ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

ਨੂਹ ਦੀ ਹਿੰਸਾ ਸਰਕਾਰ ਦੀ ਸ਼ਹਿ ‘ਤੇ ਹੋਈ- ਸਾਬਕਾ ਰਾਜਪਾਲ ਸਤਿਆਪਾਲ ਮਲਿਕ

ਪਿੰਡ ‘ਚ ਲੜਾਈਆਂ ਪਾਉਂਦਾ ਨੀ, ਮਰ ਜਾਣਾ ਅਮਲੀ।

ਪੰਥਕ ਵੋਟਾਂ ਬਣਾਉਣ ਲਈ ਹਰਿਆਣਾ ਕਮੇਟੀ ਵਲੋਂ ਸਰਗਰਮੀਆਂ ਤੇਜ਼- ਇਕ ਖ਼ਬਰ

ਮੁੰਡੇ ਮਾਰਦੇ ਪੱਟਾਂ ‘ਤੇ ਥਾਪੀਆਂ ਕਿ ਛਿੰਝ ਵਾਲ਼ਾ ਮੇਲਾ ਆ ਗਿਆ।

ਪੰਜਾਬ ਸਰਕਾਰ ਕੇਂਦਰ ਦੇ ਇਸ਼ਾਰੇ ‘ਤੇ ਸਿੱਖਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ- ਜਸਕਰਨ ਸਿੰਘ, ਖ਼ਾਲਸਾ

ਗਾਲ਼ ਬਿਨਾਂ ਨਾ ਬੋਲੇ, ਚੁੱਕੀ ਹੋਈ ਲੰਬੜਾਂ ਦੀ।

ਪੁੱਤਰ ਨੇ ਬੈਂਕ ਮੁਲਾਜ਼ਮ ਨਾਲ਼ ਮਿਲਕੇ ਆਪਣੀ ਮਾਂ ਨਾਲ਼ ਮਾਰੀ ਦਸ ਕਰੋੜ ਦੀ ਠੱਗੀ –ਇਕ ਰਿਪੋਰਟ

ਚਿੱਟਾ ਹੋ ਗਿਆ ਲਹੂ ਵੇ ਲੋਕੋ, ਚਿੱਟਾ ਹੋ ਗਿਆ ਲਹੂ।

ਤਾਜ਼ਾ ਹਿੰਸਾ ਤੋਂ ਬਾਅਦ ਸ੍ਰੀਨਗਰ ਦੇ ਐੱਸ.ਐੱਸ.ਪੀ ਦਾ ਮਨੀਪੁਰ ਤਬਾਦਲਾ- ਇਕ ਖ਼ਬਰ

ਯਾਰਾਂ ਨੇ ਤਾਂ ਪੱਠੇ ਹੀ ਖਾਣੇ ਆਂ ਬਈ ਸ੍ਰੀਨਗਰ ਨਾ ਸਹੀ ਮਨੀਪੁਰ ਸਹੀ।

‘ਇੰਡੀਆ’ ਗੱਠਜੋੜ ਲਈ ‘ਆਪ’ ਵਚਨਬੱਧ, ਇਸ ਤੋਂ ਵੱਖ ਨਹੀਂ ਹੋਵਾਂਗੇ- ਕੇਜਰੀਵਾਲ

ਲਾਈਆਂ ਤੇ ਤੋੜ ਨਿਭਾਵੀਂ ਵੇ ਬੀਬਾ, ਛੱਡ ਕੇ ਨਾ ਜਾਵੀਂ।

ਨੀਦਰਲੈਂਡ ਦੇ ਸਫ਼ੀਰ ਨੇ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਗੁਆਂਢਣੇ ਆ ਜਾ ਨੀ, ਕੱਢ ਜਾ ਛੜਿਆਂ ਦੀ ਧਾਰ।

ਪਲਾਟ ਖ਼ਰੀਦ ਘਪਲਾ: ਮਨਪ੍ਰੀਤ ਬਾਦਲ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ- ਇਕ ਖ਼ਬਰ

ਲੱਡੂ ਖਾ ਕੇ ਚੁਬਾਰੇ ਵਿਚੋਂ ਨਿਕਲੀ, ਮੱਖੀਆਂ ਨੇ ਪੈੜ ਨੱਪ ਲਈ।

ਪੰਜਾਬ ਦੇ ਲੋਕ ਮਾਨ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਅੱਕ ਚੁੱਕੇ ਹਨ-ਪਰਮਿੰਦਰ ਸਿੰਘ ਢੀਂਡਸਾ

ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਨਵਜੋਤ ਸਿੱਧੂ ਸਿਆਸਤ ਵਿਚ ਇਕਦਮ ਮੁੜ ਸਰਗਰਮ ਹੋਇਆ- ਇਕ ਖ਼ਬਰ

ਬੋਤਾ ਆਵੇ ਮੇਰੇ ਵੀਰ ਦਾ, ਜਿਵੇਂ ਕਾਲ਼ੀਆਂ ਘਟਾਵਾਂ ਵਿਚ ਬਗਲਾ।

ਪੰਜਾਬ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ਾਂ ਦੀ ਜ਼ਿੰਮੇਵਾਰੀ ਵੀ ਕਿਸਾਨ ਜਥੇਬੰਦੀਆਂ ਦੇ ਸਿਰ- ਰਾਜੇਵਾਲ

ਇਹਦਾ ਜੋਗ ਦਰਗਾਹ ਮੰਨਜ਼ੂਰ ਹੋਇਆ, ਮੱਥਾ ਟੇਕਦਾ ਕੁੱਲ ਜਹਾਨ ਸਾਰਾ।

ਮਨਪ੍ਰੀਤ ਸਿੰਘ ਬਾਦਲ ਦੇ ਘਰ ਵਿਜੀਲੈਂਸ ਨੇ ਮਾਰਿਆ ਛਾਪਾ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

ਬੀ.ਜੇ.ਪੀ. ਨਾਲ਼ ਗੱਠਜੋੜ ਲਈ ਬਾਦਲ ਕਾਹਲ਼ੇ ਪਰ ਉੱਪਰੋਂ ਉੱਪਰੋਂ ਦਿਖਾਉਂਦੇ ਰੋਅਬ- ਇਕ ਖ਼ਬਰ

ਹਰ ਚਰਖੇ ਦੇ ਗੇੜੇ, ਮਾਹੀ ਮੈਂ ਤੈਨੂੰ ਯਾਦ ਕਰਦੀ।

ਸਰਕਾਰ ਨੇ ਨੌਜਵਾਨਾਂ ਦੇ ਸੁਪਨੇ ਤੋੜੇ, ਵਧ ਰਹੇ ਹਨ ਖ਼ੁਦਕੁਸ਼ੀਆਂ ਦੇ ਮਾਮਲੇ- ਕਾਂਗਰਸ

ਛੱਕਾਂ ਪੂਰਦਾ ਨਾ ਅੱਜ ਕਲ ਕੋਈ, ਵੀਰ ਰਹਿ ਗਏ ਮਤਲਬ ਦੇ।

ਵੋਟ ਦੇਣੀ ਹੈ ਤਾਂ ਦਿਉ, ਮਾਲ-ਪਾਣੀ ਬਿਲਕੁਲ ਨਹੀਂ ਮਿਲੇਗਾ- ਕੇਂਦਰੀ ਮੰਤਰੀ ਗਡਕਰੀ

ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ।