ਸਾਵਧਾਨ ਇੱਕ ਹੋਰ ਨਵੀਂ ਖਤਰਨਾਕ ਜਾਤ ਪੈਦਾ ਹੋ ਚੁੱਕੀ ਹੈ । - ਹਰਲਾਜ ਸਿੰਘ ਬਹਾਦਰਪੁਰ,

ਅਸੀਂ ਤਾਂ ਪਹਿਲਾਂ ਵੱਖਰੀ ਵੱਖਰੀ ਕਿਸਮ (ਦੇਸਾਂ,ਪ੍ਰਾਂਤਾਂ,ਜਾਤਾਂ,ਵਰਣਾ,ਧਰਮਾਂ) ਦੀਆਂ ਵੰਡੀਆਂ ਦਾ ਸੰਤਾਪ ਹੰਢਾ ਰਹੇ ਸੀ, ਇਸ ਦਾ ਪਤਾ ਹੀ ਨਹੀਂ ਲੱਗਿਆ ਕਿ ਸਾਡੇ ਵਿੱਚ ਇੱਕ ਹੋਰ ਨਵੀਂ ਜਾਤ ਦੀ ਵੰਡੀ ਵੀ ਪੈ ਚੁੱਕੀ ਹੈ। ਇਹ ਨਵੀਂ ਜਾਤ ਹਰੇਕ ਪੁਰਾਣੀ ਜਾਤ,ਵਰਣ,ਧਰਮ ਵਿੱਚੋਂ ਨਿਕਲ ਕੇ ਵੱਖ ਹੋ ਰਹੀ ਹੈ, ਇਹ ਨਵੀਂ ਜਾਤ ਵੀ ਪਹਿਲੀਆਂ ਜਾਤਾਂ ਨਾਲੋਂ ਆਪਣੇ ਆਪ ਨੂੰ ਉਤਮ ਸਮਝਦੀ ਹੈ। ਆਪਣੇ ਆਪ ਨੂੰ ਉਤਮ (ਵੱਖਰੇ) ਅਤੇ ਦੂਜਿਆਂ ਨੂੰ ਨੀਚ ਸਮਝਣਾ ਹੀ ਮਨੁੱਖਤਾ ਵਿੱਚ ਵੰਡੀ ਪਾਉਣਾ ਹੁੰਦਾ ਹੈ। ਅਸਲ ਵਿੱਚ ਇਹੀ ਸੋਚ ਵੱਖਵਾਦੀ ਹੁੰਦੀ ਹੈ। ਜੇ ਕੋਈ ਦੇਸ਼,ਪ੍ਰਾਂਤ,ਧਰਮ ਦੇ ਨਾਮ ਵੱਖ ਹੋਣ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਵੱਖਵਾਦੀ/ਅੱਤਵਾਦੀ, ਸਮਾਜ ਦੇ ਦੁਸਮਣ ਆਦਿ ਨਾਮ ਦਿੱਤਾ ਜਾਂਦਾ ਹੈ, ਸਰਕਾਰਾਂ ਅਜਿਹੇ ਲੋਕਾਂ ਨੂੰ ਸਖਤੀ ਨਾਲ ਦਬਾਉਂਣ ਲਈ ਸ਼ਰੇਆਮ ਕਤਲ ਵੀ ਕਰ ਦਿੰਦੀਆਂ ਹਨ, ਕਿਸੇ ਨੂੰ ਨੀਵਾਂ ਦਰਸਾਉਣ ਲਈ ਬੋਲੇ ਜਾਂਦੇ ਜਾਤੀ ਸੂਚਕ ਸਬਦ ਬੋਲਣ ਤੇ ਵੀ ਸਰਕਾਰ ਵੱਲੋਂ ਮਨਾਹੀ ਹੈ (ਉਂਝ ਭਾਂਵੇਂ ਸਰਕਾਰ ਜਾਤੀ ਵੰਡੀਆਂ ਨੂੰ ਪੱਕੀਆਂ ਕਰਨ ਲਈ ਜੋਰ ਵੀ ਲਗਾ ਰਹੀ ਹੈ), ਪਰ ਇਹ ਨਵੀਂ ਜਾਤ ਸ਼ਰੇਆਮ ਇੱਕ ਹੋਰ ਵੱਖਰੀ ਲਕੀਰ ਖਿੱਚ ਰਹੀ ਹੈ, ਇਸ ਪਾਸੇ ਨਾ ਸਰਕਾਰ ਦਾ ਧਿਆਨ ਹੈ ਨਾ ਹੀ ਸਾਡੇ ਆਮ ਸਮਾਜ ਦਾ, ਬੇਸ਼ੱਕ ਇਹ ਨਵੀਂ ਜਾਤ (ਸੋਚ) ਸਾਡੇ ਆਮ ਸਮਾਜ ਦੇ ਆਪਣੇ ਘਰਾਂ ਵਿੱਚ ਹੀ ਪੈਦਾ ਹੋ ਰਹੀ, ਜਿਸ ਨੂੰ ਅੱਜ ਸਤਿਕਾਰ ਦੇ ਰੂਪ ਵਿੱਚ ਵੇਖਿਆ ਜਾ ਰਿਹਾ ਹੈ, ਪਰ ਇਹ ਬਹੁਤ ਖਤਰਨਾਕ ਹੈ, ਜੇ ਇਸ ਨੂੰ ਨਵਾਂ ਅੱਤਵਾਦ ਵੀ ਕਹਿ ਦੇਈਏ ਤਾਂ ਵੀ ਕੋਈ ਅੱਤ ਕੱਥਨੀ ਨਹੀਂ ਹੋਵੇਗੀ। ਇਸ ਦੇ ਨਤੀਜੇ ਸਾਮਣੇ ਆ ਚੁੱਕੇ ਹਨ, ਸਾਡਾ ਆਮ ਸਮਾਜ ਇਸ ਨਵੀਂ ਜਾਤ ਤੋਂ ਪੀੜਤ ਵੀ ਹੈ। ਇਹ ਨਵੀਂ ਜਾਤ ਵਾਲੇ ਆਪਣੇ ਜਾਤ ਭਾਈਆਂ ਦੇ ਕੰਮ ਤਾਂ ਪਹਿਲ ਦੇ ਅਧਾਰ ਤੇ ਖੁਸ਼ ਹੋ ਕੇ ਕਰਦੇ ਹਨ ਪਰ ਆਮ ਲੋਕਾਂ ਦੇ ਕੰਮ ਤਰਸ ਦੇ ਅਧਾਰ ਤੇ ਵੱਢੀ ਰੂਹ ਨਾਲ ਵੀ ਨਹੀਂ ਕਰਦੇ, ਭਾਵ ਕਿ ਇਹ ਜਾਤ, ਆਪਣੇ ਜਾਤ ਭਾਈਆਂ ਨੂੰ ਛੱਡ ਕੇ ਹੋਰ ਕਿਸੇ ਨੂੰ ਵੀ ਨਹੀਂ ਬਖਸ਼ਦੀ, ਬਖਸ਼ਣਾ ਤਾਂ ਦੂਰ ਦੀ ਗੱਲ ਹੈ ਇਹ ਆਮ ਇੰਨਸਾਨਾਂ ਜਾਂ ਅਣਪੜਾਂ ਨੂੰ ਤਾਂ ਬੰਦੇ ਹੀ ਨਹੀਂ ਸਮਝਦੀ। ਇਸ ਜਾਤ ਲਈ ਆਪਣੇ ਮਾਂ-ਬਾਪ, ਭੈਣ-ਭਾਈ ਜਾਂ ਹੋਰ ਰਿਸਤੇਦਾਰੀਆਂ ਵੀ ਕੋਈ ਮਾਇਨੇ ਨਹੀਂ ਰੱਖਦੀਆਂ, ਇਹਨਾ ਨੂੰ ਆਪਣੇ ਪ੍ਰੀਵਾਰਾਂ ਵਿੱਚੋਂ ਵੀ ਮੁਸ਼ਕ ਆਉਣ ਲੱਗ ਗਈ ਹੈ, ਇਸ ਲਈ ਇਹਨਾ ਨੇ ਆਪਣੀਆਂ ਕਲੌਨੀਆਂ ਵੀ ਵੱਖਰੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ, ਆਪਣੀ ਕਲੌਨੀ ਵਿੱਚ ਇਹ ਆਪਣੀ ਜਾਤ ਤੋਂ ਬਾਹਰ ਦੇ ਬੰਦੇ ਨੂੰ ਮਕਾਨ ਵੀ ਨਹੀਂ ਬਣਾਉਣ ਦਿੰਦੇ। ਇਸ ਨਵੀਂ ਬਣੀ ਜਾਤ ਦੇ ਲੋਕ ਰਿਸਤਾ ਵੀ ਆਪਣੀ ਨਵੀਂ ਜਾਤ ਦੇ ਦਾ ਹੀ ਲੈਂਦੇ ਹਨ, ਉਂਝ ਪੁਰਾਣੀ ਜਾਤ ਉਸ ਦੀ ਭਾਵੇਂ ਕੋਈ ਵੀ ਕਿਉਂ ਨਾ ਹੋਵੇ। ਪੁਰਾਣੀ ਪਿਤਾ ਪੁਰਖੀ ਜਾਤ ਨੂੰ ਭਾਵੇਂ ਇਹ ਕੁੱਝ ਨਹੀਂ ਸਮਝਦੇ (ਜੋ ਚੰਗੀ ਗੱਲ ਵੀ ਹੈ) ਪਰ ਆਪਣੀ ਜਾਤ ਨੂੰ ਹੀ ਇਹ ਸੱਭ ਕੁੱਝ ਸਮਝਦੇ ਹਨ, ਜੋ ਬਹੁਤ ਖਤਰਨਾਕ ਵੀ ਹੈ। ਹੁਣ ਮੈਂ ਤੁਹਾਨੂੰ ਇਸ ਨਵੀਂ ਜਾਤ ਦਾ ਨਾਮ ਵੀ ਸਪੱਸਟ ਕਰ ਹੀ ਦਿੰਦਾ ਹਾਂ, ਹੋ ਸਕਦੈ ਤੁਹਾਨੂੰ ਇਹ ਗੱਲ ਸਾਇਦ ਠੀਕ ਨਾ ਲੱਗੇ, ਇਹ ਜਰੂਰੀ ਵੀ ਨਹੀਂ ਹੁੰਦਾ ਕਿ ਹਰੇਕ ਦੀ ਗੱਲ ਹਰ ਕਿਸੇ ਨੂੰ ਠੀਕ ਲੱਗੇ, ਕਿਉਂਕਿ ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ, ਨਾਲੇ ਠੀਕ ਗਲਤ ਦਾ ਪਤਾ ਤਾਂ ਸਾਨੂੰ ਦਹਾਕਿਆਂ ਬਾਅਦ ਲੱਗਦਾ ਹੁੰਦਾ ਹੈ ਇਹੀ ਸਾਡੀ ਸਮੱਸਿਆ ਰਹੀ ਹੈ। ਲਉ ਸੁਣ ਲਓ ਇਸ ਨਵੀਂ ਜਾਤ ਦਾ ਨਾਮ, ਇਸ ਦਾ ਨਾਮ ਹੈ ਸਰਕਾਰੀ ਮੁਲਾਜਮ । ਇਸ ਸਰਕਾਰੀ ਮੁਲਾਜਮ ਜਾਤ ਨੇ ਆਮ ਲੋਕਾਂ ਨੂੰ ਤਾਂ ਕੀ ਇਹਨਾਂ ਨੇ ਤਾਂ ਸਰਕਾਰਾਂ ਨੂੰ ਵੀ ਅੱਗੇ ਲਾਇਆ ਹੋਇਆ ਹੈ। ਇਹ ਆਪਣੀ ਨਿੱਕੀ ਜਿਹੀ ਸਮੱਸਿਆ (ਜੋ ਅਸਲ ਵਿੱਚ ਸਮੱਸਿਆ ਹੁੰਦੀ ਹੀ ਨਹੀਂ) ਨੂੰ ਪਹਾੜ ਬਣਾ ਕੇ ਪੇਸ਼ ਕਰਨ ਲੱਗੇ ਆਪਣੀਆਂ ਡਿਉਟੀਆਂ ਛੱਡ ਕੇ ਆਮ ਜੰਤਾ ਲਈ ਸਮੱਸਿਆਵਾਂ ਖੜੀਆਂ ਕਰ ਦਿੰਦੇ ਹਨ। ਆਮ ਲੋਕਾਂ ਦੀਆਂ ਜੇਬਾਂ ਵਿੱਚੋਂ ਤਨਖਾਹਾਂ ਲੈ ਕੇ ਆਪਣੇ ਆਪ ਨੂੰ ਬ੍ਰਾਹਮਣ ਵਾਂਗ ਉਤਮ ਸਦਾਉਣ ਵਾਲੀ ਇਹ ਜਾਤ ਦਫਤਰਾਂ ਵਿੱਚ ਆਪਣੇ ਮਾਲਕਾਂ (ਆਮ ਲੋਕਾਂ) ਨਾਲ ਕਿਵੇਂ ਪੇਸ਼ ਆਂਉਂਦੀ ਹੈ ਉਹ ਕਿਸੇ ਤੋਂ ਵੀ ਲੁਕੀ ਛਿੱਪੀ ਨਹੀਂ ਹੈ । ਵੀਹ ਹਜਾਰ ਤੋਂ ਲੱਖ ਰੁਪਏ ਤੱਕ ਦੀਆਂ ਤਨਖਾਹਾਂ ਲੈਣ ਵਾਲੀ ਇਸ ਜਾਤ ਦੇ ਲੋਕਾਂ ਨੂੰ ਆਪਣੀਆਂ ਤਨਖਾਹਾਂ ਅਤੇ ਹੋਰ ਭੱਤੇ ਵਧਾਉਣ ਲਈ, ਡਿਉਟੀਆਂ ਛੱਡ ਕੇ ਸਰਕਾਰ ਵਿਰੋਧੀ ਨਾਹਰੇ ਮਾਰਦਿਆਂ ਨੂੰ ਇਹ ਵੀ ਯਾਦ ਨਹੀਂ ਹੁੰਦਾ ਕਿ ਤੁਹਾਡੇ ਇਸ ਵਤੀਰੇ ਨਾਲ ਆਮ ਲੋਕਾਂ ਨੂੰ ਕਿਨੀ ਪ੍ਰੇਸ਼ਾਨੀ ਹੋ ਰਹੀ ਹੈ। ਫਿਰ ਇਹ ਨਾਹਰੇ ਵੀ ਅਜੀਬ ਹੀ ਕਿਸਮ ਦੇ ਲਾਂਉਂਦੇ ਹਨ, ਜਿੱਥੇ ਇਹ ਸਰਕਾਰ ਨੂੰ ਮੁਰਦਾਬਾਦ ਕਹਿੰਦੇ ਹਨ ਉੱਥੇ ਕਹਿਣਗੇ ਕਿਸਾਨ, ਮਜਦੂਰ, ਮੁਲਾਜਮ ਏਕਤਾ ਜਿੰਦਾਬਾਦ। ਇਹਨਾ ਨੂੰ ਕੋਈ ਪੁੱਛੇ ਕਿ ਤੁਹਾਡੀ ਕਿਸਾਨਾ ਜਾਂ ਮਜਦੂਰਾਂ ਨਾਲ ਕਿਹੜੀ ਏਕਤਾ ਹੈ ? ਇਹ ਵੀਹ ਹਜਾਰ ਤੋਂ ਲੱਖਾਂ ਰੁਪਏ ਤੱਕ ਦੀਆਂ ਤਨਖਾਹਾਂ ਲੈਣ ਵਾਲੀ ਇਸ ਜਾਤ ਦੇ ਲੋਕ ਜਦੋਂ ਕਹਿੰਦੇ ਹਨ ਕਿ ਇੰਨੀ ਮਹਿੰਗਾਈ ਵਿੱਚ ਪ੍ਰੀਵਾਰ ਪਾਲਣਾ ਬਹੁਤ ਔਖਾ ਹੈ ਵੀਹ ਪੰਜਾਹ ਹਜਾਰ ਦੀਆਂ ਤਨਖਾਹਾਂ ਨਾਲ ਕੀ ਹੁੰਦਾ ਹੈ, ਕੀ ਇਹਨਾ ਨੂੰ ਪਤਾ ਨਹੀਂ ਹੁੰਦਾ ਕਿ ਰੋਜ ਢਾਈ ਤਿੰਨ ਸੌ ਰੁਪਏ ਦੀ ਦਿਹਾੜੀ ਤੇ ਕੰਮ ਕਰਨ ਵਾਲੇ ਮਜਦੂਰ ਆਪਣਾ ਪ੍ਰੀਵਾਰ ਕਿਵੇਂ ਪਾਲਦੇ ਹਨ ? ਪੰਜ ਸੌ ਰੁਪਏ ਮਹੀਨੇ ਦੇ ਹਿਸਾਬ ਨਾਲ ਗੋਹਾ ਸੁੱਟਣ ਜਾਂ ਤੁਹਾਡੇ ਹੀ ਘਰਾਂ ਵਿੱਚ ਪੋਚੇ ਲਾਉਣ ਵਾਲੀਆਂ ਮਜਦੂਰ ਔਰਤਾਂ ਆਪਣਾ ਪ੍ਰੀਵਾਰ ਕਿਵੇਂ ਪਾਲਦੀਆਂ ਹਨ ? ਜੇ ਏਕਤਾ ਹੈ ਤਾਂ ਉਹ ਕਿਸਾਨ ਤੇ ਮਜਦੂਰ ਦੀ ਹੈ, ਇਹਨਾ ਦਾ ਆਪਸੀ ਸਬੰਧ ਵੀ ਜੁੜਿਆ ਹੋਇਆ ਹੈ, ਪਰ ਫਿਰ ਵੀ ਮਜਦੂਰ, ਕਿਸਾਨ ਨਾਲੋਂ ਵੀ ਔਖਾ ਹੁੰਦਾ ਹੈ, ਜਰੂਰੀ ਨਹੀਂ ਕਿ ਉਸ ਨੂੰ ਰੋਜ ਮਜਦੂਰੀ ਮਿਲੇ ਪਰ ਪੇਟ ਤਾਂ ਖਾਣ ਨੂੰ ਰੋਜ ਮੰਗਦਾ ਹੈ, ਹੋਰ ਵੀ ਦੁੱਖ ਸੁੱਖ ਆਉਣੇ ਹਨ, ਉਹਨਾ ਲਈ ਕਿਹੜਾ ਕੋਈ ਭੱਤਾ ਮਿਲਣਾ ਹੈ। ਫਿਰ ਕਿਸਾਨ ਮਜਦੂਰ ਤੇ ਮੁਲਾਜਮ ਦੀ ਏਕਤਾ ਕਿਵੇਂ ਹੋਈ ? ਇੱਕ ਦਿਨ ਆਮ ਕਿਸਾਨਾਂ ਮਜਦੂਰਾਂ ਨੂੰ ਮੁਲਾਜਮਾਂ ਵਿਰੁੱਧ ਸੰਘਰਸ਼ ਕਰਨ ਲਈ ਅੱਗੇ ਆਉਣਾ ਪਵੇਗਾ। ਕਿਉਂਕਿ ਅਸਲ ਵਿੱਚ ਤਾਂ ਇਹ ਸਰਕਾਰੀ ਮੁਲਾਜਮ ਜਾਤ ਹੀ ਕਿਸਾਨਾਂ ਅਤੇ ਮਜਦੂਰਾਂ ਦੀ ਦੁਸ਼ਮਣ ਬਣੀ ਹੋਈ ਹੈ। ਕਿਉਂਕਿ ਕਿਸਾਨ ਜਾਂ ਮਜਦੂਰ ਆਪਣਾ ਕੰਮ ਨਾ ਕਰਨ ਦੀ ਗਲਤੀ ਦੀ ਸਜਾ ਆਪ ਭੁਗਤੇ ਹਨ, ਜਿਵੇਂ ਕਿ ਕਿਸਾਨ ਸਹੀ ਢੰਗ ਨਾਲ ਆਪਣਾ ਕੰਮ ਨਾ ਕਰੇ, ਤਾਂ ਫਸਲ ਘੱਟ ਹੋਵੇਗੀ ਜਿਸਦਾ ਘਾਟਾ ਕਿਸਾਨ ਨੂੰ ਪਵੇਗਾ, ਮਜਦੂਰ ਆਪਣੇ ਕੰਮ ਤੇ ਨਾ ਜਾਵੇ ਮਜਦੂਰੀ ਨਹੀਂ ਮਿਲੇਗੀ ਭੁੱਖਾ ਮਰੇਗਾ, ਪਰ ਸਰਕਾਰੀ ਮੁਲਾਜਮ ਆਪਣਾ ਕੰਮ ਨਾ ਕਰੇ ਇਸ ਦਾ ਘਾਟਾ ਸਰਕਾਰ ਜਾਂ ਆਮ ਲੋਕਾਂ ਨੂੰ ਪਵੇਗਾ। ਉਦਾਰਣ ਦੇ ਤੌਰ ਤੇ ਜੇ ਅਧਿਆਪਕ ਸਹੀ ਨਾ ਪੜ੍ਹਾਵੇ ਤਾਂ ਫੇਲ ਅਧਿਅਪਕ ਨਹੀਂ ਵਿੱਦਿਆਰਥੀ ਹੁੰਦਾ ਹੈ, ਜੇ ਡਾਕਟਰ ਤੋਂ ਗਲਤੀ ਹੋ ਜਾਵੇ ਤਾਂ ਸਜਾ ਮਰੀਜ ਭੁਗਤੇਗਾ। ਜੇ ਪਟਵਾਰੀ ਕਿਸੇ ਦੇ ਮਾਲ ਰਿਕਾਰਡ ਵਿੱਚ ਗਲਤੀ ਕਰ ਦੇਵੇ ਤਾਂ ਉਲਟਾ ਮਾਲਕ ਨੂੰ ਪੈਸੇ ਦੇ ਕੇ ਗਲਤੀ ਠੀਕ ਕਰਵਾਉਣੀ ਪੈਂਦੀ ਹੈ, ਗਲਤੀ ਵੀ ਪਟਵਾਰੀ ਦੀ, ਸਜਾ ਮਾਲਕ ਨੂੰ, ਤੇ ਮੁਨਾਫਾ ਵੀ ਪਟਵਾਰੀ ਨੂੰ ।


ਸਰਕਾਰੀ ਮੁਲਾਜਮ ਮਾਨਸਿਕਤਾ ਦਾ ਇੱਕ ਖਤਰਨਾਕ ਪੱਖ ਇਹ ਵੀ ਸਾਹਮਣੇ ਆ ਰਿਹਾ ਹੈ, ਕਿ ਹੁਣ ਇਸ ਮੁਲਾਜਮ ਜਾਤ ਨੇ ਆਪਣੀ ਜਾਤ ਤੋਂ ਬਾਹਰ ਵਿਆਹ ਕਰਵਾਉਣੇ ਵੀ ਬੰਦ ਕਰ ਦਿੱਤੇ ਹਨ, ਉੱਝ ਭਾਵੇਂ ਇਹ ਦਾਜ ਨਾ ਲੈਣ ਦਾ ਨਾਟਕ ਵੀ ਕਰਦੇ ਹਨ ਜੋ ਚੰਗਾ ਵੀ ਹੈ, ਪਰ ਰਿਸਤਾ ਸਿਰਫ ਮੁਲਾਜਮ ਦਾ ਹੀ ਲੈਣਾ, ਦਾਜ ਲੈਣ ਨਾਲੋਂ ਵੀ ਵੱਧ ਖਤਰਨਾਕ ਹੈ, ਜਿਸ ਦਾ ਹੱਲ ਕਰਨਾ ਗਰੀਬ ਮਾਪਿਆਂ ਲਈ ਸੰਭਵ ਹੀ ਨਹੀਂ ਹੁੰਦਾ । ਹੁਣ ਸਰਕਾਰੀ ਮੁਲਾਜਮ ਲੜਕਾ ਵੀ ਆਪਣੇ ਲਈ ਸਰਕਾਰੀ ਮੁਲਾਜਮ ਲੜਕੀ ਭਾਲਦਾ ਹੈ ਤੇ ਸਰਕਾਰੀ ਮੁਲਾਜਮ ਲੜਕੀ ਵੀ ਆਪਣੇ ਲਈ ਸਰਕਾਰੀ ਮੁਲਾਜਮ ਲੜਕਾ ਭਾਲਦੀ ਹੈ। ਜਿਸ ਕਾਰਨ ਇੱਕ ਪ੍ਰੀਵਾਰ ਵਿੱਚ ਦੋ-ਦੋ ਨੌਕਰੀਆਂ ਹੋ ਜਾਂਦੀਆਂ ਹਨ ਅਤੇ ਇੱਕ ਪ੍ਰੀਵਾਰ ਨੌਕਰੀ ਤੋਂ ਵਾਂਝਾ ਹੀ ਰਹਿ ਜਾਂਦਾ ਹੈ। ਸਾਡੇ ਬੁੱਢਲਾਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਸੇਵਾ ਮੁਕਤ ਪ੍ਰਿੰਸੀਪਲ (ਇੰਚਾਰਜ) ਦੇ ਤਿੰਨੇ ਲੜਕੇ ਅਤੇ ਤਿੰਨੇ ਨੂੰਹਾਂ ਸਰਕਾਰੀ ਅਧਿਆਪਕ ਹਨ, ਪਰ ਉਹ ਹਾਲੇ ਵੀ ਐੱਸ ਸੀ ਹੀ ਹੈ, ਉਸ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਵੀ ਐੱਸ ਸੀ ਕੋਟੇ ਵਿੱਚੋਂ ਹੀ ਮਿਲੀ ਸੀ, ਕੀ ਇਹ ਬੰਦਾ ਆਮ ਆਦਮੀ ਸੀ ? ਜਿਸ ਦੇ ਘਰ ਵਿੱਚ ਸੱਤ ਤਨਖਾਹਾਂ ਆਂਉਂਦੀਆਂ ਹੋਣ ਉਹ ਵੀ ਐੱਸ ਸੀ, ਜੋ ਕਿਸੇ ਦੇ ਘਰ ਪੰਜ ਸੌ ਰੁਪਏ ਮਹੀਨੇ ਤੇ ਗੋਹਾ ਸੁੱਟੇ ਜਾਂ ਪੋਚੇ ਲਾਵੇ ਉਹ ਵੀ ਐੱਸ ਸੀ, ਕੀ ਅਜਿਹੇ ਲੋਕਾਂ (ਜੋ ਮੋਟੀਆਂ ਸਰਕਾਰੀ ਤਨਖਾਹਾਂ ਲੈਂਦੇ ਹੋਣ) ਨੂੰ ਐੱਸ ਸੀ ਕੋਟੇ ਵਿੱਚੋਂ ਬਾਹਰ ਕੱਢ ਕੇ ਸਹੀ ਮਾਇਨਿਆਂ 'ਚ ਮਜਦੂਰ ਐੱਸ ਸੀਆਂ ਨੂੰ ਲਾਭ ਨਹੀਂ ਦੇਣਾ ਚਾਹੀਂਦਾ ? ਐਸ ਸੀ ਕੋਟੇ ਦੀ ਦੁਰਵਰਤੋਂ ਵੀ ਇਹ ਸਰਕਾਰੀ ਮੁਲਾਜਮ ਜਾਤ ਹੀ ਕਰਦੀ ਹੈ। ਅੱਜ ਅਜਿਹੇ ਐੱਸ ਸੀ (ਜਾਂ ਹੋਰ ਗਰੀਬ) ਪ੍ਰੀਵਾਰ ਵੀ ਹਨ ਜਿੰਨਾ ਦੇ ਬੱਚਿਆਂ ਨੂੰ ਸਰਕਾਰੀ ਸਕੂਲ ਵੀ ਨਸੀਬ ਨਹੀਂ ਹੋ ਹਰੇ, ਦੂਜੇ ਪਾਸੇ ਉਹ ਵੀ ਐੱਸ ਸੀ ਹਨ ਜਿੰਨਾ ਦੇ ਪ੍ਰੀਵਾਰ ਦੇ ਛੇ ਜੀਆਂ ਵਿੱਚੋਂ ਛੇ ਹੀ ਮੁਲਾਜਮ ਹਨ, ਕਹਾਉਂਦੇ ਫੇਰ ਵੀ ਐੱਸ ਸੀ ਹੀ ਹਨ, ਵੈਸੇ ਤਾਂ ਰਾਖਵਾਕਰਨ ਜਾਤੀ ਅਧਾਰ ਦੀ ਥਾਂ ਆਰਥਿਕ ਅਧਾਰ ਤੇ ਹੋਣਾ ਚਾਹੀਂਦਾ ਹੈ। ਸਰਕਾਰੀ ਮੁਲਾਜਮ ਚਾਹੇ ਕਿਸੇ ਵੀ ਜਾਤੀ ਨਾਲ ਸਬੰਧਤ ਹੋਣ ਪਰ ਉਹ ਆਪਣੇ ਹੀ ਗਰੀਬ ਪ੍ਰੀਵਾਰਾਂ ਦੇ ਹੱਕ ਮਾਰ ਰਹੇ ਹੁੰਦੇ ਹਨ, ਆਪਣੇ ਬਜੁਰਗ ਮਾਪਿਆਂ ਨੂੰ ਸੰਭਾਲਣ ਲਈ ਇਹਨਾ ਮੁਲਾਜਮਾਂ ਕੋਲ ਨਾਂ ਤਾਂ ਸਮਾਂ ਹੁੰਦਾ ਹੈ ਅਤੇ ਨਾ ਹੀ ਇਹਨਾ ਦੀਆਂ ਕੋਠੀਆਂ ਵਿੱਚ ਬਜੁਰਗ ਮਾਪਿਆਂ ਲਈ ਥਾਂ ਹੁੰਦੀ ਹੈ। ਖੇਤੀ ਜਾਂ ਮਜਦੂਰੀ ਕਰਨ ਵਾਲੇ ਲੋਕ ਹੀ ਔਖੇ ਸੌਖੇ ਹੋ ਕੇ ਬਜੁਰਗ ਮਾਪਿਆਂ ਨੂੰ ਸੰਭਾਲਦੇ ਹਨ। ਅਜੋਕੀ ਮਾਨਸਿਕਤਾ ਜੋ ਆਪਣੇ ਲਈ ਤਾਂ ਸਰਕਾਰੀ ਨੌਕਰੀਆਂ ਭਾਲਦੀ ਹੈ, ਪਰ ਪਸੰਦ ਪ੍ਰਾਈਵੇਟ ਪ੍ਰਬੰਧ ਨੂੰ ਕਰਦੀ ਹੈ, ਜਿਸ ਕਾਰਨ ਸਰਕਾਰੀ ਮੁਲਾਜਮ ਆਪਣੇ ਬੱਚਿਆਂ ਨੂੰ ਪੜਾਉਣ ਲਈ ਪ੍ਰਾਈਵੇਟ ਸਕੂਲ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲ ਪਸੰਦ ਕਰਦੇ ਹਨ। ਸਰਕਾਰਾਂ ਪਤਾ ਹੁੰਦੇ ਹੋਏ ਵੀ ਮੁਲਾਜਮਤਾ ਦੇ ਅੱਤਵਾਦ ਨੂੰ ਠੱਲਣ ਦੀ ਥਾਂ ਇਸ ਦੇ ਨਾਲ ਰਲ ਚੁੱਕੀਆਂ ਹਨ । ਇਸ ਲਈ ਸਰਕਾਰਾਂ ਨੂੰ ਚਾਹੀਂਦਾ ਹੈ ਕਿ ਉਹ ਸਰਕਾਰੀ ਮੁਲਾਜਮਤਾ ਦੇ ਅੱਤਵਾਦ ਦੀ ਮਾਨਸਿਕਤਾ ਨੂੰ ਠੱਲ ਪਾਉਣ ਲਈ ਮਜਦੂਰਾਂ ਦੀਆਂ ਜੇਬਾਂ ਵਿੱਚੋਂ ਤਨਖਾਹਾਂ ਲੈਣ ਵਾਲੇ ਮੁਲਾਜਮਾਂ ਨੂੰ ਵੀ ਮਜਦੂਰ ਬਣਾ ਕੇ ਹੀ ਰੱਖੇ, ਸਰਕਾਰੀ ਮੁਲਾਜਮਾਂ ਨੂੰ ਸਿਰਫ ਕੰਮ ਦੇ ਹੀ ਪੈਸੇ ਮਿਲਣੇ ਚਾਹੀਂਦੇ ਹਨ, ਕੰਮ ਛੱਡਣ ਤੋਂ ਬਾਅਦ ਮਿਲਦੀਆਂ ਮੋਟੀਆਂ ਪੈਨਸ਼ਨਾਂ ਵੀ ਬੰਦ ਹੋਣੀਆਂ ਚਾਹੀਂਦੀਆਂ ਹਨ, ਜਿਸ ਤਰਾਂ ਬੁਢਾਪਾ ਪੈਨਸ਼ਨ ਦੇਸ਼ ਦੇ ਹੋਰ ਨਾਗਰਿਕਾਂ ਨੂੰ ਮਿਲਦੀ ਹੈ ਮੁਲਾਜਮਾਂ ਨੂੰ ਵੀ ਉਵੇਂ ਹੀ ਮਿਲਣੀ ਚਾਹੀਂਦੀ ਹੈ, ਕਿਉਂਕਿ ਦੇਸ਼ ਲਈ ਕੰਮ ਸਿਰਫ ਸਰਕਾਰੀ ਮੁਲਾਜਮ ਹੀ ਨਹੀਂ ਕਰਦੇ । ਕਿਸਾਨ, ਮਜਦੂਰ, ਦੁਕਾਨਦਾਰ, ਕਾਰਖਾਨੇਦਾਰ ਅਤੇ ਪ੍ਰਾਈਵੇਟ ਮੁਲਾਜਮ ਵੀ ਕਰਦੇ ਹਨ, ਅਤੇ ਇਹ ਸਰਕਾਰੀ ਮੁਲਾਜਮਾਂ ਨਾਲੋਂ ਕੰਮ ਵੱਧ ਵੀ ਕਰਦੇ ਹਨ । ਸਰਕਾਰੀ ਮੁਲਾਜਮਾਂ ਲਈ ਇਹ ਕਾਨੂੰਨ ਵੀ  ਬਣਨਾ ਚਾਹੀਂਦਾ ਹੈ ਕਿ ਹਰ ਇੱਕ ਸਰਕਾਰੀ ਮੁਲਜਮ ਆਪਣੇ ਬੱਚੇ ਹਰ ਹਾਲਤ ਵਿੱਚ ਸਰਕਰੀ ਸਕੂਲ ਵਿੱਚ ਹੀ ਪੜ੍ਹਾਵੇਗਾ ਅਤੇ ਪ੍ਰੀਵਾਰ ਦਾ ਇਲਾਜ ਵੀ ਸਰਕਾਰੀ ਹਸਪਤਾਲ ਵਿੱਚ ਕਰਵਾਵੇਗਾ, ਇੱਕ ਪ੍ਰੀਵਾਰ ਵਿੱਚ ਦੋ ਸਰਕਾਰੀ ਮੁਲਾਜਮ ਹੋਣ ਤੇ ਸਖਤੀ ਨਾਲ ਰੋਕ ਲਗਾਈ ਜਾਵੇ, ਦੋਹਾਂ ਜੀਆਂ (ਪਤੀ ਪਤਨੀ) ਦੇ ਮੁਲਾਜਮ ਹੋਣ ਤੇ ਇੱਕ ਨੂੰ ਅਸਤੀਫਾ ਦੇਣਾ ਲਾਜਮੀ ਹੋਵੇ। ਸਰਕਾਰਾਂ ਦੇ ਨਾਲ-ਨਾਲ ਸਾਨੂੰ ਆਮ ਲੋਕਾਂ ਨੂੰ ਵੀ ਸਮਾਜਿਕ ਤੌਰ ਤੇ ਸਰਕਾਰੀ ਮੁਲਾਜਮਵਾਦ ਦੇ ਵੱਧ ਰਹੇ ਅਜਿਹੇ ਅੱਤਵਾਦੀ ਪ੍ਰਭਾਵ ਨੂੰ ਠੱਲਣ ਲਈ ਜਲਦੀ ਯਤਨ ਅਰੰਭਣੇ ਚਾਹੀਂਦੇ ਹਨ, ਤਾਂ ਕਿ ਗਰੀਬੀ ਅਮੀਰੀ ਦੇ ਪਾੜੇ ਨੂੰ ਹੋਰ ਡੂੰਗਾ ਕਰਨ ਵਾਲੀ ਨਵੀਂ ਪੈਦਾ ਹੋ ਰਹੀ ਇਸ ਮੁਲਾਜਮ ਜਾਤ ਦੀ ਨਵੀਂ ਲਕੀਰ ਨੂੰ ਮਿਟਾਇਆ ਜਾ ਸਕੇ ।

                      ਹਰਲਾਜ ਸਿੰਘ ਬਹਾਦਰਪੁਰ,     
                      ਪਿੰਡ ਤੇ ਡਾਕਖਾਨਾ ਬਹਾਦਰਪੁਰ,       
                      ਤਹਿਸੀਲ ਬੁੱਢਲਾਡਾ,
                      ਜਿਲਾ ਮਾਨਸਾ ਪੰਜਾਬ ।
                      ਪਿੰਨ ਕੋਡ :-151501
                      ਫੋਨ ਨੰਬਰ :- 9417023911
                      harlajsingh7@gmail.com