ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਭੁਲਦੇ ਨਾਂ ਉਹ ਦਿਨ ਤੇਰੇ ਨਾਲ ਬਿਤਾਏ ਜੋ।
ਗਮ ਬਣਗੇ ਸਰਮਾਇਆ ਤੂੰ ਝੋਲੀ ਪਾਏ ਜੋ।

ਉਹ  ਤੇਰੇ  ਮੱਥੇ  ਦਾ ਨਾ ਬਣਨ ਕਲੰਕ ਦਿੱਤੇ,
ਦੂਸ਼ਣ  ਸਾਡੇ ਸਿਰ  ਇੰਨਾਂ ਲੋਕਾਂ  ਲਾਏ  ਜੋ।

ਉਹ  ਭੁਲ ਜਾਵਣਗੇ  ਕਿੱਦਾਂ ਤੂੰ ਸਮਝਾ ਮੈਨੂੰ,
ਮੇਰੇ  ਤੇ  ਸੀ  ਝੂਠੇ  ਇਲਜਾਮ  ਲਗਾਏ  ਜੋ।

ਇਹ  ਹੌਕੇ   ਹੰਝੂ   ਹਾਵੇ  ਤੋਹਫੇ  ਬਿਰਹੋਂ  ਦੇ,
ਤੂੰ  ਸਾਡੀ  ਝੋਲੀ ਦੇ ਵਿਚ ਯਾਰਾ   ਪਾਏ  ਜੋ।

ਜਦ ਤਾਈਂ ਚੱਲਣਗੇ ਸਾਹ ਕਦੇ ਭੁਲਣੇ ਨਾਂ,
ਤੂੰ ਸਾਡੇ ਜਖਮਾਂ ਵਿਚ ਸੀ ਲੂਣ ਭਰਾਏ ਜੋ।

ਕਿੱਦਾਂ ਦੱਸ ਭੁਲਾਈਏ ਸਾਨੂੰ ਤੂੰ ਸਮਝਾ,
ਮਚਦੇ ਟਾਇਰ ਸੀ ਸਾਡੇ ਗਲ ਵਿਚ ਪਾਏ ਜੋ।

ਚਮਕੇ ਚੰਦਰਮਾਂ ਵਾਗੂੰ ਜੱਗ ਚ ਉਹਦਾ ਨਾਂ,
ਖਾਤਰ ਦੂਜੇ ਦੀ ਅਪਣਾ ਸੀਸ ਲਗਾਏ ਜੋ।

ਉਹ ਤਾਂ ਸਾਰੀ ਉਮਰ ਜਿਹਨ  ਵਿਚ ਰੜਕਣਗੇ,
ਤੂੰ  ਸੱਥ  ਚ  ਖੜਕੇ  ਮੈਨੂੰ  ਬੋਲ   ਸੁਣਾਏ  ਜੋ।

ਜੀਵਨ ਵਿਚ ਪਾ ਨੀ ਸਕਦਾ  ਅਪਣੀ ਮੰਜਿਲ ਉਹ,
ਪਹਿਲਾ ਕਦਮ ਧਰਨ ਤੋਂ ਸਿੱਧੂ ਘਬਰਾਏ ਜੋ।

ਅਮਰਜੀਤ ਸਿੰਘ ਸਿੱਧੂ
+4917664197996