ਕੰਗਾਲ ਕੁੜੀ - ਬਲਵੰਤ ਸਿੰਘ ਗਿੱਲ

ਸਰਦਾਰ ਕਰਮ ਸਿੰਘ ਅਤੇ ਉਸ ਦੀ ਸੁਪੱਤਨੀ ਬੀਬੀ ਚਿੰਤ ਕੌਰ ਦਰਿਮਿਆਨੀ ਜਿਹੀ ਪੈਲ਼ੀ ਵਿੱਚ ਖੇਤੀ ਕਰਦੇ। ਇਨ੍ਹਾਂ ਦੇ ਤਿੰਨ ਬੱਚੇ ਪੈਦਾ ਹੋਏ। ਵੱਡਾ ਪੁੱਤਰ ਜੀਤਾ, ਉਸ ਤੋਂ ਛੋਟਾ ਪੁੱਤਰ ਦੀਸ਼ਾ ਅਤੇ ਇਨ੍ਹਾਂ ਤੋਂ ਛੋਟੀ ਧੀ ਮਨਜੀਤ ਕੌਰ। ਥੋੜ੍ਹੀ ਜ਼ਮੀਨ ਹੋਣ ਕਰਕੇ ਆਮਦਨ ਵੀ ਬੜੀ ਸੀਮਤ ਸੀ। ਕਰਮ ਸਿੰਘ ਦੇ ਦੋਨੋਂ ਪੁੱਤਰ ਪੜ੍ਹਨ ਵਿੱਚ ਨਲਾਇਕ ਨਿਕਲੇ। ਨਲਾਇਕ ਕੀ, ਮਹਾਂ ਨਲਾਇਕ ਨਿਕਲੇ। ਦੋਹਾਂ ਪੁੱਤਰਾਂ ਤੋਂ ਦਸਵੀਂ ਜਮਾਤ ਵੀ ਪਾਸ ਨਾ ਹੋਈ। ਪੜ੍ਹਾਈ ਕੀ ਕਰਨੀ ਸੀ, ਜੁਆਨ ਹੁੰਦਿਆਂ ਨਸ਼ਿਆਂ ਦੀ ਆਦਤ ਪੈ ਗਈ। ਪਿਓ ਨੇ ਬਥੇਰਾ ਝਿੜਕਣਾ ।ਪਰ ਇਹ ਸਹਿਜ਼ਾਦੇ ਆਪਣੀ ਮਾਤਾ ਦੀ ਭਲਮਾਣਸੀ ਦਾ ਨਜ਼ਾਇਜ ਫ਼ਾਇਦਾ ਉਠਾਉਂਦੇ। ਉਸ ਤੋਂ ਆਪਣੀ ਨਸ਼ੇ ਦੀ ਲੱਤ ਪੂਰੀ ਕਰਨ ਲਈ ਉਸਨੂੰ ਭਰਮਾ ਲੈਂਦੇ। ਕਰਮ ਸਿੰਘ ਨੂੰ ਜਦੋਂ ਲੱਗਿਆ ਕਿ ਉਸ ਦੇ ਪੁੱਤਰ ਤਾਂ ਪੜ੍ਹਾਈ ਦਾ ਖ਼ਿਆਲ ਨਹੀਂ ਕਰਦੇ। ਉਸ ਨੇ ਹਾਰ ਹੰਭ ਕੇ ਦੋਨਾਂ ਨੂੰ ਆਪਣੇ ਨਾਲ ਖੇਤੀ ਵਿੱਚ ਹੀ ਜੋੜ ਲਿਆ।
ਮਨਜੀਤ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਨਿਕਲੀ। ਸ਼ਾਇਦ ਇਸ ਕਰਕੇ ਕਿ ਇਸ ਦੇ ਮਾਪਿਆਂ ਦੇ ਪੁੱਤਰ ਤਾਂ ਮੂਲੋਂ ਹੀ ਪੜ੍ਹਨ ਵਿੱਚ ਨਿਕੰਮੇ ਸਨ ਅਤੇ ਇਹ ਰੀਝ ਲਾ ਕੇ ਪੜ੍ਹਾਈ ਕਰਦੀ ਗਈ। ਮਾਪਿਆਂ ਨੂੰ ਹੱਡ ਭੰਨਵੀਂ ਕਮਾਈ ਕਰਦਿਆਂ ਦੇਖ ਕੇ ਮਨਜੀਤ ਦਾ ਦਿਲ ਪਸੀਜ ਜਾਂਦਾ। ਇਹ ਨਹੀਂ ਸੀ ਚਾਹੁੰਦੀ ਕਿ ਇਸ ਦੇ ਮਾਪਿਆਂ ਦੇ ਮੱਥੇ ਤੇ ਸਾਰੀ ਹੀ ਨਿਕੰਮੀ ਔਲਾਦ ਦਾ ਟਿੱਕਾ ਲੱਗੇ। ਮਨਜੀਤ ਸਗੋਂ ਆਪਣੇ ਭਰਾਵਾਂ ਨੂੰ ਨਸ਼ੇ ਦੀ ਭੈੜੀ ਵਾਦੀ ਤੋਂ ਹਟਾਉਣ ਲਈ ਪੂਰੀ ਕੋਸ਼ਿਸ਼ ਕਰਦੀ। ਉਨ੍ਹਾਂ ਨੂੰ ਹਰ ਵਕਤ ਸਮਝਾਉਂਦੀ ਕਿ ਵਿਹਲੇ ਬੈਠਿਆਂ ਅਤੇ ਨਸ਼ੇ ਕਰਦਿਆਂ ਕਈ ਪਰਿਵਾਰਾਂ ਨੇ ਆਪਣੀਆਂ ਸਾਰੀਆਂ ਜ਼ਮੀਨਾਂ ਵੇਚ ਸੁੱਟੀਆਂ ਅਤੇ ਸਿਹਤਾਂ ਵਿਗਾੜ ਲਈਆਂ।ਰੱਬ ਦਾ ਵਾਸਤਾ  ਪਾਉਂਦੀਆਂ ਕਿ ਇਹ ਭੈੜੀ ਲੱਤ ਛੱਡ ਦੇਣ। ਪਰ 'ਲਾਤੋਂ ਕੇ ਭੂਤ ਬਾਤੋਂ ਸੇ ਕੈਸੇ ਮਾਨਤੇ'। ਜੀਤਾ ਅਤੇ ਦੀਸ਼ਾ ਆਪਣੀ ਭੈਣ ਦੀਆਂ ਨਸੀਹਤਾਂ ਇੱਕ ਕੰਨ ਸੁਣ ਕੇ ਦੂਸਰੇ ਕੰਨ ਰਾਹੀਂ ਕੱਢ ਸੁੱਟਦੇ।
ਆਪਣੇ ਭਰਾਵਾਂ ਦੀ ਇਸ ਵਿਗੜੀ ਹੋਈ ਹਾਲਤ ਨੂੰ ਦੇਖ ਕੇ ਮਨਜੀਤ ਹਰ ਪਲ ਝੁੱਰਦੀ ਰਹਿੰਦੀ। ਭਰਾਵਾਂ ਤੋਂ ਛੋਟੀ ਸੀ, ਕਦੇ ਜ਼ੋਰ ਪਾ ਕੇ ਵੀ ਕੋਈ ਗੱਲ ਨਾ ਕਰਦੀ। ਡਰਦੀ ਰਹਿੰਦੀ ਕਿ ਭੂਤਰੇ ਹੋਏ ਕਿਤੇ ਇਸ ਨੂੰ ਹੀ ਨਾ ਝੰਬ ਸੁੱਟਣ। ਪਰ ਮਾਂ ਬਾਪ ਦੀ ਹੱਡ ਭੰਨਵੀਂ ਕਮਾਈ ਨਸ਼ਿਆਂ 'ਚ ਰੁੜਦੀ ਦੇਖ ਕੇ ਮਾਂ ਬਾਪ ਦੀ ਹਾਲਤ ਤੇ ਬੇਹੱਦ ਤਰਸ ਕਰਦੀ। ਬਹੁਤੀ ਵਾਰੀ ਉਸ ਦੇ ਮਨ ਵਿੱਚ ਖ਼ਿਆਲ ਆਉਂਦੇ ਕਿ ਭਰਾਵਾਂ ਨੇ ਤਾਂ ਆਪਣੇ ਮਾਂ-ਬਾਪ ਦੇ ਮਾਇਕ ਅਤੇ ਮਾਨਸਿਕ ਹਾਲਾਤਾਂ ਨੂੰ ਵਿਗਾੜਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਉਹ ਆਪ ਖ਼ੁਦ ਪੜ੍ਹਾਈ ਵਿੱਚ ਪੂਰੀ ਮਿਹਨਤ ਕਰਕੇ ਇੱਕ ਦਿਨ ਜ਼ਰੂਰ ਹੀ ਆਪਣੇ ਮਾਪਿਆਂ ਦਾ ਸਹਾਰਾ ਬਣੇਗੀ।
ਮਨਜੀਤ ਆਪਣੇ ਸਿਰੜ ਅਤੇ ਸਖ਼ਤ ਮਿਹਨਤ ਸਦਕਾ ਦਸਵੀਂ ਪਾਸ ਕਰ ਗਈ ਅਤੇ ਇਸੇ ਤੋਂ ਬਾਅਦ ਪਲੱਸ ਟੂ ਦੀ ਪੜ੍ਹਾਈ। ਹੁਣ ਮਨਜੀਤ ਅੱਗੇ ਇੱਕ ਵੱਡਾ ਸਵਾਲ ਸੀ ਕਿ ਉਹ ਅੱਗੇ ਉਚੇਰੀ ਪੜ੍ਹਾਈ ਕਰਨ ਲਈ ਕਿਸੇ ਕਾਲਜ ਵਿੱਚ ਦਾਖ਼ਲਾ ਲਵੇ, ਜਾਂ ਫਿਰ ਕੋਈ ਹੋਰ ਰਾਹ ਅਪਣਾਵੇ। ਉਚੇਰੀ ਪੜ੍ਹਾਈ ਕਰਨ ਲਈ ਵੱਡੀ ਮੁਸ਼ਕਲ ਇਸ ਦੇ ਮਾਂ ਬਾਪ ਦੇ ਸੀਮਤ ਮਾਇਕ ਸਾਧਨ ਸਨ। ਚੋਂਹ ਖੱਤਿਆਂ ਦੀ ਕਮਾਈ ਵਿੱਚੋਂ ਸਾਰਾ ਟੱਬਰ ਪਾਲਣਾ ਅਤੇ ਫੇਰ ਉਚੇਰੀ ਪੜ੍ਹਾਈ ਲਈ ਪੈਸੇ ਬਚਾਉਣੇ। ਪੈਸੇ ਦੀ ਬੱਚਤ ਤਾਂ ਇਨ੍ਹਾਂ ਦੇ ਨਸ਼ੇੜੀ ਭਰਾ ਹੋਣ ਹੀ ਨਹੀਂ ਸਨ ਦਿੰਦੇ। 'ਖੂਹ ਦੀ ਮਿੱਟੀ ਖੂਹ ਨੂੰ ' ਹੀ ਲੱਗ ਰਹੀ ਸੀ। ਇਸ ਮੁਸ਼ਕਲ ਤੋਂ ਵੀ ਜੋ ਵੱਡੀ ਮੁਸ਼ਕਲ ਮਨਜੀਤ ਜੋ ਭਾਂਪ ਰਹੀ ਸੀ, ਉਹ ਸੀ ਪੜ੍ਹਿਆਂ ਲਿਖਿਆਂ ਦੀ ਬੇਰੁਜ਼ਗਾਰੀ। ਮਨਜੀਤ ਜਾਣ ਬੁੱਝ ਕੇ ਇਸ ਦੱਲਦਲ ਵਿੱਚ ਨਹੀਂ ਫਸਣਾ ਚਾਹੁੰਦੀ ਸੀ। ਉਹ ਅਣਚਾਹਿਆ ਬੋਝ ਪਾ ਕੇ ਆਪਣੇ ਮਾਂ-ਬਾਪ ਨੂੰ ਹੋਰ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ।
"ਬਾਪੂ ਜੀ, ਮੈਂ ਅੱਗੇ ਕਾਲਜ ਵਿੱਚ ਉੱਚੀ ਵਿੱਦਿਆ ਲਈ ਦਾਖ਼ਲਾ ਨਹੀਂ ਲੈਣਾ।" ਮਨਜੀਤ ਨੀ ਆਪਣੇ ਦਿਲ ਦੀ ਗੱਲ ਮਾਪਿਆਂ ਨਾਲ ਕੀਤੀ।"ਪੁੱਤ ਤੇਰੇ ਦਸਵੀਂ ਅਤੇ ਪਲੱਸ ਟੂ ਵਿੱਚੋਂ ਵਧੀਆ ਨੰਬਰ ਆਏ ਹਨ। ਤੂੰ ਅੱਗੇ ਪੜ੍ਹਾਈ ਕਿਉਂ ਨਹੀਂ ਕਰਨੀ?" ਬਾਪੂ ਜੀ ਮੈਨੂੰ ਤੁਹਾਡੀ ਮਾਇਕ ਹਾਲਤ ਦਾ ਪੂਰਾ ਪਤਾ ਹੈ ਅਤੇ ਉਤੋਂ ਮੇਰੇ ਭਰਾਵਾਂ ਨੇ ਤਾਂ ਪੈਸਿਆਂ ਦਾ ਉਜਾੜਾ ਕਰਨਾ ਲਿਆ ਹੋਇਆ ਹੈ।  ਪੁੱਤਰ ਫੇਰ ਤੂੰ ਪੜ੍ਹਾਈ ਛੱਡ ਕੇ ਵਿਆਹ ਕਰਾਏਂਗੀ?" "ਨਹੀਂ ਬਾਪੂ ਜੀ ਮੈਂ ਆਈਲੈਟਸ ਕਰਕੇ ਕਨੇਡਾ ਜਾਣਾ ਚਾਹੁੰਦੀ ਹਾਂ। ਮੇਰੀਆਂ ਕੁੱਝ ਸਹੇਲੀਆਂ ਪੜ੍ਹਾਈ ਕਰਨ ਲਈ ਪਿਛਲੇ ਸਾਲ ਕਨੇਡਾ ਚਲੇ ਗਈਆਂ ਸਨ।" ਬਾਪੂ ਕਰਮ ਸਿੰਘ ਆਪਣੀ ਧੀ ਦਾ ਸੁਝਾਓ ਸੁਣ ਕੇ ਸੋਚਾਂ ਵਿੱਚ ਪੈ ਗਿਆ। ਸੋਚਣ ਲੱਗਾ ਕਨੇਡਾ ਦਾ ਵੀਜ਼ਾ, ਤਿੰਨ ਚਾਰ ਸਾਲ ਦੀ ਪੜ੍ਹਾਈ ਅਤੇ ਉੱਥੇ ਰਹਿਣ ਸਹਿਣ ਦਾ ਖ਼ਰਚਾ। ਸਭ ਤੋਂ ਵੱਧ ਖ਼ਦਸ਼ਾ ਆਪਣੀ ਧੀ ਨੂੰ ਇਕੱਲਿਆਂ ਵਿਦੇਸ਼ ਭੇਜਣ ਦਾ। ਜਿਸ ਧੀ ਨੂੰ ਕਦੇ ਇੱਕ ਦਿਨ ਵੀ ਇਕੱਲਿਆਂ ਨਹੀਂ ਸੀ ਛੱਡਿਆ। ਕਰਮ ਸਿੰਘ ਮਨ ਹੀ ਮਨ ਵਿੱਚ ਆਪਣੀ ਧੀ ਦੀ ਗੱਲ 'ਤੇ ਵਿਚਾਰ ਕਰਨ ਲੱਗਾ। "ਧੀਏ ਤੂੰ ਵਿਦੇਸ਼ ਜਾਣ ਦੀ ਗੱਲ ਕਰਕੇ ਮੇਰਾ ਕਲੇਜਾ ਹੀ ਧੂਹ ਲਿਆ। ਅਸੀਂ ਤੇਰਾ ਵਿਛੋੜਾ ਕਿਵੇਂ ਸਹਾਰਾਂਗੇ। ਤੇਰੇ ਦੇਖੇ ਬਿਨਾਂ ਤਾਂ ਸਾਨੂੰ ਰੋਟੀ ਸੁਆਦ ਨਹੀਂ ਲੱਗਦੀ। ਤੂੰ ਤਿੰਨ ਚਾਰ ਸਾਲ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦੀ ਗੱਲ ਕਰਤੀ।" "ਬਾਪੂ ਜੀ ਕੁੱਝ ਪਾਉਣ ਲਈ ਕੁੱਝ ਤਾਂ ਗੁਆਉਣਾ ਹੀ ਪਵੇਗਾ। ਨਾਲੇ ਤਿੰਨ ਚਾਰ ਸਾਲਾਂ ਦਾ ਹੀ ਤਾਂ ਗੱਲ  ਹੈ,।ਇਹ ਅੱਖ ਝਮਕਦਿਆਂ ਹੀ ਬੀਤ ਜਾਣੇ ਹਨ।" ਮਨਜੀਤ ਨੇ ਝੂਠੀ ਜਿਹੀ ਤਸੱਲੀ ਆਪਣੇ ਮਾਂ ਬਾਪ ਨੂੰ ਦੇ ਦਿੱਤੀ।
"ਚਿੰਤੀਏ, ਧੀ ਤਾਂ ਵਿਦੇਸ਼ ਜਾਣ ਦੀ ਪੱਕੀ ਧਾਰੀ ਬੈਠੀ ਹੈ। ਕੀ ਖ਼ਿਆਲ ਏ ਤੂੰ ਮਨਜੀਤ ਦਾ ਵਿਛੋੜਾ ਝੱਲ ਲਏਂਗੀ?" ਗੱਲ ਸੁਣਦਿਆਂ ਹੀ ਚਿੰਤੀ ਦੀਆਂ ਅੱਖਾਂ ਦੇ ਕੋਏ ਭਰ ਆਏ ਅਤੇ ਇਕਦਮ ਰੌਣ ਲੱਗ ਪਈ। ਅਕਸਰ ਇੱਕ ਧੀ ਦੀ ਮਾਂ ਸੀ, ਕਿਵੇਂ ਆਪਣਾ ਰੋਣਾ ਰੋਕਦੀ।ਮਮਤਾ ਛਲਕਦੀ ਹੋਈ ਚਿੰਤੀ ਦੇ ਚਿਹਰੇ 'ਤੇ ਆ ਗਈ। "ਸਰਦਾਰ ਜੀ ਸਾਡੇ ਮੁੰਡਿਆਂ ਨੇ ਤਾਂ ਘਰ ਦਾ ਬੇੜਾ ਡੋਬਣ ਤੇ  ਹੀ ਲੱਕ ਬੰਨ੍ਹਿਆ ਹੋਇਆ ਹੈ। ਜੇ ਧੀ ਕਿਸੇ ਚੰਗੇ ਕੰਮ ਨੂੰ ਹੱਥ ਪਾਉਂਦੀ ਹੈ ਤਾਂ ਕੌੜਾ ਘੁੱਟ ਭਰ ਲਵਾਂਗੇ। ਪੁੱਛ ਸ਼ਾਹੂਕਾਰਾਂ ਦੇ ਧਨੀ ਨੂੰ ਜੇ ਉਹ ਸਾਡੀ ਜ਼ਮੀਨ ਖ੍ਰੀਦਦਾ ਹੈ। ਵੇਚ ਦੇ ਦੋ ਖੱਤੇ ਅਤੇ ਕਰਦੇ ਧੀ ਦੀ ਰੀਝ ਪੂਰੀ। ਔਖੇ-ਸੌਖੇ ਸਾਰ ਲਵਾਂਗੇ।"
ਕਰਮੇ ਨੇ ਆਪਣੇ ਚੋਂਹ ਖੱਤਿਆਂ ਵਿੱਚੋਂ ਦੋ ਖੱਤੇ ਵੇਚੇ ਅਤੇ ਮਨਜੀਤ ਲਈ 30 ਲੱਖ ਰੁਪਏ ਤਿਆਰ ਕਰ ਲਏ। ਮਨਜੀਤ ਨੇ ਕਿਸੇ ਏਜੰਟ ਰਾਹੀਂ ਫਾਇਲ ਤਿਆਰ ਕਰਕੇ ਕੈਨੇਡਾ ਦੀ ਐਬੈਸੀ ਵਿੱਚ ਵੀਜ਼ੇ ਲਈ ਆਪਣਾ ਕੇਸ ਲਾ ਦਿੱਤਾ। ਇਸ ਤੀਹ ਲੱਖ ਵਿੱਚ ਏਜੰਟ ਨੇ ਕਨੇਡਾ ਦਾ ਵੀਜ਼ਾ, ਕਿਸੇ ਕਾਲਜ ਦੇ ਕੋਰਸ ਲਈ ਛੇ ਮਹੀਨਿਆਂ ਦੀ ਫ਼ੀਸ ਅਤੇ 6 ਮਹੀਨਿਆਂ ਦਾ ਹੋਸਟਲ ਦਾ ਕਰਾਇਆ ਦੇਣਾ ਸੀ।
ਦੋ ਕੁ ਮਹੀਨਿਆਂ ਵਿੱਚ ਮਨਜੀਤ ਦਾ ਕਨੇਡਾ ਦਾ ਵੀਜ਼ਾ ਲੱਗ ਕੇ ਆ ਗਿਆ। ਮਨਜੀਤ ਦੇ ਭਰਾ ਜੀਤਾ ਅਤੇ ਦੀਸ਼ਾ ਤਾਂ ਇਸ ਦੇ ਕਨੇਡਾ ਜਾਣ ਦੀ ਖ਼ਬਰ ਸੁਣ ਕੇ ਨੱਕ ਬੁੱਲ੍ਹ ਅਟੇਰਨ ਲੱਗੇ। ਸ਼ਾਇਦ ਸੋਚਦੇ ਹੋਣਗੇ ਕਿ ਬਾਪੂ ਨੇ ਸਾਡੇ ਨਸ਼ੇ ਦੇ ਸਾਧਨ ਸੀਮਤ ਕਰ ਦਿੱਤੇ ਸਨ। ਕਿਉਂਕਿ ਹੁਣ ਚੋਂਹ ਖੱਤਿਆਂ ਦੀ ਬਿਜਾਏ ਹੁਣ ਦੋ ਖੱਤਿਆਂ ਦੀ ਹੀ ਆਮਦਨ ਘਰ ਆਏਗੀ। ਕਰਮ ਸਿੰਘ ਅਤੇ ਮਾਤਾ ਚਿੰਤੀ ਆਪਣੀ ਧੀ ਦੇ ਕਨੇਡਾ ਜਾ ਕੇ ਆਪਣੀ ਜ਼ਿੰਦਗੀ ਚੰਗੀ ਬਨਾਉਣ ਵਿੱਚ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ ਪਰ ਮਾਂ ਦੀ ਮਮਤਾ ਅਤੇ ਪਿਓ ਦਾ ਧੀ ਲਈ ਅਨੋਖਾ ਪਿਆਰ ਕਿਤੇ ਨਾ ਕਿਤੇ ਦਿਲ ਵਿੱਚ ਧੂਹ ਪਾਈ ਜਾਂਦਾ ਸੀ।
ਮਨਜੀਤ ਆਪਣੀ ਪੜ੍ਹਾਈ ਕਰਨ ਲਈ ਕਨੇਡਾ ਤੁਰ ਗਈ। ਪਰ ਮਾਂ ਬਾਪ ਨੂੰ ਆਪਣੀ ਧੀ ਦਾ ਵਿਛੋੜਾ ਵੱਢ-ਵੱਢ ਖਾ ਰਿਹਾ ਸੀ। ਜਿਸ ਧੀ ਨੂੰ ਉਨ੍ਹਾਂ ਨੇ ਇੱਕ ਦਿਨ ਵੀ ਇਕੱਲਿਆਂ ਨਹੀਂ ਸੀ ਛੱਡਿਆ, ਅੱਜ ਉਹ ਧੀ ਕਈ ਸਾਲਾਂ ਲਈ ਹਜ਼ਾਰਾਂ ਮੀਲ ਉਨ੍ਹਾਂ ਦੀਆਂ ਅੱਖਾਂ ਤੋਂ ਦੂਰ ਜਾਣ ਲੱਗੀ ਸੀ।
ਮਨਜੀਤ ਨੇ ਕਨੇਡਾ ਜਾ ਕੇ ਆਪਣੇ ਕੋਰਸ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਰਿਹਾਇਸ਼ ਹੋਸਟਲ ਵਿੱਚ ਸੀ। ਪਰ ਇਸ ਛੇ ਮਹੀਨਿਆਂ ਦੀ ਹੋਸਟਲ ਦੀ ਰਿਹਾਇਸ਼ ਦੇ ਦਿਨ ਮੁੱਕਦੇ ਜਾ ਰਹੇ ਸਨ ਅਤੇ ਮੋਹਰਲੀ ਛਿਮਾਹੀ ਦਾ ਦਾਖ਼ਲਾ ਮਨਜੀਤ ਨੂੰ ਇੱਕ ਭੁੱਖੇ ਦੈਂਤ ਵਾਂਗ ਡਰਾ ਰਿਹਾ ਸੀ। ਜੇਬ ਖ਼ਰਚ ਲਈ ਲਿਆਂਦੇ ਪੈਸੇ ਇੱਕ-ਇੱਕ ਕਰਕੇ ਮੁੱਕਦੇ ਜਾ ਰਹੇ ਸਨ। ਮਨਜੀਤ ਨੂੰ ਇਹ ਝੋਰਾ ਵੱਢ-ਵੱਢ ਖਾ ਰਿਹਾ ਸੀ। ਮਨਜੀਤ ਨੇ ਆਪਣੇ ਹੋਸਟਲ ਵਿੱਚ ਰਹਿੰਦੀ ਇੱਕ ਸਹੇਲੀ ਨਾਲ ਆਪਣਾ ਇਹ ਦੁੱਖ ਸਾਂਝਾ ਕੀਤਾ। ਉਸ ਦਾ ਨਾਂਅ ਗੁਰਸੇਵਕ ਸੀ ਅਤੇ ਸੀ ਵੀ ਨਿਰੀ ਗੁਰਸੇਵਕ। ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਇੱਕ ਗੈਸ ਸਟੇਸ਼ਨ ਤੇ ਇੱਕ ਕੈਸ਼ੀਅਰ ਦਾ ਕੰਮ ਕਰਦੀ ਸੀ। ਗੁਰਸੇਵਕ ਨੇ ਮਨਜੀਤ ਦੀ ਇਸ  'ਤੇ ਤਰਸ ਕਰਕੇ ਕੇ ਆਪਣੇ ਗੈਸ ਸਟੇਸ਼ਨ ਦੇ ਮਾਲਕ ਨਾਲ ਗੱਲ ਕੀਤੀ ਅਤੇ ਇਸ ਨੂੰ ਪਾਰਟ ਟਾਇਮ ਦਾ ਕੰਮ ਦੁਆ ਦਿੱਤਾ। ਹੁਣ ਮਨਜੀਤ ਦਾ ਕਿਸੇ ਹੱਦ ਤੱਕ ਮਾਨਸਿਕ ਦਬਾਅ ਘੱਟ ਗਿਆ। ਇਸ ਆਮਦਨ ਨਾਲ ਮੋਹਰਲੀ ਛਿਮਾਹੀ ਦਾ ਦਾਖ਼ਲਾ ਦੇ ਸਕੇਗੀ ਅਤੇ ਆਪਣੀ ਮਾੜੀ ਪਤਲੀ ਰਿਹਾਇਸ਼ ਦਾ ਕਮਰਾ ਲੈ ਸਕੇਗੀ।
ਕਾਲਜ ਦੇ ਛੇ ਮਹੀਨੇ ਬੀਤਣ ਤੋਂ ਬਾਅਦ ਮਨਜੀਤ ਅਤੇ ਗੁਰਸੇਵਕ ਨੇ ਕਿਸੇ ਪੰਜਾਬੀ ਪਰਿਵਾਰ ਦੇ ਮਕਾਨ ਦੀ ਬੇਸਮੈਂਟ ਵਿੱਚ ਕਮਰਾ ਕਿਰਾਏ ਤੇ ਲੈ ਲਿਆ। ਕਮਰੇ ਦਾ ਕਿਰਾਇਆ ਇਹ ਦੋਵੇਂ ਸਹੇਲੀਆਂ ਵੰਡ ਲੈਂਦੀਆਂ। ਖਾਣ ਪੀਣ ਦਾ ਰਾਸ਼ਨ ਵੀ ਇਨ੍ਹਾਂ ਦੋਹਾਂ ਦਾ ਸਾਂਝਾ ਸੀ।
ਮਾੜੇ ਦਿਨ ਆਉਣ ਲੱਗਿਆਂ ਕਦੇ ਦੇਰ ਨਹੀਂ ਲੱਗਦੀ। ਬਦਕਿਸਮਤੀ ਨੂੰ ਇਨ੍ਹਾਂ ਦੋਹਾਂ ਸਹੇਲੀਆਂ ਦਾ ਗੈਸ ਸਟੇਸ਼ਨ ਦਾ ਕੰਮ ਬੰਦ ਹੋ ਗਿਆ। ਦੋਹਾਂ ਨੂੰ ਹੁਣ ਫ਼ਿਕਰ ਪੈ ਗਿਆ ਕਿ ਹੁਣ ਕਿਵੇਂ ਗੁਜ਼ਾਰਾ ਹੋਊ। ਇਹ ਥਾਂ-ਥਾਂ ਜਾ ਕੇ ਕਿਸੇ ਕੰਮ ਦੀ ਭਾਲ ਕਰਦੀਆਂ ਅਤੇ ਨਾਲ ਹੀ ਕਾਲਜ ਦੀ ਪੜ੍ਹਾਈ ਦਾ ਫ਼ਿਕਰ। ਭਾਰਤ ਤੋਂ ਜਦੋਂ ਇਨ੍ਹਾਂ ਦਿਆਂ ਮਾਪਿਆਂ ਨੇ ਫ਼ੋਨ ਕਰਕੇ ਰਾਜ਼ੀ ਖੁਸ਼ੀ ਦਾ ਪਤਾ ਕਰਨਾ ਤਾਂ ਇਨ੍ਹਾਂ ਦਾ ਜਵਾਬ 'ਬੱਸ ਸਭ ਕੁੱਝ ਠੀਕ ਠਾਕ ਹੈ' ਹੋਣਾ। ਪਰ ਅੰਦਰੋਂ ਅੰਦਰੀਂ ਇਹ ਫ਼ਿਕਰਾਂ ਨਾਲ ਘੁੱਲ ਰਹੀਆਂ ਸਨ।
ਮਹੀਨਾ ਭਰ ਵਹਿਲੇ ਰਹਿਣ ਤੋਂ ਬਾਅਦ ਮਨਜੀਤ ਨੂੰ ਇੱਕ ਰੈਸਟੋਰੈਂਟ ਵਿੱਚ ਖਾਣਾ ਬਣਾਉਣ ਅਤੇ ਭਾਂਡੇ ਧੌਣ ਦਾ ਕੰਮ ਮਿਲ ਗਿਆ ਅਤੇ ਇਸ ਦੀ ਸਹੇਲੀ ਵੀ ਇੱਕ ਵੇਅਰ-ਹਾਊਸ ਵਿੱਚ ਬਕਸੇ ਚੁੱਕਣ ਦੇ ਕੰਮ ਤੇ ਲੱਗ ਗਈ।
ਇਸ ਤਰ੍ਹਾਂ ਕਦੇ ਮਨਜੀਤ ਦਾ ਕੰਮ ਛੁੱਟ ਜਾਣਾ ਅਤੇ ਕਦੇ ਕੰਮ ਮਿਲ ਜਾਣਾ। ਉਪਰੋਂ ਕਾਲਜ ਦੀ ਸਖ਼ਤ ਪੜ੍ਹਾਈ। ਇਵੇਂ ਲੱਗਦਾ ਜਿਵੇਂ ਜ਼ਿੰਦਗੀ ਇਸ ਦੇ ਦੋ ਇਮਤਿਹਾਨ ਲੈ ਰਹੀ ਹੋਵੇ। ਇੱਕ ਕਾਲਜ ਦੀ ਪੜ੍ਹਾਈ ਦਾ ਅਤੇ ਦੂਸਰਾ ਦੁਨਿਆਵੀ ਜ਼ਿੰਦਗੀ ਵਿੱਚ ਸੈਟਲ ਹੋਣ ਦਾ। ਇਸ ਤੋਂ ਵੀ ਵੱਧ ਕਨੇਡਾ ਵਿੱਚ ਪੁਰਾਣੇ ਸੈਟਲ ਹੋ ਚੁੱਕੇ ਪੰਜਾਬੀਆਂ ਦੀਆਂ ਦਿਲ ਚੀਰਵੀਆਂ ਨਸੀਹਤਾਂ, 'ਜੇ ਮਾਪਿਆਂ ਕੋਲ ਤੁਹਾਨੂੰ ਇੱਥੇ ਭੇਜਣ ਜੋਗੇ ਪੈਸੇ ਨਹੀਂ ਸਨ ਤਾਂ ਇੱਡਾ ਵੱਡਾ ਪੰਗਾ ਕਿਉਂ ਲਿਆ'। ਕਿਸੇ ਕਿਸੇ ਦਿਨ ਇਨਾਂ੍ਹ ਦੋਹਾਂ ਸਹੇਲੀਆਂ ਨੂੰ ਇੱਕ ਡੰਗ ਦੀ ਰੋਟੀ ਵੀ ਨਸੀਬ ਨਾ ਹੁੰਦੀ।
ਇੱਧਰ ਮਨਜੀਤ ਆਪਣੀ ਮਿਹਨਤ ਨਾਲ ਜ਼ਿੰਦਗੀ ਨਾਲ ਜੱਦੋ-ਜਹਿਦ ਕਰਦੀ ਆਪਣੀਆਂ ਸਫ਼ਲਤਾ ਦੀਆਂ ਮੰਜ਼ਿਲਾਂ ਤਹਿ ਕਰਦੀ ਗਈ। ਕਿਵੇਂ ਨਾ ਕਿਵੇਂ ਇਹ ਦੋਵੇਂ ਸਹੇਲੀਆਂ ਇੱਕ ਦੂਸਰੀ ਨੂੰ ਦਿਲਾਸਾ ਦਿੰਦੀਆਂ ਆਪਣੇ ਤਿੰਨਾਂ ਸਾਲਾਂ ਦੀ ਪੜ੍ਹਾਈ ਪੂਰੀ ਕਰ ਗਈਆਂ। ਮਨਜੀਤ ਨੇ ਇਹ ਖੁਸ਼ੀ ਦੀ ਖ਼ਬਰ ਆਪਣੇ ਮਾਂ ਬਾਪ ਨਾਲ ਸਾਂਝੀ ਕੀਤੀ। ਉਨ੍ਹਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਦੂਸਰੇ ਪਾਸੇ ਮਨਜੀਤ ਦੇ ਭਰਾਵਾਂ ਦੀ ਨਸ਼ੇ ਦੀ ਲੱਤ ਹੋਰ ਵਿਗੜਦੀ ਗਈ। ਨਸ਼ੇ ਨਾ ਮਿਲਣ ਦੀ ਹਾਲਤ ਵਿੱਚ ਇਹ ਆਪਣੇ ਮਾਂ ਬਾਪ ਨੂੰ ਆਤਮ ਹੱਤਿਆ ਕਰਕੇ ਮਰਨ ਦੀਆਂ ਧਮਕੀਆਂ ਦੇ ਕੇ ਆਪਣੀ ਲੱਤ ਪੂਰੀ ਕਰਦੇ।
ਮਨਜੀਤ ਨੂੰ ਆਪਣੀ ਤਿੰਨ ਸਾਲ ਦੀ ਪੜ੍ਹਾਈ ਪੂਰੀ ਕਰਨ ਉਪਰੰਤ ਦੋ ਸਾਲ ਦਾ ਵਰਕ ਪਰਮਿਟ ਇਸ ਸ਼ਰਤ 'ਤੇ ਮਿਲਣਾ ਸੀ ਕਿ ਉਹ ਕਾਲਜ ਵਿੱਚ ਕਿਸੇ ਹੋਰ ਕੋਰਸ ਵਿੱਚ ਦਾਖ਼ਲਾ ਲਵੇ। ਮਨਜੀਤ ਨੇ ਦੋ ਸਾਲ ਦਾ ਇੱਕ ਹੋਰ ਕੋਰਸ ਲੈ ਲਿਆ ਅਤੇ ਇਸ ਨੂੰ ਦੋ ਸਾਲ ਕੰਮ ਕਰਨ ਦੀ ਇਜਾਜ਼ਤ ਮਿਲ ਗਈ।
ਮਨਜੀਤ ਨੂੰ ਕੈਨੇਡਾ ਵਿੱਚ ਤਿੰਨ ਸਾਲ ਰਹਿੰਦਿਆਂ ਹੋਣ ਕਰਕੇ ਇੱਥੋਂ ਦੇ ਆਰਥਿਕ, ਸਮਾਜਿਕ ਅਤੇ ਹੋਰ ਪਹਿਲੂਆਂ ਦੀ ਕਾਫ਼ੀ ਜਾਣਕਾਰੀ ਮਿਲ ਗਈ ਸੀ। ਜਾਣਕਾਰੀ ਮਿਲਦੀ ਵੀ ਕਿਉਂ ਨਾ ਇਹ ਸੰਘਰਸ਼ਾਂ ਨਾਲ ਲੜਨ ਵਾਲੀ ਉਹ ਦਲੇਰ ਜ਼ਨਾਨੀ ਸੀ ਜਿਸ ਨੇ ਇੰਨੀਆਂ ਆਰਥਿਕ ਅਤੇ ਮਾਨਸਿਕ ਤੰਗੀਆਂ ਅੱਗੇ ਵੀ ਆਪਣੇ ਗੋਡੇ ਨਹੀਂ ਸਨ ਟੇਕੇ। ਹਰ ਹਾਲਾਤਾਂ ਨਾਲ ਖਿੱੜੇ ਮੱਥੇ ਟਾਕਰਾ ਕੀਤਾ। ਪਰ ਇਨਾਂ੍ਹ ਮੁਸੀਬਤਾਂ ਦੀ ਆਪਣੇ ਮਾਂ ਬਾਪ ਕੋਲ ਕਦੀ ਭਿਣਕ ਨਹੀਂ ਪੈਣ ਦਿੱਤੀ।ਜਦੋਂ ਵੀ ਆਪਣੇ ਮਾਪਿਆਂ ਨਾਲ ਫ਼ੋਨ 'ਤੇ ਗੱਲਵਾਤ ਕਰਦੀ, ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਗਟਾਵਾ ਕਰਦੀ।
ਇੱਕ ਦਿਨ ਮਨਜੀਤ ਨੂੰ ਕਿਸੇ ਕੰਮ ਤੇ ਜਾਣ ਲਈ ਟੈਕਸੀ ਚਾਹੀਦੀ ਸੀ। ਮਨਜੀਤ ਨੇ ਫੋਨ ਕਰਕੇ ਟੈਕਸੀ ਮੰਗਵਾ ਲਈ। ਇਹ ਟੈਕਸੀ ਕਿਸੇ ਨਿੱਜੀ ਕੰਪਨੀ ਦੀ ਸੀ, ਜੋ ਔਨ ਲਾਇਨ ਸਰਵਿਸ ਕਰਦੀ ਸੀ। ਟੈਕਸੀ ਦੀ ਡਰਾਈਵਰ ਇੱਕ ਜ਼ਨਾਨੀ ਸੀ। ਮਨਜੀਤ ਨੇ ਇਸ ਗੋਰੀ ਤੋਂ ਟੈਕਸੀ ਚਲਾਉਣ ਦੀ ਕਾਫ਼ੀ ਹੱਦ ਤੱਕ ਜਾਣਕਾਰੀ ਲੈ ਲਈ। ਇਸ ਨੇ ਮਨ ਵਿੱਚ ਧਾਰ ਲਿਆ ਕਿ ਇਹ ਵੀ ਟੈਕਸੀ ਦਾ ਕੰਮ ਕਰੇਗੀ। ਗੋਰੀ ਦੀ ਸਲਾਹ ਮੁਤਾਬਕ ਇਸ ਨੇ  ਡਰਾਇਵਿੰਗ ਦਾ ਇੱਕ ਸਾਲ ਦਾ ਤਜ਼ਰਬਾ ਲੈ ਕੇ ਟੈਕਸੀ ਦਾ ਲਾਇਸੰਸ ਲੈ ਲਿਆ। ਇਸ ਨੇ ਟੈਕਸੀ ਡਰਾਇਵਿੰਗ ਲਈ ਆਪਣਾ ਨਾਂਅ ਰਜਿਸਟਰ ਕਰਵਾ ਲਿਆ।
ਹੁਣ ਮਨਜੀਤ ਇੱਕ ਟੈਕਸੀ ਡਰਾਈਵਰ ਬਣ ਗਈ ਸੀ। ਕੈਨੇਡਾ ਵੱਸਦੇ ਆਪਣੇ ਪੰਜਾਬੀ ਭਾਈਚਾਰੇ ਨੇ ਜਦੋਂ ਮਨਜੀਤ ਨੂੰ ਟੈਕਸੀ ਚਲਾਉਂਦਿਆਂ ਦੇਖਿਆ ਤਾਂ ਉਹ ਮੂੰਹ ਵਿੱਚ ਉਂਗਲੀਆਂ ਪਾਉਣ ਲੱਗ ਪਏ। ਕਈ ਸਿਆਣੇ ਆਖਦੇ ਕਿ ਇਸ ਛੋਕਰੀ ਨੇ ਸ਼ਰਮ ਹੀਆ ਹੀ ਲਾਹ ਲਈ ਹੈ। ਕਈ ਸੱਜਣ ਇਸ ਕੰਮ ਨੂੰ ਜੋਖਮ ਭਰਿਆ ਕੰਮ ਸਮਝਦੇ। ਮਨਜੀਤ ਨੂੰ ਗੱਲਾਂ ਗੱਲਾਂ ਨਾਲ ਹੀ ਸਮਝਾਉਂਦੇ ਕਈ ਟੈਕਸੀ ਡਰਾਈਵਰਾਂ 'ਤੇ ਘਾਤੀ ਹਮਲੇ ਹੋਏ ਸਨ ਅਤੇ ਉਨ੍ਹਾਂ ਨੂੰ  ਗਾਹਕ ਟੈਕਸੀ ਦਾ ਕਿਰਾਇਆ ਦੇਣ ਦੀ ਬਿਜਾਏ ਸਗੋਂ ਉਨ੍ਹਾਂ ਤੋਂ ਹੋਰ ਪੈਸੇ ਵੀ ਖੋਹ ਲੈ ਜਾਂਦੇ ਸਨ। ਸਲਾਹ ਦਿੰਦੇ ਕਿ ਜ਼ਨਾਨੀਆਂ ਲਈ ਤਾਂ ਸਗੋਂ ਹੋਰ ਵੀ ਖ਼ਤਰੇ ਦਾ ਕੰਮ ਹੈ। ਪੈਸਿਆਂ ਦੇ ਲੁੱਟ ਖੋਹ ਦੇ ਨਾਲ-ਨਾਲ ਆਪਣੀ ਇੱਜ਼ਤ ਵੀ ਗੁਆਏਂਗੀ ।ਪਰ ਮਨਜੀਤ ਆਪਣੇ ਸੰਘਰਸ਼ਮਈ ਜ਼ਿੰਦਗੀ ਵਿੱਚੋਂ ਗੁਜ਼ਰੀ ਹੋਣ ਕਰਕੇ ਇੱਕ ਦਲੇਰ ਅਤੇ ਉਸਾਰੂ ਦਿਮਾਗ਼ ਦੀ ਮਾਲਕਣ ਬਣ ਗਈ ਸੀ। ਪਰਿਵਾਰ ਦੀ ਗਰੀਬੀ, ਮਾਪਿਆਂ ਦਾ ਇਸ ਗਰੀਬੀ ਵਿੱਚ ਬੱਚਿਆਂ ਦਾ ਪਾਲਣ ਪੋਸ਼ਣ ਅਤੇ ਸਭ ਤੋਂ ਵੱਧ ਨਲਾਇਕ ਅਤੇ ਵਿਗੜੇ ਭਰਾਵਾਂ ਦੀਆਂ ਨਸ਼ੇ ਪੱਤੇ ਦੀਆਂ ਆਦਤਾਂ ਨੂੰ ਦੇਖਦੀ ਨੂੰ ਇਹ ਨਸੀਹਤਾਂ ਕਿਵੇਂ ਰੋਕ ਸਕਦੀਆਂ ਸਨ। ਅੱਗ ਵਿੱਚ ਢੱਲੇ ਹੋਏ ਸੋਨੇ ਵਾਂਗ ਮਨਜੀਤ ਦੀ ਜ਼ਿੰਦਗੀ ਵੀ ਨਿਖਰ ਕੇ ਸਮਾਜ ਸਾਹਮਣੇ ਆ ਗਈ ਸੀ।
"ਬੇਟਾ ਤੈਨੂੰ ਟੈਕਸੀ ਚਲਾਉਂਦਿਆਂ ਇਕੱਲੀ ਨੂੰ ਕਦੇ ਡਰ ਨਹੀਂ ਲੱਗਾ ਕਿ ਤੇਰਾ ਵਾਹ ਕਦੇ ਸ਼ਰਾਬੀ ਕਬਾਬੀਆਂ ਜਾਂ ਲੁੱਚੇ ਬਦਮਾਸ਼ਾਂ ਨਾਲ ਪਵੇਗਾ?" ਟੈਕਸੀ ਵਿੱਚ ਇੱਕ ਬਜ਼ੁਰਗ ਪੰਜਾਬੀ ਬਾਬੇ ਨੇ ਮਨਜੀਤ ਨੂੰ ਪੁੱਛ ਹੀ ਲਿਆ। "ਬਾਬਾ ਜੀ ਕੰਮ ਤਾਂ ਕੰਮ ਹੀ ਹੁੰਦਾ ਹੈ। ਹਰ ਕੰਮ ਵਿੱਚ ਖ਼ਤਰਾ ਹੈ। ਅੱਜ-ਕੱਲ੍ਹ ਜ਼ਨਾਨੀਆਂ ਪਾਇਲਟ ਹਨ। ਜਦੋਂ ਉਹ ਇੰਨੀ ਉਚਾਈ ਤੇ ਹਵਾਈ ਜਹਾਜ਼ ਉਡਾਉਂਦੀਆਂ ਡਰੀਆਂ ਨਹੀਂ, ਮੈਨੂੰ ਕਾਹਦਾ ਖ਼ਤਰਾ। ਹਾਂ ਕਦੇ-ਕਦੇ ਬੱਦ-ਦਿਮਾਗ਼ ਸਵਾਰੀਆਂ ਨਾਲ ਵਾਹ ਪੈ ਜਾਂਦਾ ਹੈ ਪਰ ਮੈਂ ਕਦੇ ਵਾਦ-ਵਿਵਾਦ ਵਿੱਚ ਨਹੀਂ ਪਈ। ਜੇਕਰ ਸਾਰੇ ਦਿਨ ਵਿੱਚ ਇੱਕ ਆਧ ਇਸ ਤਰ੍ਹਾਂ ਦੀ ਸਵਾਰੀ ਮਿਲ ਜਾਵੇ ਤਾਂ ਰੱਬ ਦਾ ਭਾਣਾ ਭੰਨ ਕੇ ਸਬਰ ਕਰ ਲਈਦਾ ਹੈ। ਕੁੱਝ ਡਾਲਰਾਂ ਪਿੱਛੇ ਜਾਨ ਨੂੰ ਖ਼ਤਰੇ ਵਿੱਚ ਪਾਉਣਾ ਮੈਂ ਸਿਆਣਪ ਨਹੀਂ ਸਮਝਦੀ।"
ਮਨਜੀਤ ਤਿੰਨ ਦਿਨ ਕਾਲਜ ਦੀ ਪੜ੍ਹਾਈ ਕਰਦੀ ਅਤੇ ਬਾਕੀ ਦਿਨ ਟੈਕਸੀ ਚਲਾ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰੀ ਜਾਂਦੀ। ਹੁਣ ਕੁੱਝ ਚੰਗੀ ਕਮਾਈ ਹੋਣੀ ਸ਼ੁਰੂ ਹੋ ਗਈ। ਆਪਣੀ ਪੜ੍ਹਾਈ ਅਤੇ ਬਾਕੀ ਖ਼ਰਚੇ ਕੱਢ ਕੇ ਇਹ ਚਾਰ ਪੈਸੇ ਆਪਣੇ ਮਾਂ ਬਾਪ ਨੂੰ ਵੀ ਭੇਜ ਛੱਡਦੀ। ਇਸ ਨੇ ਪੱਕੇ ਹੋਣ ਲਈ ਪੀ ਆਰ ਦਾ ਕੇਸ ਵੀ ਲਾ ਦਿੱਤਾ ਸੀ। ਕਦੇ-ਕਦੇ ਮਾਤਾ ਨੇ ਭਰੇ ਹੋਏ ਗਲ਼ੇ ਨਾਲ ਟੈਲੀਫੋਨ ਤੇ ਗੱਲ ਬਾਤ ਕਰਦਿਆਂ ਮਨਜੀਤ ਨੂੰ ਆਖਣਾ, "ਧੀਏ ਇਨ੍ਹਾਂ ਦੋ ਨਿਕੰਮੇ ਅਤੇ ਨਿਖੱਟੂ ਪੁੱਤਰਾਂ ਦੀ ਬਜਾਏ ਅਸੀਂ ਇੱਕ ਧੀ ਹੋਰ ਜੰਮ ਲੈਂਦੇ ਤਾਂ ਕਿੰਨਾ ਚੰਗਾ ਹੁੰਦਾ। ਮਨਜੀਤ ਤੇਰੀ ਕਮਾਈ ਖਾਂਦਿਆਂ ਸਾਨੂੰ ਸ਼ਰਮ ਆ ਰਹੀ ਹੈ। ਧੀਆਂ ਨੂੰ ਤਾਂ ਮਾਪੇ ਦਿੰਦੇ ਹੁੰਦੇ ਹਨ ਨਾ ਕਿ ਉਨ੍ਹਾਂ ਤੋਂ ਕੁੱਝ ਲੈਂਦੇ। ਪਰ ਇੱਧਰ ਤੇਰੇ ਭਰਾਵਾਂ ਨੇ ਸਾਡੀ ਹਾਲਤ ਦੁੱਭਰ  ਕਰ ਰੱਖੀ ਹੈ। ਧੀਏ ਜੀਤੇ ਦੀ ਹਾਲਤ ਤਾਂ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਜੇ ਇਸਨੂੰ ਮੰਗਣ 'ਤੇ  ਨਸ਼ੇ ਨਾ ਮਿਲੇ ਤਾਂ ਇਹ ਮਾਰਨ ਤੱਕ ਆਉਂਦਾ ਹੈ। ਦੀਸ਼ਾ ਪਾਗਲਾਂ ਵਾਂਗ ਐਵੇਂ ਅਵਾ ਤਵਾ ਬੋਲਦਾ ਰਹਿੰਦਾ ਹੈ। ਮੈਨੂੰ ਨਹੀਂ ਪਤਾ ਇਹ ਲੰਬਾ ਸਮਾਂ ਜੀ ਸਕਣਗੇ ਵੀ ਨਹੀਂ। ਪਿਛਲੇ ਹਫਤੇ ਜਦੋਂ ਇਹ ਆਪਣੇ ਬਿਸਤਰੇ ਤੇ ਬਿਹੋਸ਼ ਪਏ ਸਨ ਤਾਂ ਡਾਕਟਰ ਨੂੰ ਸੱਦ ਕੇ ਇਨਾਂੂ ਨੂੰ ਚੈੱਕ ਕਰਾਇਆ ਸੀ। ਉਹ ਦੱਸਦਾ ਸੀ ਕਿ ਇਨ੍ਹਾਂ ਦੀਆਂ ਕਿਡਨੀਆਂ ਫੇਲ੍ਹ ਹੋਣ ਕਿਨਾਰੇ ਹਨ।"
ਮਨਜੀਤ ਬਾਪੂ ਦੀਆਂ ਗੱਲਾਂ ਸੁਣ ਕੇ ਡਾਢੀ ਪ੍ਰੇਸ਼ਾਨ ਹੋਈ। "ਬਾਪੂ ਫ਼ਿਕਰ ਨਾ ਕਰੋ, ਮੈਂ ਪੱਕਿਆਂ ਹੁੰਦਿਆਂ ਸਾਰ ਤੁਹਾਨੂੰ ਦੋਹਾਂ ਨੂੰ ਇੱਧਰ ਸੱਦ ਲਵਾਂਗੀ। ਜੀਤੇ ਅਤੇ ਦੀਸ਼ੇ ਨੂੰ ਵੀ ਫੋਨ ਤੇ ਤਾੜਾਂਗੀ।" ਧੀ ਨੇ ਆਪਣੇ ਦੁੱਖੀ ਮਾਪਿਆਂ ਨੂੰ ਜ਼ਰਾ ਕੁ ਧਰਵਾਸਾ ਦਿੱਤਾ।
ਪੜ੍ਹਾਈ ਵਿੱਚ ਅਤੇ ਜ਼ਿੰਦਗੀ ਨਾਲ ਜੱਦੋ-ਜਹਿਦ ਕਰਦੀ ਮਨਜੀਤ ਆਪਣੀ ਪੜ੍ਹਾਈ ਪੂਰੀ ਕਰ ਗਈ। ਨਾਲ ਹੀ ਕੁੱਝ ਮਹੀਨਿਆਂ ਬਾਅਦ ਇਸ ਨੂੰ ਕੈਨੇਡਾ ਦੀ ਪੀ ਆਰ ਮਿਲ ਗਈ। ਪੜ੍ਹਾਈ ਨਾਲ ਸਬੰਧਤ ਕੋਈ ਨੌਕਰੀ ਲੈਣ ਦੀ ਬਜਾਏ ਇਸ ਨੇ ਟੈਕਸੀ ਡਰਾਇਵਿੰਗ ਦੇ ਕੰਮ ਨੂੰ ਹੀ ਤਰਜੀਹ ਦਿੱਤੀ। ਇਸ ਕੰਮ ਵਿੱਚ ਪੈਸੇ ਚੋਖੇ ਬਣ ਜਾਂਦੇ ਸਨ ਅਤੇ ਉਵੇਂ ਵੀ ਆਜ਼ਾਦੀ ਸੀ ਕਿ ਕਿੰਨੇ ਦਿਨ ਕੰਮ ਕਰਨਾ ਹੈ। ਔਨ ਲਾਇਨ  ਟੈਕਸੀ ਸਰਵਿਸ ਕਰਕੇ ਇਸ ਦੀ ਮਰਜ਼ੀ ਹੁੰਦੀ ਸੀ ਕਿ ਕਿਸ ਦਿਨ ਇਸ ਨੇ ਕੰਮ ਤੇ ਕਿਸ ਦਿਨ ਜਾਣਾ ਹੈ ਜਾਂ ਛੁੱਟੀ ਕਰਨੀ ਹੈ।
ਮਨਜੀਤ ਨੇ ਬੱਚਤ ਕਰਕੇ ਕੁੱਝ ਪੈਸੇ ਜੋੜ ਲਏ।ਇਹ ਹੁਣ ਆਪਣਾ ਘਰ ਲੈਣ ਦੀ ਵਿਚਾਰ ਕਰ ਰਹੀ ਸੀ ਤਾਂ ਕਿ ਆਪਣੇ ਮਾਂ ਬਾਪ ਨੂੰ ਆਪਣੇ ਹੀ ਘਰ ਵਿੱਚ ਸੱਦਿਆ ਜਾਵੇ। ਪੰਜਾਬ ਜਾਕੇ ਆਪਣੇ ਭਰਾਵਾਂ ਨੂੰ ਕਿਸੇ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਾ ਕੇ ਇਨ੍ਹਾਂ ਦੀ ਜਿੰਦਗੀ ਸੁਧਾਰੀ ਜਾਵੇ ਅਤੇ ਵਿਆਹ ਕਰ ਕੇ ਇਨ੍ਹਾਂ ਦੇ ਘਰ ਵਸਾਏ ਜਾਣ।
ਸਵੇਰੇ ਆਪਣੀ ਬੈੱਡ ਤੋਂ ਉੱਠਦਿਆਂ ਮਨਜੀਤ ਦੇ ਫੋਨ ਦੀ ਘੰਟੀ ਵੱਜੀ। ਮਨਜੀਤ ਹੈਰਾਨ ਹੋ ਗਈ ਕਿ ਇੰਨੀ ਸੁਵੱਖਤੇ ਕੀਹਦਾ ਫੋਨ ਆ ਗਿਆ। ਇਹ ਫੋਨ ਇਸ ਦੇ ਬਾਪੂ ਦਾ ਸੀ। "ਧੀਏ ਅਸੀਂ ਮੂਲੋਂ ਹੀ ਲੁੱਟੇ ਗਏ। ਸਾਰਾ ਟੱਬਰ ਹੀ ਤਬਾਹ ਹੋ ਗਿਆ।" ਬਾਪੂ ਕੀ ਹੋ ਗਿਆ, ਜ਼ਰਾ ਗੱਲ ਤਾਂ ਦੱਸੋ?" ਫੋਨ ਦੇ ਪਿਛੋਕੜ ਵਿੱਚੋਂ ਆਪਣੀ ਮਾਤਾ ਦੀਆਂ ਧਾਹਾਂ ਸਾਫ਼ ਸੁਣਾਈ ਦੇ ਰਹੀਆਂ ਸਨ। "ਬਾਪੂ, ਮਾਤਾ ਕਿਉਂ ਰੋ ਰਹੀ ਹੈ? ਕੀ ਭਾਣਾ ਵਰਤਿਆ ਜਰਾ ਦੱਸੋ ਤਾਂ ਸਹੀ?" "ਧੀਏ ਤੇਰੇ ਦੋਨੋਂ ਭਰਾਵਾਂ ਨੇ ਮੋਟਰ ਤੇ ਜਾ ਕੇ ਫਾਹਾ ਲੈ ਲਿਆ।" ਗੱਲ ਕਰਦਿਆਂ ਬਾਪੂ ਕਰਮ ਸਿੰਘ ਦੇ ਹੱਥੋਂ ਫ਼ੋਨ ਡਿੱਗ ਪਿਆ ਅਤੇ ਫੁੱਟ ਫੁੱਟ ਰੋਣ ਲੱਗਾ।
ਜਦੋਂ ਬਾਪੂ ਨੇ ਇਹ ਮਨਹੂਸ ਖ਼ਬਰ ਆਪਣੇ ਬਾਪੂ ਤੋਂ ਸੁਣੀ ਤਾਂ ਮਨਜੀਤ ਦੀਆਂ ਵੀ ਭੁੱਬਾਂ ਨਿਕਲ ਗਈਆਂ। ਜਿਵੇਂ ਇਸ ਦੀ ਦੁਨੀਆਂ ਹੀ ਲੁੱਟ ਗਈ ਹੋਵੇ। "ਵੀਰੀਆ, ਤੁਹਾਨੂੰ ਕਿੰਨਾ ਸਮਝਾਇਆ ਇਹ ਨਸ਼ੇ ਸਭ ਕੁੱਝ ਬਰਬਾਦ ਕਰ ਦਿੰਦੇ ਹਨ। ਪਰ ਤੁਸੀਂ ਇਸ ਤੋਂ ਟਲੇ ਨਹੀਂ। ਆਪਣੀਆਂ ਜਾਨਾਂ ਲੈ ਕੇ ਤੁਸੀਂ ਮੇਰੇ ਬੁੱਢੇ ਮਾਂ ਬਾਪ ਨੂੰ ਵੀ ਰੋਲ ਦਿੱਤਾ।" ਇਹ ਰੋਣਾ-ਧੋਣਾ ਸੁਣ ਕੇ ਮਨਜੀਤ ਦੀ ਸਹੇਲੀ ਗੁਰਸੇਵਕ ਆਪਣੇ ਨਾਲ ਵਾਲੇ ਕਮਰੇ ਵਿੱਚੋਂ ਭੱਜੀ ਆਈ। ਮਨਜੀਤ ਬੇਹੋਸ਼ ਫਰਸ਼ 'ਤੇ ਡਿੱਗੀ ਪਈ ਸੀ। ਗੁਰਸੇਵਕ ਨੇ ਮਨਜੀਤ ਦੇ ਮੂੰਹ ਵਿੱਚ ਦੋ ਕੁ ਘੁੱਟ ਪਾਣੀ ਦੇ ਪਾ ਕੇ ਇਸ ਨੂੰ ਹੋਸ਼ ਵਿੱਚ ਲਿਆਂਦਾ। ਆਪਣੇ ਕਲਾਵੇ ਵਿੱਚ ਲੈ ਕੇ ਪੂਰਾ ਧਰਵਾਸਾ ਦਿੱਤਾ।
ਮਨਜੀਤ ਨੇ ਖੜ੍ਹੇ ਪੈਰ ਇੰਡੀਆ ਦੀ ਟਿਕਟ ਲਈ ਅਤੇ ਪਿੰਡ ਪਹੁੰਚ ਗਈ। ਜਿਸ ਦਰਵਾਜ਼ੇ ਲੰਘਦਿਆਂ ਇਸ ਦੀ ਮਾਤਾ ਨੇ ਖੁਸ਼ੀਆਂ ਨਾਲ ਤੇਲ ਚੋਅ ਕੇ ਇਸ ਦਾ ਆਦਰ ਮਾਣ ਕਰਨਾ ਸੀ, ਉਸ ਦਰਵਾਜ਼ੇ ਅੰਦਰ ਲੰਘਦਿਆਂ ਮਾਤਾ ਦੀਆਂ ਧਾਹਾਂ ਨਿਕਲ ਰਹੀਆਂ ਸਨ, ਕੀਰਨੇ ਪੈ ਰਹੇ ਸਨ। ਬਾਪੂ ਪਾਗ਼ਲਾਂ ਵਾਂਗ ਆਪਣੀ ਚਿਰਾਂ ਤੋਂ ਵਿਛੜੀ ਧੀ ਨੂੰ ਕਲਾਵੇ 'ਚ ਲੈ ਕੇ ਰੋ ਰਿਹਾ ਸੀ।ਮਾਤਾ ਜੀ ਨੂੰ ਘੜੀ ਮੁੜੀ ਗਸੀਆਂ ਪੈ ਰਹੀਆਂ ਸਨ।
ਜਿਸ ਭੈਣ ਨੇ ਆਪਣੇ ਭਰਾਵਾਂ ਦੇ ਵਿਆਹਾਂ ਤੇ ਪੱਗਾਂ 'ਤੇ ਕਲਗੀਆਂ ਸਜਾਉਣੀਆਂ ਸਨ, ਉਹ ਭੈਣ ਅੱਜ ਆਪਣੇ ਮੋਇਆਂ ਭਰਾਵਾਂ ਦੀਆਂ ਅਰਥੀਆਂ ਸਜ਼ਾ ਰਹੀ ਸੀ । ਆਥਣ ਵੇਲੇ ਘਰ ਵਿੱਚੋਂ ਦੋਨੋਂ ਪੁੱਤਰਾਂ ਦੀਆਂ ਅਰਥੀਆਂ ਤੁਰਦੀਆਂ ਦੇਖ ਕੇ  ਬਾਪੂ ਕਰਮ ਸਿੰਘ ਅਤੇ ਮਨਜੀਤ ਦੀਆਂ ਭੁੱਬਾਂ ਨਿਕਲ ਰਹੀਆ ਸਨ। ਮਾਤਾ ਜੀ ਨੂੰ ਗਸੀਆਂ ਪੈ ਰਹੀਆਂ ਸਨ। ਜਿਸ ਘਰ ਵਿੱਚ ਸਖਤ ਮਿਹਨਤ ਨਾਲ ਕਾਮਯਾਬ  ਹੋਈ ਧੀ ਦੇ ਆਉਣ ਦੇ ਸ਼ਗਨ ਮਨਾਏ ਜਾਣੇ ਸਨ, ਅੱਜ ਉਸ ਘਰ ਵਿੱਚ ਕੀਰਨੇ ਅਤੇ ਵੈਣ ਪੈ ਰਹੇ ਸਨ।
ਦੋਨੋਂ ਪੁੱਤਰਾਂ ਅਤੇ ਭੈਣ ਦੇ ਦੋਨੋਂ ਵੀਰਾਂ ਦਾ ਸਸਕਾਰ ਕਰ ਕੇ ਪਰਿਵਾਰ ਘਰ ਆਇਆ। ਆਂਢ ਗੁਆਂਢ ਅਤੇ ਸਾਕ ਸੰਬੰਧੀ ਪਰਿਵਾਰ ਪਾਸ ਵਿਛੜੀਆਂ ਰੂਹਾਂ ਦਾ ਅਫ਼ਸੋਸ ਕਰ ਰਹੇ ਸਨ। ਪਰ ਬਹੁਤਿਆਂ ਦਿਆਂ ਚਿਹਰਿਆਂ ਤੋਂ ਜਾਪ ਰਿਹਾ ਸੀ ਕਿ ਉਹ ਉਪਰੇ ਦਿਲੋਂ ਹੀ ਪਰਿਵਾਰ ਨਾਲ ਅਫ਼ਸੋਸ ਦੀ ਸਾਂਝ ਪਾ ਰਹੇ ਸਨ। ਪਰ ਦਰੀ ਦੇ ਇੱਕ ਖੂੰਜੇ ਬੈਠੀ ਉਨ੍ਹਾਂ ਭਰਾਵਾਂ ਦੀ ਭੈਣ ਵਿਛੋੜੇ ਵਿੱਚ ਗੁੰਮ ਸੁੰਮ ਹੋਈ ਪਈ ਸੀ। ਭੈਣਾਂ ਨੂੰ ਭਰਾ ਤਾਂ ਹਮੇਸ਼ਾ ਸਤਕਾਰਿਤ ਹੀ ਹੁੰਦੇ ਹਨ, ਭਾਵੇਂ ਕਿ ਉਹ ਵਿਗੜੇ ਹੋਏ ਵੀ ਕਿਉਂ ਨਾ ਹੋਣ। ਖ਼ਿਆਲਾਂ ਵਿੱਚ ਡੁੱਬੀ ਮਨਜੀਤ ਸੋਚ ਰਹੀ ਸੀ ਕਿ ਜੇਕਰ ਉਸਦੇ ਭਰਾ ਨਸ਼ਿਆਂ ਦੀ ਬੁਰੀ ਆਦਤ ਨਾ ਪਾਉਂਦੇ, ਨਾ ਉਹ ਅਨਿਆਈ ਮੌਤੇ ਮਰਦੇ । ਸਗੋਂ ਉਸ ਦੇ ਕੈਨੇਡਾ ਵਾਪਸ ਆਉਣ ਦਾ ਉਨ੍ਹਾਂ ਨੂੰ ਭੈਣ ਦਾ ਕਿੰਨਾ ਚਾਅ ਹੁੰਦਾ। ਘਰ ਖੁਸ਼ੀਆਂ ਨਾਲ ਭਰਿਆ ਜਾਪਣਾ ਸੀ। ਮਾਂ ਬਾਪ ਦੇ ਖੁਸ਼ੀਆਂ ਵਿੱਚ ਪੈਰ ਨਹੀਂ ਸਨ ਲੱਗਣੇ। ਉਹ ਭਰਾਵਾਂ ਦੇ ਵਿਆਹਾਂ ਦੇ ਸ਼ਗਨ ਮਨਾਉਂਦੀ। ਬਾਪੂ ਅਤੇ ਮਾਂ ਜੀ ਪੁੱਤਰਾਂ ਨੂੰ ਚਾਂਈਂ ਚਾਂਈਂ ਘੋੜੀ ਚਾੜ੍ਹਦੇ।
ਖ਼ਿਆਲਾਂ 'ਚ ਡੁੱਬੀ ਮਨਜੀਤ ਇੰਨੀ ਭਾਵੁਕ ਹੋ ਗਈ ਕਿ ਬੈਠੀ-ਬੈਠੀ ਭੁੱਬਾਂ ਮਾਰ-ਮਾਰ ਕੇ ਰੋਣ ਲੱਗੀ। ਦੇਖਦਿਆਂ-ਦੇਖਦਿਆਂ ਉਹ ਬੇਹੋਸ਼ ਹੋ ਗਈ। ਬਾਪੂ ਦੌੜ ਕੇ ਜਾ ਕੇ ਪਾਣੀ ਦਾ ਗਿਲਾਸ ਲਿਆਇਆ ਅਤੇ ਆਪਣੀ ਧੀ ਦੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰੇ। ਹੋਸ਼ ਆਉਂਦਿਆਂ ਮਨਜੀਤ ਆਪਣੇ ਬਾਪੂ ਦੇ ਗਲ਼ ਚਿੰਬੜ ਗਈ। ਬਾਪੂ ਨੂੰ ਜਾਪਿਆ ਜਿਵੇਂ ਉਸਦੇ ਦੋਵੇਂ ਵਿਛੜੇ ਪੁੱਤਰਾਂ ਦੇ ਵਿਛੋੜੇ ਦਾ ਨਿੱਘ ਆਪਣੀ ਧੀ ਰਾਹੀਂ ਮਾਣ ਰਿਹਾ ਹੋਵੇ। ਇੱਕ ਪਾਸੇ ਪੁੱਤਰਾਂ ਦੇ ਵਿਛੋੜੇ 'ਚ ਡੁੱਬੀ ਮਾਤਾ ਚਿੰਤੀ ਇੱਕ ਪਲ਼ ਪੁੱਤਰਾਂ ਨੂੰ ਭੁੱਲ ਕੇ ਧੀ ਨੁੰ ਆਪਣੇ ਬਾਪੂ ਦੇ ਗ਼ਲ ਚਿੰਬੜੀ ਹੋਈ ਨੂੰ ਦੇਖ ਕੇ  ਪੁੱਤਰਾਂ ਦੀ ਝਲਕ ਦੇਖ ਰਹੀ ਸੀ। ਮਨਜੀਤ ਆਪਣੀ ਆਰਥਿਕ ਸਫ਼ਲਤਾ ਪ੍ਰਾਪਤ ਕਰਨ ਦੇ ਬਾਵਯੂਦ ਵੀ ਆਪਣੇ ਆਪ ਨੂੰ ਪਰਿਵਾਰਿਕ ਤੌਰ 'ਤੇ ਇੱਕ ਕੰਗਾਲ ਕੁੜੀ ਮਹਿਸੂਸ ਕਰ ਰਹੀ ਸੀ।