ਪਰਾਏ ਦੇਸ - ਬਲਵੰਤ ਸਿੰਘ ਗਿੱਲ

"ਜੱਸੀ ਤੇਰੀ ਨਾਂਹ ਨਾਂਹ ਨੇ ਬੇੜਾ ਗਰਕ ਕਰ ਦੇਣਾ। ਦੇਖ ਇਹੋ ਜਿਹੇ ਮੌਕੇ ਵਾਰ-ਵਾਰ ਹੱਥ ਨਹੀਂ ਆਉਂਦੇ। ਹੁਣ ਤਾਂ ਆਸਟਰੇਲੀਆ ਸਰਕਾਰ ਵਿੱਦਿਆ ਦੇ ਕਾਨੂੰਨ ਰਾਹੀਂ ਇੱਥੇ ਆਉਣ ਦਾ ਮੌਕਾ ਦਿੰਦੀ ਹੈ। ਪਰ ਫੇਰ ਜੇ ਸਰਕਾਰ ਬਦਲ ਗਈ ਜਾਂ ਫਿਰ ਇਸ ਨੇ ਆਪਣੀ ਪਾਲਿਸੀ ਬਦਲ ਲਈ ਫਿਰ ਇੱਥੇ ਆਇਆ ਨਹੀਂ ਜਾਣਾ। ਹੁਣ-ਹੁਣ ਮੌਕਾ ਹੈ, ਮੌਕੇ ਨੂੰ ਸਾਂਭ ਲੈ ਅਤੇ ਆਸਟਰੇਲੀਆ ਆ ਜਾ।" ਸ੍ਹਾਬੀ ਨੇ ਆਪਣੇ ਦੋਸਤ ਜੱਸੀ ਨੂੰ ਆਸਟਰੇਲੀਆ ਆਉਣ ਦਾ ਮੌਕਾ ਹੱਥੋਂ ਨਾ ਗੁਆੳੇਣ ਲਈ ਫ਼ੋਨ 'ਤੇ ਚਿਤਾਵਨੀ ਦਿੱਤੀ।
"ਦੇਖ ਸ੍ਹਾਬੀ! ਤੇਰੀ ਸਲਾਹ ਸਿਰ ਮੱਥੇ, ਪਰ ਮੇਰੀ ਬੇਬੇ ਮੰਨਦੀ ਨਹੀਂ। ਜਦ ਕਦੇ ਅਸਟਰੇਲੀਆ ਜਾਂ ਕੈਨੇਡਾ ਜਾਣ ਦੀ ਗੱਲ ਕਰਾਂ ਤਾਂ ਅੱਖਾਂ ਭਰ ਲੈਂਦੀ ਹੈ 'ਤੇ ਆਖਦੀ ਹੈ ਕਿ ਉਸਨੇ ਮੈਨੂੰ ਵਾਹਿਗੁਰੂ ਪਾਸੋਂ ਲੱਖਾਂ ਮਿੰਨਤਾਂ ਤਰਲੇ ਕਰਕੇ ਮੰਗਿਆ ਹੈ। ਮੈਥੋਂ ਪਹਿਲਾਂ ਬੇਬੇ ਦੀ ਕੁੱਖੋਂ ਤਿੰਨ ਬੱਚੇ ਹੋਏ ਸਨ। ਦੋ ਤਾਂ ਉਸਦੇ ਪੇਟ ਵਿੱਚ ਹੀ ਰੱਬ ਨੂੰ ਪਿਆਰੇ ਹੋ ਗਏ ਸਨ ਅਤੇ ਇੱਕ ਮੁੰਡਾ ਬਚਪਨ ਵਿੱਚ ਹੀ ਕਿਸੇ ਘਾਤਿਕ ਬੀਮਾਰੀ ਹੋਣ ਕਰਕੇ ਮਰ ਗਿਆ ਸੀ। ਹੁਣ ਬੇਬੇ ਮੈਨੂੰ ਆਪਣੀਆਂ ਅੱਖਾਂ ਤੋਂ ਪਰ੍ਹੇ ਇੱਕ ਪਲ ਵੀ ਨਹੀਂ ਕਰਨਾ ਚਾਹੁੰਦੀ।" ਜੱਸੀ ਨੇ ਆਪਣੀ ਮਜ਼ਬੂਰੀ ਸਾਬੀ ਅੱਗੇ ਬਿਆਨ ਕੀਤੀ।
ਜੱਸੀ ਨੇ ਸ੍ਹਾਬੀ ਦਾ ਸੁਨੇਹਾ ਇੱਕ ਵਾਰ ਫੇਰ ਆਪਣੀ ਬੇਬੇ ਨੂੰ ਸੁਣਾਇਆ,"ਬੇਬੇ ਕੱਲ੍ਹ ਫੇਰ ਆਸਟਰੇਲੀਆ ਤੋਂ ਮੇਰੇ ਦੋਸਤ ਸਾਬੀ ਦਾ ਫ਼ੋਨ ਆਇਆ ਸੀ 'ਤੇ ਉਹ ਜ਼ੋਰ ਪਾ ਰਿਹਾ ਸੀ ਕਿ ਮੈਨੂੰ ਆਸਟਰੇਲੀਆ ਜਾਣ ਦਾ ਮੌਕਾ ਹੱਥੋਂ ਖੂੰਝਾਉਣਾ ਨਹੀਂ ਚਾਹੀਦਾ। ਆਖਦਾ ਸੀ ਕਿ ਅਜੇ ਤਾਂ ਆਸਟਰੇਲੀਆ ਸਰਕਾਰ ਵਿਦਿਆਰਥੀਆਂ ਨੂੰ ਉੱਥੇ ਜਾਣ ਦਾ ਮੌਕਾ ਦਿੰਦੀ ਹੈ। ਪਰ ਫੇਰ ਕੋਈ ਭਰੋਸਾ ਨਹੀਂ ਕਿ ਇਹੋ ਜਿਹਾ ਮੌਕਾ ਮਿਲੇ ਜਾਂ ਨਾ ਮਿਲੇ। ਤੂੰ ਮੈਨੂੰ ਆਸਟਰੇਲੀਆ ਜਾ ਲੈਣ ਦੇ।" ਜੱਸੀ ਨੇ ਆਪਣੀ ਬੇਬੇ ਪਾਸ ਆਸਟਰੇਲੀਆ ਜਾਣ ਦਾ ਤਰਲਾ ਪਾਇਆ।
ਬੇਬੇ ਕਰਤਾਰੀ ਨੂੰ ਜੱਸੀ ਦੀ ਗੱਲ ਇਸ ਤਰ੍ਹਾਂ ਚੁੱਭੀ ਜਿਵੇਂ ਕਿਸੇ ਨੇ ਉਸਦੇ ਅੱਲ੍ਹੇ ਜ਼ਖ਼ਮਾਂ ਤੇ ਲੂਣ ਭੁੱਕ ਦਿੱਤਾ ਹੋਵੇ। "ਪੁੱਤ ਜੱਸੀ, ਦੇਖ ਪਾਗਲ ਨਹੀਂ ਬਣੀਦਾ। ਤੈਨੂੰ ਘਰ ਦੇ ਸਾਰੇ ਹਾਲਾਤਾਂ ਦਾ ਭਲੀ ਭਾਂਤ ਪਤਾ ਹੈ ਕਿ ਤੈਨੂੰ ਮੈਂ ਰੱਬ ਕੋਲੋਂ ਸੌ ਸੁੱਖਾਂ ਮੰਗ ਕੇ ਲਿਆ ਸੀ। ਜਦੋਂ ਤੂੰ ਅਜੇ ਪੰਜ ਕੁ ਸਾਲ ਦਾ ਹੋਇਆ ਸੀ ਤਾਂ ਤੇਰਾ ਬਾਪੂ ਗ਼ਰੀਬੀ ਦੁੱਖੋਂ ਕੀੜੇ ਮਾਰਨ ਵਾਲੀ ਦੁਆਈ ਖਾ ਕੇ ਆਪਣੀ ਜਾਨ ਗੁਆ ਗਿਆ ਸੀ। ਤੈਨੂੰ ਨਹੀਂ ਪਤਾ ਮੈਂ ਤੈਨੂੰ ਕਿੰਨਿਆਂ ਦੁੱਖਾਂ ਨਾਲ ਪਾਲ਼ਿਆ ਹੈ। ਤੂੰ ਹੁਣ ਕਹਿਨੈਂ ਕਿ ਮੈਂ ਵਿਦੇਸ਼ ਜਾਣਾ  ਚਾਹੁੰਦਾ ਹੈਂ। ਕਾਕਾ! ਅੱਧੀ ਖਾ ਲਈਏ, ਪਰਦੇਸਾਂ ਦੇ ਧੱਕੇ ਨਹੀਂ ਖਾਈਦੇ।"
ਬੇਬੇ ਆਪਣੇ ਬੇਟੇ ਨੂੰ ਅੱਗੇ ਸਮਝਾਉਂਦੀ ਹੋਈ ਬੋਲੀ,
" ਬੇਟਾ, ਤੇਰੀ ਢਾਈ ਏਕੜ ਜ਼ਮੀਨ ਹੈ। ਮੈਂ ਇਸ 'ਤੇ ਕਰਜ਼ਾ ਚੁੱਕ ਕੇ ਜਾਂ ਥੋੜ੍ਹੀ ਪੈਲੀ ਵੇਚ ਕੇ ਤੈਨੂੰ ਇੱਥੇ ਹੀ ਡੇਅਰੀ ਖ੍ਹੋਲ ਦਿੰਦੀ ਹਾਂ। ਆਪਾਂ ਮਾਂ-ਪੁੱਤ ਦੋਵੇਂ ਨਾਲੇ ਆਪਣੀ ਜ਼ਮੀਨ ਵਿੱਚ ਬਿਨਾਂ ਰੇਹਾਂ ਸਪਰੇਹਾਂ ਤੋਂ ਖੇਤੀ ਕਰਿਆ ਕਰਾਂਗੇ ਅਤੇ ਨਾਲ ਹੀ ਆਪਣੀ ਡੇਅਰੀ ਦੀਆਂ ਮੱਝਾਂ ਦਾ ਦੁੱਧ ਵੇਚਿਆ ਕਰਾਂਗੇ। ਮੈਂ ਇੱਕ ਦਿਨ ਟੈਲੀ 'ਤੇ ਸੁਣਿਆਂ ਕਿ ਰੇਹਾਂ ਸਪਰੇਹਾਂ ਤੋਂ ਬਿਨਾਂ ਫਸਲਾਂ ਦੀ ਬੜੀ ਮੰਗ ਹੈ। ਯਕੀਨ ਰੱਖ ਮੈਂ ਤੈਨੂੰ ਇਸ ਮੁਲਕ ਵਿੱਚ ਭੁੱਖਾ ਨਹੀਂ ਰਹਿਣ ਦਿੰਦੀ।" ਬੇਬੇ ਜੀ ਨੇ ਜੱਸੀ ਦਾ ਹੌਂਸਲਾ ਵਧਾਉਂਦਿਆਂ ਉਸ ਦਾ ਆਸਟਰੇਲੀਆ ਦਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ।
ਜੱਸੀ ਨੂੰ ਲੱਗਾ ਕਿ ਉਸ ਦੀ ਬੇਬੇ  ਭਾਰਤੀ ਨਿਜ਼ਾਮ ਦੀਆਂ ਹਕੀਕਤਾਂ ਤੋਂ ਬੇਖ਼ਬਰ ਹੈ 'ਤੇ ਐਵੇਂ ਟੈਲੀਵਿਯਨ 'ਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਫ਼ੋਕੇ ਜਿਹੇ ਪ੍ਰੋਗਰਾਮ ਦੇਖ ਕੇ ਆਪਣਾ ਧਰਵਾਸਾ ਬੰਨ੍ਹੀ ਬੈਠੀ ਹੈ। ਸ਼ਾਇਦ ਇਸ ਨੂੰ ਡੇਅਰੀ ਵਿੱਚ ਮੱਝਾਂ/ ਗਾਂਈਆ ਨੂੰ ਪਾਲਣ ਦੇ ਖ਼ਰਚਿਆਂ ਦਾ ਅੰਦਾਜ਼ਾ ਨਹੀਂ ਹੈ।
ਜਿਹੜਾ ਇਹ ਬਿਨ੍ਹਾਂ ਖਾਦਾਂ, ਰੇਹਾਂ ਸਪਰੇਆਂ ਅਤੇ ਕੀਟ-ਨਾਸ਼ਕ ਦਵਾਈਆਂ ਤੋਂ ਫ਼ਸਲ ਉੱਗਾ ਕੇ ਖੇਤੀ ਮਾਹਿਰਾਂ ਦੀਆਂ ਗੱਲਾਂ ਵਿੱਚ ਆ ਗਈ ਹੈ, ਇਸ ਨੂੰ ਸ਼ਾਇਦ ਆਰਗੈਨਿਕ/ ਜੈਵਿਕ ਫ਼ਸਲਾਂ ਦੇ ਝਾੜ ਦਾ ਪਤਾ ਨਹੀਂ ਜਿਹੜਾ ਹੁਣ ਦੇ ਕਣਕ ਝੋਨੇ ਦੇ ਝਾੜ ਤੋਂ ਅੱਧਾ ਵੀ ਨਹੀਂ ਹੋਵੇਗਾ। ਸਰਕਾਰਾਂ ਨੇ  ਇਨ੍ਹਾਂ ਫਸਲਾਂ ਦਾ ਕਿਹੜਾ ਜਿਆਦਾ ਮੁੱਲ ਪਾਉਣਾ। ਉਹ ਤਾਂ ਪਹਿਲਾਂ ਹੀ ਕਿਸਾਨਾਂ ਨੂੰ ਖੇਤੀ ਛੁਡਵਾ ਕੇ ਵਹਿਲਾ ਕੀਤਾ ਚਾਹੁੰਦੀ ਹੈ, ਤਾਂ ਕਿ ਖੇਤੀ ਤੇ ਕਾਰਪੋਰੇਟ ਕਬਜ਼ਾ ਕਰ ਲੈਣ।
"ਬੇਬੇ, ਮਿੰਨਤ ਨਾਲ ਮੇਰੀ ਗੱਲ ਮੰਨ ਲੈ। ਮੈਨੂੰ ਮੇਰੇ ਦੋਸਤ ਸ੍ਹਾਬੀ ਦੀ ਗੱਲ ਵਜ਼ਨਦਾਰ ਲੱਗਦੀ ਹੈ। ਇੱਥੇ ਮੇਰੇ ਵਰਗੇ ਨੌਜਵਾਨਾਂ ਦਾ ਕੋਈ ਭਵਿੱਖ ਨਹੀਂ ਹੈ। ਹੁਣ-ਹੁਣ ਮੌਕਾ ਹੈ ਆਸਟਰੇਲੀਆ ਜਾਣ ਦਾ। ਮੈਨੂੰ ਆਪਣਾ ਭਵਿੱਖ ਸਵਾਰਨ ਦੇ।ਮੈਨੂੰ ਪੱਕਾ ਪਤਾ ਹੈ ਕਿ ਤੂੰ ਮੇਰਾ ਵਿਛੋੜਾ ਨਹੀਂ ਝੱਲ ਸਕਦੀ। ਮੈਂ ਤੈਨੂੰ ਭਰੋਸਾ ਦਿੰਦਾ ਹਾਂ ਕਿ ਜਿੰਨੀ ਛੇਤੀ ਮੈਂ ਆਸਟਰੇਲੀਆ ਵਿੱਚ ਪੱਕਾ ਹੋਇਆ, ਤੈਨੂੰ ਉੱਦੋਂ ਹੀ ਮੰਗਵਾ ਲਵਾਂਗਾ।"
ਪੁੱਤਰ ਦੀਆਂ ਤਰਕਾਂ ਅੱਗੇ ਬੇਬੇ ਕਰਤਾਰੀ ਦੀ ਕੋਈ ਪੇਸ਼ ਨਾ ਗਈ। ਇੱਥੇ ਮਾਂ ਦੀ ਮਮਤਾ ਆਪਣੇ ਪੁੱਤ ਦੀਆਂ ਅੱਖਾਂ ਵਿੱਚ ਭਾਰਤੀ ਸਰਕਾਰ ਦੀਆਂ ਨੌਜਵਾਨਾਂ ਲਈ ਕੋਈ ਕਾਰਗਰ ਨੀਤੀਆਂ ਅਤੇ ਯੋਜਨਾਵਾਂ ਦੀ ਘਾਟ ਦੇਖਦੀ ਹੋਈ, ਆਪਣੇ ਪੁੱਤਰ ਦੀ ਗੱਲ ਮੰਨਣ ਲਈ ਮਜ਼ਬੂਰ ਹੋ ਗਈ।
ਬੇਬੇ ਨੇ ਆਪਣੇ ਇਕਲੌਤੇ ਅਤੇ ਲਾਡਲੇ ਪੁੱਤ ਨੂੰ ਅਸਟਰੇਲੀਆ ਭੇਜਣ ਦਾ ਕੌੜਾ ਘੁੱਟ ਭਰਨ ਲਈ ਆਪਣੀ ਜ਼ਮੀਨ ਦਾ ਇੱਕ ਖੱਤਾ ਵੇਚ ਦਿੱਤਾ। ਪੰਦਰਾਂ ਲੱਖ ਰੁੱਪਿਆ ਜੱਸੇ ਦੇ ਹੱਥ ਫ਼ੜਾ ਦਿੱਤੇ।
ਜੱਸੀ ਨੇ ਏਜੰਟ ਨਾਲ ਗੱਲ ਕੀਤੀ ਅਤੇ ਇਹ ਸਾਰੀ ਮਾਇਆ ਉਸ ਦੀ ਝੋਲੀ ਵਿੱਚ ਪਾ ਕੇ ਆਸਟਰੇਲੀਆ ਪੜ੍ਹਾਈ ਕਰਨ ਪਹੁੰਚ ਗਿਆ। ਕਾਲਜ ਦੀ ਬਾਕੀ ਫ਼ੀਸ ਉੱਥੇ ਪਹੁੰਚ ਕੇ ਅਤੇ ਕੰਮ ਕਰਕੇ ਤਾਰਨੀ ਸੀ।
ਜੱਸੀ ਅਤੇ ਸ੍ਹਾਬੀ ਦੋਵੇਂ ਇੱਕ ਘਰ ਦੀ ਬੇਸਮੈਂਟ (ਘਰ ਦੇ ਥੱਲੇ ਦੇ ਹਿੱਸੇ) ਵਿੱਚ ਰਹਿਣ ਲੱਗੇ। ਸ੍ਹਾਬੀ ਜੱਸੀ ਤੋਂ ਦੋ ਤਿੰਨ ਸਾਲ ਪਹਿਲਾਂ ਆਸਟਰੇਲੀਆ ਗਿਆ ਹੋਣ ਕਰਕੇ ਇਸ ਦੀ ਪੜ੍ਹਾਈ ਖਤਮ ਹੋਣ ਵਾਲੀ ਸੀ ਅਤੇ ਨਾਲ ਹੀ ਇਸ ਨੇ ਆਪਣੀ ਪੀ. ਆਰ. (ਪੱਕੇ ਹੋਣ) ਦਾ ਕੇਸ ਅਪਲਾਈ ਕੀਤਾ ਹੋਇਆ ਸੀ।
ਸ੍ਹਾਬੀ ਨੇ ਜੱਸੀ ਨੂੰ ਆਪਣੇ ਨਾਲ ਹੀ ਗੈਸ ਸਟੇਸ਼ਨ ' ਤੇ ਕੈਸ਼ੀਅਰ ਦੇ ਕੰਮ ਤੇ ਲਗਵਾ ਲਿਆ ਤਾਂ ਕਿ ਇਹ ਕਾਲਿਜ ਦੀ ਫ਼ੀਸ ਤਾਰ ਸਕੇ। ਇਸੇ ਗੈਸ ਸਟੇਸ਼ਨ ਤੇ ਮਨਪ੍ਰੀਤ ਜੋ ਕੇ ਕੁਝ ਸਾਲ ਪਹਿਲਾਂ ਪੰਜਾਬ ਤੋਂ ਆਸਟਰੇਲੀਆ ਪੜ੍ਹਨ ਲਈ ਆਈ ਹੋਈ ਸੀ, ਕੈਸ਼ੀਅਰ ਦਾ ਕੰਮ ਕਰ ਰਹੀ ਸੀ। ਉਸ ਦੀ ਮਦਦ ਨਾਲ ਜੱਸੀ ਨੂੰ ਗਾਹਕਾਂ ਨੂੰ ਭੁੱਗਤਾਉਣ ਲਈ ਬੋਲੀ ਬੋਲਣ ਦੀ ਬਹੁਤੀ ਦਿੱਕਤ ਪੇਸ਼ ਨਾ ਆਈ। ਉਵੇਂ ਹੀ ਮਨਪ੍ਰੀਤ ਬੜੇ ਹੀ ਮਿਲਾਪੜੇ ਸੁਭਾਅ ਵਾਲੀ ਸੁਸ਼ੀਲ ਲੜਕੀ ਸੀ।
ਜੱਸੀ ਮਨ ਲਾ ਕੇ ਪੜ੍ਹਦਾ ਰਿਹਾ ਅਤੇ ਹਮੇਸ਼ਾ ਮਾੜੀ ਸੰਗਤ ਤੋਂ ਪਰ੍ਹੇ ਰਹਿੰਦਾ। ਪੜ੍ਹਾਈ ਦੇ ਨਾਲ-ਨਾਲ ਕੁੱਝ ਕੰਮ ਕਰਦਾ ਹੋਣ ਕਰਕੇ ਬੇਬੇ ਕਰਤਾਰੀ 'ਤੇ ਵੀ ਆਰਥਿਕ ਬੋਝ ਨਾ ਪਾਉਂਦਾ। ਸਗੋਂ ਉਸ ਦੇ ਖ਼ਰਚ ਵਾਸਤੇ ਥੋੜ੍ਹੇ ਬਹੁਤ ਪੈਸੇ ਭੇਜ ਛੱਡਦਾ। ਆਪਣੇ ਦੋਸਤ ਸ੍ਹਾਬੀ ਦਾ ਸਾਥ ਅਤੇ ਸਹਾਇਤਾ ਉਸਨੂੰ ਬੜੀ ਹੀ ਲਾਹੇਵੰਦ ਸੀ । ਨਾਲ ਹੀ ਕੰਮ 'ਤੇ ਮਨਪ੍ਰੀਤ ਦਾ ਸੁਹਿਰਦ ਸਾਥ।
ਜਦੋਂ ਕਦੇ ਜੱਸੀ ਆਪਣੀ ਮਾਤਾ ਨੂੰ ਫ਼ੋਨ ਕਰਦਾ ਤਾਂ ਹਮੇਸ਼ਾ ਦੱਸਦਾ ਕਿ ਇਨ੍ਹਾਂ ਦੋਹਾਂ ਇਨਸਾਨਾਂ ਦੇ ਸਾਥ ਅਤੇ ਸਹਾਇਤਾ ਨੇ ਉਸਨੂੰ ਆਸਟਰੇਲੀਆ ਵਿੱਚ ਓਪਰਾ ਮਹਿਸੂਸ ਨਹੀਂ ਹੋਣ ਦਿੱਤਾ। ਕਾਲਜ ਵਿੱਚ ਅਗਰ ਫ਼ੀਸਾਂ ਵਗੈਰਾ ਦੀ ਕੋਈ ਘਾਟ ਵੀ ਆਉਂਦੀ ਤਾਂ ਇਹ ਤਿੰਨੇ ਦੋਸਤ ਆਪਸ ਵਿੱਚ ਨਜਿੱਠ ਲੈਂਦੇ। ਜੱਸੀ ਕਦੇ ਵੀ ਆਪਣੀ ਮਾਤਾ ਜੀ ਨੂੰ ਆਪਣਾ ਕੋਈ ਵੀ ਦੁੱਖ ਤਕਲੀਫ਼ ਨਾ ਦੱਸਦਾ।
ਜੱਸੀ ਦੀ ਬੇਬੇ ਆਪਣੇ ਪੁੱਤਰ ਦੇ ਵਿਦੇਸ਼ ਵਿੱਚ ਰਹਿੰਦਿਆਂ ਪੈਸੇ ਧੇਲੇ ਦੀ ਤਕਲੀਫ਼ ਦੀ ਘੱਟ ਚਿੰਤਾ ਕਰਦੀ, ਪਰ ਉਸ ਨੂੰ ਘਰ ਵਿੱਚ ਇਕੱਲੇ ਰਹਿੰਦਿਆਂ ਘਰ ਖਾਣ ਨੂੰ ਪੈਂਦਾ। ਰੋਟੀ ਖਾਂਦਿਆਂ, ਉੱਠਦਿਆਂ, ਬਹਿੰਦਿਆਂ ਅਤੇ ਜੱਸੀ ਦੇ ਕਮਰੇ ਵਿੱਚ ਗੇੜਾ ਮਾਰਦਿਆਂ, ਜੱਸੀ ਯਾਦ ਆ ਜਾਂਦਾ ਅਤੇ ਕਾਲਜੇ ਨੂੰ ਧੂਹ ਪੈਂਦੀ। ਮਾਂ ਆਪਣੀ ਮਮਤਾ ਨੂੰ ਕਿੰਨਾ ਕੁ ਚਿਰ ਛੁਪਾ ਸਕਦੀ ਸੀ। ਜਦੋਂ ਜੱਸੀ ਨੇ ਮਾਤਾ ਨੂੰ ਫ਼ੋਨ ਕਰਨਾ ਤਾਂ ਰੋਂਦੀ ਹੋਈ ਮਾਤਾ ਨੇ ਉਸਨੂੰ ਸਭ ਕੁੱਝ ਵਿੱਚ ਹੀ ਛੱਡ ਕੇ ਮਿਲਣ ਦਾ ਤਰਲਾ ਪਾਉਣਾ। ਜੱਸੀ ਨੇ ਫੇਰ ਉਹੀ ਲਾਰਾ ਲਾ ਦੇਣਾ ਕਿ ਬੱਸ ਹੁਣ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ। ਪੱਕਿਆਂ ਹੁੰਦਿਆਂ ਸਾਰ ਹੀ ਉਹ ਛੇਤੀ ਉਸਨੂੰ ਆਪਣੇ ਪਾਸ ਬੁਲਾ ਲਵੇਗਾ।
ਦਿਨ ਬੀਤਦੇ ਗਏ, ਸਮਾਂ ਲੰਘਦਾ ਗਿਆ। ਜੱਸੀ ਆਪਣੇ ਸਾਥੀਆਂ, ਸ੍ਹਾਬੀ ਅਤੇ ਮਨਪ੍ਰੀਤ ਨਾਲ ਹੱਸ ਕੇ ਸਮਾਂ ਬਿਤਾਉਂਦਾ ਗਿਆ। ਮਨਪ੍ਰੀਤ ਦਾ ਕਾਲਜ ਅਤੇ ਪੜ੍ਹਾਈ ਜੱਸੀ ਨਾਲੋਂ ਵੱਖਰੀ ਸੀ। ਪਰ ਜੱਸੀ ਮਨਪ੍ਰੀਤ ਦੀ ਪੜ੍ਹਾਈ ਵਿੱਚ ਹਰ ਸਮੇਂ ਮਦਦ ਕਰਦਾ ਰਹਿੰਦਾ। ਕੰਮ 'ਤੇ ਵੀ ਇਕੱਠਿਆਂ ਦਾ ਸੋਹਣਾ ਸਮਾਂ ਬੀਤਦਾ।
"ਜੱਸੀ, ਪੰਜਾਬ ਵਿੱਚ ਕੋਈ ਗਰਲ ਫਰੈਂਡ ਵੀ ਹੈ ਕਿ ਨਹੀਂ?" ਕਦੇ ਦੇਖਿਆ ਨਹੀਂ ਆਪਣੀ ਮਾਤਾ ਤੋਂ ਬਿਨਾਂ ਕਿਸੇ ਹੋਰ ਨੂੰ ਫ਼ੋਨ ਕਰਦਿਆਂ?" ਮਨਪ੍ਰੀਤ ਨੇ ਜੱਸੀ ਦੇ ਪਿਆਰ ਵਾਲੇ ਝਰੋਖ਼ੇ ਵਿੱਚ ਝਾਕਣ ਦੀ ਕੋਸ਼ਿਸ਼ ਕੀਤੀ।
"ਮਨਪ੍ਰੀਤ, ਪਹਿਲਾਂ ਆਪਣੀ ਜ਼ਿੰਦਗੀ ਤਾਂ ਸੰਵਾਰ ਲਈਏ। ਨਾਲੇ ਸਾਡੇ ਵਰਗੇ ਗ਼ਰੀਬਾਂ ਨਾਲ ਵੱਡੇ ਘਰਾਂ ਦੀਆਂ ਕੁੜੀਆਂ ਕਿਉਂ ਪਿਆਰ ਪਾਉਣ?" ਜੱਸੀ ਨੇ ਆਪਣੇ ਪਿਆਰ ਵਾਲੇ ਬੋਝੇ ਨੂੰ ਮਨਪ੍ਰੀਤ ਦੇ ਸਾਹਮਣੇ ਖ਼ਾਲੀ ਦਿਖਾਇਆ।
"ਜੱਸੀ ਕੱਲ੍ਹ ਐਤਵਾਰ ਹੈ, ਅਗਰ ਤੂੰ ਵਿਹਲਾ ਹੈਂ ਤਾਂ ਕਿਤੇ ਕੌਫ਼ੀ ਪੀਣ ਚੱਲੀਏ?" ਮਨਪ੍ਰੀਤ ਨੇ ਜੱਸੀ ਵਲ ਦੋਸਤੀ ਦਾ ਪਹਿਲਾ ਕਦਮ ਪੁੱਟਦਿਆਂ ਪੁੱਛਿਆ।
"ਕੰਮ ਤਾਂ ਕੋਈ ਨਹੀਂ, ਥੋੜ੍ਹਾ ਕਾਲਜ ਦਾ ਕੰਮ ਹੈ, ਉਹ ਰਾਤ ਨੂੰ ਕਰ ਲਵਾਂਗਾ।"
ਦੂਸਰੇ ਦਿਨ ਜੱਸੀ ਅਤੇ ਮਨਪ੍ਰੀਤ ਕਿਸੇ ਕੈਫ਼ੇ 'ਤੇ ਕੌਫ਼ੀ ਦਾ ਕੱਪ ਸਾਂਝਾ ਕਰਨ ਚਲੇ ਗਏ।
ਮਨਪ੍ਰੀਤ ਨੇ ਜੱਸੀ ਲਈ ਆਪਣੇ ਦਿਲ ਵਿੱਚ ਬਣਾਈ ਕਿਸੇ ਗੁੱਝੀ ਥਾਂ ਦੀ ਗਾਥਾ ਉਸਨੂੰ ਹੱਮ-ਸਫ਼ਰ ਜਾਣ ਕੇ ਸੁਣਾਈ। ਉਹ ਗਾਥਾ, ਜਿਸ ਨੂੰ ਸੁਣਾਉਣ ਲਈ ਉਸ ਨੇ ਪਹਿਲਾਂ ਬਹੁਤ ਵਾਰੀ ਕੋਸ਼ਿਸ ਕੀਤੀ ਸੀ।ਪਰ ਉਸ ਦਾ ਜੱਸੀ ਨੂੰ ਦੱਸਣ ਦਾ ਹੌਸਲਾ ਨਹੀਂ ਸੀ ਪੈਂਦਾ।ਅੱਜ ਦੋਵੇਂ ਪਿਆਰ ਭੁੱਖੀਆਂ ਰੂਹਾਂ ਆਪਣੇ ਰੁਮਾਂਸ ਦੀ ਮੰਜ਼ਿਲ ਵਲ ਤੁਰ ਪਈਆਂ।
ਮਨਪ੍ਰੀਤ ਅਤੇ ਜੱਸੀ ਦੀ ਕੌਫ਼ੀ ਦੀ ਮਿਲਣੀ ਦੋਸਤੀ ਵਿੱਚ ਬਦਲ ਗਈ। ਦੋਵੇਂ ਹੱਮ-ਉਮਰ ਪ੍ਰੇਮ ਦੇ ਪੁਜਾਰੀ, ਇੱਕ ਦੂਸਰੇ ਲਈ ਬੇਹੱਦ ਖਿੱਚ ਰੱਖਣ ਲੱਗ ਪਏ। ਇਕੱਠੇ ਕੰਮ ਕਰਦੇ ਅਤੇ ਪੰਜਾਬ ਤੋਂ ਆਰਥਿਕ ਹਾਲਤ ਵੀ ਇਨਾਂ ਦੋਹਾਂ ਦੇ ਇਕੋ ਜਿਹੇ। ਲੱਗਦਾ ਸੀ, ਰੱਬ ਨੇ ਇਨ੍ਹਾਂ ਦਾ ਆਪਣੇ ਦੇਸ਼ ਤੋਂ ਹਜਾਰਾਂ ਮੀਲ ਦੂਰ ਭੇਜ ਕੇ ਹੀ ਮੇਲ ਕਰਾਉਣਾ ਹੋਵੇ। ਜੱਸੀ ਅਤੇ ਮਨਪ੍ਰੀਤ ਆਪਣਾ ਹਰ ਦੁੱਖ-ਸੁੱਖ ਇੱਕ ਦੂਸਰੇ ਨਾਲ ਸਾਂਝਾ ਕਰ ਲੈਂਦੇ।ਜੱਸੀ ਦੇ ਦੋਸਤ ਸ੍ਹਾਬੀ ਨੂੰ ਵੀ  ਇਨ੍ਹਾਂ ਦੀ ਦੋਸਤੀ ਦੀ ਬਹੁਤ ਖੁਸ਼ੀ ਹੋਈ।
ਜੱਸੀ ਨੇ ਮਨਪ੍ਰੀਤ ਨਾਲ ਆਪਣੀ ਦੋਸਤੀ ਦਾ ਜ਼ਿਕਰ ਆਪਣੀ ਬੇਬੇ ਪਾਸ ਵੀ ਕੀਤਾ ਅਤੇ ਦੱਸਿਆ ਕਿ ਕਿਵੇਂ ਮਨਪ੍ਰੀਤ ਉਸ ਦੇ ਹਰ ਦੁੱਖ-ਸੁੱਖ ਵਿੱਚ ਸਾਥ ਦਿੰਦੀ ਹੈ। ਮਨਪ੍ਰੀਤ ਵੀ ਜੱਸੀ ਦੀ ਮਾਤਾ ਜੀ ਨਾਲ ਕਦੇ-ਕਦੇ ਫ਼ੋਨ 'ਤੇ ਗੱਲ ਕਰ ਲੈਂਦੀ ਅਤੇ ਉਨ੍ਹਾਂ ਦਾ ਪੂਰਾ ਪਿਆਰ ਅਤੇ ਸਤਿਕਾਰ ਕਰਦੀ।
ਜੱਸੀ ਦੀ ਮਾਤਾ ਜੀ ਆਪਣੇ ਪੁੱਤਰ ਨੂੰ ਹਮੇਸ਼ਾ ਤਾੜਦੀ ਅਤੇ ਕਹਿੰਦੀ " ਕਾਕਾ, ਜੇਕਰ ਤੂੰ ਮਨਪ੍ਰੀਤ ਨੂੰ ਪਸੰਦ ਕੀਤਾ ਹੈ ਤਾਂ ਇਸ ਦਾ ਘੁੱਟ ਕੇ ਹੱਥ ਫੜੀਂ। ਮੈਂ ਤੇਰੇ ਨਾਲ ਬਹੁਤ ਗੁੱਸੇ ਹੋਵਾਂਗੀ, ਜੇਕਰ ਤੂੰ ਇਸ ਨੂੰ ਦਗ਼ਾ ਦਿੱਤਾ।"
ਜੱਸੀ ਹਾਸੇ ਮਖ਼ੌਲ ਵਿੱਚ ਮਾਤਾ ਤੇ ਟਕੋਰ ਕਰਦਾ "ਮਾਤਾ ਮੈਂ ਤਾਂ ਦਗ਼ਾ ਨਾ ਦੇਊਂ, ਪਰ ਜੇਕਰ ਇਹ ਮੈਨੂੰ ਛੱਡ ਗਈ ਤਾਂ ਕੀ ਬਣੂੰ?" ਮਾਂ ਪੁੱਤ ਦੀਆਂ ਇਸ ਤਰਾਂ ਦੀਆ ਪਿਆਰੀਆਂ ਜਹੀਆਂ ਨੋਕਾਂ ਝੋਕਾਂ ਸੁਣ ਕੇ ਮਨਪ੍ਰੀਤ ਮਿੰਨਾ ਜਿਹਾ ਬੁੱਲਾਂ ਵਿੱਚ ਮੁਸਕਰਾ ਛੱਡਦੀ।
ਦੋਹਾਂ ਦੀ ਦੋਸਤੀ ਦੀਆਂ ਤੰਦਾਂ ਇੰਨੀਆਂ ਪੀਡੀਆਂ ਹੋ ਗਈਆਂ ਕਿ ਇਹਨਾਂ ਦਾ ਇੱਕ ਦੂਸਰੇ ਨੂੰ ਦੇਖੇ ਬਿਨਾਂ ਸਮਾਂ ਨਾ ਬੀਤਦਾ। ਸ਼ਾਮ ਨੂੰ ਗੈਸ ਸਟੇਸ਼ਨ ਤੋਂ ਦਸ ਵਜੇ ਕੰਮ ਖ਼ਤਮ ਕਰਕੇ ਇਕੱਠੇ ਤੁਰ ਕੇ ਆਪਣੇ ਕਿਰਾਏ ਵਾਲੇ ਮਕਾਨ 'ਤੇ ਪਹੁੰਚਦੇ।ਪਿਆਰ ਭਰੀਆਂ ਗੱਲਾਂ ਕਰਦਿਆਂ ਪਤਾ ਨਹੀਂ ਕਦੋਂ ਘਰ ਦਾ ਸਫ਼ਰ ਮੁੱਕ ਜਾਂਦਾ।
"ਕਾਕਾ ਤੈਨੂੰ ਹੁਣ ਤਿੰਨ ਸਾਲ ਹੋ ਗਏ, ਹੈਧਰ ਗਏ ਨੂੰ। ਮੇਰਾ ਬੜਾ ਹੀ ਜੀਅ ਕਰਦਾ ਤੈਨੂੰ ਦੇਖਣ ਨੂੰ। ਤੂੰ ਮੈਨੂੰ ਆ ਕੇ ਛੇਤੀ ਮਿਲ ਜਾ ਅਤੇ ਨਾਲੇ ਮੇਰੀ ਹੋਣ ਵਾਲੀ ਨੂੰਹ ਨੂੰ ਵੀ ਦਿਖਾਲ ਜਾ।" ਮਾਂ ਨੇ ਆਪਣੀ ਮਮਤਾ ਦਾ ਵਾਸਤਾ ਪਾਉਂਦੇ ਹੋਏ ਆਪਣੇ ਪੁੱਤ ਨੂੰ ਚੇਤੇ ਕਰਾਇਆ ਕਿ ਕਿਵੇਂ ਉਹ ਉਸ ਬਿਨਾਂ ਦਿਨ ਰਾਤ ਤੜਫ਼ਦੀ ਰਹਿੰਦੀ ਹੈ।
"ਬੇਬੇ ਹੁਣ ਤਾਂ ਮੇਰੀ ਪੀ. ਆਰ. ਆਉਣ ਹੀ ਵਾਲੀ ਹੈ। ਅਗਰ ਮੈਂ ਹੁਣ ਭਾਰਤ ਆਉਂਦਾ ਹਾਂ ਤਾਂ ਮੈਨੂੰ ਛੇਤੀ ਵਾਪਸ ਆਸਟਰੇਲੀਆ ਆਉਣਾ ਪਵੇਗਾ। ਅਗਰ ਦੋ ਚਾਰ ਮਹੀਨੇ ਹੋਰ ਕੱਢ ਲਵਾਂ ਤਾਂ ਸਾਨੂੰ ਦੋਹਾਂ ਨੂੰ ਇੱਧਰ ਪੱਕੀ ਰਿਹਾਇਸ਼ ਮਿਲ ਜਾਣੀ ਹੈ।ਤੂੰ ਸਾਡਾ ਵਿਆਹ ਆਪਣੀਆਂ ਰੀਝਾਂ ਨਾਲ ਕਰ ਦੇਵੀਂ ਅਤੇ ਨਾਲ ਹੀ ਅਸੀਂ ਤੇਰੇ ਪਾਸ ਖੁੱਲ੍ਹਾ ਸਮਾਂ ਰਹਿ ਸਕਾਂਗੇ।"
"ਵੇ ਪੁੱਤਾ! ਮੁੰਡੇ ਇੱਦਾਂ ਹੀ ਕਹਿੰਦੇ ਹੁੰਦੇ ਆ, ਫੇਰ ਮਗਰੋਂ ਆਪਣੇ ਘਰਵਾਲੀਆਂ ਦੇ ਹੀ ਹੋ ਕੇ ਰਹਿ ਜਾਂਦੇ ਆ।" ਬੇਬੇ ਨੇ ਜ਼ਮੀਨੀ ਹਕੀਕਤ ਬਿਆਨ ਕੀਤੀ।
"ਨਹੀਂ ਬੇਬੇ, ਸੌਂਹ ਬਾਬੇ ਦੀ ਜੇ ਮੈਂ ਝੂਠ ਬੋਲਾਂ, ਪੱਕਿਆਂ ਹੁੰਦਿਆਂ ਸਾਰ ਹੀ ਤੇਰੇ ਪਾਸ ਪਹੁੰਚਾਂਗੇ।"
"ਪੁੱਤਰਾ, ਜੇ ਤੂੰ ਵਾਅਦਾ ਕੀਤਾ ਹੈ ਤਾਂ ਆਹ ਦੇਖ ਮੈਂ ਅੱਜ ਤੋਂ ਹੀ ਕੰਧ 'ਤੇ ਲੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੰਨੀ ਦੇਰ ਲਾਏਂਗਾ, ਉਨ੍ਹੀਆਂ ਲਕੀਰਾਂ ਹੋਰ ਵੱਧ ਜਾਣਗੀਆਂ।" ਮਾਤਾ ਜੀ ਨੇ ਕੋਲੇ ਦੀ ਡਲੀ ਨਾਲ ਕੰਧ ਤੇ ਲੀਕਾਂ ਵਹੁਣੀਆਂ  ਸ਼ੁਰੂ ਕਰ ਦਿੱਤੀਆਂ।
ਉੱਧਰ ਦੋਵੇਂ ਪਿਆਰ ਭੁੱਖੀਆਂ ਰੂਹਾਂ ਇੱਕ ਦੂਸਰੇ ਦਾ ਪਿਆਰਾ ਸਾਥ ਮਾਣਦੀਆਂ ਰਹੀਆਂ। ਆਸਟਰੇਲੀਆ ਵਰਗੇ ਬੇਗਾਨੇ ਮੁਲਕ ਵਿੱਚ ਵੀ ਮਾੜੀ ਮੋਟੀ ਤਕਲੀਫ਼ ਇਨ੍ਹਾਂ ਦੇ ਰਾਹ ਨਾ ਰੋਕ ਸਕੀ।ਮਨਪ੍ਰੀਤ ਨੇ ਵੀ ਆਪਣੇ ਮਾਂ ਬਾਪ ਨੂੰ ਜੱਸੀ ਦੇ ਪਿਆਰੇ ਸਾਥ ਬਾਰੇ ਜਾਣਕਾਰੀ ਦੇ ਦਿੱਤੀ। ਹੁਣ ਤਾਂ ੳੇਡੀਕ ਉਸ ਘੜੀ ਦੀ ਸੀ ਕਿ ਕਿਹੜੀ ਘੜੀ ਪੀ. ਆਰ. ਮਿਲ ਜਾਏ, 'ਤੇ ਉਹ ਵਾਪਸ ਆਪਣੇ ਵਤਨ ਪਹੁੰਚ ਕੇ ਮਾਪਿਆਂ ਦੇ ਦਰਸ਼ਨ ਕਰਨ। ਉਨ੍ਹਾਂ ਦੇ ਅਸ਼ੀਰਵਾਦ ਲੈ ਕੇ ਆਪਣਾ ਗ੍ਰਹਿਸਥੀ ਜੀਵਨ ਸ਼ੁਰੂ ਕਰਨ।
ਰਾਤ ਨੂੰ ਦਸ ਵਜੇ ਦੋਹਾਂ ਨੇ ਆਪਣੇ ਕੰਮ ਤੋਂ ਛੁੱਟੀ ਕੀਤੀ ਅਤੇ ਇੱਕ ਦੂਸਰੇ ਦਾ ਹੱਥ ਫੜ ਕੇ ਆਪਣੇ ਘਰਾਂ ਨੂੰ ਚਾਲੇ ਪਾ ਲਏ। ਘਰ ਤੋਂ ਅਜੇ ਅੱਧਾ ਕੁ ਮੀਲ ਦੂਰ ਹੋਣਗੇ ਕਿ ਇੱਕ ਕਾਲੇ ਰੰਗ ਦੀ ਕਾਰ ਇਨ੍ਹਾਂ ਪਾਸ ਰੁੱਕ ਗਈ। "ਹੇ! ਡੂ ਯੂ ਨੀਡ ਏ ਲਿਫ਼ਟ?" ਕਾਰ ਦੀ ਤਾਕੀ ਵਿਚੋਂ ਤਿੰਨਾਂ ਗੋਰਿਆਂ ਵਿਚੋਂ ਇੱਕ ਗੋਰਾ ਬੋਲਿਆ। ਜੱਸੀ ਨੇ ਨੋ ਥੈਂਕਸ ਆਖਿਆ ਅਤੇ ਅੱਗੇ ਤੁਰ ਪਏ। ਕਾਰ ਵਿੱਚੋਂ ਗੋਰੇ ਉੱਤਰੇ ਅਤੇ ਮਨਪ੍ਰੀਤ ਨੂੰ ਬਾਹੋਂ ਫੜ ਕੇ ਕਾਰ ਵੱਲ ਖਿੱਚਣ ਲੱਗੇ।
ਜੱਸੀ ਨੂੰ ਇਹ ਦੇਖ ਕੇ ਗੁੱਸਾ ਆਇਆ ਤਾਂ ਉਹ ਵੀ ਗੋਰਿਆਂ 'ਤੇ ਝੱਪਟ ਪਿਆ। ਜੱਸੀ ਨੇ ਪੂਰਾ ਜ਼ੋਰ ਲਾ ਕੇ ਮਨਪ੍ਰੀਤ ਨੂੰ ਖਿੱਚੀ ਲਿਜਾ ਰਹੇ ਗੋਰੇ ਨੂੰ ਭੁੰਜੇ ਸੁੱਟ ਲਿਆ। ਇੰਨੇ ਨੂੰ ਦੂਸਰੇ ਦੋਵੇਂ ਗੋਰੇ ਜੱਸੀ ਨੂੰ ਪੈ ਗਏ। ਮਨਪ੍ਰੀਤ ਨੇ ਬਥੇਰਾ ਰੌਲਾ ਪਾਇਆ। ਪਰ ਰਾਤ ਦਾ ਵੇਲਾ ਅਤੇ ਏਕਾਂਤ ਸੜਕ ਹੋਣ ਕਰਕੇ ਕੋਈ ਵੀ ਸੱਜਣ ਇਨ੍ਹਾਂ ਦੀ ਮੱਦਦ ਨਾ ਕਰ ਸਕਿਆ। ਜੱਸੀ ਨੂੰ ਆਪਣੇ ਤੇ ਭਾਰੂ ਹੁੰਦਾ ਦੇਖ ਕੇ ਇੱਕ ਗੋਰੇ ਨੇ ਜੇਬ ਵਿੱਚੋਂ ਚਾਕੂ ਕੱਢਿਆ ਅਤੇ ਜੱਸੀ ਦੇ ਢਿੱਡ ਵਿੱਚ ਖੋਭ ਦਿੱਤਾ। ਜਦੋਂ ਨੂੰ ਦੂਰੋਂ ਕਿਸੇ ਕਾਰ ਆਉਣ ਦੀ ਲਾਈਟ ਦਿੱਸੀ। ਗੋਰੇ ਆਪਣੇ ਆਪ ਨੂੰ ਖ਼ਤਰੇ ਵਿੱਚ ਦੇਖ ਕੇ ਭੱਜ ਤੁਰੇ।
ਮਨਪ੍ਰੀਤ ਨੇ ਰੋਂਦੀ ਕਰਲਾਉਂਦੀ ਨੇ ਆਉਂਦੀ ਹੋਈ ਕਾਰ ਨੂੰ ਹੱਥ ਦਿੱਤਾ। ਆਪਣੀ ਚੁੰਨੀ ਨਾਲ ਜੱਸੀ ਦੇ ਢਿੱਡ ਵਿੱਚ ਖੁੱਭੇ ਚਾਕੂ ਦੇ ਲਹੂ ਦੇ ਵਹਾਅ ਨੂੰ ਰੋਕਣ ਲਈ ਘੁੱਟ ਕੇ ਗੰਢ ਮਾਰੀ। ਕਾਰ ਡਰਾਈਵਰ ਨੇ ਐਂਬੂਲੈਂਸ ਨੂੰ ਫ਼ੋਨ ਕੀਤਾ ਤਾਂ ਦੋ ਮਿੰਟਾਂ ਵਿੱਚ ਹੀ ਐਂਬੂਲੈਂਸ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਈ। ਜੱਸੀ ਦੇ ਜ਼ਖ਼ਮ ਵਿੱਚੋਂ ਖ਼ੂਨ ਬੇਮੁਹਾਰੇ ਵੱਗ ਰਿਹਾ ਸੀ। ਮਨਪ੍ਰੀਤ ਨੇ ਐਂਬੂਲੈਂਸ ਵਿੱਚ ਬੈਠਿਆਂ ਜੱਸੀ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ 'ਤੇ ਦਿਲਾਸਾ ਦੇ ਰਹੀ ਸੀ, "ਜੱਸੀ ਘਬਰਾ ਨਾ, ਪ੍ਰਮਾਤਮਾ ਭਲੀ ਕਰੇਗਾ। ਤੂੰ ਮੈਨੂੰ ਇਕੱਲੀ ਨੂੰ ਛੱਡ ਕੇ ਜਾ ਨਹੀਂ ਸਕਦਾ।"
ਚਾਕੂ ਦਾ ਜ਼ਖ਼ਮ ਜੱਸੀ ਦੇ ਦਿਲ ਤੱਕ ਪਹੁੰਚ ਗਿਆ ਸੀ।ਡਰਾਇਵਰ ਨੇ ਐਂਬੂਲੈਂਸ ਬਥੇਰੀ ਭਜਾਈ ਕਿ ਉੇਹ ਹਸਪਤਾਲ ਲਿਜਾ ਕੇ ਜੱਸੀ ਦੀ ਜਾਨ ਬਚਾ ਸਕੇ। ਪਰ ਚਾਕੂ ਦਾ ਜ਼ਖਮ ਇੰਨਾ ਡੂੰਘਾ ਸੀ ਕਿ ਜੱਸੀ ਆਖਰੀ ਸਾਹਾਂ ਤੇ ਪਹੁੰਚ ਗਿਆ। ਜੱਸੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਅਤੇ ਮਨਪ੍ਰੀਤ ਨੂੰ ਸਿਰਫ਼ ਇਹ ਹੀ ਕਹਿ ਸਕਿਆ,
"ਮਨਪ੍ਰੀਤ ਮੈਨੂੰ ਮੁਆਫ਼ ਕਰੀਂ, ਮੈਂ ਤੇਰਾ ਸਾਥ ਉਮਰ ਭਰ ਨਹੀਂ ਨਿਭਾ ਸਕਿਆ। ਮਾਤਾ ਤੋਂ ਵੀ ਮੁਆਫ਼ੀ ਮੰਗੀਂ ਕਿ ਤੇਰਾ ਪੁੱਤ ਤੈਨੂੰ ਦਿੱਤੀ ਸੌਂਹ ਪੂਰੀ ਨਾ ਕਰ ਸਕਿਆ।"  ਇਹ ਕਹਿੰਦਿਆਂ ਮਨਪ੍ਰੀਤ ਹੱਥੋਂ ਜੱਸੀ ਦਾ ਹੱਥ ਛੁੱਟ ਗਿਆ ਅਤੇ ਬੇਵੱਸ ਮਨਪ੍ਰੀਤ ਦੀਆਂ ਭੁੱਬਾਂ ਆਮ ਮੁਹਾਰੇ ਨਿੱਕਲ ਗਈਆਂ।
ਮਨਪ੍ਰੀਤ ਨੇ ਆਪਣੇ ਟੁੱਟੇ ਹੋਏ ਦਿਲ ਨਾਲ ਬੇਬੇ ਨੂੰ ਫ਼ੋਨ 'ਤੇ ਇਹ ਮਨਹੂਸ ਖ਼ਬਰ ਸੁਣਾਈ ਅਤੇ ਮਨਪ੍ਰੀਤ ਦੇ ਵੈਰਾਗ ਦਾ ਹੱੜ ਬੇਮੁਹਾਰੇ ਵਹਿ ਤੁਰਿਆ,
"ਮਾਂਜੀ ਤੇਰਾ ਪੁੱਤ ਜਾਣ ਲੱਗਾ ਤੈਥੋਂ ਮੁਆਫ਼ੀ ਮੰਗਦਾ ਸੀ ਕਿ ਤੈਨੂੰ ਮਿਲਣ ਦੀ ਸੋਂਹ ਪੂਰੀ ਨਹੀਂ ਕਰ ਸਕਿਆ।"
ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਬੇਬੇ ਹੱਥੋਂ ਫ਼ੋਨ ਡਿੱਗ ਪਿਆ ਤੇ ਉਹ ਬੇਹੋਸ਼ ਹੋਣ ਤੋਂ ਪਹਿਲਾਂ ਸਿਰਫ਼ ਇੰਨਾ ਹੀ ਕਹਿ ਸਕੀ, "ਵੇ ਪੁੱਤਾ! ਮੈਂ ਤੇਰਾ ਆਸਟਰੇਲੀਆ ਦੇਸ਼ ਜਾਣ ਦਾ ਦੁੱਖ ਤਾਂ ਝੱਲ ਲਿਆ ਸੀ ਪਰ ਹੁਣ ਜਿਸ ਪਰਾਏ ਦੇਸ ਚਲਾ ਗਿਆ ਹੈਂ, ਇਸ ਦਾ ਦੁੱਖ ਕਿਵੇਂ ਝੱਲਾਂ?"
ਮਨਪ੍ਰੀਤ ਆਪਣੇ ਕੰਨ ਨਾਲ ਲਾਏ ਸ਼ਾਂਤ ਹੋਏ ਫ਼ੋਨ ਵਿਚ ਵੀ ਇਕ ਬੇਵੱਸ ਮਾਂ ਦੀ ਅਵਾਜ਼ ਦੀ ਉਡੀਕ ਕਰ ਰਹੀ ਸੀ, ਤਾਂਕਿ ਉਹ ਉਸਤੋਂ ਮੁਆਫ਼ੀ ਮੰਗ ਸਕੇ ਕਿ ਉਹ ਉਸਦੇ ਲਾਡਲੇ ਪੁੱਤ ਨੂੰ ਬਚਾ ਨਹੀਂ ਸਕੀ। ਫੇਰ ਆਪਣੇ ਪ੍ਰੇਮੀ ਦੀ ਲਾਸ਼ ਦੇ ਗਲ਼ ਲੱਗ ਕੇ ਭੁੱਬਾਂ ਮਾਰ ਮਾਰ ਰੋਣ ਲਗੀ।