ਸਿਧ ਗੋਸਟਿ - ਬਿੱਟੂ ਅਰਪਿੰਦਰ ਸਿੰਘ ਸੇਖੋਂ ਫਰੈੰਕਫੋਰਟ ਜਰਮਨ

ਵੱਡੇ ਬਾਬੇ ਨਾਨਕ ਪਾਤਸ਼ਾਹ ਜੀ ਨੇ ਆਖਿਆ “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ਪਰ ਮਜ਼ਾਲ ਕੁਹ ਸੁਣ ਲਈਏ ! ਬੱਸ ਕਹੀ ਜਾਨੇਂ ਆਂ ! ਇਹ ਸੁਣਨ ਤੋ ਬਗੈਰ ਕਹੀ ਜਾਣਾ ਈ ਸਾਰੇ ਪਵਾੜੇ ਦੀ ਜੜ ਏ ! ਕੋਈ ਸੁਣਨ ਨੂੰ ਤਿਆਰ ਈ ਨਹੀਂ ! ਕੌਮ ਦੀ ਹਾਲਤ ਸੀਆ ਸੁੰਨੀਆਂ ਵਾਲੀ ਹੋਈ ਪਈ ਆ !
ਹਰ ਇਕ ਦੂਜੇ ਨਾਲ਼ੋਂ ਵੱਧ ਸਿਆਣਾ ਦਰਸਾਉਂਣ ਦੀ ਜਿੱਦ ਚ, ਪੰਥ ਦੇ ਵੇਹੜੇ ਕੰਡੇ ਖਲਾਰ ਰਿਹਾ ਏ ! ਆਪੇ ਬਣੇ ਵਿਦਵਾਨਾਂ ਨੇ ਮਸਲਿਆਂ ਚੋ, ਮਸਲੇ ਪਰੋਸ ਕੇ ਰੱਖ ਦਿੱਤੇ ਨੇ ਤੇ ਹੱਲ ਇਕ ਦਾ ਵੀ ਨਹੀਂ ਕੱਢ ਸਕੇ ! ਪੜੇ ਲਿਖੇ ਖੋਜਾਰਥੀਆਂ ਦੀ ਕੋਈ ਸਲਾਹ ਲੈਣ ਨੂੰ ਤਿਆਰ ਨਹੀਂ ਤੇ ਆਪੇ ਬਣੇ ਪ੍ਰੋਫੈਸਰ ਮੈਨੂੰ ਜ਼ਿਆਦਾ ਪਤਾ ਦੇ ਵਹਿਮ ਚ, ਵਿਦਵਤਾ ਝਾੜ ਰਹੇ ਨੇ !
ਕੋਈ ਸਿਰ ਜੋੜ ਕੇ ਬਹਿਣ ਨੂੰ ਤਿਆਰ ਨਹੀਂ , ਕਿਸੇ ਸਕਾਲਰ ਦੀ ਸਲਾਹ ਇਹਨਾਂ ਨੂੰ ਵੇਹੁ ਵਿਖਾਲ਼ੀ ਦਿੰਦੀ ਆ ! ਜੇ ਕੋਈ ਇਹ ਕਹੇ ਬਈ ਕਈ ਵਿਸ਼ੇ ਸਮਾਂ ਮੰਗਦੇ ਨੇ ਕੋਈ ਦੋ ਚਾਰ ਮਹੀਨੇ ਸਾਲਾਂ ਚ, ਫ਼ੈਸਲੇ ਨਿਤਾਰੇ ਨਹੀਂ ਹੁੰਦੇ ! ਵਾਜ਼ਬ ਸਮੇਂ ਦੇ ਲਈ ਇਸ ਵਿਸ਼ੇ ਨੂੰ ਸੰਤੋਖ ਕੇ ਰੱਖ ਦਈਏ ਹੋਰ ਬੜੇ ਜ਼ਰੂਰੀ ਮੁੱਦੇ ਨੇ ਉਹਨਾਂ ਤੇ ਗੋਸਿਟ ਕਰ ਲਈਏ ! ਪਰ ਨਾਂ ਸੱਤ ਕਵਿੰਜਾ ਤੇ ਵਿੱਚ ਉਹ ਪਾਉਣੀ ਜਿਹਦਾ ਹੱਲ ਈ ਕੋਈ ਨਾਂ ਹੋਵੇ ! ਭਾਵ ਟਿੰਡ ਚ, ਕਾਨਾ ਪਾ ਕੇ ਰੱਖਣਾ ਬਈ ਕੌਮ ਦੀ ਊਰਜਾ ਨਸ਼ਟ ਕਿੱਦਾਂ ਕਰਨੀ ! ਜਿਸ ਚੜਦੀ ਕਲਾ ਦੇ ਕੰਮ ਅਉਣਾ ਸੀ !
ਸੂਝਵਾਨ ਕੌਮਾਂ ਦੇ ਲੋਕ ਗੁੰਝਲਦਾਰ ਮਸਲਿਆਂ ਤੇ ਸਿਆਣਪਾਂ ਤੋਂ ਕੰਮ ਲੈ ਤਰੱਕੀਆਂ ਤੇ ਚੜਦੀਆਂ ਕਲਾਵਾਂ ਬਾਰੇ ਧਿਆਨ ਕੇਂਦਰਿਤ ਕਰਦੇ ਹਨ ! ਉਹ ਯਹੂਦੀਆਂ ਵਾਂਗ ਦਰਜਨਾਂ ਨੋਬਲ ਪ੍ਰਾਈਜ਼ ਜਿੱਤ ਕੇ ਵੀ ਕਿਸੇ ਪੈਗ਼ੰਬਰ ਤੇ ਕਦੇ ਸ਼ੰਕਾ ਕਰ ਬਹਿਸ ਨੀ ਕਰਦੇ ਕਿ ਭਲਾ ਇਬਰਾਹਿਮ ਦੇ ਸੋਟੀ ਮਾਰਿਆਂ ਵੀ ਸਮੁੰਦਰ ਰਸਤਾ ਦੇ ਸਕਦਾ !
ਦੁਨੀਆ ਤੇ ਰਾਜ ਕਰ ਚੁੱਕੀ ਤੇ ਹੁਣ ਵੀ ਧਾਂਕ ਬਣਾਈ ਬੈਠੀ ਦੀ ਅਗਾਂਹ ਵਧੂ ਇਸਾਈ ਕੌਮ ! ਕੋਈ ਦੱਸ ਸਕਦਾ ਕਿ ਧਾਰਮਿਕ ਵਿਸ਼ਿਆਂ ਤੇ ਨਿੱਤ ਗਾਲੀ ਬਲੋਚ ਕਰਦੇ ਕਿਸੇ ਵੇਖੇ ਹੋਣ ! ਕਦੇ ਇਸਾਈਆਂ ਦੇ ਨਿਆਣਿਆਂ ਨੇ ਸਵਾਲ ਕੀਤਾ ਕਿ ਕਵਾਰੀ ਮਰੀਅਮ ਨੇ ਕਿੰਝ ਈਸਾ ਜੀ ਨੂੰ ਜਨਮ ਦੇ ਦਿੱਤਾ ! ਕਿੰਝ ਉਹ ਤਸ਼ਦੱਦ ਨਾਲ ਲਹੂ ਲੁਹਾਨ ਹੋ ਕੇ ਮਰਣ ਉਪਰੰਤ ਵੱਡੇ ਪੱਥਰ ਹੇਠੋਂ ਨਿਕਲ ਕੇ ਤੁਰ ਪਿਆ ! ਨਹੀਂ ਇਸਾਈਅਤ ਨੂੰ ਮੰਨਣ ਵਾਲੇ ਸੱਭ ਸੱਤ ਕਰਕੇ ਮੰਨਦੇ ਨੇ ! ਹੋਣਗੇ ਕੁਹ ਨਾਸਤਿਕ ਸ਼ੰਕਾ ਕਰਣ ਵਾਲੇ ਸਾਰੇ ਪਾਸੇ ਹੁੰਦੇ ਹਨ !
ਇਕ ਸਾਡੇ ਵਾਲੇ ਨੇ ਹਰ ਚੀਜ਼ ਤੇ ਤਰਕ ਹਰ ਚੀਜ਼ ਤੇ ਕਟਾਖਸ਼ ਕੀ ਬਾਣੀ, ਬਾਣਾ, ਰਹਿਤਨਾਮੇ, ਧਾਰਮਿਕ ਗ੍ਰੰਥ, ਮਰਿਆਦਾ, ਸਰੋਵਰ, ਬੇਰੀਆਂ, ਅੰਮ੍ਰਿਤ, ਇਤਿਹਾਸਿਕ ਸਰੋਤ ਵਗੈਰਾ ਵਗੈਰਾ ! ਹੋਰ ਤੇ ਛੱਡੋ ਸਹੀਦਾਂ ਤੇ ਸ਼ਹਾਦਤਾਂ ਉੱਪਰ ਵੀ ਤਰਕ ! ਅਖੇ ਬਾਬਾ ਦੀਪ ਸਿੰਘ ਜੀ ਵੱਡੇ ਸੀਸ ਨਾਲ ਕਿੱਦਾਂ ਲੜ ਸਕਦੇ ! ਸਾਡੇ ਨਿਆਣੇ ਕੱਲ ਨੂੰ ਸਵਾਲ ਕਰਨਗੇ ! ਆਪਣੇ ਮਨ ਚੋਂ ਤਰਕ ਤੇ ਸ਼ੰਕਾ ਨਿਕਲਿਆ ਨਹੀਂ ਬਹਾਨਾ ਨਿਆਣਿਆਂ ਦਾ ! ਭਾਈ ਪਹਿਲਾਂ ਨਿਆਣਿਆਂ ਨੂੰ ਨਲ਼ੀ ਪੂੰਜਣੀ ਸਿਖਾਦੋ ਬਾਕੀ ਗਲਾਂ ਉਹਨਾਂ ਆਪੇ ਸਿੱਖ ਜਾਣੀਆਂ ! ਜਦੋਂ ਇਸਾਈਆਂ ਦੇ ਨਿਆਣਿਆਂ ਵਾਂਗੂੰ ਪੜ ਲਿੱਖ ਗਏ ! ਸੰਤ ਡੇਨਿਸ ਦਾ ਬੜਾ ਮਸ਼ਹੂਰ ਚਰਚ ਹੈ ਫਰਾਂਸ ਵਿੱਚ ਜਦੋਂ ਸੰਤ ਡੇਨਿਸ ਆਪਣਾ ਕੱਟਿਆਂ ਸਿਰ ਫੜ ਤੁਰ ਪਿਆ ਤੇ ਦੋ ਮੀਲ ਦੂਰ ਆਪਣੇ ਪਰਲੋਕ ਗਮਨ ਵਾਲੀ ਥਾਂ ਚੁਣ ਲਈ ! ਚਰਚ ਵੀ ਓੱਥੇ ਲੋਕ ਵੀ ਜਾਂਦੇ ਕੋਈ ਇਸਾਈ ਸਿੰਗ ਨੀ ਫਸਾਉਂਦਾ ! ਬਾਈਬਲ ਭਰੀ ਪਈ ਕਰਾਮਾਤਾਂ ਨਾਲ ! ਤੇ ਸਾਡੇ ਆਲੇ ਸਾਢੇ ਪੰਜ ਛੇ ਸੌ ਸਾਲ ਪੁਰਾਣੇ ਆਧੁਨਿਕ ਧਰਮ ਤੇ ਆਏ ਦਿਨ ਨਵਾਂ ਪ੍ਰਸ਼ਨ ਚਿੰਨ ਲਈ ਰੱਖਦੇ ਆ ! ਭਾਈ ਬਾਬੇ ਦੀਪ ਜੀ ਵਾਲੀ ਅਵੱਸਥਾ ਹਾਸਿਲ ਕਰਲੋ ਫੇ ਗੱਲ ਕਰਿਓ ! ਜਿਹੜੀ ਬਿਰਧ ਅਵੱਸਥਾ ਚ, ਬਜ਼ੁਰਗ ਭੁੰਜਿਓ ਤੀਲਾ ਨੀ ਚੁੱਕ ਸਕਦੇ ਸਵਾ ਸੇਰ ਦਾ ਖੰਡਾ ਚੁੱਕਣਾ ਵੀ ਕਿਹੇ ਕਰਾਮਾਤ ਤੋਂ ਘੱਟ ਨਹੀਂ !
ਏਨੇ ਮਾਡਰਨ ਵੀ ਨਾ ਬਣ ਜਾਈਏ ਕਿ ਧਾਰਮਿਕਤਾ ਦੀ ਥਾਂ ਨਾਸਤਿਕਤਾ ਲੈ ਲਏ ! ਭਲਿਓ ਜਿੱਦਣ ਅਰਦਾਸ ਤੇ ਸ਼ੱਕ ਕਰ ਲਿਆ ਓਦਣ ਕਰੋਗੇ ਕੀ ? ਬੱਚਿਆਂ ਨੂੰ ਦੱਸੋ ਕਿ ਤਾਹਡੇ ਪੁਰਵਜਾਂ ਅਰਦਾਸ ਕੀਤੀ ਤੇ ਚੜੇ ਹੋਏ ਅਟੱਕ ਦਰਿਆ ਚ, ਘੋੜੇ ਠੱਲ ਦਿੱਤੇ ਤੇ ਜਦੋਂ ਪਾਰ ਲੱਗੇ ਵੱਡਿਆਈ ਆਪਣੀ ਹਿੰਮਤ ਦਲੇਰੀ ਦੀ ਨਹੀਂ ਕੀਤੀ ਆਖ ਦਿੱਤਾ ਅਰਦਾਸ ਕੀਤੀ ਤੇ ਸਮਰੱਥ ਗੁਰੂ ਨੇ ਅਟਕ ਠੱਲ ਦਿੱਤਾ ! ਇਹ ਹੈ ਸਿੱਖ ਦੀ ਦੂਰ ਅੰਦੇਸ਼ੀ ਨਾਂ ਹਾਉਮੈ ਨੇੜੇ ਫਟਕੇ ਤੇ ਕਰੈਡਿਟ ਅਕਾਲ ਪੁਰਖ ਨੂੰ ! ਸਿੱਖ ਹਰ ਮੈਦਾਨ ਫ਼ਤਿਹ ਕਰਕੇ ਵੀ ਵਾਹਿਗੁਰੂ ਜੀ ਕੀ ਫ਼ਤਿਹ ਕਹਿ ਜਿੱਤ ਗੁਰੂ ਪਾਲੇ ਪਾ ਦਿੰਦਾ ! ਤੇ ਜੇ ਕੋਈ ਕਹਿ ਦੇ ਭਲਿਆ ਤੇਗ ਤੂੰ ਖੜਕਾਈ ਫੱਟ ਤੂੰ ਖਾਧੇ ਤੇ ਫ਼ਤਿਹ ਗੁਰੂ ਦੀ ਕਿੱਦਾਂ ਇਹਨੂੰ ਬੇਤੁਕਾ ਤਰਕ ਤੇ ਸ਼ੰਕਾ ਕਹਿੰਦੇ ਨੇ ।
ਧਰਮ ਦੀ ਨੀਂਹ ਸ਼ਰਧਾ ਤੇ ਟਿਕੀ ਹੁੰਦੀ ਆ ! ਸ਼ੰਕਾ ਆਇਆ ਨੀ ਤੇ ਵਿਸ਼ਵਾਸ ਹਿੱਲਿਆ ਨਹੀਂ ! ਫੇ ਤੇ ਲੋਕ ਪਿਓ ਤੇ ਵੀ ਸ਼ੱਕ ਕਰਨ ਲੱਗ ਪੈਂਦੇ ! ਸੱਭ ਧਰਮਾਂ ਚ, ਅਜਿਹਾ ਕੁਹ ਨਾਲ ਨਾਲ ਚੱਲਦਾ ਰਹਿੰਦਾ ਏ ! ਪਰ ਸੂਝਵਾਨ ਲੋਕ ਗੁਣਾ ਦਾ ਪ੍ਰਚਾਰ ਪਸਾਰ ਕਰਦੇ ਉਹਨਾਂ ਵਿਸ਼ਿਆਂ ਦੇ ਫ਼ੈਸਲੇ ਸਦੀਆਂ ਤੇ ਪਾ ਭਵਿੱਖ ਨੂੰ ਚੰਗੇਰਾ ਬਣਾਉਣ ਲਈ ਜੁੱਟ ਜਾਂਦੇ ਨੇ !
ਸਿੱਖਾਂ ਦੇ ਤੇ ਹੋਰ ਮਸਲੇ ਈ ਬੜੇ ਗੰਭੀਰ ਨੇ ਫੇਰ ਪਤਾ ਨਹੀਂ ਕਿੰਓ ਊਰਜਾ ਨਸ਼ਟ ਕਰਨ ਬਹਿ ਜਾਂਦੇ ਨੇ ! ਜਦੋਂ ਪਤਾ ਕਿ ਇਹਨਾਂ ਮਸਲਿਆਂ ਦਾ ਹੱਲ ਆਪਾਂ ਨਹੀਂ ਕਰ ਸਕਦੇ ! ਕੌਮ ਇਸ ਰੌੰਅ ਵਿੱਚ ਨਹੀਂ ਕਿ ਕੋਈ ਮਸਲਾ ਹੱਲ ਕਰ ਸਕੇ ! ਸ੍ਰੀ ਅਕਾਲ ਤੱਖਤ ਸਾਹਿਬ ਤੇ ਕੋਈ ਤੱਕੜੀ ਡਾਂਗ ਵਾਲਾ ਬਾਬਾ ਨਹੀਂ ਜੋ ਮਨਮੱਤੀਆਂ ਕਰਨ ਵਾਲੇ ਨੂੰ ਮੋੜਾ ਲਾ ਸਕੇ ! ਫਿਰ ਆਪਾਂ ਕਿੰਓ ਬਾਹਵਾਂ ਉਲਾਰ ਉਲਾਰ ਸਟੇਜਾਂ ਤੇ ਵਿਵਾਦਿਤ ਮੁੱਦਿਆਂ ਦਾ ਖਲਾਰਾ ਪਾਉਣ ਬਹਿ ਜਾਨੇ ਆ ! ਗੁਰੂ ਜਾਣੇ ਕਿਹਦੀ ਚਾਕਰੀ ਕਰ ਰਹੇ ਨੇ ਤੇ ਕਿਹਦੀ ਬੋਲੀ ਬੋਲ ਰਹੇ ਹਨ !
ਅਖੀਰ ਵਿੱਚ ਇਕ ਬੇਨਤੀ ਆ ਜੇ ਕਿਹੇ ਸੱਤ ਕਵਿੰਜਾ ਪਾਉਣ ਵਾਲੀ ਧਿਰ ਦੇ ਪੱਲੇ ਪੈਜੇ ਤੇ ਕੌਮੀ ਹਿੱਤ ਸਮਝ ਮੂੰਹ ਨੂੰ ਛਿੱਕਾ ਲੈ ਲਏ ਜਾਂ ਵਿਸ਼ਾ ਬਦਲ ਲਏ ! ਮਨ ਲਓ ਪੁਰਾਤਨ ਗ੍ਰੰਥਾਂ, ਰਹਿਤਨਾਮਿਆਂ, ਮਰਿਆਦਾਵਾਂ, ਇਤਿਹਾਸ ਜਾਂ ਹੋਰ ਸਰੋਤਾਂ ਚ, ਕੁਹ ਊਣਤਾਈਆਂ ਹੋਣਗੀਆਂ ! ਮੰਨ ਈ ਲਓ ! ਪਰ ਜ਼ਰਾ ਗੱਲ ਆਪਣੇ ਤੇ ਲਾ ਕੇ ਵੇਖੋ ਜਦੋਂ ਸਾਡਾ ਕੋਈ ਧੀ ਪੁੱਤ ਭੈਣ ਭਰਾ ਕੋਈ ਕੋਰਸ ਪਾਸ ਕਰ ਲੈਂਦਾ, ਵੱਧ ਨੰਬਰ ਲੈ ਆਉਂਦਾ, ਖੇਡਾਂ ਚ, ਅਵੱਲ ਆਉਂਦਾ ਜਾਂ ਕੋਈ ਵੀ ਮੱਲ ਮਾਰਦਾ ਆਪਾਂ ਪਰੇ ਪੰਚਾਇਤ ਰਿਸ਼ਤੇਦਾਰਾਂ ਚ, ਬੜੇ ਚੌੜੇ ਹੋ ਕੇ ਮਾਣ ਨਾਲ ਦੱਸਦੇ ਆਂ ! ਦੂਜੇ ਪਾਸੇ ਉਹੋ ਧੀ ਪੁੱਤ ਭੈਣ ਭਰਾ ਜਦੋਂ ਕੋਈ ਚੋਰੀ ਚਕਾਰੀ, ਨਸ਼ਾ ਪੱਤਾ, ਜਾਂ ਹੋਰ ਕੋਈ ਕੁਕਰਮ ਕਰਦਾ ਕਦੇ ਇਹ ਗੱਲ ਵੀ ਪਰੇ ਪੰਚਾਇਤ ਜਾਂ ਰਿਸ਼ਤੇਦਾਰਾਂ ਚ, ਦੱਸੀ ਜੇ ? ਨਾਂਹ,ਓੱਥੇ ਪਰਦਾ ਪਾਉਨੇਂ ਆਂ, ਠੱਕ ਦੇ ਆਂ ! ਪਰ ਆਪਣੇ ਗੁਰੂ, ਆਪਣੇ ਇਤਿਹਾਸ ਤੇ ਗ੍ਰੰਥਾਂ ਦੇ ਪਰਦੇ ਸਟੇਜਾਂ ਤੇ ਐਂ ਚੁੱਕਦੇ ਆਂ ਸਾਥੋਂ ਵੱਧ ਸਿਆਣਾ ਈ ਕੋਈ ਨੀ ! ਬੇਹਯਾਈ ਨਹੀਂ ਤੇ ਹੋਰ ਕੀ ! ਅਖੇ ਗੁਰੂ ਨੇ ਖਾਲਸਾ ਪ੍ਰਗਟ ਕਰਨ ਵੇਲੇ ਤੰਬੂ ਚ, ਬੱਕਰੇ ਵੱਢੇ ਦੂਜਾ ਕਹਿ ਦਿੰਦਾ ਨਹੀਂ ਬੰਦੇ ਵੱਢੇ ! ਕੌਣ ਹੁੰਦੇ ਨਾਸਤਿਕੋ ਤੂੰਹੀ ਇਹ ਸਵਾਲ ਖੜੇ ਕਰਨ ਵਾਲੇ ?
ਸਿਰਦਾਰ ਕਪੂਰ ਸਿੰਘ ਜੀ ਨੂੰ ਕਿਸੇ ਭਰੇ ਦੀਵਾਨ ਵਿੱਚ ਇਹ ਸਵਾਲ ਕੀਤਾ ਕਿ ਦਸਮ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕਰਨ ਵੇਲੇ ਤੰਬੂ ਲਾ ਪਰਦੇ ਪਿੱਛੇ ਕੀ ਕੀਤਾ ਸਿੰਘਾਂ ਦੇ ਸਿਰ ਵਾਕਿਆ ਈ ਵੱਢੇ ਕਿ ……? ਸਿਰਦਾਰ ਸਾਹਿਬ ਆਖਿਅ ਸ਼ੈੱਟ ਅੱਪ…! ਮੱਤ ਕੋਈ ਹਮਾਕਤ ਕਰੇ ਪੁੱਛਣ ਦੀ ਕਿ ਗੁਰੁ ਪਾਤਸ਼ਾਹ ਜੀ ਨੇ ਪਰਦੇ ਪਿੱਛੇ ਕੀ ਕੀਤਾ ! ਜੇ ਗੁਰੂ ਨੇ ਪਰਦਾ ਕੀਤਾ ਤਾਂ ਅਵਸ਼ ਗੁਰੂ ਦੀ ਕੋਈ ਮੌਜ ਹੋਵੇਗੀ ਅੰਹੀ ਨਾਚੀਜ਼ ਕੌਣ ਹੁਨੇ ਪਰਦੇ ਚੁੱਕਣ ਵਾਲੇ ! ਇਹ ਹੈ ਇਕ ਪੜੇ ਲਿਖੇ ਵਿਦਵਾਨ ਦਾ ਅਗਲੇ ਨੂੰ ਨਿਰ-ਉਤਰ ਕਰਨ ਦਾ ਇਕ ਅੰਦਾਜ਼ ! ਵਲੈਤ ਤੋ ਪੜੇ ਲਿਖੇ ਵੀਹਵੀਂ ਸਦੀ ਦੇ ਧੁੱਰੰਤਰ ਵਿਦਵਾਨ ਨੇ ਏਨਾਂ ਪੜ ਕੇ ਵੀ ਕਦੇ ਸ਼ੰਕਾ ਨੇੜੇ ਨੀ ਫਟਕਣ ਦਿੱਤਾ ਤੇ ਅੰਹੀ ਛਿਮਾਹੀਂ ਪਾਸ ਹਰ ਪਰਦਾ ਚੁੱਕਣ ਲਈ ਕਾਹਲੇ ਆਂ ! ਪਹਿਲਾਂ ਆਪਣੇ ਜਵਾਕਾਂ ਨੂੰ ਸਿਰਦਾਰ ਕਪੂਰ ਸਿੰਘ ਦੇ ਲੈਵਲ ਦੀ ਵਿੱਦਿਆ ਪ੍ਰਦਾਨ ਕਰਾਲੋ ਉਤਰ ਉਹਨਾਂ ਆਪ ਹੀ ਦੇ ਦੇਣੇ ! ਤਾਹਡਾ ਸਾਡਾ ਤੇ ਪੜਨ ਦਾ ਸਮਾਂ ਲੰਘ ਗਿਆ ! ਲੜਨ ਦਾ ਸਮਾਂ ਏ ਉਹ ਵੀ ਪ੍ਰਧਾਨਗੀਆਂ, ਜਥੇਦਾਰੀਆਂ ਤੇ ਲੰਬੜਦਾਰੀਆਂ ਲਈ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ !
ਸਾਬਕਾ ਵਿਦਵਾਨ
ਬਿੱਟੂ ਅਰਪਿੰਦਰ ਸਿੰਘ ਸੇਖੋਂ
ਫਰੈੰਕਫੋਰਟ ਜਰਮਨ