ਮੋਹਣੇ ਦੀ ਮਿੰਦੋ - ਬਲਵੰਤ ਸਿੰਘ ਗਿੱਲ


"ਸੁਣਾ ਮੋਹਣਿਆ, ਜ਼ਮੀਨ ਅੱਗੇ ਕਿਸੇ ਨੂੰ ਵਟਾਈ 'ਤੇ ਦਿੱਤੀ ਕਿ ਨਹੀਂ?" ਧਰਮੇ ਨੇ ਵਿਆਹ ਦੀ ਪਾਰਟੀ ਵਿੱਚ ਆਪਣੇ ਟੇਬਲ ਦੀ ਨਾਲ ਵਾਲੀ ਕੁਰਸੀ 'ਤੇ ਬੈਠੇ ਮੋਹਣੇ ਨੂੰ ਪੁੱਛਿਆ। "ਕੀ ਦੱਸਾਂ ਧਰਮਿਆਂ, ਸਾਡੀ ਜ਼ਮੀਨ ਵਾਹੁਣ ਵਾਲੇ ਜੋਰੇ ਠੇਕੇਦਾਰ ਨੇ ਜ਼ਮੀਨ ਛੱਡਣ ਤੋਂ ਨਾਂਹ ਕਰ ਦਿੱਤੀ। ਕਹਿੰਦਾ ਹੈ ਕਿ ਤੂੰ ਠੇਕਾ ਹੀ ਲੈਣਾ ਹੈ, ਮੈਂ ਦੇ ਦਿਆਂਗਾ। ਹੁਣ ਮੈਂ ਤੇਰੀ ਜ਼ਮੀਨ ਵਿੱਚ ਢੇਰ ਮਿੱਟੀ ਪਾ ਕੇ ਅਤੇ ਉੱਚੀ ਨੀਂਵੀਂ ਜਮੀਨ ਨੂੰ ਪੱਧਰਾ ਕੀਤਾ ਹੈ। ਹੁਣ ਮੈਨੂੰ ਚਾਰ ਕੁ ਸਾਲ ਹੋਰ ਵਾਹ ਲੈਣ ਦੇ।"
ਇਸ ਤਰ੍ਹਾਂ ਜੋਰੇ ਨੂੰ ਮੋਹਣੇ ਦੀ ਜ਼ਮੀਨ ਵਹੁੰਦਿਆਂ ਪੰਦਰਾਂ ਸਾਲ ਹੋ ਗਏ। ਵਿੱਚ ਵਿਚਾਲੇ ਦੋ ਤਿੰਨ ਸਾਲਾਂ ਦਾ ਹਾਲ੍ਹਾ ਵੀ ਨਹੀਂ ਦਿੱਤਾ। ਇਹ ਆਖ ਕੇ ਕਿ ਮੀਂਹਾਂ, ਸੋਕੇ ਅਤੇ ਹੜ੍ਹਾਂ ਨਾਲ ਦਾਣਾ ਫੱਕਾ ਹੀ ਨਹੀਂ ਹੋਇਆ। ਮੋਹਣਾ ਜੇਕਰ ਜ਼ਮੀਨ ਕਿਸੇ ਹੋਰ ਨੂੰ ਠੇਕੇ 'ਤੇ ਚਾੜ੍ਹਦਾ ਤਾਂ ਪਿਛਲਾ ਠੇਕਾ ਮਰਦਾ ਅਤੇ ਉਪਰੋਂ ਜੋਰੇ ਨਾਲ ਵੈਰ। ਉਸ ਦਾ ਹਾਲ ਸੱਪ ਦੇ ਮੂੰਹ ਵਿੱਚ ਕਿਰਲੀ ਵਾਲਾ ਹੋ ਗਿਆ।
"ਚੱਕ ਖਾਲੀ ਕਰ ਗਲਾਸੀ, ਲੱਗਦਾ ਹੈ ਮੋਹਣਿਆ ਤੈਨੂੰ ਜ਼ਮੀਨ ਦੇ ਹਾਲ੍ਹੇ ਵਾਲੀ ਗੱਲ ਨੇ ਫ਼ਿਕਰਾਂ ਵਿੱਚ ਹੀ ਪਾ ਦਿੱਤਾ। ਚਿੰਤਾ ਨਹੀਂ ਕਰੀਦੀ, ਜੇਕਰ ਜੋਰੇ ਨੇ ਸਾਲ ਦੋ ਸਾਲਾਂ ਦਾ ਠੇਕਾ ਨਹੀਂ ਵੀ ਦਿੱਤਾ ਤਾਂ ਕੀ ਕਹਿਰ ਹੋ ਗਿਆ। ਉਸਨੇ ਵੀ ਆਪਣੇ ਨਿਆਣੇ ਪਾਲਣੇ ਹਨ।" ਵਿਆਹ ਦੀ ਪਾਰਟੀ ਵਿੱਚ ਇਸੇ ਟੇਬਲ ਦੇ ਦੂਸਰੇ ਪਾਸੇ ਬੈਠੇ ਸੰਸਾਰੇ ਨੇ ਮੋਹਣੇ ਦਾ ਦਿਲ ਰੱਖਣ ਦਾ ਹੌਂਸਲਾ ਦਿੱਤਾ। "ਸੰਸਾਰਿਆ, ਸਾਲਾ ਜੋਰਾ ਕਿਹੜਾ ਗ਼ਰੀਬ ਹੈ, ਲੋਕਾਂ ਦੀਆਂ ਜ਼ਮੀਨਾਂ ਵਾਹ-ਵਾਹ ਕੋਠੀ ਪਾਈ ਬੈਠਾ ਹੈ।" ਮੋਹਣੇ ਨੇ ਆਪਣੇ ਦਿਲ ਅੰਦਰ ਦੀ ਭੜਾਸ ਕੱਢੀ।
ਵਿਆਹ ਦੀ ਇਸ ਪਾਰਟੀ ਦੀ ਮਹਿਫ਼ਲ ਵਿੱਚ ਇੱਕ ਟੇਬਲ ਦੁਆਲੇ ਬੈਠੇ ਅੱਠੇ ਸੱਜਣ, ਪੰਜਾਬ ਵਿੱਚ ਆਪਣੀ ਜ਼ਮੀਨ ਦੇ ਰੰਡੀ ਰੋਣੇ ਰੋਂਦੇ ਰਹੇ। ਇੱਕ ਸੱਜਣ ਜਿਸ ਨੂੰ ਇਹ ਭਾਈਵੰਦ ਮਾਸਟਰ ਕਹਿ ਕੇ ਬੁਲਾਉਂਦੇ ਸਨ, ਉਸਨੇ ਮਾਸਟਰਾਂ ਵਾਲੀ ਸਿਆਣੀ ਸਲਾਹ ਦਿੱਤੀ। "ਬਾਈ ਸੱਜਣੋਂ, ਹੈ ਤਾਂ ਇਹ ਗੱਲ ਕੌੜੀ, ਪਰ ਹੈ ਬੜੀ ਸੱਚ। ਤੁਸੀਂ ਸਾਰੇ ਆਪਣੀ ਜ਼ਮੀਨ ਦਾ ਫਾਹਾ ਹੀ ਕਿਉਂ ਨਹੀਂ ਵੱਢ ਆਉਂਦੇ। ਨਾ ਰਹੂ ਬਾਂਸ ਅਤੇ ਨਾ ਵੱਜੂ ਬਾਂਸਰੀ। ਐਂਵੇਂ ਵਾਧੂ ਦਾ ਵੈਰ ਕਮਾਉਣ ਤੋਂ ਬਚੋਂਗੇ। ਲੰਬੀ ਸੋਚੋ, ਜੇ ਤੁਹਾਡੇ ਹੁੰਦੇ ਹੋਇਆਂ ਜ਼ਮੀਨ ਵਿੱਕ ਗਈ ਤਾਂ ਠੀਕ ਹੈ। ਇੱਥੇ ਦੇ ਜੰਮਿਆਂ ਨਿਆਣਿਆਂ ਤੋਂ ਤਾਂ ਇੱਕ ਮਰਲਾ ਵੀ ਵੇਚ ਨਹੀਂ ਹੋਣਾ।"
ਲਾਗੇ ਹੀ ਬੈਠੀ ਬਚਨੀ ਨੇ ਮਾਸਟਰ ਦੀ ਤਜ਼ਵੀਜ ਦੀ ਹਾਮੀ ਭਰਦਿਆਂ ਵਿੱਚੇ ਹੀ ਟੋਰਾ ਲਾਇਆ, "ਭਾਜੀ ਮੈਂ ਤਾਂ ਆਪਣੇ ਘਰਵਾਲੇ ਨੂੰ ਵੀ ਇਹੋ ਸਲਾਹ ਦਿੱਤੀ ਹੈ ਕਿ ਜਿੰਨੀ ਛੇਤੀ ਹੋਵੇ ਆਪਣੀ ਜ਼ਮੀਨ ਦਾ ਫਾਹਾ ਵੱਢ ਆ। ਨਹੀਂ ਤਾਂ ਸ਼ਰੀਕ ਹੀ ਵਹੁਣਗੇ। ਇੰਨਾਂ ਨਿਆਣਿਆਂ ਦੇ ਤਾਂ ਪਟਵਾਰੀਆਂ ਅਤੇ ਤਹਿਸੀਲਦਾਰਾਂ ਨੇ ਪੈਰ ਹੀ ਨਹੀਂ ਲੱਗਣ ਦੇਣੇ। ਨਾਲੇ ਇੱਥੇ ਦੇ ਜੰਮਿਆਂ ਬੱਚਿਆਂ ਨੂੰ ਕੀ ਪਤਾ ਕਿ ਇਨ੍ਹਾਂ ਦੇ ਬਜ਼ੁਰਗਾਂ ਦੀ ਜ਼ਮੀਨ ਕਿੱਥੇ ਹੈ ਅਤੇ ਕਿੰਨੀ ਹੈ......?"
"ਸੱਜਣੋਂ, ਅਜੇ ਜ਼ਮੀਨ ਵੇਚਣ ਦਾ ਕੋਈ ਫ਼ਾਇਦਾ ਨਹੀਂ। ਪੈਂਤੀ ਲੱਖ 'ਚ ਵਿਕਣ ਵਾਲਾ ਖੱਤਾ ਅੱਜ ਬਾਰਾਂ ਤੇਰ੍ਹਾਂ ਲੱਖ ਦਾ ਵੀ ਨਹੀਂ ਵਿਕਦਾ। ਤੁਸੀਂ ਭੰਗਾਂ ਦੇ ਭਾੜੇ ਜ਼ਰੂਰ ਵੇਚਣੀ ਹੈ?" ਜੀਤ ਨੇ ਸਾਰਿਆਂ ਦੇ ਵਿਚਾਲੇ ਆਪਣੀ ਲੱਤ ਅੜਾ ਦਿੱਤੀ। ਹੁਣ ਮੋਹਣੇ ਦੀ ਪੀਤੀ ਹੋਈ ਵੀ ਉਤਰਨ ਲੱਗੀ। ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਥੇ ਆਪ ਤੰਗੀਆਂ ਕੱਟ ਕੇ ਪੈਨੀ ਪੈਨੀ ਜੋੜ ਕੇ ਖ੍ਰੀਦੀ ਜ਼ਮੀਨ ਕਿਤੇ ਅਜਾਈਂ ਹੀ ਨਾ ਚਲੀ ਜਾਵੇ। ਉਸਨੂੰ ਵਿਆਹ ਵਿੱਚ ਪੀਤੀ ਦੇ ਨਸ਼ੇ ਨਾਲੋਂ ਸੱਜਣਾਂ ਮਿੱਤਰਾਂ ਦੇ ਜ਼ਮੀਨ ਬਾਰੇ ਦਿੱਤੇ ਵੱਖ-ਵੱਖ ਖ਼ਿਆਲਾਂ ਦਾ ਜ਼ਿਆਦਾ ਫ਼ਿਕਰ ਪੈ ਗਿਆ।
"ਭਾਗਵਾਨੇ, ਅੱਜ ਵਿਆਹ ਵਿੱਚ ਮੇਰਾ ਤੇਰੀ ਮੱਤ ਵਰਗੇ ਕਈ ਕਮਲ਼ਿਆਂ ਨਾਲ ਵਾਹ ਪੈ ਗਿਆ। ਵਿਆਹ ਦੀ ਪਾਰਟੀ ਵਿੱਚ ਬਹੁਤੇ ਸੱਜਣ ਤੇਰੇ ਵਾਲੀ ਹੀ ਸਲਾਹ ਦਿੰਦੇ ਸਨ ਕਿ ਬਾਹਰ ਵੱਸਦੇ ਪੰਜਾਬੀਆਂ ਨੂੰ ਜ਼ਮੀਨਾਂ ਦਾ ਫਾਹਾ ਵੱਢਣਾ ਹੀ ਹੋਏਗਾ।ਦਲੀਲਾਂ ਦਿੰਦੇ ਸਨ ਕਿ ਇਨ੍ਹਾਂ ਵਲੈਤ ਜੰਮਿਆਂ ਬੱਚਿਆਂ ਤੋਂ ਤਾਂ ਪੰਜਾਬ ਵਿੱਚ ਇਹ ਜ਼ਮੀਨ ਵੇਚ ਨਹੀਂ ਹੋਣੀ। ਜ਼ਮੀਨ ਦੇ ਠੇਕੇ ਬਾਰੇ ਵੀ ਭਾਈਵੰਦ ਵੱਖ-ਵੱਖ ਤੂਤੀਆਂ ਬੋਲਦੇ ਸਨ।" ਮੋਹਣੇ ਨੇ ਵਿਆਹ ਦੀ ਪਾਰਟੀ ਤੋਂ ਘਰ ਵੜਦਿਆਂ ਆਪਣੀ ਘਰਵਾਲੀ ਮੂਹਰੇ ਆਪਣੇ ਦਿਲ ਦੀ ਭੜਾਸ ਕੱਢ ਮਾਰੀ।
"ਟੋਨੀ ਦੇ ਭਾਪਾ, ਮੈਂ ਤਾਂ ਤੈਨੂੰ ਪਿਛਲੇ ਤਿੰਨਾਂ ਸਾਲਾਂ ਦੀ ਦੁਹਾਈ ਪਾ ਰਹੀ ਹਾਂ, ਇਸ ਜ਼ਮੀਨ ਨੂੰ ਕਿਸੇ ਪਾਸੇ ਲਾ। ਕਾਹਨੂੰ ਤੂੰ ਨਿਆਣਿਆਂ ਨੂੰ ਇਸ ਭੰਬਲ ਭੂਸੇ ਵਿੱਚ ਫਸਾਉਣਾ ਹੈ।ਇਨ੍ਹਾਂ ਨੂੰ ਤਾਂ ਇੰਡੀਆ ਦੀਆਂ ਕੋਟ ਕਚਿਹਰੀਆਂ ਦਾ ਇੱਲ ਤੇ ਕੁੱਕੜ ਦਾ ਪਤਾ ਨਹੀਂ। ਇਹ ਕਿੱਥੇ ਕਚਿਹਰੀਆਂ ਵਿੱਚ ਖੱਜਲ ਖੁਆਰ ਹੁੰਦੇ ਫਿਰਨਗੇ। ਕਦੇ ਕਦਾਈਂ ਜੇਕਰ ਧੱਕੇ ਨਾਲ ਇਨ੍ਹਾਂ ਨੂੰ ਇੰਡੀਆ ਲੈ ਕੇ ਜਾਈਏ ਤਾਂ ਇਨ੍ਹਾਂ ਪਾਸ ਗਿਣਤੀ ਦੀਆਂ ਹੀ ਛੁੱਟੀਆਂ ਹੁੰਦੀਆਂ ਹਨ।" ਮੋਹਣੇ ਦੀ ਘਰਵਾਲੀ ਮਿੰਦੋ ਨੇ ਪਹਿਲਾਂ ਵਾਂਗ ਫੇਰ ਆਪਣੇ ਘਰਵਾਲੇ ਦਾ ਜ਼ਮੀਨ ਵੇਚਣ ਵੱਲ ਧਿਆਨ ਖਿੱਚਿਆ।
"ਮਿੰਦੋੋ ਤੈਨੂੰ ਕੀ ਪਤਾ ਸਾਡੇ ਬਾਪੂ ਨੇ ਪੁਰਖਿਆਂ ਦੀ ਜੱਦੀ ਜ਼ਮੀਨ ਦੇ ਚਾਰ ਖੱਤਿਆਂ ਵਿੱਚ ਸਾਨੂੰ ਚੌਹਾਂ ਭਰਾਵਾਂ ਨੂੰ ਕਿਵੇਂ ਪਾਲ਼ਿਆ ਅਤੇ ਪੜ੍ਹਾਇਆ ਹੈ? ਇਸੇ ਜ਼ਮੀਨ ਦੀ ਆਮਦਨ 'ਚੋਂ ਸਰਫ਼ਾ ਕਰਕੇ ਮੇਰੀਆਂ ਦੋਹਾਂ ਭੈਣਾਂ ਦੇ ਵਿਆਹ ਕੀਤੇ ਹਨ। ਇਸੇ ਜ਼ਮੀਨ ਦੀ ਆਮਦਨ ਰਾਹੀਂ ਮੈਂ ਇੱਧਰ ਵਲ਼ੈਤ 'ਚ ਆਇਆਂ ਹਾਂ। ਇਹ ਜ਼ਮੀਨ, ਜਿਸ ਨੇ ਆਪਣੀ ਕੁੱਖ ਵਿੱਚੋਂ ਉਗਾਏ ਅੰਨ ਨਾਲ ਸਾਡੇ ਪੁਰਖਿਆਂ ਅਤੇ ਸਾਨੂੰ ਪਾਲ਼ਿਆ ਹੈ। ਤੂੰ ਉਸ ਮਾਂ ਵਰਗੀ ਜ਼ਮੀਨ ਨੂੰ ਵੇਚਣ ਦੀ ਗੱਲ ਕਰਦੀ ਹਂੈ......!" ਮੋਹਣਾ ਆਪਣੀਆਂ ਭਰੀਆਂ ਅੱਖਾਂ ਨਾਲ ਮਿੰਦੋ ਨੂੰ ਆਪਣੀ ਜ਼ਮੀਨ ਨਾਲ ਮੋਹ ਦੀ ਹਾਲ ਬਿਆਨੀ ਕਰ ਰਿਹਾ ਸੀ।
"ਮੇਰੇ ਵਲ਼ੈਤ ਆਉਣ ਤੋਂ ਪਹਿਲਾਂ, ਮੈਂ ਟਾਹਲੀ ਵਾਲੇ ਖੂਹ ਤੇ ਪਸ਼ੂ ਹੱਕ ਕੇ ਹੱਲਟ ਚਲਾਇਆ ਕਰਦਾ ਸਾਂ। ਬਾਪੂ ਮੈਨੂੰ ਛੋਟੇ ਹੁੰਦੇ ਨੂੰ ਹੱਲਟ ਦੀ ਗਾ੍ਹਦੀ 'ਤੇ ਬਿਠਾ ਦਿੰਦਾ ਸੀ ਅਤੇ ਮੈਂ ਬੱਲਦਾਂ ਨੂੰ ਚਿਟਕਾਰੀ ਮਾਰ ਕੇ ਤੇਜ਼ ਕਰਦਾ ਹੁੰਦਾ ਸੀ। ਕਦੇ-ਕਦੇ ਬਾਪੂ ਮੈਨੂੰ ਕਹਿੰਦਾ ਸੀ, ਜਾਹ ਮੋਹਣਿਆ ਮੋੜ ਵਾਲੇ ਖੇਤ ਦਾ ਨੱਕਾ ਮੋੜ ਕੇ ਆ। ਮੈਨੂੰ ਅਜੇ ਵੀ ਯਾਦ ਹੈ ਜਦੋਂ ਹਾੜ੍ਹੀਆਂ ਦੀਆਂ ਤੱਪਦੀਆਂ ਧੁੱਪਾਂ ਵਿੱਚ ਮੈਂ ਆਪਣੇ ਬਾਪੂ ਨਾਲ ਉਸੇ ਮੋੜ ਵਾਲੇ ਖੇਤ ਵਿੱਚ ਫਲ਼ਿਆਂ ਨਾਲ ਕਣਕ ਗਾਹੁੰਦਾ ਹੁੰਦਾ ਸੀ। ਜ਼ਿਆਦਾ ਗਰਮੀ ਹੋਣ ਕਰਕੇ ਸਾਡੇ ਪਿੰਡ ਦਾ ਲਾਗੀ ਹਰੀਆ ਆਪਣੀ ਮੱਛਕ ਨਾਲ ਪਾਣੀ ਪਿਲਾਉਣ ਆਇਆ ਕਰਦਾ ਸੀ ਅਤੇ ਮੈਨੂੰ ਮਿੱਠੀਆਂ ਖੱਟੀਆਂ ਗੋਲੀਆਂ ਦਿੰਦਾ ਹੁੰਦਾ ਸੀ। ਉਨ੍ਹਾਂ ਮਿੱਠੀਆਂ ਗੋਲੀਆਂ ਦੇ ਚਾਅ ਵਿੱਚ ਮੈਨੂੰ ਜੇਠ ਹਾੜ ਦੀਆਂ ਧੁੱਪਾਂ ਵੀ ਚੁੱਭਦੀਆਂ ਨਹੀਂ ਸਨ......।" ਮੋਹਣਾ ਆਪਣੇ ਖੇਤਾਂ ਨਾਲ ਜੁੜੀਆਂ ਅਭੁੱਲ ਯਾਦਾਂ ਦੀ ਲੜੀ ਨੂੰ ਇੱਕ ਸਿਰਿਉਂ ਸੁਣਾ ਰਿਹਾ ਸੀ।
"ਮਿੰਦੋ, ਪੁਰਖਿਆਂ ਦੀ ਜੱਦੀ ਜ਼ਮੀਨ ਵਿੱਚੋਂ ਵੰਡੀਆਂ ਪਾ ਕੇ ਸਾਨੂੰ ਚੋਹਾਂ ਭਰਾਵਾਂ ਨੂੰ ਤਾਂ ਇੱਕ-ਇੱਕ ਖੇਤ ਹੀ ਆਇਆ ਸੀ। ਬਾਕੀ ਚਾਰ ਖੇਤ ਤਾਂ ਆਪਾਂ ਦੋਹਾਂ ਦੀ ਢਿੱਡ ਘੁੱਟਵੀਂ ਕਮਾਈ ਨਾਲ ਹੀ ਖਰੀਦੇ ਹੋਏ ਹਨ। ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਮਰਲਾ ਮਰਲਾ ਕਰਕੇ ਖਰੀਦੀ ਜ਼ਮੀਨ ਨੂੰ ਅਸੀਂ ਭੰਗਾਂ ਦੇ ਭਾੜੇ ਵੇਚ ਦੇਈਏ।ਖ਼ਾਸ ਕਰਕੇ ਜਦੋਂ ਸਾਡੇ ਪੁਰਖਿਆਂ ਦੀਆਂ ਅਭੁੱਲ ਯਾਦਾਂ ਇਸ ਜ਼ਮੀਨ ਨਾਲ ਜੁੜੀਆਂ ਹੋਣ?" ਮੋਹਣਾ ਇਹ ਯਾਦਾਂ ਤਾਜ਼ੀਆਂ ਕਰਦਾ ਹੋਇਆ ਪਤਾ ਨਹੀਂ ਕਿੰਨੀ ਵਾਰੀ ਅੱਖਾਂ ਭਰਦਾ ਰਿਹਾ।
ਨਾਲ ਹੀ ਬੈਠੇ ਮੋਹਣੇ ਦੇ ਲੜਕੇ ਟੋਨੀ ਨੇ ਆਪਣੇ ਬਾਪੂ ਦੀ ਜਮੀਨ ਦੀ ਸਾਰੀ ਗੱਲ ਬੜੇ ਹੀ ਧਿਆਨ ਨਾਲ ਸੁਣੀ ਅਤੇ ਵਿੱਚੇ ਟੋਰਾ ਲਾਉਣ ਲੱਗਾ। "ਡੈਡ, ਮੰਮ ਰਾਈਟ ਤਾਂ ਕਹਿੰਦੀ ਹੈ, ਤੁਸੀਂ ਇੰਡੀਆ ਵਾਲੀ ਲੈਂਡ ਸੈੱਲ ਕਰ ਦਿਓ। ਸਾਨੂੰ ਤਾਂ ਇੰਡੀਅਨ ਸਿਸਟਮ ਦਾ ਕੋਈ ਨੌਲਿਜ ਵੀ ਨਹੀਂ।ਮੇੜੇ ਫ਼ਰੈਂਡ ਕਹਿੰਦੇ ਹੁੰਦੇ ਆ, ਸਾੜੇ ਅਫ਼ਸਰ ਵੱਦੀ (ਵੱਢੀ) ਮੰਗਦੇ ਹੁੰਦੇ ਹਨ। ਨਾਲੇ ਤੁਸੀਂ ਤਾਂ ਮੈਨੂੰ  ਛੋਟੇ ਹੁੰਦੇ ਨੂੰ ਸਿੜਫ ਇੱਕ ਵਾੜੀ ਹੀ ਇੰਡੀਆ ਲੈ ਕੇ ਗਏ ਸੀ। ਮੈਨੂੰ ਕੀ ਪਤਾ ਸਾਡੀ ਜ਼ਮੀਣ ਕਿੱਠੇ ਹੈ? ਤੁਸੀਂ ਮੰਮੀ ਦੀ ਗੱਲ ਮੰਨੋ ਅਤੇ ਲੈਂਡ ਸੈਲ ਕਰਕੇ ਸਾਡੇ ਘਰ ਦੀ ਮੌਰਗੇਜ਼ ਲਾਹੋ।" ਟੋਨੀ ਨੇ ਦਰੜ ਫ਼ਰੜ ਪੰਜਾਬੀ ਵਿੱਚ ਆਪਣੀ ਮੰਮੀ ਦੀ ਗੱਲ ਦੀ ਪ੍ਰੋੜ੍ਹਤਾ ਕਰਦੇ ਹੋਏ ਬਾਪੂ ਨੂੰ ਜ਼ਮੀਨ ਵੇਚਣ ਦਾ ਜ਼ੋਰ ਪਾਇਆ।
ਮਿੰਦੋ ਨੇ ਵੀ ਆਪਣੇ ਪੁੱਤ ਦੀ ਗੱਲ ਦੀ ਹਮਾਇਤ ਕਰਦੇ ਹੋਏ ਆਪਣੇ ਘਰਵਾਲੇ ਨੂੰ ਤਾੜਨਾ ਕੀਤੀ ਕਿ ਉਸ ਦੇ ਜੀਉਂਦੇ ਜੀਅ ਤਾਂ ਜ਼ਮੀਨ ਸ਼ਾਇਦ ਵਿੱਕ  ਹੀ ਜਾਵੇਗੀ। ਪਰ ਉਸ ਦੇ ਮਰਨ ਬਾਅਦ, ਉਸ ਦੀ ਅਤੇ ਉਸ ਦੇ ਪੁੱਤਰ ਦੀ ਇੰਡੀਆ ਵਿੱਚ ਕਿਸੇ ਨੇ ਸੁਣਨੀ ਨਹੀਂ।ਜ਼ਮੀਨ ਵਿੱਚ ਆਂਢੀਆਂ ਗੁਆਂਢੀਆਂ ਦੇ ਹੀ ਟਰੈਕਟਰ ਚੱਲਣਗੇ।
"ਮਿੰਦੋ, ਦੇਖ ਮੂਰਖ਼ ਨਹੀਂ ਬਣੀਦਾ। ਅਕਲ ਤੋਂ ਕੰਮ ਲੈ।ਸਾਡੇ ਪਿਓ, ਦਾਦੇ, ਪੜਦਾਦੇ ਅਤੇ ਉਨ੍ਹਾਂ ਤੋਂ ਪਹਿਲਾਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਸਾਡੀ ਇਸ ਮਾਂ ਧਰਤੀ ਨੇ ਆਪਣੀ ਕੁੱਖ ਵਿੱਚੋਂ ਪਾਲ਼ੀਆਂ ਹਨ। ਆਪਣੇ ਪਿੰਡੇ ਤੇ ਮੀਂਹ, ਹਨ੍ਹੇਰੀਆਂ, ਧੁੱਪਾਂ ਅਤੇ ਸਰਦੀਆਂ, ਪਤਾ ਨਹੀਂ ਕੀ ਕੁੱਝ ਨਹੀਂ ਹੰਢਾਇਆ। ਫੇਰ ਵੀ ਸਾਨੂੰ ਖਾਣ ਨੂੰ ਅੰਨ ਦਿੱਤਾ, ਫ਼ਲ ਦਿੱਤੇ ਅਤੇ ਪਸ਼ੂਆਂ ਨੂੰ ਚਾਰਾ ਦਿੱਤਾ। ਜਦੋਂ ਤੁਸੀਂ ਮਾਂ ਪੁੱਤ ਜ਼ਮੀਨ ਵੇਚਣ ਦੀ ਗੱਲ ਕਰਦੇ ਹੋ, ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਤੁਸੀਂ ਮੇਰੀ ਮਾਂ ਦਾ ਗਲ਼ ਵੱਢਣ ਦੀ ਮੈਂਨੂੰ ਸਲਾਹ ਦਿੰਦੇ ਹੋ। ਮੈਂ ਇਸ ਮਾਂ ਧਰਤੀ ਨਾਲ ਜੁੜੀਆਂ ਪਿਆਰੀਆਂ ਅਤੇ ਅਭੁੱਲ ਯਾਦਾਂ ਅਤੇ ਆਪਣੇ ਪਿਛੋਕੜ ਨੂੰ ਕਿਵੇਂ ਭੁਲਾਵਾਂ? ਕਾਕਾ ਜੇ ਤੇਰੀ ਥੋੜ੍ਹੀ ਬਹੁਤ ਘਰ ਦੀ ਮਾਰਗੇਜ਼ ਹੈ, ਉਹ ਮੇਰੇ ਮਰੇ ਤੋਂ ਬਾਅਦ ਮੇਰੇ ਜਿਹੜੇ ਚਾਰ ਪੌਂਡ ਬੈਂਕ 'ਚ ਜਮਾਂ ਹਨ, ਉਨ੍ਹਾਂ ਨਾਲ ਲਾਹ ਲਵੀਂ। ਪਰ ਮੇਰੇ ਕੋਲ ਜ਼ਮੀਨ ਵੇਚਣ ਦੀ ਗੱਲ ਨਾ ਕਰ। ਕਾਕਾ, ਇਹੋ ਜਹੀਆਂ ਗੱਲਾਂ ਸੁਣ ਕੇ ਮੇਰਾ ਕਲੇਜਾ ਫੱਟਦਾ ਹੈ।"
...........ਮੋਹਣ ਸਿੰਘ ਦੇ ਪਰਿਵਾਰ ਵਿੱਚ ਜ਼ਮੀਨ ਵੇਚਣ ਦੀ ਗੱਲ ਕੁੱਝ ਸਮਾਂ ਤਾਂ ਠੰਡੀ ਰਹਿੰਦੀ। ਪਰ ਕਦੇ-ਕਦੇ ਜਦੋਂ ਕੋਈ ਨਜ਼ਦੀਕੀ ਰਿਸ਼ਤੇਦਾਰ ਜਾਂ ਮੋਹਣੇ ਦਾ ਸੱਜਣ ਮਿੱਤਰ ਆਉਣ, ਤਾਂ ਮਿੰਦੋ ਨੇ ਜਾਣ ਬੁੱਝ ਕੇ ਜ਼ਮੀਨ ਵਾਲੀ ਗੱਲ ਛੇੜ ਲੈਣੀ। ਮੋਹਣੇ ਨੂੰ ਇਸ ਤਰ੍ਹਾਂ ਲੱਗਣਾ ਕਿ ਇਸ ਦੇ ਅੱਲ੍ਹੇ ਜ਼ਖ਼ਮਾਂ 'ਤੇ ਮਿੰਦੋ ਲੂਣ ਛਿੜਕ ਰਹੀ ਹੈ।
ਥੱਕ ਹਾਰ ਕੇ ਮੋਹਣੇ ਨੂੰ ਆਪਣੀ ਜ਼ਮੀਨ ਬਾਰੇ ਇੱਕ ਸਕੀਮ ਸੁੱਝੀ ਅਤੇ ਉਹ ਟਿਕਟ ਲੈ ਕੇ ਪੰਜਾਬ ਚਲਾ ਗਿਆ।ਪੰਜਾਬ ਪਹੁੰਚਦਿਆਂ, ਮੋਹਣਾ ਇੱਕ ਨਾਮੀ ਵਕੀਲ ਪਾਸ ਪਹੁੰਚਿਆ ਅਤੇ ਆਪਣੀ ਜਮੀਨ ਦੀ ਕਹਾਣੀ ਬਿਆਨ ਕੀਤੀ। ਉਸ ਵਕੀਲ ਦੀ ਸਲਾਹ ਲੈ ਕੇ ਉਹ ਆਪਣੇ ਪੁਰਖਿਆਂ ਦੀ ਜ਼ਮੀਨ ਵੇਚਣ ਤੋਂ ਇਲਾਵਾ ਇਸ ਦਾ ਕੋਈ ਸਾਰਥਿਕ ਹੱਲ ਲੱਭਿਆ ਚਾਹੁੰਦਾ ਸੀ। ਇਹੋ ਜਿਹਾ ਹੱਲ ਜਿਸ ਨਾਲ ਉਸ ਦੇ ਮਰਨ ਤੋਂ ਬਾਅਦ ਜ਼ਮੀਨ ਵੇਚਣੀ ਵੀ ਨਾ ਪਵੇ ਅਤੇ ਇਸ ਦਾ ਸਮਾਜ ਨੂੰ ਵੀ ਕੋਈ ਲਾਭ ਹੋਵੇ।
ਸਿਆਣੇ ਵਕੀਲ ਨੇ ਸਿਆਣੀ ਸਲਾਹ ਦਿੰਦਿਆਂ ਆਖਿਆ, "ਮੋਹਣ ਸਿਆਂ, ਜਿਹੜੀ ਸਕੀਮ ਮੈਂ ਦੱਸਣ ਲੱਗਾ ਹਾਂ, ਉਸਦਾ ਤੇਰੇ ਪਰਿਵਾਰ ਨੂੰ ਆਰਥਿਕ ਲਾਭ ਤਾਂ ਨਹੀਂ ਹੋਣਾ ਪਰ ਸਮਾਜ ਤੇਰੇ ਗੁਣ ਜਰੂਰ ਗਾਵੇਗਾ। ਉਹ ਹੱਲ ਇਹ ਹੈ ਕਿ ਇਸ ਜ਼ਮੀਨ ਅਤੇ ਜਾਇਦਾਦ ਦਾ ਇੱਕ ਟਰੱਸਟ (ਸੰਸਥਾ) ਬਣਾ। ਜੀਉਂਦੇ ਜੀਅ ਇਸ ਟਰੱਸਟ ਦਾ ਸੰਚਾਲਿਕ ਤੂੰ ਖ਼ੁਦ ਆਪ ਹੋਵੇਂਗਾ ਅਤੇ ਮਰਨ ਉਪਰੰਤ ਤੂੰ ਇਸ ਦੇ ਸੰਚਾਲਿਨ ਦੀ ਜ਼ਿੰਮੇਵਾਰੀ ਕਿਸੇ ਨੂੰ ਵੀ ਨਾਮਜ਼ਦ ਕਰ ਸਕਦਾ ਹਂੈ।"
"ਵਕੀਲ ਸਾਹਿਬ ਜਰ੍ਹਾ ਖੋਲ ਕੇ ਗੱਲ ਸਮਝਾਓ, ਟਰੱਸਟ ਵਾਰੇ ਤਾਂ ਮੈਂ ਕਦੇ ਸੁਣਿਆ ਹੀ ਨਹੀਂ?" ਮੋਹਣਾ ਟਰੱਸਟ ਦਾ ਨਾਂਅ ਸੁਣ ਕੇ ਸ਼ਸ਼ੋਪੰਜ ਵਿੱਚ ਪੈ ਗਿਆ।
"ਮੋਹਣ ਸਿਆਂ, ਤੇਰੇ ਟਰੱਸਟ ਦੀ ਬਣਤਰ ਕੁੱਝ ਇਸ ਤਰਾਂ ਦੀ ਹੋਏਗੀ।ੲਸ ਟਰੱਸਟ ਦੇ ਕੁੱਝ ਗਿਣਤੀ ਦੇ ਮੈਂਬਰ ਹੋਣਗੇ। ਉਹ ਮੈਂਬਰ ਇਸ ਦਾ ਅਸਲੀ ਤੌਰ 'ਤੇ ਸੰਚਾਲਿਨ ਕਰਨਗੇ। ਉਹ ਮੈਂਬਰ ਕੁੱਝ ਵਕਫ਼ੇ ਤੋਂ ਬਾਅਦ ਟਰੱਸਟ ਦੀ ਕਾਰਗੁਜ਼ਾਰੀ ਦੀਆਂ ਬੈਠਕਾਂ ਕਰਿਆ ਕਰਨਗੇ ਅਤੇ ਹਰ ਇੱਕ ਮੈਂਬਰ ਦਾ ਟਰੱਸਟ ਦੀ ਆਮਦਨ ਅਤੇ ਖ਼ਰਚ ਤੇ ਇੱਕੋ ਜਿੰਨਾ ਕੰਟਰੋਲ ਹੋਵੇਗਾ।ਟਰੱਸਟ ਦਾ ਹਰ ਸਾਲ ਆਮ ਇਜ਼ਲਾਸ ਹੋਇਆ ਕਰੇਗਾ। ਟਰੱਸਟ ਦੇ ਕਿਸੇ ਮੈਂਬਰ ਨੇ ਅਗਰ ਸੇਵਾ ਮੁਕਤੀ ਲੈਣੀ ਹੈ ਤਾਂ ਆਮ ਇਜ਼ਲਾਸ ਵਿੱਚ ਸਰਬਸੰਮਤੀ ਨਾਲ ਨਵਾਂ ਮੈਂਬਰ ਭਰਤੀ ਕੀਤਾ ਜਾਵੇਗਾ। ਟਰੱਸਟ ਦੇ ਕਾਰਜ ਖੇਤਰ ਵਿੱਚ ਪਿੰਡ ਦੇ ਸਕੂਲ ਦਾ ਸੰਚਾਲਿਨ, ਪਿੰਡ ਵਿੱਚ ਹੋ ਰਹੀਆਂ ਖੇਡਾਂ, ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਪੜ੍ਹਾਈ ਦਾ ਇੰਤਜ਼ਾਮ ਅਤੇ ਨੌਜਵਾਨਾਂ ਲਈ ਜਿੰਮ ਦਾ ਪ੍ਰਬੰਧ ਕਰਨਾ ਹੋਏਗਾ। ਇਸ ਦੇ ਨਾਲ ਹੀ ਪਿੰਡ ਵਿੱਚ ਖੇਡਾਂ ਪ੍ਰਫੁੱਲਤ ਕਰਨ ਲਈ ਕਿਸੇ ਕੋਚ ਦਾ ਪ੍ਰਬੰਧ ਕੀਤਾ ਜਾਵੇਗਾ।
ਵਕੀਲ ਮੋਹਣੇ ਨੂੰ ਇਸ ਦੇ ਟਰੱਸਟ ਵਾਰੇ ਬਰੀਕੀ ਨਾਲ ਸਮਝਾ ਰਿਹਾ ਸੀ। "ਪਿੰਡ ਵਿੱਚ ਇੱਕ ਲਾਇਬਰੇਰੀ ਖ਼ੋਲੀ ਜਾਏਗੀ। ਪੜ੍ਹਾਈ ਅਤੇ ਕੋਰਸਾਂ ਵਾਰੇ ਨੌਜਵਾਨਾਂ ਨੂੰ ਸੇਧ ਦੇਣ ਲਈ ਹਰ ਸਾਲ ਕੋਚਿੰਗ ਦੇ ਦੋ ਤਿੰਨ ਸੈਸ਼ਨ ਹੋਇਆ ਕਰਨਗੇ। ਇਸ ਦੇ ਨਾਲ ਹੀ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਸੜਕਾਂ ਦੁਆਲੇ ਅਤੇ ਸ਼ਾਮਲਾਟ ਦੀ ਜ਼ਮੀਨ ਵਿੱਚ ਦਰਖ਼ਤ ਅਤੇ ਫ਼ੱਲਦਾਰ ਦਰੱਖ਼ਤ ਲਾਏ ਜਾਣਗੇ। ਮੋਹਣੇ ਦੀ ਜ਼ਮੀਨ ਦੇ ਠੇਕੇ ਦੀ ਆਮਦਨ ਇਸ ਟਰੱਸਟ ਦਾ ਸਾਰਾ ਖ਼ਰਚਾ ਚਲਾਏਗੀ। ਆਮਦਨ ਅਤੇ ਖ਼ਰਚੇ ਦੇ ਲੇਖੇ ਜੋਖ਼ੇ ਦਾ ਸਾਲਾਨਾ ਅਕਾਊਂਟ ਬਣਿਆ ਕਰੇਗਾ।ਟਰੱਸਟ ਦੇ ਕਿਸੇ ਵੀ ਮੈਂਬਰ ਨੂੰ ਲੇਖੇ ਜੋਖੇ ਪ੍ਰਤੀ ਸਵਾਲ ਹੋਵੇ ਤਾਂ ਉਸ ਸਵਾਲ ਦਾ ਜਵਾਬ ਪੁੱਛਣ ਦਾ ਹਰ ਇੱਕ ਨੂੰ ਬਰਾਬਰ ਹੱਕ ਹੋਏਗਾ।"
ਵਕੀਲ ਨੇ ਜਦੋਂ ਇਸ ਟਰੱਸਟ (ਸੰਸਥਾ) ਬਾਰੇ ਖੁੱਲ੍ਹ ਕੇ ਸਲਾਹ ਦਿੱਤੀ ਤਾਂ ਮੋਹਣੇ ਦੇ ਮਨ ਨੂੰ ਬੜੀ ਹੀ ਚੰਗੀ ਲੱਗੀ। ਉਹ ਸੋਚ ਰਿਹਾ ਸੀ ਕਿ ਇਸ ਵਿਧੀ ਨਾਲ  ਉਸਨੂੰ ਜ਼ਮੀਨ ਵੇਚਣ ਤੋਂ ਰਾਹਤ ਮਿਲੇਗੀ। ਸਗੋਂ ਪਿੰਡ ਵਾਸੀਆਂ ਨੂੰ ਫ਼ਾਇਦਾ ਹੋਵੇਗਾ। ਮੋਹਣਾ ਸੋਚਣ ਲੱਗਾ, ਹੋ ਸਕਦਾ ਹੈ ਮਿੰਦੋ ਅਤੇ ਇਨ੍ਹਾਂ ਦਾ ਪੁੱਤਰ ਇਸ ਵਿਧੀ ਨਾਲ ਨਾ-ਖੁਸ਼ ਹੋਣ। ਪਰ ਲੰਬੇ ਸਮੇਂ ਲਈ ਜ਼ਰੂਰ ਉਹ ਸੋਚਣਗੇ ਕਿ ਇਨ੍ਹਾਂ ਦਾ ਬਜ਼ੁਰਗ ਕੋਈ ਕੰਮ ਦੀ ਗੱਲ ਕਰ ਗਿਆ ਹੈ।
...............ਵਕੀਲ ਦੀ ਦਿੱਤੀ ਸਲਾਹ ਮੁਤਾਬਿਕ ਮੋਹਣੇ ਨੇ ਆਪਣੀ ਜ਼ਮੀਨ ਅਤੇ ਕੋਠੀ ਦਾ ਇੱਕ ਟਰੱਸਟ ਬਣਾ ਲਿਆ। ਆਪਣੀ ਕੋਠੀ ਨੂੰ ਇਸ ਟਰੱਸਟ ਦਾ ਦਫ਼ਤਰ/ਕੇਂਦਰ ਬਣਾ ਲਿਆ। ਪਿੰਡ ਦੇ ਦਸ ਕੁ ਸੂਝਵਾਨ ਨੌਜਵਾਨਾਂ ਨੂੰ ਇਸ ਟਰੱਸਟ ਦੇ ਮੈਂਬਰ ਬਣਾ ਲਿਆ ਅਤੇ ਕੁੱਝ ਸਿਆਣੇ ਸਲਾਹਕਾਰ ਮੈਂਬਰ। ਜ਼ਮੀਨ ਵਿੱਚੋਂ ਜਿੰਨਾ ਵੀ ਠੇਕਾ ਹੁੰਦਾ, ਇਸ ਟਰੱਸਟ ਦੇ ਸੰਚਾਲਿਨ ਅਤੇ ਪਿੰਡ ਦੀ ਉੱਨਤੀ ਅਤੇ ਪੜ੍ਹਾਈ ਨਮਿੱਤ ਲੱਗਦਾ। ਮੋਹਣੇ ਨੇ ਆਪਣੀ ਘਰਵਾਲੀ ਦੇ ਜ਼ਮੀਨ ਬਣਾਉਣ ਅਤੇ ਘਰ ਦੀ ਆਰਥਿਕ ਹਾਲਤ ਸੁਧਾਰਨ ਦੇ ਯੋਗਦਾਨ ਨੂੰ ਸਤਿਕਾਰ ਦਿੰਦੇ ਹੋਏ, ਇਸ ਦਾ ਨਾਮ ਟਰੱਸਟ ਵਿੱਚ ਆਪਣੇ ਨਾਂ ਤੋਂ ਪਹਿਲਾਂ ਮੁੱਖੀ ਵਜੋਂ ਰੱਖਿਆ।ਟਰੱਸਟ ਬਣਾਉਣ ਦੀ ਸਾਰੀ ਕਾਗਜ਼ੀ ਕਾਰਵਾਈ ਅਦਾਲਤ ਵਿੱਚ ਕਨੁੂੰਨੀ ਤੌਰ 'ਤੇ ਕੀਤੀ ਗਈ।
ਇਸ ਇਤਿਹਾਸਿਕ ਫ਼ੈਸਲੇ ਬਾਰੇ ਮੋਹਣੇ ਨੇ ਆਪਣੀ ਘਰਵਾਲੀ ਅਤੇ ਪੁੱਤਰ ਨੂੰ ਫੋਨ 'ਤੇ ਜਾਣਕਾਰੀ ਦਿੱਤੀ। ਪਹਿਲਾਂ ਤਾਂ ਉਨ੍ਹਾਂ ਦੋਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਮੋਹਣੇ ਨੂੰ ਵਕੀਲਾਂ ਨੇ ਐਵੇਂ ਹੀ ਕਿਸੇ ਝਾਂਸੇ ਵਿੱਚ ਲੈ ਕੇ ਠੱਗ ਲਿਆ ਹੈ। ਮਿੰਦੋ ਦੇ ਦਿਮਾਗ ਵਿੱਚ ਦੋ ਚੜ੍ਹਨ ਅਤੇ ਦੋ ਉਤਰਨ ਕਿ ਬੁੜੇ ਨੇ ਵਕੀਲਾਂ ਹੱਥੇ ਚੜ ਕੇ ਸਾਰੀ ਜ਼ਿੰਦਗੀ ਦੀ ਕਮਾਈ ਨੂੰ ਅੱਗ ਲਾ ਦਿੱਤੀ। ਪਰ ਫੇਰ ਮਾਂ ਪੁੱਤ ਸੋਚਣ ਲੱਗੇ ਕਿ ਉਨ੍ਹਾਂ ਦੇ ਬਜ਼ੁਰਗ ਨੇ ਅਗਰ ਕੋਈ ਫ਼ੈਸਲਾ ਕੀਤਾ ਤਾਂ ਉਸਨੇ ਥੋੜ੍ਹੀ ਬਹੁਤ ਸਿਆਣਪ ਤਾਂ ਜਰੂਰ ਹੀ ਵਰਤੀ ਹੋਵੇਗੀ।
ਹੁਣ ਮੋਹਣਾ ਬਹੁਤਾ ਸਮਾਂ ਪਿੰਡ ਹੀ ਬਿਤਾਉਂਦਾ ਅਤੇ ਆਪਣੇ ਟਰੱਸਟ ਦੀ ਬਰੀਕੀ ਨਾਲ ਦੇਖ ਭਾਲ ਕਰਦਾ। ਸਾਲ ਵਿੱਚ ਇੱਕ ਦੋ ਵਾਰ ਆ ਕੇ ਆਪਣੇ ਟੱਬਰ ਨੂੰ ਇੰਗਲੈਂਡ ਮਿਲ ਜਾਂਦਾ।ਇੰਨੀਆਂ ਜੱਦੋ-ਜਹਿਦਾਂ ਵਿੱਚੋਂ ਲੰਘ ਕੇ ਬਣਾਏ ਟਰੱਸਟ ਨੂੰ ਉਹ ਕਦੇ ਵੀ ਫ਼ੇਲ ਹੁੰਦਾ ਨਹੀਂ ਦੇਖਣਾ ਚਾਹੁੰਦਾ ਸੀ।ਇਸ ਨੇ ਆਪਣੀ ਬੱਚਤ ਵਿੱਚੋਂ ਵੀ ਕਾਫੀ ਰਕਮ ਇਸ ਪਰੋਜੈਕਟ ਨੂੰ ਕਾਮਯਾਬ ਕਰਨ ਹਿੱਤ ਲਾ ਦਿੱਤੀ। ਮੋਹਣੇ ਦੇ ਇਸ ਲੋਕ ਭਲਾਈ ਦੇ ਕਾਰਜ਼ ਦੀ ਕਾਮਜਾਬੀ ਦੇਖਦੇ ਹੋਏ, ਕਈ ਹੋਰ ਐਨ ਆਰ ਆਈ ਵੀ ਇਸ ਨਾਲ ਮਾਇਕ ਹੱਥ ਵੰਡਾਉਣ ਲੱਗੇ। ਪਿੰਡ ਵਿੱਚ ਇੱਕ ਕਾਮਯਾਬ ਲਾਇਬਰੇਰੀ ਬਣ ਗਈ। ਸਕੂਲ ਵਿੱਚ ਹਰ ਕਲਾਸ ਲਈ ਅਧਿਆਪਕ ਮਿਲ ਗਿਆ। ਦਸਵੀਂ ਜਮਾਤ ਅਤੇ ਪਲੱਸ ਟੂ ਦੀ ਪੜ੍ਹਾਈ ਤੋਂ ਬਾਅਦ ਬੱਚਿਆਂ ਨੂੰ ਅੱਗੇ ਕੋਰਸ ਕਰਨ ਦੀ ਸੇਧ ਮਿਲਣੀ ਸ਼ੁਰੂ ਹੋ ਗਈ। ਪਿੰਡ ਦੇ ਜਿੰਮ ਵਿੱਚ ਲੋੜੀਂਦੀਆਂ ਵਰਜਿਸ਼ਾਂ ਕਰਨ ਦੀਆਂ ਮਸ਼ੀਨਾਂ ਆ ਗਈਆਂ। ਪਿੰਡ ਦੇ ਕੁੱਝ ਨਸ਼ੇੜੀ ਮੁੰਡੇ ਬਾਕੀ ਮੁੰਡਿਆਂ ਦੇ ਡੌਲ੍ਹਿਆਂ ਅਤੇ ਪੱਟਾਂ 'ਤੇ ਪੈਂਦੀਆਂ ਗੁੱਲੀਆਂ ਦੇਖ ਕੇ ਨਸ਼ੇ ਛੱਡਣ ਲੱਗ ਪਏ। ਗੱਲ ਕੀ ਜਿਹੜੇ ਕੰਮ ਪੰਚਾਇਤਾਂ ਜਾਂ ਸੂਬਾ ਸਰਕਾਰਾਂ ਨੇ ਕਰਨੇ ਸਨ, ਉਹ ਕੰਮ ਮੋਹਣੇ ਦੇ ਟਰੱਸਟ ਰਾਹੀਂ ਹੋਣ ਲੱਗ ਪਏ। ਲਾਗਲੇ ਪਿੰਡਾਂ ਅਤੇ ਇਲਾਕੇ ਵਿੱਚ ਇਸ ਟਰੱਸਟ ਦੀ ਕਾਮਯਾਬੀ ਦੀ ਚਰਚਾ ਹੋਣ ਲੱਗੀ। ਅਖ਼ਬਾਰਾਂ ਅਤੇ ਟੈਲੀਵਿਯਨ ਚੈਨਲਾਂ 'ਤੇ ਸਮੇਂ-ਸਮੇਂ ਬਾਅਦ ਇਹ ਟਰੱਸਟ ਚਰਚਾ ਦਾ ਕੇਂਦਰ ਹੁੰਦਾ।
ਮੋਹਣੇ ਦੁਆਰਾ ਸਥਾਪਿਤ ਟਰੱਸਟ' ਹਰ ਸਾਲ ਤਰੱਕੀ ਦੀਆਂ ਮੰਜ਼ਿਲਾਂ ਛੂੁਹਣ ਲੱਗਾ। ਪਿੰਡ ਵਿੱਚ ਨੌਜਵਾਨਾਂ ਦੀ ਸਿਹਤ, ਪੜ੍ਹਾਈ ਅਤੇ ਵਾਤਾਵਰਣ ਦੀ ਸ਼ੁੱਧਤਾ ਵਾਲੇ ਮਾਰਕੇ ਦੇ ਕੰਮ ਹੋਣ ਲੱਗ ਪਏ। ਨੌਕਰੀਆਂ ਵਾਰੇ ਉਸਾਰੂ ਸਲਾਹ ਮਿਲਣ ਕਰਕੇ ਪਿੰਡ ਦੇ ਨੌਜਵਾਨ ਚੰਗੀਆਂ ਨੌਕਰੀਆਂ ਵਿੱਚ ਨਿਯੁੱਕਤ ਹੋਣ ਲੱਗੇ। ਪਿੰਡ ਦਾ ਇੱਕ ਮੁੰਡਾ ਤਾਂ ਚੰਗੀ ਸਿੱਖਿਆ ਮਿਲਣ ਕਰਕੇ ਡੀਸੀ ਵੀ ਲੱਗ ਗਿਆ।ਦੋ ਤਿੰਨ ਖਿਡਾਰੀ ਨੈਸ਼ਨਲ ਪੱਧਰ 'ਤੇ ਖੇਡਣ ਯੋਗ ਹੋ ਗਏ। ਮੋਹਣੇ ਦਾ ਆਪਣੇ ਟਰੱਸਟ ਦੀ ਕਾਮਜਾਬੀ ਦੇਖ ਕੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਅਤੇ ਉਹ ਆਪਣੇ ਇਸ ਫ਼ੈਸਲੇ 'ਤੇ ਫ਼ਕਰ ਕਰਦਾ।
ਇੰਗਲੈਂਡ ਵਿੱਚ ਮਿੰਦੋ ਅਤੇ ਇਸ ਦਾ ਪੁੱਤਰ ਟੋਨੀ ਜਦੋਂ ਆਪਣੇ ਬਾਪੂ ਦੇ ਇਸ ਸੂਝਵਾਨ ਕਦਮ ਦੀ ਸਫ਼ਲਤਾ ਦੇ ਸੋਹਲੇ ਸੁਣਦੇ ਤਾਂ ਉਨ੍ਹਾਂ ਦਾ ਵੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ। ਮਿੰਦੋ ਆਪਣੀ ਮਿੰਨੀ ਜਿਹੀ ਖੁਸ਼ੀ ਜਾਹਿਰ ਕਰਦੀ ਹੋਈ ਆਪਣੇ ਪੁੱਤ ਨੂੰ ਆਖਦੀ, "ਟੋਨੀ, ਤੇਰਾ ਬਾਪੂ ਹੈ ਭਾਮੇਂ ਅੱੜਬ ਸੁਭਾ ਦਾ, ਪਰ ਜਦੋਂ ਕੋਈ ਪੈਰ ਚੱਕਦਾ ਹੈ ਤਾਂ ਲੋਕੀਂ ਪਰ੍ਹਿਆ ਵਿੱਚ ਬੈਠੇ ਸਿਫ਼ਤਾਂ ਕਰਦੇ ਹਨ। ਕਿੰਨਾ ਸੋਹਣਾ ਹੋਇਆ, ਤੇਰੇ ਬਾਪੂ ਨੇ ਆਪਣੀ ਵੀ ਪੁਗਾ ਲਈ ਅਤੇ ਲੋਕਾਂ ਦਾ ਵੀ ਫੈਦਾ ਹੋ ਗਿਆ।"
ਇੰਗਲੈਂਡ ਵਿੱਚ ਜਦੋਂ ਮੋਹਣੇ ਨੂੰ ਵਿਆਹ ਵਾਲੀ ਪਾਰਟੀ ਵਿੱਚ ਜਮੀਨ ਵੇਚਣ ਦੀ ਸਲਾਹ ਦੇਣ ਵਾਲੇ ਸੱਜਣਾਂ, ਧਰਮੇ, ਸੰਸਾਰੇ, ਮਾਸਟਰ ਅਤੇ ਜੀਤੇ ਨੂੰ ਇਸ ਦੇ ਟਰੱਸਟ ਦੀ ਕਾਮਜਾਬੀ ਦੀ ਖ਼ਬਰ ਮਿਲੀ ਤਾਂ ਉਹ ਮਿੰਦੋ ਕੋਲ ਵਧਾਈਆਂ ਦੇਣ ਆਏੇ। "ਭਰਜਾਈਏ, ਤੇਰੇ ਘਰ ਵਾਲਾ ਤਾਂ ਸੱਚਮੁੱਚ ਹੀ ਮਹਾਨ ਅਤੇ ਦੂਰ ਅੰਦੇਸ਼ੀ ਪੁਰਸ਼ ਹੈ। ਸਾਡੇ ਸਾਰਿਆਂ ਦੀ ਸਕੀਮ ਤੋਂ ਵੱਖਰਾ ਆਪਣਾ ਹੀ ਸਿੱਕਾ ਚਲਾ ਗਿਆ। ਇਸ ਦੀ ਕਾਮਜਾਬੀ ਨੂੰ ਦੇਖ ਕੇ ਹੁਣ ਸਾਡੇ ਪਿੰਡੋਂ ਵੀ ਫ਼ੋਨ ਆਉਣੇ ਸ਼ੁਰੂ ਹੋ ਗਏ ਕਿ ਸਾਡੇ ਪਿੰਡ ਵੀ ਇਹੋ ਜਿਹਾ ਟਰੱਸਟ ਬਣਨਾ ਚਾਹੀਦਾ ਹੈ।ਮਿੰਦੋ, ਧੰਨ ਹੈ ਤੇਰਾ ਮੋਹਣਾ ਅਤੇ ਧੰਨ ਹੈਂ ਤੂੰ, ਜਿਨਾਂ ਨੇ ਟਰੱਸਟ ਬਣਾ ਕੇ ਬਾਕਿਅਈ ਮਾਰਕੇ ਵਾਲਾ ਅਤੇ ਲੋਕ ਭਲਾਈ ਦਾ ਕੰਮ ਕੀਤਾ ਹੈ। ਨਾਲ ਹੀ ਆਪਣੇ ਪੁਰਖ਼ਾਂ ਦੀ ਜਮੀਨ ਸਸਤੇ ਭਾਅ ਵਿਕਣ ਤੋਂ ਬਚਾ ਲਈ।"
ਮੋਹਣੇ ਦੀ ਮਿੰਦੋ ਜਿਹੜੀ ਕਦੇ ਆਪਣੇ ਘਰ ਵਾਲੇ ਨੂੰ ਜਮੀਨ ਜਾਇਦਾਦ ਵੇਚ ਕੇ ਬੱਚਿਆਂ ਦੇ ਘਰਾਂ ਦੀ ਮੌਰਗੇਜ਼ ਲਾਹੁਣ ਦੀ ਰੱਟ ਲਾਈ ਰੱਖਦੀ ਸੀ, ਅੱਜ ਉੁਹ ਮਾਣ ਨਾਲ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਇਸੇ ਰਾਹੇ ਪੈਣ ਦੀ ਸਲਾਹ ਦੇ ਰਹੀ ਸੀ।