ਪੰਜਾਬੀ ਗਾਇਕੀ ਦੀ 'ਸੰਦਲੀ ਫ਼ਿਜ਼ਾ ਦਾ ਗਹਿਣਾਂ' ਨੇ ਉਦਾਸ ਗੀਤ ...  - ਮਨਜਿੰਦਰ ਸਿੰਘ ਸਰੌਦ


- ਪੰਜਾਬੀ ਗਾਇਕੀ ਦੇ ਵਿਹੜੇ ਅੰਦਰ ਸਮੇਂ-ਸਮੇਂ ਤੇ ਹਰ ਤਰ੍ਹਾਂ ਦੇ ਰੰਗ ਤੇ ਵੰਨਗੀਆਂ ਆਪੋ ਆਪਣੀ ਕਲਾ ਦਾ ਜੌਹਰ ਜ਼ਰੂਰ ਵਿਖਾਉਂਦੀਆਂ ਰਹਿੰਦੀਆਂ ਹਨ । ਜਿਵੇਂ ਅੱਜਕੱਲ੍ਹ ਸਿੰਗਲ ਟਰੈਕ ਰਾਹੀਂ ਧੂਹ ਘੜੀਸ ਤੇ ਚੱਕਲੋ ਧਰਲੋ ਵਾਲੇ ਗੀਤਾਂ ਨੇ ਹਨੇਰੀ ਲਿਆਂਦੀ ਹੈ । ਕਦੇ ਉਸੇ ਤਰ੍ਹਾਂ ਨੱਬੇ ਵੇਂ ਦਹਾਕੇ ਦੇ ਆਲੇ ਦੁਆਲੇ ਪੰਜਾਬੀ ਗਾਇਕੀ ਦੇ ਵਿਹੜੇ ਅੰਦਰ ਉਦਾਸ ਗੀਤਾਂ ਦੀਆਂ ਕਲੀਆਂ ਦੇ ਫੁੱਲ ਵੀ ਖਿੜਦੇ ਸਨ । ਇਹ ਵੱਖਰਾ ਵਿਸ਼ਾ ਹੈ ਕਿ ਅੱਜ ਕੱਲ੍ਹ ਦੀ ਗਾਇਕੀ ਨੇ ਪੰਜਾਬ ਦੀ ਨੌਜਵਾਨੀ ਨੂੰ ਕੁਰਾਹੇ ਪਾਉਣ ਦਾ ਵੱਡਾ ਯਤਨ ਯਤਨ ਕੀਤੈ , ਪਰ ਉਦਾਸ ਗੀਤਾਂ ਜ਼ਰੀਏ ਉਸ ਸਮੇਂ ਦੀ ਨੌਜਵਾਨੀ ਆਪਣੇ ਪ੍ਰਤੀਬਿੰਬ ਨੂੰ ਕਿਸੇ ਹੋਰ ਢੰਗ ਨਾਲ ਵੇਖਦੀ ਸੀ ਪਰ ਅੱਜ ਦੀ ਕੱਚ-ਘਰੜ ਗਾਇਕੀ ਤੇ ਉਸ ਸਮੇਂ ਦੀ ਉਦਾਸ ਸੁਰ ਵਾਲੀ ਗਾਇਕੀ ਵਿਚ ਬੜਾ ਵੱਡਾ ਅੰਤਰ ਸਾਫ਼ ਵਿਖਾਈ ਦਿੰਦਾ ਹੈ । ਇਹ ਠੀਕ ਹੈ ਕਿ ਸਮੇਂ ਦੀ ਮਾਰੀ ਪਲਟੀ ਤੇ ਗਲੈਮਰ ਦੀ ਚਕਾਚੌਂਧ ਨੇ ਵੀਡੀਓਜ਼ ਦੇ ਖੇਤਰ ਰਾਹੀਂ ਇਕ ਵੱਡਾ ਪੱਲੇਟਫਾਰਮ ਕਲਾਕਾਰ ਵਰਗ ਨੂੰ ਦਿੱਤਾ ਪਰ ਉਸ ਸਮੇਂ ਜੋ ਸੁਹਜ ਤੇ ਸਵਾਦ ਉਦਾਸ ਗੀਤਾਂ ਨੂੰ ਸੁਣਨ ਵਿੱਚ ਆਉਂਦਾ ਸੀ ਉਹ ਕਿਧਰੇ ਵੀ ਵਿਖਾਈ ਨਹੀਂ ਦਿੰਦਾ । ਇਕ ਸਮਾਂ ਉਹ ਵੀ ਸੀ ਜਦ ਕਾਲਜੀਏਟ ਨੌਜਵਾਨ ਤੇ ਮੁੰਡੇ ਕੁੜੀਆਂ ਉਸ ਸਮੇਂ ਦੇ ਉਦਾਸ ਗੀਤਾਂ ਦੇ ਇਸ ਕਦਰ ਦੀਵਾਨੇ ਸਨ ਕਿ ਉਹ ਉਦਾਸ ਗੀਤ ਗਾਉਣ ਵਾਲੇ ਕਲਾਕਾਰਾਂ ਦੀਆਂ ਤਸਵੀਰਾਂ ਤੱਕ ਨੂੰ ਪਿਆਰ ਕਰਦੇ ਸਨ । ਉਸ ਸਮੇਂ ਦੇ ਦੀਵਾਨਿਆਂ ਕੋਲ ਅੱਜ ਵੀ ਇਹ ਗੀਤ ਕਿਸੇ 'ਸੱਜਣ ਦੇ ਗਹਿਣੇ' ਵਾਂਗਰਾਂ ਸਾਂਭੇ ਪਏ ਹਨ ।
                        ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਇਤਿਹਾਸ ਅੰਦਰ ਨਿਵੇਕਲੀਆਂ ਪੈੜਾਂ ਪਾਉਣ ਵਾਲੇ ਆਪਣੇ ਸਮੇਂ ਦੇ ਬਾਬਾ ਬੋਹੜ ਜਰਨੈਲ ਸਿੰਘ ਘੁਮਾਣ ਦੀ ਕਲਮ ਚੋਂ ਨਿਕਲੇ ਗੀਤਾਂ ਨੂੰ ਦਰਜਨਾਂ ਕਲਾਕਾਰ ਗਾ ਕੇ ਗਾਇਕੀ ਦੇ ਸ਼ਾਹ ਅਸਵਾਰ ਬਣੇ । ਉਦਾਸ ਗੀਤਾਂ ਰਾਹੀਂ ਪੰਜਾਬ ਦੀ ਨੌਜਵਾਨੀ ਦਾ ਵੱਡਾ ਹਿੱਸਾ ਜਰਨੈਲ ਸਿੰਘ ਘੁਮਾਣ ਤੇ ਭਿੰਦਰ ਡੱਬਵਾਲੀ ਨੂੰ ਆਪਣੇ ਗੀਤਾਂ ਦਾ ਹੀਰੋ ਤੇ ਆਦਰਸ਼ ਮੰਨਣ ਤੋਂ ਇਨਕਾਰੀ ਨਹੀਂ ਸੀ । ਜੇ ਵੇਖੀਏ ਭਾਵੇਂ ਅੱਗੇ-ਪਿੱਛੇ ਬਹੁਤ ਸਾਰੇ ਗੀਤ ਮਾਰਕੀਟ ਦੇ ਵਿਚ ਉਦਾਸੀ ਸੁਰ ਵਾਲੇ ਆਏ ਪਰ ਪੰਜਾਬੀ ਗਾਇਕ ਰਣਜੀਤ ਮਣੀ , ਧਰਮਪ੍ਰੀਤ , ਮਨਜੀਤ ਰੂਪੋਵਾਲੀਆ , ਹਰਦੇਵ ਮਾਹੀਨੰਗਲ , ਦਵਿੰਦਰ ਕੋਹੇਨੂਰ , ਕਰਮਜੀਤ ਰੰਧਾਵਾ ਸਮੇਤ ਕਈ ਚੋਟੀ ਦੇ ਕਲਾਕਾਰ ਨੇ ਲੰਬਾ ਸਮਾਂ ਉਦਾਸ ਗੀਤਾਂ ਰਾਹੀਂ ਮਾਰਕੀਟ ਅੰਦਰ ਆਪਣੇ ਸਬਦ ਰਾਹੀਂ ਜਲਵਾ ਬਿਖੇਰਿਆ । ਜ਼ਿਆਦਾਤਰ ਉਦਾਸ ਗੀਤ ਉਸ ਸਮੇਂ ਦੇ ਗੀਤਕਾਰ ਬਚਨ ਬੇਦਿਲ , ਭਿੰਦਰ ਡੱਬਵਾਲੀ , ਕੋਮਲ ਸੁਨਾਮੀ ਦੀਆਂ ਕਲਮਾਂ ਦਾ ਸ਼ਿੰਗਾਰ ਬਣੇ । ਗੀਤਕਾਰ ਜਸਬੀਰ ਗੁਣਾਚੌਰੀਆ ਤੇ ਗੁਰਚਰਨ ਵਿਰਕ ਦੀ ਗਿਣਤੀ ਵੀ ਪਾਏਦਾਰ ਗੀਤਕਾਰਾਂ ਵਿੱਚ ਹੁੰਦੀ ਸੀ । ਹਰਜਿੰਦਰ ਬੱਲ ਦੇ  ਲਿਖੇ ਗੀਤ ਵੀ ਨੌਜਵਾਨਾਂ ਦੇ ਮੂੰਹਾਂ ਤੇ ਆਪ ਮੁਹਾਰੇ ਆ ਜਾਂਦੇ ਸਨ । ਲੰਘੇ ਸਮੇਂ ਇਨ੍ਹਾਂ ਵਿੱਚੋਂ ਕਈ ਗੀਤਾਂ ਤੇ ਆਸ਼ਕੀ ਨੂੰ ਬੜ੍ਹਾਵਾ ਦੇਣ ਦੇ ਦੋਸ਼ ਵੀ ਲੱਗੇ ।
                        ਗਾਇਕ ਰਣਜੀਤ ਮਣੀ ਨੂੰ ਉਸ ਸਮੇਂ 'ਮੇਰੇ ਸੋਹਣੇ ਦਾ ਪ੍ਰਿੰਸੀਪਲ ਜੀ ਹਾੜ੍ਹਾ ਕੱਟਿਓ ਨਾ ਕਾਲਜ ਚੋਂ ਨਾਂ' ਤੇ 'ਤੇਰੇ ਵਿਆਹ ਦੇ ਕਾਰਡ' ਵਾਲੀ ਕੈਸਟ ਨੇ ਹੱਥੋ-ਹੱਥੀ ਸਟਾਰਾਂ ਦੀ ਗਿਣਤੀ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ । ਇਕ ਤਰ੍ਹਾਂ ਨਾਲ ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਧੂਮ ਮਚਾ ਦਿੱਤੀ ਸੀ ਇਨ੍ਹਾਂ ਗੀਤਾਂ ਨੇ । ਸਵ.ਧਰਮਪ੍ਰੀਤ ਦੇ 'ਟੁੱਟੇ ਦਿੱਲ ਨੀ ਜੁਡ਼ਦੇ ਅੜੀਏ ਤੋੜੀ ਨਾਂ' ਗੀਤ ਵਾਲੀ ਕੈਸਟ ਬੱਸਾਂ ਤੋਂ ਲੈ ਕੇ ਟਰੈਕਟਰਾਂ ਤਕ ਰੂਹ ਨਾਲ ਸੁਣੀ ਗਈ । ਸੋਹਣੇ ਸੁਨੱਖੇ ਨੌਜਵਾਨ ਮਨਜੀਤ ਰੂਪੋਵਾਲੀਆ ਦਾ ਆਪਣਾ ਇੱਕ ਵੱਖਰਾ ਸਥਾਨ ਸੀ ਉਸ ਨੇ ਗੀਤ ਭਾਵੇਂ ਘੱਟ ਗਾਏ ਪਰ 'ਜੇ ਕਹਿਤਾ ਜੀਅ ਨ੍ਹੀਂ ਲੱਗਣਾ ਫੇਰ ਕਿਹੜਾ ਵਾਪਸ ਆਜੇਂਗੀ , 'ਇਹ  ਕੁੜੀ ਓਹੀ ਹੋਣੀ ਅੈ' ਸਦਾ ਲਈ ਨੌਜਵਾਨ ਸਰੋਤਿਆਂ ਦੇ ਮੂੰਹੋਂ ਚੜ੍ਹ ਗਏ । ਹਰਦੇਵ ਮਾਹੀਨੰਗਲ ਨੇ 'ਰਾਤੀਂ ਘੋਲ ਕੇ ਸ਼ਰਾਬ ਵਿਚ ਪੀ ਗਿਆ' ਤੇ 'ਮਾਹੀ ਚਾਹੁੰਦਾ ਕਿਸੇ ਹੋਰ ਨੂੰ' ਵਰਗੇ ਗੀਤਾਂ ਨੂੰ ਜਦ ਆਪਣੀ ਆਵਾਜ਼ ਰਾਹੀਂ ਕਾਇਨਾਤ ਦੀ ਸੰਦਲੀ ਫ਼ਿਜ਼ਾ ਵਿੱਚ ਬਿਖੇਰਿਆ ਤਾਂ ਉਸ ਨੂੰ ਵੱਡੇ ਮਾਣ ਸਨਮਾਨ ਮਿਲੇ । ਉਸ ਸਮੇਂ ਕਈ ਪੰਜਾਬੀ ਗਾਇਕੀ ਦੇ ਪੰਡਤਾਂ ਵੱਲੋਂ ਉਸ ਗਾਇਕੀ ਨੂੰ ਹਟਕੋਰਿਆਂ ਤੇ ਹਉਕਿਆਂ ਦੀ ਗਾਇਕੀ ਕਹੇ ਜਾਣ ਦੇ ਨਾਲ-ਨਾਲ ਬਹੁਤੇ ਲੋਕ ਟੁੱਟੇ ਦਿਲਾਂ ਤੇ ਵਿਛੋੜੇ ਦੀ ਵੇਦਨਾ ਦਾ ਸ਼ਿਕਾਰ ਨੌਜਵਾਨਾਂ ਲਈ ਇਸ ਗਾਇਕੀ ਨੂੰ ਵੱਡਾ ਢਾਰਸ ਵੀ ਮੰਨਦੇ ਸਨ ।
                        ‎ਗ਼ਰੀਬ ਘਰ ਚੋਂ ਉੱਠੇ ਦਵਿੰਦਰ ਕੋਹੇਨੂਰ ਤੇ ਕਰਮਜੀਤ ਰੰਧਾਵਾ ਨੇ ਜ਼ਿਆਦਾਤਰ ਬਚਨ ਬੇਦਿਲ ਦੀ ਕਲਮ ਚੋਂ ਨਿਕਲੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਤੇ ਬੇਸ਼ੱਕ ਲੰਮਾ ਸਮਾਂ ਪੰਜਾਬੀ ਗਾਇਕੀ ਅੰਦਰ ਟਿਕ ਨਾ ਸਕੇ ਪਰ ਇੱਕ ਸਥਾਨ ਜ਼ਰੂਰ ਬਣਾ ਗਏ । ਦਵਿੰਦਰ ਨੇ 'ਤੈਨੂੰ ਦਿਲ ਦੇ ਖ਼ੂਨ ਦੀ ਮਹਿੰਦੀ ਦਿੰਦੇ ਤਲੀਆਂ ਉੱਤੇ ਲਾਉਣ ਲਈ' ਵਰਗੇ ਗੀਤ ਗਾਏ ਤਾਂ ਨੌਜਵਾਨੀ ਨੇ ਇਕਦਮ ਉਸ ਨੂੰ ਅੱਖਾਂ ਦੀਆਂ ਪਲਕਾਂ ਤੇ ਚੁੱਕ ਲਿਆ । ਰੰਧਾਵਾ ਨੇ ਜ਼ਿਆਦਾਤਰ ਕਿਸਾਨੀ ਨਾਲ ਸਬੰਧਤ ਗੀਤਾਂ ਨੂੰ ਨੂੰ ਆਪਣੀ ਆਵਾਜ਼ ਦਿੱਤੀ । ਪੰਜਾਬੀ ਗਾਇਕੀ ਦੇ ਇਤਿਹਾਸ ਅੰਦਰ ਕਈ ਦਹਾਕੇ ਇਨ੍ਹਾਂ ਕਲਾਕਾਰਾਂ ਨੇ ਆਪਣੇ ਸਰੋਤਿਆਂ ਦੇ ਮਨਾਂ ਤੇ ਰੱਜ ਕੇ ਰਾਜ ਕੀਤਾ ਤੇ ਚੋਖਾ ਨਾਵਾਂ ਵੀ ਕਮਾਇਆ ਪਰ ਇਨ੍ਹਾਂ ਵਿੱਚੋ ਬਹੁਤੇ 'ਗਲੈਮਰ ਦੀਅਾਂ ਫੇਟਾਂ' ਨੂੰ ਝੱਲ ਨਾ ਸਕੇ ਤੇ ਛੇਤੀ ਹੀ ਪਰਦੇ ਤੋਂ ਅਲੋਪ ਹੋ ਗਏ । ਕਈਆਂ ਨੇ ਸਮੇਂ ਦੇ ਨਾਲ ਬਦਲਣ ਦੀ ਡਾਹਢੀ ਕੋਸ਼ਿਸ਼ ਵੀ ਕੀਤੀ ਤੇ ਥੋੜ੍ਹਾ ਬਹੁਤਾ ਸਫਲ ਵੀ ਹੋਏ ਪਰ ਜ਼ਿਆਦਾਤਰ੍ਹ ਨੂੰ ਅਸਫ਼ਲਤਾ ਦਾ ਮੂੰਹ ਹੀ ਵੇਖਣਾ ਪਿਆ । ਪੰਜਾਬੀ ਗਾਇਕੀ ਦੇ ਇਕ ਖੇਤਰ ਦੇ ਇਨ੍ਹਾਂ ਫ਼ਨਕਾਰਾਂ ਵਿੱਚੋਂ ਕੁਝ ਇਕ ਇਸ ਸੰਸਾਰ ਤੋਂ ਕੂਚ ਵੀ ਕਰ ਚੁੱਕੇ ਹਨ ਤੇ ਕਈਆਂ ਨੇ ਆਪਣਾ ਰੈਣ ਬਸੇਰਾ ਵਿਦੇਸ਼ੀ ਧਰਤੀ ਤੇ ਬਣਾ ਲਿਆ ਹੈ ।
                        ‎ਇਨ੍ਹਾਂ ਉਦਾਸ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਕਲਾਕਾਰਾਂ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਭਾਵੇਂ ਟੁੱਟਵੇਂ-ਟੁੱਟਵੇਂ ਗੀਤ ਮਾਰਕੀਟ ਵਿਚ ਆਉਂਦੇ ਰਹੇ ਪਰ ਇਹ ਉਹ ਸਮਾਂ ਸੀ ਜਦ ਜ਼ਿਆਦਾਤਰ ਤੂਤੀ ਇਨ੍ਹਾਂ ਕਲਾਕਾਰਾਂ ਦੇ ਉਦਾਸ ਗੀਤਾਂ ਦੀ ਹੀ ਮਾਰਕੀਟ ਅੰਦਰ ਬੋਲਦੀ ਸੀ । ਉਦਾਸ ਗੀਤ ਭਾਵੇਂ ਰਾਜ ਬਰਾੜ , ਕਰਮਜੀਤ ਅਨਮੋਲ , ਇੰਦਰਜੀਤ ਨਿੱਕੂ , ਰਵਿੰਦਰ ਗਰੇਵਾਲ , ਫਕੀਰ ਚੰਦ ਪਤੰਗਾ ਸਮੇਤ ਹੋਰਨਾਂ ਕਈ ਕਲਾਕਾਰਾਂ ਨੇ ਵੀ ਗਾਏ ਪਰ ਪਰ ਉਪਰਲੇ ਕਲਾਕਾਰਾਂ ਵੱਲੋਂ ਕੇਵਲ ਤੇ ਕੇਵਲ ਲੰਮਾ ਸਮਾਂ ਉਦਾਸ ਗੀਤਾਂ ਜ਼ਰੀਏ ਮਾਰਕੀਟ ਅੰਦਰ ਆਪਣੇ ਨਾਮ ਦਾ ਡੰਕਾ ਵਜਵਾਇਆ ਗਿਆ । ਇਕ ਸਮਾਂ ਸੀ ਜਦ ਨੌਜਵਾਨੀ ਇਨ੍ਹਾਂ ਕਲਾਕਾਰਾਂ ਨੂੰ ਉਦਾਸ ਗੀਤਾਂ ਵਾਲੇ ਕਲਾਕਾਰਾਂ ਦੇ ਨਾਮ ਨਾਲ ਬੁਲਾਉਣ ਲੱਗੀ ਸੀ । ਖ਼ੈਰ ਕੁਝ ਵੀ ਸੀ ਪਰ ਉਸ ਸਮੇਂ ਉਦਾਸ ਗੀਤਾਂ ਜ਼ਰੀਏ ਇਨ੍ਹਾਂ ਕਲਾਕਾਰਾਂ ਵੱਲੋਂ ਕੀਤੀ ਝੰਡੀ ਪੰਜਾਬੀ ਗਾਇਕੀ ਦੇ ਇਤਿਹਾਸ ਦਾ ਹਿੱਸਾ ਜ਼ਰੂਰ ਬਣ ਗਈ । ਕਿਤੇ ਨਾ ਕਿਤੇ ਸੱਥਾਂ ਵਿੱਚ ਬੈਠੇ ਲੋਕ ਅੱਜ ਵੀ ਕਹਿ ਦਿੰਦੇ ਨੇ ਕਿ ਅੱਜ ਦੇ ਆਹ 'ਫੁਕਰਾਪੰਥੀ ਕਲਾਕਾਰਾਂ' ਨਾਲੋਂ ਉਨ੍ਹਾਂ ਕਲਾਕਾਰਾਂ ਦੀ ਗਾਇਕੀ ਕਈ ਦਰਜੇ   ਜ਼ਿਆਦਾ ਚੰਗੀ ਸੀ । ਇਹ ਗੱਲ ਠੀਕ ਹੈ ਕਿ ਉਸ ਸਮੇਂ ਵੀ ਕਈ ਕਲਾਕਾਰਾਂ ਤੇ ਆਪਣੇ ਗੀਤਾਂ ਜ਼ਰੀਏ ਨੌਜਵਾਨੀ ਨੂੰ ਵਿਗਾੜਨ ਦੇ ਦੋਸ਼ ਲੱਗੇ ਪਰ  ਅੱਜ ਦੇ ਮੁਕਾਬਲੇ ਉਸ ਨੂੰ 'ਤੁੱਛ' ਗਿਣਿਆ ਜਾਵੇਗਾ । ਬਿਨਾਂ ਸ਼ੱਕ ਉਦਾਸ ਗੀਤਾਂ ਨੇ ਲੰਬਾ ਸਮਾਂ ਪੰਜਾਬੀ ਗਾਇਕੀ ਦੀ 'ਸੰਦਲੀ ਫ਼ਿਜ਼ਾ' ਅੰਦਰ ਆਪਣੀ 'ਕਲਾ ਦਾ ਜਲਵਾ' ਬਿਖੇਰਿਆ । ਜਿਸ ਨੂੰ ਅੱਜ ਕਈ ਦਹਾਕੇ ਬੀਤ ਜਾਣ ਦੇ ਬਾਅਦ ਵੀ ਉਸ ਸਮੇਂ ਦੇ ਸਮਕਾਲੀ ਲੋਕ 'ਠੰਡੀ ਹਾਅ' ਭਰ ਕੇ ਯਾਦ ਕਰਦੇ ਹਨ ।
      ਮਨਜਿੰਦਰ ਸਿੰਘ ਸਰੌਦ
            (ਮਾਲੇਰਕੋਟਲਾ )
     94634 -63136