ਚੁੰਝਾਂ-ਪ੍ਹੌਂਚੇ

20.11.2023

ਜਸਟਿਸ ਟਰੂਡੋ ਨੇ ਇਕ ਵਾਰ ਫੇਰ ਭਾਰਤ ‘ਤੇ ਦੋਸ਼ ਲਗਾਏ- ਇਕ ਖ਼ਬਰ

ਪੂਣੀਆਂ ਮੈਂ ਤਿੰਨ ਕੱਤੀਆਂ, ਟੁੱਟ ਪੈਣੇ ਦਾ ਤੇਰ੍ਹਵਾਂ ਗੇੜਾ।

ਬਲਵੰਤ ਸਿੰਘ ਰਾਜੋਆਣਾ ਨੇ ਮੁੜ ਲਿਖਿਆ ‘ਜਥੇਦਾਰ’ ਨੂੰ ਪੱਤਰ- ਇਕ ਖ਼ਬਰ

ਚਿੱਠੀ ਲਿਖ ਦਰਦਾਂ ਦੀ ਪਾਈ, ਜਥੇਦਾਰਾ ਕਰ ਫ਼ੈਸਲਾ।

ਅਸੀਂ ਝਾੜੂ ਨਾਲ ਸਿਆਸੀ ‘ਗੰਦ’ ਸਾਫ਼ ਕਰਦੇ ਹਾਂ, ‘ਜੁਮਲੇ’ ਨਹੀਂ ਕਹਿੰਦੇ- ਭਗਵੰਤ ਮਾਨ

ਬਾਜ਼ੀ ਮਾਰ ਗਿਆ ਝੰਡਾ ਸਿਉਂ ਮਿੱਤਰੋ, ਬਾਕੀ ਰਹਿ ਗਏ ਹਾਲ ਪੁੱਛਦੇ।

ਸੁਪਰੀਮ ਕੋਰਟ ਦੀ ਟਿੱਪਣੀ ਦੋ ਤਿੰਨ ਸਾਲਾਂ ‘ਚ ਪੰਜਾਬੀ ਕਿਸਾਨਾਂ ਨੂੰ ਤਬਾਹ ਕਰ ਦੇਵੇਗੀ- ਫੂਲਕਾ

ਗੱਡੀ ਵਿਚ ਤੂੰ ਰੋਏਂਗੀ, ਯਾਰ ਰੋਣਗੇ ਕਿੱਕਰ ਦੀ ਛਾਂਵੇਂ।

ਭਾਜਪਾ ਵਲੋਂ ਰਾਜਸਥਾਨ ‘ਚ ਨੌਜਵਾਨਾਂ ਨੂੰ 2.50 ਲੱਖ ਨੌਕਰੀਆਂ ਦੇਣ ਦਾ ਵਾਅਦਾ- ਇਕ ਖ਼ਬਰ

ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਨੀ ਨੀਤ ਬੁਰੀ।

ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਇਕ ਵਾਰ ਫੇਰ ਵਿਵਾਦਾਂ ‘ਚ ਘਿਰੀ- ਇਕ ਖ਼ਬਰ

ਸੋਨੇ ਦੇ ਤਵੀਤ ਵਾਲੀਏ, ਤੇਰੀ ਹਰ ਮੱਸਿਆ ਬਦਨਾਮੀ।

ਦੀਵਾਲੀ ‘ਤੇ ਨਿਹੰਗ ਸਿੰਘਾਂ ਨੇ ਨਿਹੰਗ ਮੁਖੀ ਨੂੰ ‘ਜਥੇਦਾਰ’ ਥਾਪਿਆ- ਇਕ ਖ਼ਬਰ

ਪਾਰ ਲੰਘਾ ਦੇ ਵੇ, ਤੂੰ ਨਦੀਆਂ ਦਾ ਭੇਤੀ।

ਭਾਜਪਾ ਦੇ ਲੋਕਾਂ ਨੇ ਜੰਨਤਾ ਨੂੰ ਪਟਾਕੇ ਚਲਾਉਣ ਲਈ ਉਕਸਾਇਆ- ਗੋਪਾਲ ਰਾਇ

ਤਾਂ ਕਿ ‘ਆਮ ਆਦਮੀ’ ਪਾਰਟੀ ਦੀ ਸਰਕਾਰ ਨੂੰ ਬਦਨਾਮ ਕੀਤਾ ਜਾ ਸਕੇ।

ਜੋਅ ਬਾਇਡਨ ਤੇ ਸ਼ੀ ਜਿੰਨਪਿੰਗ ਨੇ ਕੀਤੀ ਮੁਲਾਕਾਤ- ਇਕ ਖ਼ਬਰ

ਉੱਤੋਂ ਉੱਤੋਂ ਪਾਉਣ ਜੱਫੀਆਂ, ਖਾਰ ਰੱਖਦੇ ਦਿਲਾਂ ਵਿਚ ਪੂਰੀ।

ਕੇਂਦਰ ਦੀ ਮੁਫ਼ਤ ਰਾਸ਼ਨ ਦੀ ਸਕੀਮ ਨੂੰ ਭਗਵੰਤ ਮਾਨ ਸਰਕਾਰ ਹਾਈਜੈਕ ਕਰਨਾ ਚਾਹੁੰਦੀ ਹੈ- ਜਾਖੜ           

ਜਿਵੇਂ ਭਾਜਪਾ ਸਰਕਾਰ ਨੇ ਮਨਮੋਹਨ ਸਿੰਘ ਦੀਆਂ ਸਕੀਮਾਂ ਹਾਈਜੈਕ ਕੀਤੀਆਂ ਸਨ।

ਸੁਖਬੀਰ ਬਾਦਲ ਨੇ ਭਗਵੰਤ ਮਾਨ ਨੂੰ ਕਾਨੂੰਨੀ ਨੋਟਿਸ ਭੇਜਿਆ- ਇਕ ਖ਼ਬਰ

ਪੜ੍ਹ ਗੁਰਨਾਮ ਕੁਰੇ, ਕਾਟ ‘ਯਾਰ’ ਦਾ ਆਇਆ।

ਰੋਕੇ ਗਏ ਤੀਜੇ ਮਨੀ ਬਿੱਲ ਨੂੰ ਵੀ ਰਾਜਪਾਲ ਨੇ ਵਿਧਾਨ ਸਭਾ ‘ਚ ਪੇਸ਼ ਕਰਨ ਦੀ ਮੰਨਜ਼ੂਰੀ ਦਿਤੀ- ਇਕ ਖ਼ਬਰ

ਵੇਲਾਂ ਧਰਮ ਦੀਆਂ, ਵਿਚ ਦਰਗਾਹ ਦੇ ਹਰੀਆਂ।

ਐਨ.ਜੀ.ਟੀ. ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਹੁਕਮਾਂ ਦਾ ਸਰਕਾਰ ‘ਤੇ ਕੋਈ ਅਸਰ ਨਹੀਂ- ਇਕ ਖ਼ਬਰ

ਚੰਨ ਬਣ ਗਿਆ ਠਾਣੇਦਾਰ, ਹੁਣ ਮੈਂ ਨਹੀਂ ਡਰਦੀ।

ਭਗਵੰਤ ਮਾਨ ਦੇ ਓ.ਐਸ.ਡੀ. ਮਨਜੀਤ ਸਿੰਘ ਸਿੱਧੂ ਨੇ ਅਹੁਦਾ ਛੱਡਿਆ- ਇਕ ਖ਼ਬਰ

ਲਾਈ ਸੀ ਜੇ ਕਮਲ਼ੀਏ, ਨਿਭਾਉਣੀ ਕਿਉਂ ਨਾ ਸਿੱਖੀ।

ਭਾਈ ਸਰਬਜੀਤ ਸਿੰਘ ਧੂੰਦਾ ‘ਤੇ ਨਾਨਕਸਰੀਆਂ ਵਲੋਂ ਕੀਤੇ ਮੁਕੱਦਮੇ ‘ਤੇ ਹਾਈ ਕੋਰਟ ਵਲੋਂ ਸਟੇਅ- ਇਕ ਖ਼ਬਰ

ਆ, ਆ ਕੇ ਦੇਖ ਲੈ ਫ਼ਕਰਦੀਨਾ, ਪਾਖੰਡ ਸੱਚ ਨੂੰ ਪਿਆ ਲਲਕਾਰਦਾ ਈ।

=================================================