ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

06.11.2023

 ਰਾਮ ਜਨਮ ਭੂਮੀ ਅੰਦੋਲਨ ਸਿੱਖਾਂ ਨੇ ਸ਼ੁਰੂ ਕੀਤਾ ਸੀ- ਰਾਜਨਾਥ ਸਿੰਘ

ਨਿੱਤ ਲੜਾਈਆ ਪਾਉਂਦਾ ਨੀਂ, ਮਰ ਜਾਣਾ ਅਮਲੀ

 ਕਮਲ ਨਾਥ ਨੂੰ ਸਿੱਖਾਂ ‘ਤੇ ਤਸ਼ੱਦਦ ਕਰਦਿਆਂ ਕਦੀ ਵੇਖਿਆ ਜਾਂ ਸੁਣਿਆ ਨਹੀਂ- ਰਾਜਾ ਵੜਿੰਗ

ਦੇਖਣਾ ਕਿਵੇਂ ਸੀ, ਤੂੰ ਤਾਂ ਡਾਇਪਰ ‘ਚ ਸੀ ਉਦੋਂ। ਜੇ ਤੂੰ ਸੁਣਿਆ ਨਹੀਂ ਤਾਂ ਆਪਣੇ ਕੰਨਾਂ ਦਾ ਇਲਾਜ ਕਰਵਾ ਰਾਜਿਆ

ਲੋਕ ਪ੍ਰਧਾਨ ਮੰਤਰੀ ਮੋਦੀ ਨੂੰ ਸੁਣਨ ਅਤੇ ਪ੍ਰਿਅੰਕਾ ਗਾਂਧੀ ਨੂੰ ਦੇਖਣ ਆਉਂਦੇ ਹਨ- ਵਿਜੇਵਰਗੀਆ

ਦੇਖ ਲਉ ਭਾਜਪਾਈ ਨੇਤਾਵਾਂ ਦਾ ਕਿਰਦਾਰ।

ਬਹਿਸ ਵਿਚ ਸ਼ਾਮਲ ਹੋਣ ਲਈ ਸਾਨੂੰ ਅਧਿਕਾਰਤ ਸੱਦਾ ਹੀ ਨਹੀਂ ਦਿਤਾ ਗਿਆ-ਰਾਜਾ ਵੜਿੰਗ

ਵੜਿੰਗ ਸਾਹਿਬ ਜਾ ਕੇ ਕਿਹੜਾ ਤੁਸੀਂ ਕੱਦੂ ‘ਚ ਤੀਰ ਮਾਰ ਲੈਣਾ ਸੀ।

ਰਾਜਪਾਲ ਨੇ ਦੋ ਬਿੱਲਾਂ ਨੂੰ ਵਿਧਾਨ ਸਭਾ ‘ਚ ਪੇਸ਼ ਕਰਨ ਦੀ ਦਿਤੀ ਮੰਨਜ਼ੂਰੀ- ਇਕ ਖ਼ਬਰ

ਤੀਂਘੜਦੈ ਕਿਉਂ ਬਈ?- ਆਪਾਂ ਸਾਨ੍ਹ ਹੁੰਨੇ ਆਂ।

ਹੁਣ ਮੋਕ ਕਿਉਂ ਮਾਰਦੈਂ? ਗਊ ਦਾ ਜਾਇਆ ਜੁ ਹੋਇਆ।

ਗੁਰਦੁਆਰਿਆਂ ਨੂੰ ਨਾਸੂਰ ਦੱਸਣ ਵਾਲੇ ਨੇ ਭਾਜਪਾ ਨੂੰ ਫ਼ਸਾਇਆ- ਇਕ ਖ਼ਬਰ

ਆਪ ਤੇ ਡੁੱਬਿਉਂ ਬਾਹਮਣਾ ਜਜਮਾਨ ਵੀ ਗਾਲ਼ੇ।

 ਡੋਨਾਲਡ ਟਰੰਪ ਦਾ ਮੁੜ ਰਾਸ਼ਟਰਪਤੀ ਬਣਨਾ ਅਮਰੀਕਾ ਲਈ ਖ਼ਤਰਾ- ਨਿਕੀ ਹੈਲੇ

ਕਿੱਥੋਂ ਭਾਲਦੈਂ ਬਿਜੌਰੀ ਦਾਖਾਂ, ਕਿੱਕਰਾਂ ਦੇ ਬੀ ਬੀਜ ਕੇ।

 ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਦੀ ਹਰ ‘ਪ੍ਰਾਪਤੀ’ ਨੂੰ ਝੂਠ ਦਾ ਪੁਲੰਦਾ ਕਰਾਰ ਦਿਤਾ- ਇਕ ਖ਼ਬਰ

ਤੂੰ ਕੀ ਜਾਣੇ ਪਤੀਲੇ ਦਿਆ ਢੱਕਣਾ, ਰਾਮ ਸੱਤ ਕੁੜੀਆਂ ਦੀ।

ਰਾਜਪਾਲ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ- ਇਕ ਖ਼ਬਰ

ਤੇਰੀ ਰੰਨ ਦਾ ਨਾ ਭਰਨਾ ਪਾਣੀ, ਤੇਰੀ ਨਾ ਮੁਥਾਜ ਝੱਲਣੀ।

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਢੀਂਡਸਾ ਨੇ ਆਗੂਆਂ ਨਾਲ਼ ਕੀਤੀ ਮੀਟਿੰਗ-ਇਕ ਖ਼ਬਰ

ਬੇੜੀ ਦਾ ਪੂਰ ਤ੍ਰਿੰਞਣ ਦੀਆਂ ਕੁੜੀਆਂ, ਸਬੱਬ ਨਾਲ਼ ਹੋਣ ‘ਕੱਠੀਆਂ।

ਬਹਿਸ ਤੋਂ ਬਚਣ ਲਈ ਅਕਾਲੀ ਦਲ ਬਾਦਲ ਆਪਣਾ ਗੋਲ ਪੋਸਟ ਬਦਲ ਰਿਹੈ-ਭਗਵੰਤ ਮਾਨ

ਦੋ ਘੁੱਟ ਪੀ ਕੇ ਦਾਰੂ, ਪੈਰ ‘ਤੇ ਮੁਕਰ ਗਿਆ

ਕੇਂਦਰ ਸਰਕਾਰ ਨੌਜੁਆਨਾਂ ਨੂੰ ਨਸ਼ਿਆਂ ਦੀ ਆਦਤ ਲਗਾ ਰਹੀ ਹੈ-ਕਨ੍ਹਈਆ ਕੁਮਾਰ

ਗਲ਼ੀਆਂ ਹੋ ਜਾਣ ਸੁੰਞੀਆਂ, ਵਿਚ ਮਿਰਜ਼ਾ ਯਾਰ ਫਿਰੇ।

ਭਗਵੰਤ ਮਾਨ ਸਰਕਾਰ ਹੁਣ ਵਿਰੋਧੀਆਂ ਨੂੰ ਵਿਧਾਨ ਸਭਾ ‘ਚ ਘੇਰੇਗੀ-ਇਕ ਖ਼ਬਰ

ਹੱਥ ਵਿਚੋਂ ਗਿਰੀ ਕੱਤਣੀ, ਜਦੋਂ ਦੇਖੀ ਛੜੇ ਦੀ ਅੱਖ ਗਹਿਰੀ।

ਸਾਰੇ ਕਾਰੋਬਾਰ ਮੰਦਵਾੜੇ ਦੇ ਸ਼ਿਕਾਰ ਪਰ ਰਾਜਨੀਤਕ ਖੇਤਰ ਉਪਜਾਊ ਤੇ ਸਦਾਬਹਾਰ- ਇਕ ਖ਼ਬਰ

ਮੈਨੂੰ ਸੋਨੇ ਦਾ ਤਵੀਤ ਕਰਾ ਦੇ, ਚਾਂਦੀ ਕੀ ਭਾਰ ਚੁੱਕਣਾ।

ਈ.ਡੀ. ਸਾਹਮਣੇ ਪੇਸ਼ ਨਹੀਂ ਹੋਏ ਕੇਜਰੀਵਾਲ- ਇਕ ਖ਼ਬਰ

ਟੁੱਟ ਪੈਣੇ ਜੇਠ ਦਾ ਮੁੰਡਾ, ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ।

=====================================