ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ

ਸਰਕਾਰੀ  ਅਫਸਰ  ਲੀਡਰ  ਸਾਧ  ਅਖੌਤੀ  ਡੇਰੇਦਾਰ ਇਹ ।
ਜੋ ਲਿਸ਼ਕ ਪੁਸ਼ਕ ਕੇ ਰਹਿਣ ਸਦਾ ਕਰਦੇ ਨੇ ਮਾੜੀ ਕਾਰ ਇਹ।

ਵੇਖ   ਜਵਾਨੀ   ਦਿੱਤੀ   ਇੰਨਾਂ  ਨੇ  ਘੱਟੇ  ਦੇ   ਵਿਚ   ਰੋਲ   ਹੈ,
ਪੈਸੇ   ਕੱਠੇ  ਕਰਨ  ਲਈ ਖੁਦ ਚਿੱਟੇ  ਦਾ  ਕਰਨ ਵਪਾਰ ਇਹ।

ਕੰਮ  ਅਸਾਂ  ਨੂੰ  ਦੇਣ  ਦੀ  ਥਾਂ  ਭੀਖ  ਰਹੇ  ਸਾਡੀ ਝੋਲੀ  ਚ ਪਾ,
ਮੰਗਤਿਆਂ ਦੇ ਵਾਂਗ ਵਿਹਾਰ ਕਰ ਰਹੀ ਸਾਡੀ ਸਰਕਾਰ ਇਹ।

ਵਾਂਗ ਗੁਲਾਬ ਦਿਆਂ ਫੁੱਲਾਂ ਦੇ ਮਹਿਕ ਰਿਹਾ ਸੀ ਪੰਜਾਬ ਜਦ,
ਛਿੱੜਕ  ਤੇਲ  ਜੜਾਂ  ਚ  ਗਏ ਰਾਖੇ ਕਸ਼ਮੀਰੀ ਸਰਦਾਰ ਇਹ।

ਚਾਨਣ   ਦੇ   ਬਨਜ਼ਾਰੇ  ਜਿੱਥੇ ਲੋਭ   ਚ   ਆ   ਨੇਰਾ   ਵੰਡਦੇ,
ਅੱਜ  ਉਨ੍ਹਾਂ  ਦੇ  ਹੱਕ  ਚ  ਵੇਖੋ  ਲੀਡਰ ਕਰਦੇ  ਪਰਚਾਰ ਇਹ।

ਵਾਰਸ ਬਣਜੋ ਵਿਰਸੇ ਦੇ ਸਿੱਧੂ ਸਭ ਨੂੰ ਹੈ ਇਹ ਆਖਦਾ,
ਤਦ ਹੀ ਖੇਤ ਬਚੂਗਾ ਜੇਕਰ ਬਦਲਾਂਗੇ ਚੌਕੀਦਾਰ ਇਹ।

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ