ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

2018-04-16

ਜਦੋਂ ਕੈਪਟਨ ਨੂੰ ਮਿਲੇ ਬਿਨਾਂ ਹੀ ਕਾਂਗਰਸ ਪ੍ਰਧਾਨ ਜਾਖੜ ਨੂੰ ਮੁੜਨਾ ਪਿਆ-ਇਕ ਖ਼ਬਰ
ਜਿਹਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਹਨੀਂ ਰਾਹੀਂ ਵੇ ਮੈਨੂੰ ਮੁੜਨਾ ਪਿਆ।

ਸਿੱਕਾ ਨੂੰ ਦਿੱਤੀਆਂ ਹੋਈਆਂ ਚਿੱਠੀਆਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੇ ਵਾਪਸ ਲਈਆਂ-ਇਕ ਖ਼ਬਰ
ਕੀ ਲਿਫ਼ਾਫ਼ਾ ਵੀ ਮੋੜਨਾ ਪਵੇਗਾ ਜੀ?

ਕੇਂਦਰ ਸਰਕਾਰ ਇਕ ਫ਼ਿਲਮ ਕਾਰਨ ਸਿੱਖਾਂ ਲਈ 1978 ਵਰਗੀ ਵਿਸਾਖੀ ਨਾ ਬਣਨ ਦੇਵੇ- ਸਿੱਖ ਹਲਕੇ
ਉਹ ਫਿਰੇ ਨੱਕ ਵਢਾਉਣ ਨੂੰ, ਉਹ ਫਿਰੇ ਨੱਥ ਘੜਾਉਣ ਨੂੰ।

ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਜਾਨ ਦਾ ਖ਼ਤਰਾ- ਇਕ ਖ਼ਬਰ
ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ।

ਸ਼ਾਸਨ ਚਲਾਉਣ ਬਾਰੇ ਮੈਨੂੰ ਨਸੀਹਤਾਂ ਦੀ ਲੋੜ ਨਹੀਂ- ਮੁੱਖ ਮੰਤਰੀ ਅਮਰਿੰਦਰ ਸਿੰਘ
ਨ੍ਹਿੰਮੀ ਨ੍ਹਿੰਮੀ ਬੀਨ ਵੱਜਦੀ, ਉੱਤੇ ਸੱਪ ਮਸਤਾਨਾ ਹੋਇਆ।

ਸਿੱਧੂ ਦੇ ਅਸਤੀਫ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਕੈਪਟਨ
ਰਾਤੀਂ ਸੁੱਤੀ ਸੀਰਾ ਮਲ਼ ਕੇ, ਮੁੰਡਾ ਹਿੱਕ 'ਨਾ ਚੁੰਬੜਦਾ ਜਾਵੇ।

ਦੋਸਤਾਂ ਨੇ ਮਨਪ੍ਰੀਤ ਬਾਦਲ ਦੀ ਚੜ੍ਹਦੀ ਕਲਾ ਲਈ ਆਖੰਡ ਪਾਠ ਦੇ ਭੋਗ ਪੁਆਏ- ਇਕ ਖ਼ਬਰ
ਉੱਤੇ ਪਾ ਦੇ ਫੁੱਲ ਕਲੀਆਂ, ਮੰਜਾ ਬੁਣ ਦੇ ਜੁਗਿੰਦਰਾ ਯਾਰਾ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋ ਕਿਉਂ ਔਖੇ ਹਨ ਸਿੱਖੀ ਦੇ ਠੇਕੇਦਾਰ? ਇਕ ਸਵਾਲ
ਚੁੰਘੀ ਬੱਕਰੀ, ਬਣਾ 'ਤਾ ਡਾਕਾ।

ਵਿਸਾਖੀ ਮੇਲੇ ਦੇ ਅਖ਼ੀਰ 'ਤੇ ਆਪਸ ਵਿਚ ਉਲਝ ਗਏ ਕਾਂਗਰਸੀ- ਇਕ ਖ਼ਬਰ
ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਬਾਦਲਾਂ ਨੇ ਕਦੇ ਵੀ ਸ਼੍ਰੋਮਣੀ ਕਮੇਟੀ ਦੇ ਕੰਮਾਂ 'ਚ ਦਖ਼ਲ ਨਹੀਂ ਦਿੱਤਾ- ਮੱਕੜ
'ਕੱਲਾ ਲੂਣ ਕਦੇ ਨਹੀਂ ਗੁੰਨ੍ਹ ਹੁੰਦਾ, ਪਾਕੇ ਆਟੇ 'ਚ ਮੱਕੜ ਜੀ ਗੁੰਨ੍ਹੀਏਂ ਜੀ।

ਸ਼ਰਾਬ ਦੀ ਕਮਾਈ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਚੜ੍ਹਾਇਆ ਸਰੂਰ- ਇਕ ਖ਼ਬਰ
ਪਵੇ ਹਾਸ਼ਮਾਂ ਗ਼ੈਬ ਦੀ ਧਾੜ ਏਹਨਾਂ, ਨਿੱਤ ਮਾਸ ਬੇਗਾਨੜਾ ਖਾਂਵਦੇ ਨੇ।

ਕਠੂਆ ਕੇਸ ਵਿਚ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ- ਜਾਵੜੇਕਰ
ਤੇਰੀ ਹਰ ਮੱਸਿਆ ਬਦਨਾਮੀ, ਨੀਂ ਸੋਨੇ ਦੇ ਤਵੀਤ ਵਾਲ਼ੀਏ।