ਚੁੰਝਾਂ-ਪ੍ਹੌਂਚੇ  - ਨਿਰਮਲ ਸਿੰਘ ਕੰਧਾਲਵੀ

25.09.2023

ਸਿੱਖਾਂ ਦੇ ਕਰੋੜਾਂ ਰੁਪਏ ਨੂੰ ਬੱਚਿਆਂ ਦੀ ਪੜ੍ਹਾਈ ‘ਤੇ ਕਿਉਂ ਨਾ ਖਰਚਿਆ ਜਾਵੇ?-ਗੁਰਦੁਆਰਾ ਨਾਨਕ ਦਰਬਾਰ ਦਿੱਲੀ।

ਜੇ ਸਿੱਖਾਂ ਨੂੰ ਏਨੀ ਅਕਲ ਆ ਜਾਵੇ ਤਾਂ ਕੌਮ ਕਿਤੇ ਦੀ ਕਿਤੇ ਪਹੁੰਚ ਜਾਵੇ।

ਜਾਖੜ ਵਲੋਂ ਐਲਾਨੀ ਭਾਜਪਾ ਦੀ ਨਵੀਂ ਟੀਮ ਵਿਚ ਸਾਬਕਾ ਕਾਂਗਰਸੀਆਂ ਨੂੰ ਮਿਲੇ ਅਹਿਮ ਅਹੁਦੇ- ਇਕ ਖ਼ਬਰ

ਹੁਣ ਇਸ ਨੂੰ ਭਾਜਪਾ ਨਾ ਕਹੋ ਸਗੋਂ ‘ਕਾਂਜਪਾ’ ਕਹੋ ਬਈ।

ਪਾਰਲੀਮੈਂਟ ਵਿਚ ਸਿੱਖ ਕਤਲੇਆਮ ਵਿਰੁੱਧ ਸਰਬਸੰਮਤੀ ਨਾਲ ਨਿਖੇਧੀ ਮਤਾ ਪਾਸ ਕੀਤਾ ਜਾਵੇ- ਹਰਸਿਮਰਤ ਬਾਦਲ

ਜਦੋਂ ਭਾਜਪਾ ਤੇ ਅਕਾਲੀ ਦਲ ਇਕੋ ਥਾਲੀ ’ਚ ਰੋਟੀ ਖਾਂਦੇ ਸੀ, ਉਦੋਂ ਇਸ ਮਤੇ ਦਾ ਚੇਤਾ ਕਿਉਂ ਨਾ ਆਇਆ ਬੀਬੀ?

ਡਰੱਗ ਦਾ ਕਰੋਬਾਰ ਬੰਦ ਕਰਵਾਉਣ ਲਈ ਪੰਜਾਬ ਪੁਲਿਸ ਵਚਨਬੱਧ- ਪੰਜਾਬ ਪੁਲਿਸ ਦਾ ਇਕ ਐਸ.ਪੀ.

ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ।

ਮਹਿਲਾ ਰਾਖਵਾਂ ਬਿੱਲ ਕਾਂਗਰਸ ਦੇ ਦਿਮਾਗ਼ ਦੀ ਉਪਜ ਸੀ, ਭਾਜਪਾ ਐਵੇਂ ਲਾਹਾ ਲੈ ਰਹੀ ਹੈ- ਬਾਜਵਾ

ਬਾਜੀ ਮਾਰ ਗਏ ਕਮਲ ਫੁੱਲ ਵਾਲ਼ੇ, ਹੱਥ ਨੂੰ ਹਿਲਾਇਆ ਕਿਸੇ ਨਾ।

ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਫੰਡ ਲੈਣ ਲਈ ਕੇਂਦਰ ਨੂੰ 6ਵੀਂ ਵਾਰ ਲਿਖੀ ਚਿੱਠੀ- ਇਕ ਖ਼ਬਰ

ਚਿੱਠੀਆਂ ਸਾਹਿਬਾਂ ਜੱਟੀ ਨੇ, ਲਿਖ ਮਿਰਜ਼ੇ ਵਲ ਪਾਈਆਂ।

ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਲਈ ਮੁੱਖ ਮੰਤਰੀ ਨੇ ਨਵਾਂ ਵਟਸਐਪ ਚੈਨਲ ਸ਼ੁਰੂ ਕੀਤਾ- ਇਕ ਖ਼ਬਰ

ਸਿੱਧੀ ਸੜਕ ਮੁਰੱਬਿਆਂ ਨੂੰ ਆਵੇ, ਇਕ ਗੇੜਾ ਮਾਰ ਹਾਣੀਆਂ।

‘ਰਾਜ ਨਹੀਂ ਸੇਵਾ ਵਾਲਿਆਂ’ ਵਲੋਂ ਚਾੜ੍ਹਿਆ ਕਰਜ਼ਾ ਹੀ ਮੋੜ ਰਹੇ ਹਾਂ- ਭਗਵੰਤ ਮਾਨ

ਲੈ ਗਈ ਕੁੰਜੀਆਂ ਚੁਬਾਰਿਆਂ ਵਾਲ਼ੀ, ਖੈਰ ਕਿੱਥੋਂ ਪਾਵਾਂ ਜੋਗੀਆ।

ਆਪਣਾ ਆਧਾਰ ਵਧਾਉਣ ਲਈ ਹੁਣ ਆਰ.ਐਸ.ਐਸ. ਗ਼ੈਰ-ਹਿੰਦੂ ਸਮੂਹਾਂ ਵਲ ਧਿਆਨ ਕੇਂਦਰਤ ਕਰੇਗੀ- ਇਕ ਖ਼ਬਰ

ਯਾਨੀ ਕਿ ਹੁਣ ਕਲ਼ਾਵੇ ‘ਚ ਲੈ ਕੇ ਇਹਨਾਂ ਦਾ ਗਲ਼ ਘੁੱਟਿਆ ਜਾਵੇਗਾ।

ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਨੇ ਪੰਜ ਸਾਲਾਂ ‘ਚ ਬਣਾਈ ਕਰੋੜਾਂ ਦੀ ਜਾਇਦਾਦ- ਇਕ ਖ਼ਬਰ

ਭਰ ਲਉ ਝੋਲ਼ੀਆਂ ਮਿੱਤਰੋ, ਕਿ ਲੱਡੂਆਂ ਦਾ ਮੀਂਹ ਵਰ੍ਹਦਾ।

ਮੁੱਖ ਮੰਤਰੀ ਜੀ ਪਹਿਲਾਂ ਪੰਜਾਹ ਹਜ਼ਾਰ ਕਰੋੜ ਦੇ ਲਏ ਕਰਜ਼ੇ ਦਾ ਹਿਸਾਬ ਦਿਉ- ਰਾਜਪਾਲ

ਘੱਲਿਆ ਸੀ ਮੈਂ ਮਹੀਂ ਖਰੀਦਣ, ਖਰੀਦ ਲਿਆਇਆ ਝੋਟੇ।

ਤਾਮਿਲਨਾਡੂ ‘ਚ ਅੰਨਾ ਡੀ.ਐਮ. ਕੇ. ਨੇ ਭਾਜਪਾ ਨਾਲੋਂ ਨਾਤਾ ਤੋੜਿਆ-ਇਕ ਖ਼ਬਰ

ਯਾਰੀ ਤੋੜ ਗਏ ਬੱਕਰੀਆਂ ਵਾਲ਼ੇ, ਦੋ ਘੁੱਟ ਦੁੱਧ ਬਦਲੇ।

ਅਬੋਹਰ ਤੋਂ ਸਾਬਕਾ ਭਾਜਪਾ ਵਿਧਾਇਕ ਅਰੁਣ ਨਾਰੰਗ ‘ਆਪ’ ਵਿਚ ਸ਼ਾਮਲ- ਇਕ ਖ਼ਬਰ

ਝਾਂਜਰ ਪਤਲੋ ਦੀ, ਠਾਣੇਦਾਰ ਦੇ ਚੁਬਾਰੇ ਵਿਚ ਖੜਕੇ।

ਪੇਂਡੂ ਵਿਕਾਸ ਫੰਡ ਕੇਂਦਰ ਤੋਂ ਦਿਵਾਉਣ ਲਈ ਭਗਵੰਤ ਮਾਨ ਨੇ ਰਾਜਪਾਲ ਨੂੰ ਚਿੱਠੀ ਲਿਖੀ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਬਾਦਲ ਅਕਾਲੀ ਦਲ ਨਾਲ ਭਾਜਪਾ ਗੱਠਜੋੜ ਨਹੀਂ ਕਰੇਗੀ-ਮਨਜਿੰਦਰ ਸਿੰਘ ਸਿਰਸਾ

ਓ ਭਾਈ ਗੱਠਜੋੜ ਤਾਂ ਪਹਿਲਾਂ ਹੀ ਹੈਗਾ, ਤੁਹਾਨੂੰ ਹੀ ਨਹੀਂ ਦਿਸਦਾ।