ਅੱਖੀਂ ਵੇਖਿਆ ਸਿੱਕਮ - ਮਨਜਿੰਦਰ ਸਿੰਘ ਸਰੌਦ

ਕੁਦਰਤੀ ਸੁਹੱਪਣ ਦਾ ਨਮੂਨਾ ਹੈ ਦੁਨੀਆ ਦੀ ਸਭ ਤੋਂ ਉੱਚੀ ਨੀਲੇ ਪਾਣੀ ਦੀ ਝੀਲ..
ਬੱਦਲ਼ਾਂ ਦੀਆਂ ਹਿੱਕ ਨਾਲ ਖਹਿੰਦੀ ਸਿੱਕਮ ਦੀ ਰਮਣੀਕ ਧਰਤੀ..
- ਭਾਰਤ ਦੇ ਪੂਰਬੀ ਸੂਬੇ ਸਿੱਕਮ ਨੂੰ ਜੇਕਰ ਅਸਮਾਨ ਦੇ ਵਿਚ ਵਸਿਆ ਹੋਇਆ ਕੁਦਰਤੀ ਸੁੰਦਰਤਾ ਨਾਲ ਲਪਾਲਪ ਜੰਨਤ ਵੀ ਆਖ ਦੇਈਏ ਤਾਂ ਕੁਝ ਵੀ ਗਲਤ ਨਹੀਂ ਹੋਵੇਗਾ ਕਿਉਂਕਿ ਸਮੁੰਦਰੀ ਤਲ ਤੋਂ ਸਿੱਕਮ ਦੇ ਸਭ ਤੋਂ ਸਿਖ਼ਰਲੇ ਕਸਬਿਆਂ ਦੀ ਉਚਾਈ 18 ਹਜ਼ਾਰ ਫੁੱਟ ਦੇ ਲਗਭਗ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਡਾਂਗਮਾਰ ਸਾਹਿਬ ਸਸ਼ੋਭਿਤ ਤੇ ਸਿੱਕਮ ਦੀ ਪੰਜਾਬ ਤੋਂ ਦੂਰੀ 1940 ਕਿਲੋਮੀਟਰ ਹੈ । ਇੱਥੇ ਹੀ ਨੀਲੀ ਝੀਲ‌ ਦਾ ਸ਼ਾਂਤ ਪਾਣੀ ਮਨੁੱਖੀ ਮਨ ਦੇ ਅੰਦਰ 'ਸੁੱਚੀ ਸੋਚ ਦੀ ਲਹਿਰ' ਨੂੰ ਹੁਲਾਰਾ ਦਿੰਦਾ ਹੈ । ਮਈ 16 ਸੰਨ 1975 ਨੂੰ ਸਿੱਕਮ ਨੂੰ ਭਾਰਤੀ ਸੂਬੇ ਵਜੋਂ ਮਾਨਤਾ ਮਿਲੀ । ਅਸੀਂ ਇਸ ਵਰ੍ਹੇ ਆਪਣੀ 8 ਮੈਬਰੀ ਟੀਮ ਸਮੇਤ ਸਿੱਕਮ ਅਤੇ ਮੇਘਾਲਿਆ ਦਾ ਟੂਰ ਪ੍ਰੋਗਰਾਮ ਬਣਾਇਆ । ਸੋਚਿਆ ਤਾਂ ਸੀ ਕਿ ਛੋਟੇ ਵੀਰ ਅਮਨਦੀਪ ਦੇ ਨਾਲ ਦੱਖਣ ਭਾਰਤ ਦੇ ਟੂਰ ਤੋਂ ਬਾਅਦ ਸਿੱਕਮ ਦੀ ਧਰਤੀ ਤੇ ਫੇਰਾ ਪਾਉਣਾ ਹੈ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਕਿ ਅਮਨਦੀਪ ਪਹਿਲਾਂ ਹੀ ਵਿਛੋੜਾ ਦੇ ਗਿਆ ਖੈਰ ਜੋ ਮਾਲਕ ਨੂੰ ਭਾਵੇ । ਕਿਸੇ ਵੀ ਸੱਜਣ ਵੱਲੋਂ ਹਵਾਈ ਜਹਾਜ਼ ਰਾਹੀਂ ਲਗਭਗ ਢਾਈ ਘੰਟਿਆਂ ਦੇ ਸਫ਼ਰ ਤੋਂ ਬਾਅਦ ਬੰਗਾਲ ਦੇ ਬਾਗਡੋਗਰਾ ਵਿਖੇ ਰਹਿਣ ਬਸੇਰਾ ਬਣਾਇਆ ਜਾ ਸਕਦਾ ਹੈ । ਉਸ ਤੋਂ ਬਾਅਦ ਸ਼ਹਿਰ ਸਿੱਲੀਗੁੜੀ ਤੋਂ ਸੜਕੀ ਰਸਤੇ ਰਾਹੀਂ ਅਸਮਾਨ ਵੱਲ ਨੂੰ ਲਗਭਗ 112 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਸਿੱਕਮ ਦੀ ਰਾਜਧਾਨੀ ਗੰਗਟੋਕ ਆਉਂਦੀ ਹੈ ।
                    ਬੇਹੱਦ ਸੋਹਣਾ ਇਹ ਸ਼ਹਿਰ ਵੀ ਸਵਰਗ ਤੋਂ ਘੱਟ ਨਹੀਂ ਜਾਪਦਾ । ਛੋਟੀਆਂ, ਵੱਡੀਆਂ ਪਹਾੜੀਆਂ, ਪਾਣੀ ਦੇ ਝਰਨੇ ਅਤੇ ਹਰਿਆਵਲ ਦੇ ਨਾਲ ਲਪਾਲਪ ਵੱਡੇ ਪਰਬਤ ਅਤੇ ਘਾਹਦਾਰ ਮੈਦਾਨ ਇੱਥੋਂ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ । ਭਾਵੇਂ ਇਹ ਸ਼ਹਿਰ ਛੋਟਾ ਹੈ ਅਤੇ ਇਸ ਦੀ ਆਬਾਦੀ ਕਾਫੀ ਘੱਟ ਹੈ ਪਰ ਬੱਦਲਾਂ ਨਾਲ ਅਠਖੇਲੀਆਂ ਕਰਦੇ ਬਜ਼ਾਰ ਅਤੇ ਆਲੀਸ਼ਾਨ ਇਮਾਰਤਾਂ ਕਿਸੇ ਬਾਹਰਲੇ ਮੁਲਕ ਦਾ ਪਰ ਭੁਲੇਖਾ ਜਰੂਰ ਪਾਉਂਦੀਆਂ ਹਨ ।  ਸਫ਼ਾਈ ਪੱਖੋਂ ਸਿੱਕਮ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ । ਸੜਕਾਂ ਤੇ ਰੱਖੇ ਡਸਟਬੀਨ ਆਪਣੇ ਆਪ ਵਿਚ ਸਫ਼ਾਈ ਪੱਖੋਂ ਦਿੱਤੀ ਜਾ ਰਹੀ ਅਹਿਮੀਅਤ ਨੂੰ ਦਰਸਾਉਂਦੇ ਹਨ । ਸਿੱਕਮ ਨੂੰ ਵੱਖ- ਵੱਖ ਭਾਗਾਂ ਵਿੱਚ ਵੰਡ ਕੇ ਇਸ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ । ਸੈਲਾਨੀਆਂ ਵੱਲੋਂ ਉੱਤਰ, ਦੱਖਣ, ਪੂਰਬ, ਪੱਛਮ ਨੂੰ ਹੀ 6 ਜ਼ਿਲ੍ਹੇ ਰੂਪੀ ਭਾਗਾਂ ਵਿੱਚ ਵੰਡ ਕੇ ਵੇਖਿਆ ਜਾਂਦਾ ਹੈ । ਸਾਡੀ ਟੂਰ ਟੀਮ ਦੇ ਇੰਚਾਰਜ ਗੁਰਜੀਤ ਸਿੰਘ ਸਿੱਧੂ ਨੂੰ ਸਿੱਕਮ ਪ੍ਰਤੀ ਕਾਫੀ ਜਾਣਕਾਰੀ ਹੋਣ ਕਾਰਨ ਸਾਡਾ ਰਾਹ ਪੱਧਰਾ ਹੁੰਦਾ ਚਲਾ ਗਿਆ  ।
           ਸਿੱਕਮ ਦੀ ਰਾਜਧਾਨੀ ਗੰਗਟੋਕ ਤੋਂ ਬਾਅਦ ਹੋਰ ਉਪਰ ਵੱਲ ਜਾਈਏ ਤਾਂ ਸ਼ਹਿਰ ਚੁੰਗਥਾਂਗ ਆ ਜਾਂਦਾ ਹੈ ਉਥੇ ਵੀ ਇਕ ਆਲੀਸ਼ਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ਪਰ ਇਸ ਸ਼ਹਿਰ ਵਿੱਚ ਪੰਜਾਬੀ ਪਰਿਵਾਰ ਕੋਈ ਵੀ ਨਹੀਂ ਰਹਿੰਦਾ ਹੈ । ਸਿਰਫ ਗੁਰਦੁਆਰਾ ਸਾਹਿਬ ਅੰਦਰ ਹੀ 8 ਦੇ ਕਰੀਬ ਸੇਵਾਦਾਰ ਹਨ । ਉਸ ਤੋਂ ਬਾਅਦ ਫਿਰ ਹੋਰ ਉੱਪਰ ਵੱਲ ਨੂੰ ਸਫ਼ਰ ਕਰੀਏ ਤਾਂ ਲਗਭਗ 14 ਹਜ਼ਾਰ ਫੁੱਟ ਦੀ ਉਚਾਈ ਤੇ ਜਾ ਕੇ ਕਾਲਾ ਪੱਥਰ ਨਾਂ ਦਾ ਇਕ ਪਹਾੜੀ ਸਥਾਨ ਅਤੇ ਮਸ਼ਹੂਰ ਨਥੂਲਾ ਪਾਸ ਆਉਂਦਾ ਹੈ ਜਿੱਥੇ ਸੈਲਾਨੀਆਂ ਦੀ ਗਿਣਤੀ ਕਾਫ਼ੀ ਮਾਤਰਾ ਵਿੱਚ ਹੁੰਦੀ ਹੈ । ਇੱਥੇ ਸਾਰਾ ਸਾਲ ਬਰਫ਼ ਦੇ ਨਜ਼ਾਰੇ ਵੇਖਣ ਨੂੰ ਮਿਲਦੇ ਹਨ । ਇੱਥੇ ਕਈ-ਕਈ ਫੁੱਟ ਬਰਫ ਆਮ ਪੈਂਦੀ ਹੈ ਇੱਕ ਪਾਸੇ ਚੀਨ ਅਤੇ ਦੂਜੇ ਪਾਸੇ ਭਾਰਤ ਤੇ ਫ਼ੌਜੀ ਜਵਾਨ ਆਪੋ ਆਪਣੇ ਦੇਸ਼ਾਂ ਦੀ ਸੁਰੱਖਿਆ ਦੇ ਲਈ ਹਰ ਸਮੇਂ ਤਾਇਨਾਤ ਰਹਿੰਦੇ ਹਨ । ਸਫ਼ਾਈ ਪੱਖੋਂ ਇਹ ਨਜ਼ਾਰੇ ਭਰਪੂਰ ਸਥਾਨ ਵਿਕਾਸ ਦੇਖਣਯੋਗ ਹਨ ।
             ਫਿਰ ਵਾਰੀ ਆਉਂਦੀ ਹੈ ਸਿੱਕਮ ਦੇ ਸਭ ਤੋਂ ਸਿਖ਼ਰਲੇ ਲਗਭਗ 18 ਹਜ਼ਾਰ ਫੁੱਟ ਦੀ ਉਚਾਈ ਤੇ ਸਥਿਤ ਗੁਰਦੁਆਰਾ ਡਾਂਗ ਮਾਰ ਸਾਹਿਬ ਅਤੇ ਨੀਲੇ ਪਾਣੀ ਦੀ ਝੀਲ ਤੋਂ ਇਲਾਵਾ ਬਰਫ਼ ਨਾਲ ਭਰੀਆਂ ਪਹਾੜੀਆਂ ਇਕ ਪਾਸੇ ਚੀਨ ਅਤੇ ਦੂਜੇ ਪਾਸੇ ਨੇਪਾਲ, ਬੇਹੱਦ ਖੂਬਸੂਰਤ ਨਜ਼ਾਰਾ ਹੈ ਇਹਨਾਂ ਸਥਾਨਾਂ ਦਾ ਜੋ ਆਪਣੇ ਆਪ ਵਿੱਚ ਵਿਲੱਖਣ ਹਨ । ਭਾਵੇਂ ਇਸ ਜਗ੍ਹਾ ਦੀ ਦੂਰੀ ਸਿਲੀਗੁੜੀ ਤੋਂ ਲੱਗਭਗ 260 ਕਿਲੋਮੀਟਰ ਦੇ ਕਰੀਬ ਹੈ ਪਰ ਪਹਾੜੀ ਏਰੀਆ ਹੋਣ ਕਾਰਨ ਇਹ ਸਫ਼ਰ ਦੁੱਗਣਾ ਹੋ ਕੇ ਨਿੱਬੜਦਾ ਹੈ । ਗੁਰਦੁਆਰਾ ਡਾਂਗ ਮਾਰ ਸਾਹਿਬ ਦਾ ਝਗੜਾ ਪਿਛਲੇ ਸਮੇਂ ਤੋਂ ਚੱਲਣ ਕਾਰਨ ਉਥੋਂ ਦੇ ਪ੍ਰਸ਼ਾਸਨ ਵੱਲੋਂ ਅੱਜਕਲ੍ਹ ਗੁਰਦੁਆਰਾ ਸਾਹਿਬ ਨੂੰ ਜਿੰਦਰਾ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਤਿਕਾਰ ਸਹਿਤ ਚੁੰਗਥਾਂਗ ਵਿਖੇ ਪਹੁੰਚਦਾ ਕਰ ਦਿੱਤਾ ਹੈ । ਆਖਿਆ ਜਾਂਦਾ ਹੈ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੀਜੀ ਉਦਾਸੀ ਮੌਕੇ ਇਥੇ ਆਏ ਸਨ ਜਿਥੇ ਅੱਜਕਲ੍ਹ ਗੁਰਦੁਆਰਾ ਸਾਹਿਬ ਸਥਿਤ ਹੈ ਇਥੇ ਜੋ ਨੀਲੇ ਪਾਣੀ ਦੀ ਝੀਲ ਮੌਜੂਦ ਹੈ ਉਹ ਵੀ ਦੁਨੀਆਂ ਦੀ ਸਭ ਤੋਂ ਉੱਚੀ ਝੀਲ ਮੰਨੀਂ ਜਾਂਦੀ ਹੈ । ਚਾਰੇ ਪਾਸੇ ਉਚੀਆਂ ਪਹਾੜੀਆਂ ਦੇ ਵਿਚਕਾਰ ਨੀਲੇ ਪਾਣੀ ਦੀ ਝੀਲ ਇਕ ਮਹਾਂ ਦਿਲਕਸ਼ ਨਜ਼ਾਰਾ ਪੇਸ਼ ਕਰਦੀ ਹੈ । ਇਥੇ ਜਾ ਕੇ ਕਿਸੇ ਵੀ ਇਨਸਾਨ ਨੂੰ ਸਾਹ ਲੈਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ।
         ਨੀਲੀ ਝੀਲ ਦੀ ਨੁੱਕਰੇ ਬਣੀ ਗੁਰਦੁਆਰਾ ਸਾਹਿਬ ਦੀ ਇਮਾਰਤ ਵੇਖਣ ਵਾਲਿਆਂ ਲਈ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ । ਧਰਤੀ ਤੋਂ ਬਾਅਦ ਪਹਾੜ ਅਤੇ ਫਿਰ ਪਹਾੜਾਂ ਤੋਂ ਅੱਗੇ ਬੱਦਲਾਂ ਦੇ ਵਿਚ ਦੀ ਜਾ ਕੇ ਕੇ ਇੱਕ ਪੱਧਰ ਰਸਤੇ ਰਾਹੀਂ ਇਸ ਸਥਾਨ ਤੇ ਜਾ ਕੇ ਇਨਸਾਨ ਦੇ ਮਨ ਅੰਦਰ ਜ਼ਿੰਦਗੀ ਦੇ ਨਾਲ ਪਿਆਰ ਦੀ ਗਲਵੱਕੜੀ ਪੀਢੀ ਹੋ ਜਾਂਦੀ ਹੈ । ਸਿੱਕਮ ਨੂੰ ਸਿਆਸੀ ਨਜ਼ਰੀਏ ਤੋਂ ਵਾਚੀਏ ਤਾਂ ਇੱਥੋਂ ਦੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕਾਂ ਦੇ ਰੂਪ ਵਿਚ ਨੁਮਾਇੰਦਿਆਂ ਦੀ ਦੀ ਗਿਣਤੀ 32 ਅਤੇ 1 ਮੈਂਬਰ ਪਾਰਲੀਮੈਂਟ ਦੀ ਚੋਣ ਕੀਤੀ ਜਾਂਦੀ ਹੈ । ਇਸ ਸਮੇਂ ਸਿੱਕਮ ਅੰਦਰ ਖੇਤਰੀ ਪਾਰਟੀ ਐਸ.ਕੇ.ਐਫ. (ਸਿੱਕਮ ਕ੍ਰਾਂਤੀਕਾਰੀ ਮੋਰਚਾ) ਦਾ ਰਾਜ ਕਾਲ ਹੈ । ਇੱਥੋਂ ਦੇ ਲੋਕ ਆਪਣੇ ਸੂਬੇ ਨੂੰ ਪੂਰੀ ਤਰ੍ਹਾਂ ਸਮਰਪਿਤ ਹਨ ਅਤੇ ਉਹਨਾਂ ਦਾ ਮੁਖ ਕਿਤਾ ਚਾਹ ਦੇ ਬਾਗਾਂ ਤੋਂ ਇਲਾਵਾ ਸੈਲਾਨੀਆਂ ਦੀ ਆਮਦ ਤੇ ਨਿਰਭਰ ਹੈ । ਟੈਕਸੀ ਸਰਵਿਸ ਬਹੁਤ ਜ਼ਿਆਦਾ ਮਹਿੰਗੀ ਹੈ । ਕਿਸੇ ਦੂਜੇ ਸੂਬੇ ਦੀਆਂ ਕਾਰਾਂ ਸਿਰਫ ਇਕ ਹੱਦ ਤੱਕ ਹੀ ਸਿੱਕਮ ਦੇ ਵਿੱਚ ਜਾ ਸਕਦੀਆਂ ਹਨ ਉਨ੍ਹਾਂ ਤੇ ਸਖ਼ਤ ਪਾਬੰਦੀ ਹੈ । ਕਿਸੇ ਸੋਹਣੇ ਸੱਜਣ ਦੇ ਗਹਿਣੇ ਵਰਗੇ ਇਸ ਸੂਬੇ ਦੀ ਆਬਾਦੀ ਪੌਣੇ 7 ਲੱਖ ਦੇ ਆਸਪਾਸ ਹੈ
                     ਸੈਲਾਨੀਆਂ ਨੂੰ ਵੱਖ ਵੱਖ ਸਥਾਨਾਂ ਤੇ ਦੇਖਣ ਸਮੇਂ ਰੁਪਈਆਂ ਦੇ ਰੂਪ ਵਿੱਚ ਲਗਾਇਆ ਜਾਂਦਾ ਜਜੀਆ ਰੂਪੀ ਟੈਕਸ ਸਿੱਕਮ ਦੀ ਸੁਹੱਪਣ ਭਰੀ ਯਾਤਰਾ ਤੇ ਇਕ ਕਾਲੇ ਟਿਕੇ ਦੀ ਤਰਾਂ ਜ਼ਰੂਰ ਅੱਖਰਦਾ ਹੈ । ਪੈਕੇਜ ਦੇਣ ਵਾਲੇ ਸੱਜਣ ਵੀ ਸੈਲਾਨੀਆਂ ਤੇ ਚੰਗਾ ਹੱਥ ਸਾਫ ਕਰਦੇ ਹਨ । ਸਿੱਕਮ ਅੰਦਰ ਪੰਜਾਬੀਆਂ ਦੀ ਗਿਣਤੀ ਨਾਮਾਤਰ ਤਾਂ ਹੈ ਹੀ ਪਰ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਉੱਥੇ ਸੈਲਾਨੀਆਂ ਦੀ ਗਿਣਤੀ ਵਿੱਚ ਵੀ ਕੋਈ ਪੰਜਾਬੀ ਵੇਖਣ ਨੂੰ ਨਹੀਂ ਮਿਲਦਾ । ਇਥੋਂ ਦੇ ਲੋਕ ਆਪਣੀ ਮਾਤ-ਭਾਸ਼ਾ ਪ੍ਰਤੀ ਪੂਰੀ ਤਰਾਂ ਵਫ਼ਾਦਾਰ ਹਨ ਉਨ੍ਹਾਂ ਵੱਲੋਂ ਹਿੰਦੀ ਜਾਂ ਹੋਰ ਭਾਸ਼ਾਵਾਂ ਨੂੰ ਨਕਾਰ ਕੇ ਆਪਣੀ ਮਾਂ-ਬੋਲੀ ਨੂੰ ਤਰਜੀਹ ਦਿੱਤੀ ਜਾਂਦੀ ਹੈ । ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕਰਨ ਸਮੇਂ ਅੰਗਰੇਜ਼ੀ ਜਾਂ ਥੋੜਾ ਬਹੁਤ ਹਿੰਦੀ ਨੂੰ ਵਰਤਿਆ ਜਾਂਦਾ ਹੈ । ਕੁੱਲ ਮਿਲਾ ਕੇ ਕੇ ਸਿੱਕਮ ਨੂੰ ਅਸਮਾਨ ਦੇ ਵਿੱਚ ਵਸਿਆ ਕੁਦਰਤੀ ਨਜ਼ਾਰਿਆ ਨਾਲ ਲਬਰੇਜ਼ ਜੰਨਤ ਜ਼ਰੂਰ ਆਖ ਸਕਦੇ ਹਾਂ ।

ਮਨਜਿੰਦਰ ਸਿੰਘ ਸਰੌਦ
ਮਾਲੇਰਕੋਟਲਾ
9463463136