ਭਾਰਤ ਦੀ ਆਜ਼ਾਦੀ ਦੀ 76ਵੀਂ ਵਰ੍ਹੇਗੰਢ 'ਤੇ ਵਿਸ਼ੇਸ਼ : "ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੂਏ।'' - ਡਾ. ਗੁਰਵਿੰਦਰ ਸਿੰਘ

ਵੀਹਵੀਂ ਸਦੀ ਦੇ ਆਰੰਭ ਵਿੱਚ ਗ਼ਦਰ ਪਾਰਟੀ ਨੇ ਕੈਨੇਡਾ-ਅਮਰੀਕਾ ਦੀ ਧਰਤੀ ਤੋਂ ਭਾਰਤ ਨੂੰ ਬ੍ਰਿਟਿਸ਼ ਸਾਮਰਾਜ ਤੋਂ ਆਜ਼ਾਦ ਕਰਵਾਉਣ ਦਾ ਬਿਗਲ ਬਜਾਇਆ ਸੀ। ਗ਼ਦਰੀ ਬਾਬਿਆਂ ਨੇ ਆਜ਼ਾਦ ਦੇਸ਼ ਲਈ ਨਾਂ 'ਯੂਨਾਈਟਿਡ ਸਟੇਟਸ ਆਫ਼ ਇੰਡੀਆ' ਦਿੱਤਾ ਸੀ, ਜਿਸ ਦਾ ਭਾਵ ਸੀ 'ਮਜ਼ਬੂਤ ਸੰਘੀ ਢਾਂਚਾ' ਭਾਵ ਦੇਸ਼ ਦੇ ਸਮੂਹ ਰਾਜ, ਉਥੋਂ ਦੇ ਭਾਈਚਾਰੇ, ਮੂਲਵਾਸੀ ਤੇ ਘੱਟ ਗਿਣਤੀਆਂ ਆਪਣਾ ਸਭਿਆਚਾਰ, ਪਹਿਰਾਵੇ, ਖਾਣ-ਪੀਣ, ਬੋਲ-ਚਾਲ ਅਤੇ ਰਹਿਣ- ਸਹਿਣ ਦਾ ਪੂਰਨ ਆਨੰਦ ਮਾਣ ਸਕਣ। ਇਸ ਦਾ ਭਾਵ ਇਹ ਵੀ ਸੀ ਕਿ ਨਾ ਤਾਂ ਸੱਤਾ ਦਾ ਭਾਰੀ 'ਕੇਂਦਰੀਕਰਨ' ਹੋਵੇ ਅਤੇ ਨਾ ਹੀ ਰਾਜਨੀਤੀ ਦਾ 'ਧਰੁਵੀਕਰਨ'। ਸੰਘੀ ਢਾਂਚੇ 'ਚ ਕੇਂਦਰ ਆਪਣੇ ਸੂਬਿਆਂ ਦੀਆਂ ਸਰਕਾਰਾਂ ਨਾਲ ਧੱਕੇਸ਼ਾਹੀ ਨਾ ਕਰੇ ਅਤੇ ਕੇਂਦਰੀ ਸਰਕਾਰ ਸੁਆਰਥ ਲਈ, ਸਿਆਸੀ ਵਿਰੋਧੀਆਂ ਦਾ ਅੰਤ ਨਾ ਕਰੇ। ਗ਼ਦਰੀ ਬਾਬਿਆਂ ਦੀ ਇਸ ਸੋਚ ਨਾਲ ਅੱਜ ਜਿਵੇਂ ਖਿਲਵਾੜ ਹੋ ਰਿਹਾ ਹੈ, ਜਿਸ ਦੀਆਂ ਅਨੇਕਾਂ ਮਿਸਾਲਾਂ ਮੌਜੂਦਾ ਆਜ਼ਾਦ ਭਾਰਤ ਦੇ ਸੰਘੀ ਢਾਂਚੇ 'ਤੇ ਸੁਆਲ ਖੜੇ ਕਰਦੀਆਂ ਹਨ। ਸਿਆਸੀ ਵਿਰੋਧ ਕਾਰਨ ਵੱਖ-ਵੱਖ ਸੂਬੇ ਅਤੇ ਸਿਆਸੀ ਪਾਰਟੀਆਂ ਕੇਂਦਰੀ ਹਕੂਮਤ ਵੱਲੋਂ ਕੁਚਲੇ ਜਾ ਰਹੇ ਰਹੇ ਹਨ। ਮਨੀਪੁਰ ਦੀ ਸਥਿਤੀ ਇਸਦੀ ਮੂੰਹ ਬੋਲਦੀ ਤਸਵੀਰ ਹੈ, ਜਿੱਥੇ ਘੱਟ ਗਿਣਤੀ ਕੂਕੀ ਇਸਾਈ ਭਾਈਚਾਰੇ ਦੀਆਂ ਔਰਤਾਂ ਦੀ ਨਗਨ ਪਰੇਡ, ਸਮੂਹਿਕ ਬਲਾਤਕਾਰ ਅਤੇ ਪੀੜਤਾ ਦੇ ਪਿਤਾ ਅਤੇ ਭਰਾ ਦਾ ਸ਼ਰੇ- ਬਾਜ਼ਾਰ ਕਤਲ ਬਹੁਗਿਣਤੀਵਾਦ ਦੀ ਸਿਆਸੀ ਚਾਲ ਅਤੇ ਫਿਰਕੂਵਾਦ ਦਾ ਨਤੀਜਾ ਹੈ।
ਸੱਚ ਤਾਂ ਇਹ ਹੈ ਕਿ ਗ਼ਦਰੀ ਬਾਬਿਆਂ ਦੇ ਸੁਪਨਿਆਂ ਨਾਲ ਉਦੋਂ ਹੀ ਖਿਲਵਾੜ ਹੋ ਗਿਆ ਸੀ, ਜਦੋਂ 14-15 ਅਗਸਤ 1947 ਨੂੰ ਦੇਸ਼ ਪੰਜਾਬ ਦੇ ਦੋ ਟੁਕੜੇ ਹੋਏ ਸਨ। ਲੱਖਾਂ ਲੋਕ ਮਾਰੇ ਗਏ ਸਨ। ਪੰਜਾਬ ਦੋ ਹਿੱਸਿਆਂ 'ਚ ਵੰਡਣ ਦਰਦ ਪਾਕਿਸਤਾਨੀ ਪੰਜਾਬ ਦੇ ਕਵੀ ਉਸਤਾਦ 'ਦਾਮਨ' ਇਉਂ ਮਹਿਸੂਸ ਕਰਦੇ ਹਨ;
"ਇਸ ਮੁਲਕ ਦੀ ਵੰਡ ਕੋਲੋਂ ਯਾਰੋ,
ਖੋਏ ਤੁਸੀਂ ਵੀ ਓ, ਖੋਏ ਅਸੀਂ ਵੀ ਹਾਂ।
ਇਨ੍ਹਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ,
ਹੋਏ ਤੁਸੀਂ ਵੀ ਓ, ਹੋਏ ਅਸੀਂ ਵੀ ਆਂ।
ਜਿਉਂਦੀ ਜਾਨ ਈ ਮੌਤ ਦੇ ਮੂੰਹ ਅੰਦਰ,
ਢੋਏ ਤੁਸੀਂ ਵੀ ਓ, ਢੋਏ ਅਸੀਂ ਵੀ ਆਂ।
ਲਾਲੀ ਅੱਖੀਆਂ ਦੀ ਪਈ ਦਸਦੀ ਏ,
ਰੋਏ ਤੁਸੀਂ ਵੀ ਓ, ਰੋਏ ਅਸੀਂ ਵੀ ਆਂ।"
ਅੰਗਰੇਜ਼ਾਂ ਖ਼ਿਲਾਫ਼ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਪਾਉਣ, ਉਮਰ ਕੈਦ ਕੱਟਣ ਅਤੇ ਕਾਲੇ ਪਾਣੀਆਂ ਦਾ ਦਰਦ ਝੱਲਣ ਵਾਲੇ ਪੰਜਾਬੀਆਂ ਨੂੰ ਹੀ ਦੇਸ਼ ਦੀ ਵੰਡ ਦਾ ਦਰਦ, ਸਭ ਤੋਂ ਵੱਧ ਹੰਢਾਉਣਾ ਪਿਆ। ਇਕ ਅੰਦਾਜ਼ੇ ਅਨੁਸਾਰ ਫ਼ਿਰਕੂ ਨਫ਼ਰਤ ਦੇ ਭਾਂਬੜ ਬਾਲ ਕੇ, ਪੰਜਾਬ ਨੂੰ ਦੋ ਟੋਟਿਆਂ 'ਚ ਵੰਡੇ ਜਾਣ ਦੌਰਾਨ ਕਰੀਬ 2 ਮਿਲੀਅਨ ਪੰਜਾਬੀਆਂ ਦੇ ਕਤਲ ਹੋਏ।
ਸਦੀ ਦੇ ਮਹਾਂ-ਦੁਖਾਂਤ ਨੂੰ ਜਸ਼ਨ ਵਜੋਂ ਮਨਾਉਣਾ ਬੌਧਿਕ ਦੀਵਾਲੀਆਪਣ ਨਹੀਂ, ਤਾਂ ਹੋਰ ਕੀ ਹੈ ? ਅਜਿਹੇ ਦੁਖਾਂਤ 'ਤੇ ਮਾਤਮ ਮਨਾਉਣ ਦੀ ਲੋੜ ਹੈ, ਨਾ ਕਿ ਜਸ਼ਨ ਮਨਾਉਣ ਦੀ, ਜਿਵੇਂ ਕਿ ਮਹਾਨ ਸ਼ਾਇਰ ਡਾ ਹਰਭਜਨ ਸਿੰਘ ਇਹ ਦਰਦ ਬਿਆਨ ਕਰਦੇ ਸਨ;
"ਸੌਂ ਜਾ ਮੇਰੇ ਮਾਲਕਾ ਵੇ ਵਰਤਿਆ ਹਨੇਰ
ਵੇ ਕਾਲਖਾਂ 'ਚ ਤਾਰਿਆਂ ਦੀ ਡੁੱਬ ਗਈ ਸਵੇਰ।
ਹੈ ਖੂਹਾਂ ਵਿੱਚ ਆਦਮੀ ਦੀ ਜਾਗਦੀ ਸੜ੍ਹਾਂਦ
ਤੇ ਸੌਂ ਗਏ ਨੇ ਆਦਮੀ ਤੋਂ ਸੱਖਣੇ ਗਵਾਂਢ।
ਵੇ ਸੀਤ ਨੇ ਮੁਆਤੇ ਤੇ ਗਸ਼ ਹੈ ਜ਼ਮੀਨ,
ਵੇ ਸੀਨਿਆਂ ਵਿੱਚ ਸੁੰਨ ਦੋਵੇਂ ਖ਼ੂਨ ਤੇ ਸੰਗੀਨ।
ਵੇ ਜ਼ਿੰਦਗੀ ਬੇਹੋਸ਼ ਤੇ ਖ਼ਾਮੋਸ਼ ਕਾਇਨਾਤ
ਵਿਹਲਾ ਹੋ ਕੇ ਸੌਂ ਗਿਆ ਐ ਲੋਹਾ ਇਸਪਾਤ।
ਸੌਂ ਜਾ ਮੇਰੇ ਮਾਲਕਾ ਵੀਰਾਨ ਹੋਈ ਰਾਤ।"
'ਆਜ਼ਾਦੀ' ਅਜਿਹਾ ਸ਼ਬਦ ਹੈ, ਜੋ ਆਪਣੇ ਵਿਸ਼ਾਲ ਕਲਾਵੇ ਵਿੱਚ ਅਨੇਕਾਂ ਮਹੱਤਵਪੂਰਨ ਸੰਕਲਪਾਂ ਨੂੰ ਸਮੋਈ ਬੈਠਾ ਹੈ। ਬਹੁ ਪੱਖੀ ਤੇ ਬਹੁ-ਪਸਾਰੀ ਸ਼ਬਦ ਆਜ਼ਾਦੀ ਦਾ ਲਫ਼ਜ਼ੀ ਅਰਥ ਹੈ- 'ਸਰੀਰਕ, ਮਾਨਸਿਕ, ਸਮਾਜਿਕ, ਆਰਥਿਕ, ਰਾਜਨੀਤਕ ਅਤੇ ਸਭਿਆਚਾਰਕ ਪੱਖੋਂ ਕਿਸੇ ਵਿਅਕਤੀ, ਸਮਾਜ ਅਤੇ ਦੇਸ਼ ਦੀ ਪੂਰਨ ਸੁਤੰਤਰਤਾ, ਸੰਸਾਰ ਦੇ ਹਰ ਪ੍ਰਾਣੀ ਦਾ ਜਮਾਂਦਰੂ ਹੱਕ ਹੈ। ਜ਼ਿੰਦਗੀ ਵਾਸਤੇ ਆਜ਼ਾਦੀ ਉਨੀ ਹੀ ਲਾਜ਼ਮੀ ਹੈ, ਜਿੰਨੇ ਸਰੀਰ ਲਈ ਅੰਨ, ਪਾਣੀ ਅਤੇ ਹਵਾ ਆਦਿ। ਜਿਥੇ ਅਧਿਆਤਮਕ ਸ਼ੈਲੀ ਵਿੱਚ ਬਾਬਾ ਫ਼ਰੀਦ 'ਬਾਰਿ ਪਰਾਇਐ ਬੈਸਣਾ'' ਵਿੱਚ ਆਤਮਿਕ ਗੁਲਾਮੀ ਦੀ ਸਥਿਤੀ ਨਾਲੋਂ ਮੌਤ ਨੂੰ ਪਹਿਲ ਦਿੰਦੇ ਹਨ, ਉਥੇ ਵਿਸ਼ਵ ਦੇ ਪ੍ਰਸਿੱਧ ਫਿਲਾਸਫ਼ਰ ਪੈਟਕਿਰ ਹੈਨਰੀ ਦੇ ਸ਼ਬਦ ਹਨ ''ਜੇ ਤੁਸੀ ਮੈਨੂੰ ਆਜ਼ਾਦੀ ਨਹੀਂ ਦੇ ਸਕਦੇ, ਤਾਂ ਇਸ ਨਾਲੋਂ ਬਿਹਤਰ ਹੈ ਕਿ ਤੁਸੀ ਮੈਨੂੰ ਮੌਤ ਦੇ ਦਿਓ।'' ਦੁਨੀਆ ਦੇ ਹਰ ਮੁਲਕ ਵਿੱਚ ਹਰ ਕੌਮ ਵੱਲੋਂ, ਆਜ਼ਾਦੀ ਪ੍ਰਾਪਤੀ ਲਈ ਨਿਰੰਤਰ ਜਦੋ-ਜਹਿਦ ਹੁੰਦੀ ਰਹੀ ਹੈ ਅਤੇ ਤਦ ਤੱਕ ਜਾਰੀ ਰਹੀ ਹੈ, ਜਦ ਪੂਰਨ ਆਜ਼ਾਦੀ ਪ੍ਰਾਪਤ ਨਹੀਂ ਹੋਈ।
ਭਾਰਤ ਨੂੰ ਗੁਲਾਮੀ ਦੇ ਸ਼ਿਕੰਜੇ ਤੋਂ ਖਲਾਸੀ ਦਿਵਾਉਣ ਦੀ ਗੌਰਵਮਈ ਇਤਿਹਾਸਕ ਗਾਥਾ ਵਿੱਚ ਵੀ ਪੰਜਾਬੀਆਂ, 'ਖ਼ਾਸਕਰ ਸਿੱਖਾਂ' ਵੱਲੋਂ ਸਭ ਤੋਂ ਵੱਧ ਦਿੱਤੀਆਂ ਗਈਆਂ ਕੁਰਬਾਨੀਆਂ ਦੀ ਦਾਸਤਾਨ ਮੌਜੂਦ ਹੈ। ਮਹਾਨ ਸਿੱਖ ਸੂਰਵੀਰਾਂ ਦੀਆਂ ਸ਼ਹੀਦੀਆਂ ਦੇ ਸਿੱਟੇ ਵਜੋਂ ਹੀ ਕਦੇ ਨਾ ਅਸਤ ਹੋਣ ਵਾਲਾ 'ਬ੍ਰਿਟਿਸ਼ ਸਾਮਰਾਜ ਦਾ ਸੂਰਜ', ਸਦਾ ਲਈ ਛਿਪ ਗਿਆ ਸੀ। ਬਦਲੇ ਵਿੱਚ ਸਿੱਖਾਂ ਨੂੰ ਕੀ ਮਿਲਿਆ- 'ਗੁਲਾਮੀ'।ਧੱਕੇਸ਼ਾਹੀਆਂ ਅਤੇ ਜਬਰ ਤੋਂ ਤੰਗ ਆ ਕੇ ਸਿੱਖ ਆਪਣੇ ਆਜ਼ਾਦ ਦੇਸ਼ ਦੀ ਮੰਗ ਨਾ ਕਰਨ ਤਾਂ ਹੋਰ ਕੀ ਕਰਨ?
ਵਰਤਮਾਨ ਸਮੇਂ ਆਖਣ ਨੂੰ ਤਾਂ ਭਾਰਤ ਨੂੰ ਆਜ਼ਾਦੀ ਹੋਇਆ 76 ਵਰ੍ਹੇ ਬੀਤ ਚੁੱਕੇ ਹਨ, ਪਰ ਵਿਚਾਰਯੋਗ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਦੇਸਵਾਸੀਆਂ ਨੇ 'ਆਜ਼ਾਦੀ ਦਾ ਨਿੱਘ' ਮਾਣਿਆਂ ਵੀ ਹੈ ਕਿ ਨਹੀਂ? ਕੁਰਬਾਨੀਆਂ ਦੇ ਇਤਿਹਾਸ ਪੱਖੋਂ ਦੇਸ਼ ਲਈ 95 ਫੀਸਦੀ ਸ਼ਹਾਦਤਾਂ ਦੇਣ ਵਾਲੀ ਪੰਜਾਬੀਆਂ ਨੂੰ 5 ਫੀਸਦੀ ਆਜ਼ਾਦ ਵਾਯੂ-ਮੰਡਲ ਵੀ ਨਸੀਬ ਨਹੀਂ ਹੋਇਆ। ਬੀਤੀ ਪੌਣੀ ਸਦੀ ਦੌਰਾਨ ਪੰਜਾਬੀਆਂ, 'ਖ਼ਾਸਕਰ ਸਿੱਖਾਂ' ਨੇ ਆਪਣੇ ਪਿੰਡੇ 'ਤੇ ਜੋ ਦਰਦ ਹੰਢਾਇਆ, ਉਸ ਬਾਰੇ ਸੋਚਦਿਆਂ ਉਹ ਕਿਵੇਂ ਤਿਰੰਗੇ ਨੂੰ ਸਲਾਮੀ ਦੇ ਸਕਦੇ ਹਨ? ਸੱਚ ਤਾਂ ਇਹ ਹੈ:
ਨਸਲਕੁਸ਼ੀ ਜੋ ਕਰ ਰਹੇ, ਸੱਤਾ ਵਿਚ ਮਗ਼ਰੂਰ।
ਕਹਿਣ 'ਤਿਰੰਗਾ ਚਾੜ੍ਹਿਓ', ਸਾਨੂੰ ਨਾ ਮਨਜ਼ੂਰ ।
ਅੱਜ ਭਾਰਤ ਦੀ ਦਸ਼ਾ ਇਹ ਹੈ ਕਿ ਆਰਥਿਕ ਪੱਖੋਂ ਦੇਸ਼ ਦਾ 5 ਫੀਸਦੀ ਵਸ਼ਿਸ਼ਟ ਤੇ ਅਮੀਰ (ਅਡਾਨੀ, ਅੰਬਾਨੀ) ਵਰਗ 95 ਫੀਸਦੀ ਧਨ 'ਤੇ ਕਾਬਿਜ਼ ਹੋਇਆ ਬੈਠਾ ਹੈ, ਜਦ ਕਿ ਮੁਲਕ ਦੀ ਪਚਾਨਵੇਂ ਫੀਸਦੀ ਆਬਾਦੀ ਪੰਜ ਫੀਸਦੀ ਸਰੋਤਾਂ 'ਤੇ ਜ਼ਿੰਦਗੀ ਬਸਰ ਕਰ ਰਹੀ ਹੈ। ਕੁੱਲੀ, ਗੁੱਲੀ ਤੇ ਜੁੱਲੀ ਲਈ ਤਰਸਦੇ ਗਰੀਬੀ ਦਾ ਸ਼ਿਕਾਰ ਲੋਕਾਂ ਨੂੰ ਦੋ ਵਕਤ ਦੀ ਰੋਟੀ ਨਸੀਬ ਨਹੀਂ ਹੁੰਦੀ ਤੇ ਮਾਸੂਮ ਬੱਚੇ ਭੁੱਖੇ ਪੇਟ ਰੋਂਦਿਆਂ ਸੌਂ ਜਾਂਦੇ ਹਨ, ਅਜਿਹੇ ਦੁਖਿਆਰਿਆਂ ਲਈ ਆਜ਼ਾਦੀ ਕੋਈ ਅਰਥ ਨਹੀਂ ਰੱਖਦੀ। ਸੱਚ ਤਾਂ ਇਹ ਹੈ ਕਿ ਬਹੁਤੇ ਦੇਸ਼-ਵਾਸੀਆਂ ਨੂੰ ਤਾਂ ਇਲਮ ਹੀ ਨਹੀਂ ਕਿ ਆਜ਼ਾਦੀ ਕਿਸ ਸ਼ੈਅ ਦਾ ਨਾਂ ਹੈ, ਬਲਕਿ ਹੈਰਾਨੀ ਭਰੇ ਲਹਿਜੇ 'ਚ ਉਹ ਕਵੀ ਗੁਰਦਾਸ ਰਾਮ 'ਆਲਮ' ਵਾਂਗ ਇਉਂ ਸੁਆਲ-ਜੁਆਬ ਕਰਦੇ ਹਨ
''ਕਿਉਂ ਬਈ ਨਿਹਾਲਿਆ! ਆਜ਼ਾਦੀ ਨਹੀਂ ਵੇਖੀ?
ਨਾ ਬਈ ਭਰਾਵਾ, ਨਾ ਖਾਧੀ ਨਾ ਵੇਖੀ।
ਆਈ ਨੂੰ ਭਾਵੇਂ ਕਈ ਸਾਲ ਬੀਤੇ,
ਪਰ ਅਸੀਂ ਤਾਂ ਅਜੇ ਤੱਕ ਦਰਸ਼ਨ ਨਹੀਂ ਕੀਤੇ।
ਅਖ਼ਬਾਰਾਂ 'ਚੋਂ ਪੜ੍ਹਿਆ ਜਰਵਾਣੀ ਜਿਹੀ ਏ,
ਕੋਈ ਸੋਹਣੀ ਨਹੀਂ, ਐਵੇਂ 'ਕਾਣੀ ' ਜਿਹੀ ਏ।''
1947 ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਦੀ ਫਿਰਕੂ ਵੰਡ ਦੌਰਾਨ ਲੱਖਾਂ ਬੇਗੁਨਾਹ ਮਾਰੇ ਗਏ, ਪਰ 'ਆਜ਼ਾਦੀ' ਮਗਰੋਂ ਦੇਸ਼ ਦੀ ਫਿਰਕੂ ਰਾਜਨੀਤੀ ਦੇ ਸਿੱਟੇ ਵਜੋਂ ਇਹ ਫਸਾਦ ਘਟੇ ਨਹੀਂ, ਲਗਾਤਾਰ ਵੱਧਦੇ ਰਹੇ ਹਨ। ਦੇਸ਼ ਵਿੱਚ ਜੂਨ1984 ਵਿੱਚ ਦੁਖਾਂਤ ਤੇ ਮਗਰੋਂ ਬਾਬਰੀ ਮਸਜਿਦ ਦੁਖਾਂਤ ਅਜਿਹੀਆ ਫਿਰਕੂ ਅਤੇ ਦਰਦਨਾਕ ਘਟਨਾਵਾਂ ਹਨ, ਜੋ ਭਾਰਤ ਦੇ ਇਤਿਹਾਸ ਵਿੱਚ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਦੁਖਾਂਤ ਵਜੋਂ ਜਾਣੀਆਂ ਜਾਂਦੀਆਂ ਰਹਿਣਗੀਆਂ। ਸੱਤਾ ਦੇ ਧਰੁਵੀਕਰਨ ਦੀ ਕੋਹਝੀ ਤਸਵੀਰ ਦੇਖਣੀ ਹੋਵੇ, ਤਾਂ ਨਵੰਬਰ 1984 ਵਿੱਚ 'ਸਿੱਖ ਨਸਲਕੁਸ਼ੀ' ਦੇ ਦੁਖਾਂਤ ਹੋ ਸਪੱਸ਼ਟ ਹੋ ਜਾਂਦੀ ਹੈ। ਆਜ਼ਾਦ ਭਾਰਤ 'ਚ ਸਰਕਾਰੀ-ਤੰਤਰ ਦੀ ਆੜ 'ਚ ਹਜ਼ਾਰਾਂ ਸਿੱਖਾਂ ਦਾ ਕਤਲ ਹੋਇਆ, ਪਰ ਜਵਾਬ 'ਚ ਬਹੁਗਿਣਤੀ ਵੱਲੋਂ ਉਸ ਸਮੇਂ ਦੀ 'ਕਾਂਗਰਸ' ਨੂੰ ਸਭ ਤੋਂ ਵੱਡਾ ਬਹੁਮਤ ਹਾਸਿਲ ਹੋਇਆ। ਇਸ ਵਰਤਾਰੇ ਨੂੰ ਦੁਹਰਾਉਂਦੇ ਹੋਏ, ਸੰਨ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਹੋਇਆ, ਉਸ ਮਗਰੋਂ 'ਭਾਰਤੀ ਜਨਤਾ ਪਾਰਟੀ' ਨੂੰ ਬਹੁ-ਗਿਣਤੀ ਵੱਲੋਂ ਭਾਰੀ ਬਹੁਮਤ ਨਾਲ ਨਿਵਾਜਿਆ ਗਿਆ। ਅੱਜ ਦੇ ਸਮੇਂ ਮਨੀਪੁਰ ਵਿੱਚ ਵਾਪਰਿਆ ਦੁਖਾਂਤ ਵੀ 2024 ਦੀਆਂ ਚੋਣਾਂ ਵਿਚ ਮੁਸਲਿਮ ਬਨਾਮ ਹਿੰਦੂ ਪੱਤਾ ਖੇਡਣ ਦੀ ਸਾਜਿਸ਼ ਕਹੀ ਜਾ ਸਕਦੀ ਹੈ। ਹਿੰਦੂਤਵ ਦੇ ਏਜੰਡੇ ਅਧੀਨ 'ਹਿੰਦੀ, ਹਿੰਦੂ ਅਤੇ ਹਿੰਦੁਸਤਾਨ' ਦਾ ਢੰਡੋਰਾ ਪਿਟਦੇ ਦੇਸ਼ ਦੇ ਹਾਕਮ ਘੱਟ ਗਿਣਤੀਆਂ ਤੇ ਅੱਤਿਆਚਾਰ, ਧਾਰਾ 370 ਦਾ ਖਾਤਮਾ, ਸੀ.ਏ.ਏ. ਵਰਗੇ ਐਕਟਾਂ ਰਾਹੀਂ ਵੋਟਾਂ ਦੇ ਧਰੁਵੀਕਰਨ ਲਈ ਜ਼ਮੀਨ ਤਿਆਰ ਕਰ ਰਹੇ ਹਨ, ਜੋ ਕਿ ਦੇਸ਼ ਨੂੰ 'ਟੁਕੜੇ-ਟੁਕੜੇ' ਕਰਨ ਲਈ ਜ਼ਿੰਮੇਵਾਰ ਸਾਬਿਤ ਹੋਣਗੇ।
''ਬਸ ਏਕ ਹੀ ਉੱਲੂ ਕਾਫ਼ੀ ਥਾ,
ਬਰਬਾਦ ਗੁਲਸਿਤਾਂ ਕਰਨੇ ਕੋ
ਹਰ ਸ਼ਾਖ਼ ਪੇ ਉਲੂ ਬੈਠਾ ਹੈ,
ਅੰਜਾਮ -ਏ-ਗੁਲਸਿਤਾਂ ਕਿਆ ਹੋਗਾ?''
ਸ਼ਾਇਰ ਸ਼ੋਕ ਬਹਿਰਾਇਚੀ ਦਾ ਇਹ ਮਸ਼ਹੂਰ ਸ਼ੇਅਰ 'ਆਜ਼ਾਦੀ ਦੇ 76 ਸਾਲ' ਗੁਜ਼ਰ ਜਾਣ ਮਗਰੋਂ ਨਜ਼ਰ ਆ ਰਹੇ ਹਾਲਾਤ 'ਤੇ ਪੂਰਾ ਢੁਕਦਾ ਹੈ। ਦੇਸ਼ ਵਿੱਚ ਸਿਆਸਤਦਾਨਾਂ ਵੱਲੋਂ ਮਾਨਵਵਾਦ ਉਤੇ ਫਿਰਕੂਵਾਦ ਅਤੇ ਲੋਕਤੰਤਰ ਉਤੇ ਫਾਸ਼ੀਵਾਦ ਦੀ ਜਿੱਤ ਦਾ ਨੰਗਾ-ਚਿੱਟਾ ਪ੍ਰਚਾਰ ਕੀਤਾ ਜਾ ਰਿਹਾ ਹੈ। ਢਾਂਚਾਗਤ ਨਸਲਵਾਦ ਦਾ ਬੋਲਬਾਲਾ ਸਿਖ਼ਰਾਂ ਨੂੰ ਛੂਹ ਰਿਹਾ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਸਰਕਾਰ ਦੀ ਅਲੋਚਨਾ ਕਰਨਾ ਸਭ ਤੋਂ ਵੱਡਾ ਜੁਰਮ ਹੈ। ਸੰਵਿਧਾਨ ਵਿਚਲੇ 'ਸੈਕੁਲਰਿਜ਼ਮ' ਭਾਵ ਧਰਮ ਨਿਰਪੱਖਤਾ ਦੇ ਸ਼ਬਦ ਚਾਹੇ ਲਿਖਤੀ ਰੂਪ 'ਚ ਅਜੇ ਹਟਾਏ ਨਹੀਂ ਗਏ, ਪਰ ਸੱਤਾ ਤੇ ਸਥਾਪਤੀ ਨੇ ਆਪਣੇ ਵਿਹਾਰ ਤੇ ਕਿਰਦਾਰ ਵਿਚੋਂ ਇਹ ਕਦੋਂ ਦੇ ਖਤਮ ਕਰ ਦਿੱਤੇ ਹਨ। ਜਦੋਂ 'ਵਾੜ ਹੀ ਖੇਤ ਨੂੰ ਖਾਣ' ਲੱਗ ਪਵੇ ਅਤੇ ਰੱਖਿਅਕ ਹੀ ਭੱਖਿਅਕ ਬਣ ਜਾਣ , ਤਾਂ ਪੀੜਤ ਦੇ ਬਚ ਸਕਣ ਦੀ ਆਸ ਮੁੱਕ ਜਾਂਦੀ ਹੈ। ਬਹੁ-ਸੰਖਿਆਵਾਦ ਦੀ ਦਹਿਸ਼ਤਗਰਦੀ ਹੋਰਨਾਂ ਕੌਮਾਂ ਦੀ ਜ਼ੁਬਾਨ ਅਤੇ ਪਛਾਣ ਨੂੰ ਆਪਣੇ ਵਿੱਚ ਜਜ਼ਬ ਕਰਨ ਜਾਂ ਮੂਲੋਂ ਹੀ ਮਿਟਾਉਣ 'ਤੇ ਤੁਲੀ ਹੋਈ ਹੈ। ਦੇਸ਼ ਦੇ ਸੈਂਕੜੇ ਬੁੱਧੀਜੀਵੀ ਯੁ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਅਧੀਨ ਜੇਲ੍ਹਾਂ 'ਚ ਡੱਕੇ ਹੋਏ ਹਨ। ਸਿੱਖ ਕੈਦੀ ਉਮਰ ਕੈਦਾਂ ਕੱਟਣ ਮਗਰੋਂ ਵੀ ਜੇਲ੍ਹਾਂ 'ਚ ਧੱਕੇ ਨਾਲ ਬੰਦ ਹਨ, ਜਿਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ।
ਚਿੰਤਕ ਜੇਲ੍ਹੀਂ ਬੰਦ ਨੇ, ਬੋਲਣ ਦਾ ਵੀ ਦੋਸ਼।
ਜਨਤਾ ਕੀਤੀ ਹਾਕਮਾਂ, ਸਿਵਿਆਂ ਵਾਂਗ ਖ਼ਾਮੋਸ਼।
1975 ਵਿੱਚ ਭਾਰਤ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾ ਕੇ ਲੋਕਰਾਜੀ ਤਾਕਤਾਂ ਨਸ਼ਟ ਕਰਨਾ ਅਜਿਹੀ ਮੰਦਭਾਗੀ ਕਾਰਵਾਈ ਸੀ, ਜਿਸਨੇ ਆਜ਼ਾਦੀ ਦਾ ਸਿਧਾਂਤ ਹੀ ਬਰਬਾਦ ਕਰ ਦਿੱਤਾ। ਅੱਜ ਵੀ ਦੇਸ਼ 'ਚ ਵੱਖ-ਵੱਖ ਸੂਬਿਆਂ ਅੰਦਰ ਕੇਂਦਰ ਦੇ ਨੁਮਾਇੰਦੇ ਰਾਜਪਾਲਾਂ ਰਾਹੀ, ਸਰਕਾਰਾਂ ਤੋੜਨ ਅਤੇ ਸਿਆਸੀ ਖਰੀਦੋ-ਫ਼ਰੋਖ਼ਤ ਦਾ ਧੰਦਾ ਜ਼ੋਰਾ ਤੇ ਚਲ ਰਿਹਾ ਹੈ। ਅੱਜ ਦੀ 'ਅਣ-ਐਲਾਨੀ ਐਮਰਜੈਂਸੀ' ਹੋਰ ਵੀ ਵਧੇਰੇ ਖ਼ਤਰਨਾਕ ਹੈ। ਐਮਰਜੈਂਸੀ ਵੇਲੇ ਇੰਦਰਾ ਗਾਂਧੀ ਬਾਰੇ ਪ੍ਰਸਿੱਧ ਸ਼ਾਇਰ ਡਾ ਦੁਸ਼ਯੰਤ ਕੁਮਾਰ ਤਿਆਗੀ ਨੇ ਜੋ ਲਿਖਿਆ ਸੀ, ਅੱਜ ਉਹ ਮੋਦੀ ਸਰਕਾਰ 'ਤੇ ਵੀ ਪੂਰਾ ਢੁੱਕਦਾ ਹੈ;
"ਏਕ 'ਗੁੜੀਆ' ਕੀ ਕਈ ਕਠਪੁਤਲੀਓਂ ਮੇਂ ਜਾਨ ਹੈ।
ਆਜ ਸ਼ਾਇਰ ਯੇਹ ਤਮਾਸ਼ਾ ਦੇਖ ਕੇ ਹੈਰਾਨ ਹੈ।
ਮਸਲ ਹਤ ਆਮੇਜ਼ ਹੋਤੇ ਹੈ ਸਿਆਸਤ ਕੇ ਕਦਮ
ਤੂ ਨਾ ਸਮਝੇਗਾ ਅਭੀ ਤੂ ਅਭੀ ਇਨਸਾਨ ਹੈ।
ਕੱਲ੍ਹ ਨੁਮਾਇਸ਼ ਮੇਂ ਮਿਲਾ ਵੋਹ ਚੀਥੜੇ ਪਹਿਨੇ ਹੋਏ
ਮੈਨੇ ਪੂਛਾ ਨਾਮ ਬੋਲਾ 'ਹਿੰਦੋਸਤਾਨ' ਹੈ।"
ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੂੰ, ਇਕ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੁੱਛਿਆ ਇਹ ਸਵਾਲ ਕਿ ਬਾਬਾ ਜੀ , ਤੁਹਾਡੀ ਕਮਰ ਝੁਕ ਗਈ ਹੈ, ਦੇ ਜਵਾਬ 'ਚ ਬਾਬਾ ਭਕਨਾ ਨੇ ਕਿਹਾ ਸੀ ਕਿ ਅੰਗਰੇਜ਼ ਤਾਂ ਉਨ੍ਹਾਂ ਦੀ ਪਿੱਠ 'ਚ ਕੁੱਬ ਨਾ ਪਾ ਸਕੇ, ਪਰ ਆਜ਼ਾਦ ਦੇਸ਼ ਦੀ ਆਪਣੀ ਸਰਕਾਰ ਨੇ ਜ਼ਰੂਰ ਪਾ ਦਿੱਤਾ । ਅੱਜ 76 ਵਰ੍ਹੇ ਬੀਤਣ ਮਗਰੋਂ ਜੇਲ੍ਹਾਂ ਅੰਦਰ ਤਾੜੇ ਬੁੱਧੀਜੀਵੀ, ਅਪਾਹਜ ਵਿਅਕਤੀ ਅਤੇ ਸਿਆਸੀ ਆਲੋਚਕ ਵੀ ਬਾਬਾ ਭਕਨਾ ਵਾਂਗ ਹੀ ਮਹਿਸੂਸ ਕਰ ਰਹੇ ਹਨ। 'ਸ਼ੇਰਾਂ ਦੀ ਮਾਰਾਂ ਤੇ ਗਿੱਦੜਾਂ ਦੀਆਂ ਕਲੋਲਾਂ' ਵਾਂਗ ਜਿਹੜੇ ਕੋੜਮੇ ਨੇ ਆਜ਼ਾਦੀ 'ਚ ਹਿੱਸਾ ਪਾਉਣ ਦੀ ਥਾਂ, ਅੰਗਰੇਜ਼ਪ੍ਰਸਤੀ ਕੀਤੀ, ਅੱਜ ਉਹ ਆਜ਼ਾਦੀ ਦੇ ਪ੍ਰਵਾਨਿਆਂ ਤੋਂ 'ਦੇਸ਼ ਪਿਆਰ' ਦੇ ਪ੍ਰਮਾਣ ਮੰਗ ਰਹੇ ਹਨ। ਦੇਸ਼ ਅੰਦਰ ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ, ਸਿਆਸਤ ਦਾ ਅਪਰਾਧੀਕਰਨ, ਭ੍ਰਿਸ਼ਟਾਚਾਰ, ਜਬਰ- ਜਿਨਾਹ ਅਤੇ ਥਾਂ-ਥਾਂ ਮਨੁੱਖੀ ਕਤਲੇਆਮ ਹੋ ਰਹੇ ਹਨ। ਅਜਿਹੀ ਹਾਲਤ 'ਚ ਹਰ ਬਸ਼ਰ ਦੇ ਜ਼ਿਹਨ 'ਚ ਅਲਾਮਾ ਇਕਬਾਲ ਦਾ ਇਹ ਸ਼ੇਅਰ ਚੋਟਾਂ ਮਾਰ ਰਿਹਾ ਹੈ,
''ਮੁੱਦੇ 'ਤੇ ਗੁਜ਼ਰੀ ਹੈ ਇਤਨੀ
ਰੰਜੋਗ਼ਮ ਸਹਿਤੇ ਹੂਏ।
ਸ਼ਰਮ ਸੀ ਆਤੀ ਹੈ
ਇਸ ਵਤਨ ਕੋ ਵਤਨ ਕਹਿਤੇ ਹੂਏ।''
ਇਹ ਉਹੀ ਪੀੜਾ ਹੈ, ਜਿਹੜੀ ਲੋਕਾਂ ਅੰਦਰ ਫਿਰਕੂ ਸਾਂਝ ਨੂੰ ਤੋੜਨ ਅਤੇ ਤਨਾਓ ਵਧਾਓਣ ਦੀ ਹਾਲਤ 'ਚ, ਨਾਸੂਰ ਬਣਦੀ ਹੈ। ਦਰਅਸਲ ਇਹ 'ਆਜ਼ਾਦੀ ਦਾ ਮਹਾਂਉਤਸਵ' ਨਹੀਂ, ਸਗੋਂ 'ਦੇਸ਼ ਨੂੰ ਹਿੰਦੂ ਰਾਸ਼ਟਰ' ਬਣਾਉਣ ਦਾ ਆਖ਼ਰੀ ਪੜਾਅ ਹੈ, ਜਿਸ ਵਿੱਚ ਵੰਨ-ਸੁਵੰਨਤਾ ਨੂੰ ਮਲੀਆਮੇਟ ਕਰਨ ਲਈ 'ਇਕ ਦੇਸ਼ ਇਕ ਭਾਸ਼ਾ' ਵਰਗੇ ਨਾਅਰੇ ਦਿੱਤੇ ਜਾ ਰਹੇ ਹਨ। ਫਿਰਕੂ ਪੱਧਰ 'ਤੇ ਭਾਈਚਾਰਿਆਂ ਨੂੰ ਵੰਡਣ ਵਾਲੇ ਕਾਨੂੰਨ ਅਤੇ ਕਈ ਹੋਰ ਘੁਣਤਰਾਂ ਹੋ ਰਹੀਆਂ ਹਨ। ਦੇਸ਼ ਦੇ ਕੱਟੜ ਫ਼ਿਰਕੂ ਸ਼ਾਸਕ ਜੋ ਤਬਾਹੀ ਕਰ ਰਹੇ ਹਨ, ਉਹ ਵੇਖਦਿਆਂ ਪ੍ਰੋ. ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਹਨ ਕਿ ਕਿਸ ਤਰ੍ਹਾਂ ਵਤਨ ਵੀਰਾਨ ਹੋ ਗਿਆ ਤੇ ਰਾਖਾ ਸ਼ੈਤਾਨ ਬਣ ਗਿਆ ਹੈ ;
"ਆ ਬਾਬਾ ਤੇਰਾ ਵਤਨ ਹੈ ਵੀਰਾਨ ਹੋ ਗਿਆ,
ਰੱਬ ਦੇ ਘਰਾਂ ਦਾ ਰਾਖਾ ਮੁੜ ਸ਼ੈਤਾਨ ਹੋ ਗਿਆ
'ਕਲਯੁੱਗ ਹੈ ਰੱਥ ਅਗਨ ਦਾ', ਤੂੰ ਆਪ ਆਖਿਆ,
ਮੁੜ ਕੂੜ ਓਸ ਰੱਥ ਦਾ, ਰਥਵਾਨ ਹੋ ਗਿਆ ।
ਉਹ ਝੁਲੀਆਂ ਤੇਰੇ ਦੇਸ਼ ਤੇ ਮਾਰੂ ਹਨੇਰੀਆਂ,
ਉਡ ਕੇ ਅਸਾਡਾ ਆਹਲਣਾ ਕੱਖ ਕਾਨ ਹੋ ਗਿਆ
ਇਕ ਪਾਸੇ ਪਾਕ, ਪਾਕੀ, ਪਾਕਿਸਤਾਨ ਹੋ ਗਿਆ,
ਇਕ ਪਾਸੇ ਹਿੰਦੂ, ਹਿੰਦੀ, ਹਿੰਦੁਸਤਾਨ ਹੋ ਗਿਆ।"
ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ
ਐਬਟਸਫੋਰਡ ਬੀ ਸੀ ਕੈਨੇਡਾ