"ਮਣੀਪੁਰ ਦੀ ਘਟਨਾ ਹਕੂਮਤ ਅਤੇ ਪ੍ਰਸ਼ਾਸਨ ਦੀ ਇੱਕ ਮਿਲੀ ਭੁਗਤ ਯੋਜਨਾ" - ਰਸ਼ਪਿੰਦਰ ਕੌਰ ਗਿੱਲ

ਮਣੀਪੁਰ ਦੀ ਘਟਨਾ ਜੋ ਕਿ ਇਨਸਾਨੀਅਤ ਨੂੰ ਜਿੱਥੇ ਸ਼ਰਮਸਾਰ ਕਰਦੀ ਹੈ, ਉੱਥੇ ਹੀ ਮਰਦਾਨਗੀ ਦੀ ਦਰਿੰਦਗੀ ਨੂੰ ਦਰਸਾਉਂਦੀ ਹੈ। ਮੁੱਢ ਕਦੀਮੀ ਇਤਿਹਾਸ ਵੱਲ ਝਾਤ ਮਾਰੀ ਜਾਵੇ ਤਾਂ ਹਰ ਯੁੱਗ ਵਿੱਚ, ਹਰ ਰਾਜ ਵਿੱਚ, ਹਰ ਸ਼ਾਸਨ ਵਿੱਚ, ਹਰ ਸੰਘਰਸ਼ ਵਿੱਚ, ਹਰ ਅੰਦੋਲਣ ਵਿੱਚ, ਹਰ ਅਜ਼ਾਦੀ ਦੇ ਸੰਘਰਸ਼ ਵਿੱਚ ਮਰਦ ਦੀ ਮਰਦਾਨਗੀ ਦੀ ਦਰਿੰਦਗੀ ਆਪਣੇ ਘਟੀਆਪਣ ਦੀ ਚਰਮ ਸੀਮਾ ਦਿਖਾਉਂਦੀ ਹੈ। ਚਾਹੇ ਮਹਾਭਾਰਤ ਹੋਵੇ, ਚਾਹੇ ਰਮਾਇਣ ਹੋਵੇ, ਚਾਹੇ ਮੁਗਲਾਂ ਦਾ ਸ਼ਾਸਨ ਹੋਵੇ, ਚਾਹੇ 1947 ਹੋਵੇ, ਚਾਹੇ 1984 ਹੋਵੇ, ਚਾਹੇ ਵਰਤਮਾਨ ਭਾਰਤ ਵਿੱਚ ਹੋ ਰਹੇ ਸਮੇਂ ਸਮੇਂ ਤੇ ਧੀਆਂ ਦੇ ਬਲਾਤਕਾਰ ਹੋਣ ਜਾਂ ਚਾਹੇ ਮਣੀਪੁਰ ਦੀ ਘਟਨਾ ਹੋਵੇ। ਮਰਦਾਂ ਦੀ ਦਰਿੰਦਗੀ ਅਤੇ ਹਵਸ ਪੀੜੀ ਦਰ ਪੀੜੀ ਸ਼ਰਮਸਾਰ ਕਰਦੀ ਹੈ। ਖ਼ਾਲਸਾ ਪੰਥ ਖ਼ਾਲਸਾ ਰਾਜ ਔਰਤ ਦਾ ਸਤਿਕਾਰ ਉਸ ਬੁਲੰਦੀਆਂ ਤੇ ਲੈ ਜਾਂਦਾ ਹੈ ਕਿ ਔਰਤਾਂ ਵੀ ਮਰਦ ਅਗੰਬੜੇ ਬਣ ਸੋਚਦੀਆਂ ਹਨ। ਇਤਿਹਾਸ ਦੇ ਪੰਨੇ ਫਰੋਲਾਂ ਤਾਂ ਗੁਰੂ ਦੇ ਸਿੰਘਾਂ ਉੱਪਰ ਉਸ ਕਾਦਰ ਦੀ ਉਹ ਮਹਿਰ ਰਹੀ ਹੈ ਕਿ ਹਮੇਸ਼ਾਂ ਗੁਰੂ ਦੀਆਂ ਫੌਜਾਂ ਨੇ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਕੀਤੀ ਹੈ। ਅਣਗਿਣਤ ਜੰਗਾਂ ਯੁੱਧ ਲੜੇ ਗਏ ਅੱਜ ਤੱਕ ਪਰ ਗੁਰੂ ਦੇ ਸਿੰਘਾਂ ਦੀ ਮਰਦਾਨਗੀ ਹਮੇਸ਼ਾਂ ਆਪਣੀ ਹੋਂਦ ਅਤੇ ਆਪਣੇ ਪੰਥ ਦੀ ਰਾਖੀ ਲਈ ਦੇਖੀ ਗਈ। ਨਾ ਕਿ ਵਿਰੋਧੀ ਧਿਰ ਦੀਆਂ ਔਰਤਾਂ ਨੂੰ ਨਿਸ਼ਾਨਾ ਬਨਾਉਣ ਲਈ ਵੇਖੀ ਗਈ। ਇਹ ਕਹਿਣ ਵਿੱਚ ਕੋਈ ਦੋ ਰਾਏ ਨਹੀਂ ਕਿ ਖਾਲਸਾ ਰਾਜ ਅਤੇ ਖ਼ਾਲਸਾ ਫੌਜ ਹੀ ਅੱਜ ਸਮੇਂ ਦੀ ਮੰਗ ਹੈ। ਖ਼ਾਲਸਾ ਰਾਜ ਦੇ ਸਿਰਮੌਰ ਕਨੂੰਨ ਹੀ ਨਿਰਪੱਖ ਫੈਂਸਲੇ ਕਰ ਸਕਦੇ ਹਨ। ਭਾਰਤ ਵਿੱਚ ਜਿਸ ਤਰਾਂ ਹਕੂਮਤ ਅਤੇ ਪ੍ਰਸ਼ਾਸਨ ਮਿਲ ਕੇ ਕਸ਼ਮੀਰ, ਪੰਜਾਬ, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਿੱਚ ਜਿਸ ਤਰਾਂ ਮਰਦਾਨਗੀ ਦੀ ਦਰਿੰਦਗੀ ਦਰਸਾ ਰਹੀ ਹੈ ਅਤੇ ਉਸ ਉੱਪਰ ਜਿਸ ਤਰਾਂ ਇੰਟਰਨੈੱਟ ਨੂੰ ਬੰਦ ਕਰਕੇ ਇੰਨਾਂ ਸੂਬਿਆਂ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਪੂਰੇ ਵਿਸ਼ਵ ਨੂੰ ਸਮਝ ਆ ਰਿਹਾ ਹੈ। ਵਿਦੇਸ਼ਾਂ ਵਿੱਚ ਵੀ ਭਾਰਤ ਦੇਸ਼ ਦੀ ਸਰਕਾਰ ਇੱਕ ਨੀਵੀਂ ਪੱਧਰ ਦੀ ਸੋਚ ਨੂੰ ਦਰਸਾਉਂਦੀ ਹੋਈ ਦਿੱਖ ਰਹੀ ਹੈ। ਜੇਕਰ ਇੰਨਾਂ ਘਟਨਾਵਾਂ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦੀ ਮਿਲੀਭੁਗਤ ਨਾ ਹੋਵੇ ਤਾਂ ਇਟਰਨੈੱਟ ਬੰਦ ਕਰਣ ਦੀ ਲੋੜ ਹੀ ਨਾ ਪਵੇ ਅਤੇ ਨਾ ਹੀ ਮੀਡੀਆ ਨੂੰ ਖ਼ਰੀਦਣ ਦੀ ਲੋੜ ਪਵੇ। ਪਰ ਅਫ਼ਸੋਸ ਭਾਰਤ ਦੀ ਸਿਆਸਤ ਗੰਦਗੀ ਦੇ ਉਸ ਰਾਹ ਉੱਪਰ ਤੁਰ ਪਈ ਹੈ ਕਿ ਕਿਸੇ ਵੀ ਅੰਦੋਲਣ ਜਾਂ ਕਿਸੇ ਵੀ ਸੰਘਰਸ਼ ਨੂੰ ਕੁਚਲਣ ਲਈ ਇੰਨਾਂ ਨੂੰ ਮਰਦਾਂ ਦੀ ਹੈਵਾਨਿਅਤ ਉਸ ਔਰਤ ਜ਼ਾਤ ਉੱਪਰ ਹੀ ਦਿਸਦੀ ਹੈ ਜਿਸ ਔਰਤ ਜਾਤ ਦੇ ਕਾਰਣ ਹੀ ਇੰਨਾਂ ਹੈਵਾਨ ਮਰਦਾਂ ਦੀ ਖੁਦ ਦੀ ਹੋਂਦ ਹੁੰਦੀ ਹੈ। ਪਰ ਇਹ ਭਾਰਤ ਦੇਸ਼ ਇਸ ਹੈਵਾਨ ਮਰਦਾਨਗੀ ਨੂੰ ਅਲੱਗ ਅਲੱਗ ਰੂਪ ਵਿੱਚ ਪ੍ਰਫੁੱਲਿਤ ਕਰਦਾ ਹੈ ਚਾਹੇ ਉਹ ਰੂਪ 1984 ਦਾ ਸੱਜਣ ਅਤੇ ਟੈਟਲਰ ਦਾ ਰੂਪ ਹੋਵੇ, ਚਾਹੇ ਸੌਦਾ ਸਾਧ ਦਾ ਰੂਪ ਹੋਵੇ, ਚਾਹੇ 26 ਜਨਵਰੀ ਉੱਤੇ ਛੱਡੇ ਬਿਕੀਸ ਬਾਨੋ ਦੇ ਬਲਾਤਕਾਰੀਆਂ ਦਾ ਰੂਪ ਹੋਵੇ ਅਤੇ ਚਾਹੇ ਹੁਣ ਮਣੀਪੁਰ ਦੀ ਘਟਨਾ ਦੇ ਦੋਸ਼ੀਆਂ ਦਾ ਰੂਪ ਹੋਵੇ। ਮਣੀਪੁਰ ਦੀ ਘਟਨਾ ਸਿੱਧੇ ਤੌਰ ਤੇ ਬਿਕੀਸ ਬਾਨੋ ਦੇ ਬਲਾਤਕਾਰੀਆਂ ਨੂੰ ਰਿਹਾ ਕਰਣ ਤੋਂ ਪ੍ਰਭਾਵਿਤ ਹੈ। ਬਿਲਕੁਲ ਸਪੱਸ਼ਟ ਹੈ ਕਿ ਮਣੀਪੁਰ ਦੀ ਘਟਨਾ ਸਰਕਾਰ ਅਤੇ ਪ੍ਰਸ਼ਾਸਨ ਦੀ ਸ਼ਹਿ ਕਰਕੇ ਹੋਈ ਹੈ ਸੋਚੀ ਸਮਝੀ ਸਾਜਿਸ਼ ਦੇ ਤਹਿਤ ਹੋਈ ਹੈ। ਕਦੇ ਵੀ ਕੋਈ ਅੰਦੋਲਣਕਾਰੀ ਆਪਣੇ ਸੰਘਰਸ਼ ਨੂੰ ਢਾਹ ਲਾਉਣ ਲਈ ਇਸ ਤਰਾਂ ਦਾ ਸ਼ਰਮਸਾਰ ਵਾਕਿਆ ਨਹੀਂ ਕਰੇਗਾ। ਇਹ ਸਭ ਸਰਕਾਰ ਅਤੇ ਪ੍ਰਸ਼ਾਸਨ ਦੇ ਖਰੀਦੇ ਹੋਏ ਕਰਿੰਦਿਆਂ ਨੇ ਕਾਰਾ ਕੀਤਾ, ਇਸੇ ਲਈ ਇਹ ਸ਼ਰਮਸਾਰ ਮਰਦਾਨਗੀ ਦੀ ਦਰਿੰਦਗੀ ਸ਼ਰੇਆਮ ਹੋਈ, ਬਕਾਇਦਾ ਇਸ ਸ਼ਰਮਸਾਰ ਕਾਰੇ ਦੀ ਖੁਲੇਆਮ ਵਿਡੀਉ ਬਣਾਈ ਗਈ, ਸਰਕਾਰ ਅਤੇ ਪ੍ਰਸ਼ਾਸਨ ਦਾ ਇੰਨਾਂ ਹੈਵਾਨਾਂ ਨੂੰ ਕੋਈ ਖੌਫ ਹੈ ਹੀ ਨਹੀਂ ਸੀ, ਕਿਉਂਕੀ ਉਨਾਂ ਨੂੰ ਪਤਾ ਸੀ ਕਿ ਬਿਕੀਸ ਬਾਨੋ ਦੇ ਦੋਸ਼ੀਆਂ ਵਾਂਗ ਉਨਾਂ ਦੀ ਸਜਾ ਵੀ ਮਾਫ ਹੋ ਹੀ ਜਾਣੀ ਹੈ। ਜੇਕਰ ਵੇਖਿਆ ਜਾਵੇ ਤਾਂ ਭਾਰਤ ਵਿੱਚ ਨਿਹਾਇਤ ਸ਼ਰਮਸਾਰ ਨਿਹਾਇਤ ਘਟੀਆ ਸਰਕਾਰਾਂ ਦੇ ਸ਼ਾਸਣਕਾਲ ਰਹੇ। ਹੁਣ ਸਿਰਫ ਮੰਗ ਖ਼ਾਲਸਾ ਰਾਜ ਦੀ ਹੈ। ਇਸ ਦਰਿੰਦਗੀ ਇਸ ਵਹਿਸ਼ੀਪੁਣੇ ਤੋਂ ਜੇਕਰ ਭਾਰਤ ਦੀ ਜਨਤਾ ਨਿਜਾਤ ਚਾਹੁੰਦੀ ਹੈ ਤਾਂ ਸ਼ਾਸਨ ਸਿੱਖ ਕੌਮ ਦੇ ਹੱਥ ਦੇ ਕੇ ਵੇਖਣ। ਸਿੱਖ ਆਗੂਆਂ ਦੇ ਹੱਥ ਦੇ ਕੇ ਵੇਖਣ। ਗੁਰੂ ਦੇ ਸਿੰਘ ਗੁਰਬਾਣੀ ਨਾਲ ਇਸ ਕਦਰ ਜੁੜੇ ਹੋਏ ਹਨ ਕਿ ਉਹ ਹਰ ਸਮੇਂ ਆਪਣੇ ਗੁਰੂ ਦਾ ਭੈਅ ਆਪਣੇ ਮਨ ਅੰਦਰ ਰੱਖ ਕੇ ਸਰਬੱਤ ਦਾ ਭਲਾ ਲੋਚਦੇ ਹਨ। ਇਤਿਹਾਸ ਗਵਾਹ ਹੈ ਕਿ ਖ਼ਾਲਸਾ ਰਾਜ ਵਿੱਚ ਔਰਤ ਦਾ ਸਤਿਕਾਰ ਬੁਲੰਦੀਆਂ ਤੇ ਰਿਹਾ ਹੈ। ਸਿੱਖ ਸ਼ਾਸਨ ਹੀ ਇੰਨਾਂ ਪੀੜਤ ਸੂਬਿਆਂ ਵਿੱਚ ਮੁੜ ਇੱਜਤ ਦੀ ਬਹਾਲੀ ਕਰ ਸਕਦਾ ਹੈ। ਹੁਣ ਜਨਤਾ ਨੂੰ ਸੋਚਣ ਦੀ ਲੋੜ ਹੈ ਕਿ ਉੱਨਾਂ ਮਰਦਾਂ ਦੀ ਦਰਿੰਦਗੀ ਦੇ ਸ਼ਿਕਾਰ ਹੋ ਪੀੜੀ ਦਰ ਪੀੜੀ ਇਹ ਜਲਾਲਤ ਸਹਿਣੀ ਹੈ ਜਾਂ ਇਸ ਦਰਿੰਦਗੀ ਦਾ ਅੰਤ ਕਰਣਾ ਹੈ। ਸਿੱਖ ਸ਼ਾਸਕ ਅਤੇ ਸਿੱਖ ਸ਼ਾਸਨ ਹੀ ਅਸੂਲਣ ਤਰੀਕੇ ਨਾਲ ਹੋ ਰਹੇ ਇਸ ਘਾਣ ਦਾ ਅੰਤ ਕਰ ਸਕਦੇ ਹਨ। ਸਿੱਖ ਕੌਮ ਇਨਸਾਫ ਪਸੰਦ ਕੌਮ ਹੈ। ਸਿੱਖ ਕੌਮ ਨੇ ਇਨਸਾਫ ਕਰਣ ਲੱਗਿਆਂ ਖੁਦ ਆਪਣੀ ਕੌਮ ਦੇ ਦੁਸ਼ਟਾਂ ਦਾ ਸੋਧਾ ਵੀ ਲਗਾਇਆ ਹੈ। ਨਾ ਕਿ ਆਪਣੀ ਜਾਤ ਜਾਂ ਆਪਣੇ ਧਰਮ ਦਾ ਪੱਖ ਪੂਰਿਆ ਹੋਵੇ। ਔਰਤਾਂ ਦੀ ਬੇਕਦਰੀ ਜਿਸ ਕਦਰ ਭਾਰਤ ਵਿੱਚ ਵੱਧ ਰਹੀ ਹੈ ਉਸ ਵੱਲ ਦੇਖਦੇ ਹੋਏ ਜਨਤਾ ਦੇ ਦਿਲਾਂ ਵਿੱਚ ਖਾਲਸਾ ਰਾਜ ਦੀ ਸਥਾਪਨਾ ਇੱਕ ਬਹੁਤ ਵੱਡੀ ਮੰਗ ਬਣ ਚੁੱਕੀ ਹੈ।

- ਰਸ਼ਪਿੰਦਰ ਕੌਰ ਗਿੱਲ
ਲੇਖਕ, ਐਂਕਰ, ਪ੍ਰਧਾਨ- ਪੀਂਘਾਂ ਸੋਚ ਦੀਆਂ
ਸਾਹਿਤ ਮੰਚ, ਪਬਲਿਕੇਸ਼ਨ, ਵੈੱਬ ਚੈਨਲ, ਮੈਗਜ਼ੀਨ, ਸਿੱਖੀ ਫਰਜ਼ ਸਕਾਲਰਸ਼ਿਪ
+91-9888697078