ ਸ਼ਿਵ ਸੈਨਾ ਅਤੇ ਰਾਜ ਸਭਾ ਤੋਂ ਅਸਤੀਫਾ ਦਿਵਾਇਆ ਤੇ ਖੜੇ ਪੈਰ ਭਾਜਪਾ ਵੱਲੋਂ ਆਂਧਰਾ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਬਣਾ ਕੇ ਸ਼ਿਵ ਸੈਨਾ ਨੂੰ ਚਿੜਾਉਣ ਲਈ ਉਸ ਨੂੰ ਰੇਲਵੇ ਮੰਤਰੀ ਬਣਾ ਦਿੱਤਾ। ਭਾਜਪਾ ਵਿੱਚ ਓਦੋਂ ਇਹ ਗੱਲ ਆਮ ਕਹੀ ਜਾਂਦੀ ਸੀ ਕਿ ਭਾਈਵਾਲ ਪਾਰਟੀਆਂ ਵਿੱਚ ਵੀ ਨਰਿੰਦਰ ਮੋਦੀ ਦੇ ਕਈ ਏਦਾਂ ਦੇ ਸ਼ੁਭਚਿੰਤਕ ਬੈਠੇ ਹਨ, ਜਿਹੜੇ ਇਸ਼ਾਰਾ ਉਡੀਕਦੇ ਹਨ ਅਤੇ ਕਿਸੇ ਵੇਲੇ ਵੀ ਭਾਜਪਾ ਨਾਲ ਆ ਸਕਦੇ ਹਨ, ਜਿਵੇਂ ਸੁਰੇਸ਼ ਪ੍ਰਭੂ ਆ ਗਿਆ ਹੈ। ਗੱਲ ਇਹ ਠੀਕ ਹੋਵੇ ਜਾਂ ਗਲਤ, ਭਾਈਵਾਲਾਂ ਵਿੱਚ ਇਸ ਘੁਸਪੈਠ ਦੀ ਚਰਚਾ ਨੇ ਘਬਰਾਹਟ ਫੈਲਾ ਦਿੱਤੀ ਸੀ।
ਇਸ ਵਕਤ ਇਹੋ ਜਿਹੀ ਚਰਚਾ ਅਕਾਲੀ ਦਲ ਬਾਰੇ ਚੱਲ ਰਹੀ ਸੁਣੀਂਦੀ ਹੈ। ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਵਿੱਚੋਂ ਸਤਲੁਜ ਜਮਨਾ ਲਿੰਕ ਨਹਿਰ ਬਾਰੇ ਉਚੇਚ ਨਾਲ ਪਾਸ ਕਰਵਾਏ ਬਿੱਲ ਨੂੰ ਪਿਛਲੇ ਗਵਰਨਰ ਨੇ ਪ੍ਰਵਾਨ ਜਾਂ ਰੱਦ ਕਰਨ ਦੀ ਥਾਂ ਫਾਈਲ ਠੱਪੀ ਰੱਖੀ ਸੀ। ਨਵੇਂ ਗਵਰਨਰ ਨੇ ਆਣ ਕੇ ਵੀ ਫਾਈਲ ਨਹੀਂ ਕੱਢੀ। ਭਾਜਪਾ ਇਹ ਸੋਚ ਕੇ ਚੱਲ ਰਹੀ ਹੈ ਕਿ ਪੰਜਾਬ ਵਿੱਚ ਸਾਡੀ ਅਕਾਲੀ ਦਲ ਨਾਲ ਸਾਂਝੀ ਸਰਕਾਰ ਹੈ, ਪਰ ਸਰਕਾਰ ਅਕਾਲੀ ਚਲਾਉਂਦੇ ਹਨ, ਅਸੀਂ ਪਿੱਛੇ ਤੁਰੇ ਜਾਣ ਜੋਗੇ ਰਹਿ ਗਏ ਹਾਂ, ਜਦ ਕਿ ਹਰਿਆਣੇ ਵਿੱਚ ਨਿਰੋਲ ਭਾਜਪਾ ਸਰਕਾਰ ਹੈ, ਉਸ ਨੂੰ ਪੰਜਾਬ ਦੀ ਸਾਂਝੀ ਸਰਕਾਰ ਦੇ ਮੁਕਾਬਲੇ ਮਜ਼ਬੂਤ ਕਰਨ ਦੀ ਲੋੜ ਹੈ। ਨਰਿੰਦਰ ਮੋਦੀ ਨੂੰ ਇਹ ਵੀ ਕੌੜ ਹੋ ਸਕਦੀ ਹੈ ਕਿ ਜਿਹੜੇ ਓਮ ਪ੍ਰਕਾਸ਼ ਚੌਟਾਲੇ ਨੇ ਵਾਜਪਾਈ ਤੇ ਅਡਵਾਨੀ ਨੂੰ ਕਹਿ ਕੇ ਮੈਨੂੰ ਹਰਿਆਣੇ ਵਿੱਚੋਂ ਕੱਢਵਾ ਦਿੱਤਾ ਸੀ, ਉਹ ਜਦੋਂ ਜੇਲ੍ਹ ਵਿੱਚ ਸੀ ਤਾਂ ਉਸ ਦੇ ਪਰਵਾਰ ਤੇ ਪਾਰਟੀ ਵੱਲੋਂ ਚੋਣ ਮੁਹਿੰਮ ਦੀ ਕਮਾਨ ਬਾਦਲ ਪਿਤਾ-ਪੁੱਤਰ ਨੇ ਜਾ ਕੇ ਸੰਭਾਲੀ ਸੀ। ਮਹਾਰਾਸ਼ਟਰ ਵਿੱਚ ਚਿਰਾਂ ਦੀ ਸਾਥੀ ਧਿਰ ਸ਼ਿਵ ਸੈਨਾ ਨੂੰ ਠਿੱਬੀ ਲਾਉਣ ਪਿੱਛੋਂ ਭਾਜਪਾ ਦੀ ਅਕਾਲੀਆਂ ਨਾਲ ਅੰਦਰੋ-ਅੰਦਰ ਢੱਕੀ-ਛੁਪੀ ਖਿੱਚੋਤਾਣ ਚੱਲ ਰਹੀ ਹੈ। ਜਿਹੜੀ ਚਰਚਾ ਹੈਰਾਨ ਕਰਨ ਵਾਲੀ ਹੈ, ਉਹ ਇਹ ਕਿ ਜਿਵੇਂ ਸ਼ਿਵ ਸੈਨਾ ਵਿੱਚੋਂ ਸੁਰੇਸ਼ ਪ੍ਰਭੂ ਨਿਕਲ ਆਇਆ ਸੀ, ਇਸ ਵੇਲੇ ਅਕਾਲੀ ਦਲ ਵਿੱਚ ਵੀ ਭਾਜਪਾ ਦੇ ਕੋਲ ਕੋਈ ਇਹੋ ਜਿਹਾ ਸੰਪਰਕ ਸੂਤਰ ਸੁਣੀਂਦਾ ਹੈ, ਜਿਹੜਾ ਸਾਹ ਘੁੱਟਦਾ ਮਹਿਸੂਸ ਕਰ ਰਿਹਾ ਹੈ।
ਇੱਕ ਵਿਅਕਤੀ ਦੀ ਸੋਚ ਦੁਆਲੇ ਕੇਂਦਰਤ ਹੁੰਦੀ ਜਾ ਰਹੀ ਭਾਰਤ ਦੀ ਰਾਜਨੀਤੀ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀ ਹੋਣ ਵਾਲਾ ਹੈ, ਉਸ ਬਾਰੇ ਦਿੱਲੀ ਵੱਲੋਂ ਆਉਂਦੇ ਅਵਾੜੇ ਕਈ ਕੁਝ ਕਹਿ ਰਹੇ ਹਨ।

04 Dec. 2016