ਜੂਠਾਂ - ਰਵਿੰਦਰ ਸਿੰਘ ਕੁੰਦਰਾ

ਜੂਠਾਂ ਨਿਗਲ਼ ਗਈਆਂ ਨੇ ਸਾਰੀ, ਪਾਕ ਪਵਿੱਤਰ ਸੰਗਤ ਦੀ ਜੂਠ,
ਸ਼ਾਮ ਸਵੇਰੇ ਕਰ ਅਰਦਾਸਾਂ, ਬੋਲਦੀਆਂ ਰਹੀਆਂ ਕੋਰਾ ਝੂਠ।

ਸ਼ਾਕਾਹਾਰੀ ਮਸੰਦ ਕਹਾ ਕੇ, ਢੋਰਾ, ਸੁੱਸਰੀ ਵਿੱਚੇ ਹੀ ਖਾ ਗਏ,
ਬੇਹੀਆਂ ਅਤੇ ਸੁੱਕੀਆਂ ਰੋਟੀਆਂ, ਮਰੜ ਮਰੜ ਕੇ ਸਭ ਚਬਾ ਗਏ।

ਬਾਬਾ! ਤੇਰੇ ਫ਼ਲਸਫ਼ੇ ਨੂੰ ਵੀ, ਖਾ ਗਏ ਨੇ ਇਹ ਵੇਚ ਕੇ ਚੋਰ,
ਨਹੀਂ ਰਹੀ ਹੁਣ ਕੋਈ ਕੀਮਤ, ਤਿਲ ਫੁੱਲ ਵਰਗੀ ਇੱਥੇ ਹੋਰ।

ਬੀਬੇ ਦਾਹੜਿਆਂ ਵਾਲੇ ਮਖੌਟੇ, ਪਹਿਨ ਨਿਕਲਦੇ ਸਰੇ ਬਜ਼ਾਰ,
ਪੈਰੀਂ ਪਾਣੀ ਪੈਣ ਨਾ ਦੇਵਣ, ਕਾਲ਼ਖਾਂ ਮਲ਼ੇ ਚਿਹਰੇ ਬਦਕਾਰ।

ਬੇਈਮਾਨੀ ਨੂੰ ਬੂਰ ਪੈ ਗਿਆ, ਬੂਰੇ ਨੇ ਕਰ ਦਿੱਤੀ ਕਮਾਲ,
ਆਪਣੇ ਪਾਪਾਂ ਨੂੰ ਢਕਣ ਲਈ, ਚੱਲਦੇ ਰਹੇ ਹਰ ਗੰਦੀ ਚਾਲ।

ਹਜ਼ਾਰਾਂ ਹੋਰ ਘਪਲਿਆਂ ਵਾਂਗੂੰ, ਹੋਵੇਗੀ ਹੁਣ ਬੀਣ 'ਤੇ ਛਾਣ,
ਕਮੇਟੀ ਹੁਣ ਦਰਿਆਫਤ ਕਰੇਗੀ, ਕਿਸ ਨੇ ਖਾਧਾ ਬੂਰਾ ਛਾਣ।

ਰੁਲ਼ ਜਾਵੇਗਾ ਮਸਲਾ ਸਾਰਾ, ਫੇਰ ਇੱਕ ਵਾਰੀ ਘੱਟੇ ਮਿੱਟੀ,
ਚੜ੍ਹ ਕਮੇਟੀ ਦੀ ਘਨੇੜੀ, ਇਹ ਗੁੱਥੀ ਨਹੀਂ ਜਾਣੀ ਨਜਿੱਠੀ।

ਮੁਕੱਦਮ, ਮੁਲਜ਼ਮ, ਗਵਾਹ, ਅਰਦਲੀ, ਹੋ ਜਾਣਗੇ ਸਭ ਇੱਕ ਪਾਸੇ,
ਘਾਲ਼ੇ ਮਾਲ਼ੇ ਦਾ ਲਾ ਕੇ ਲੰਗਰ, ਬੈਠ ਛਕਣਗੇ ਸਭ ਇੱਕ ਬਾਟੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ