ਰਾਮ ਰਾਮ ਵਿਚ ਅੰਤਰ? ਕੀ ਰਾਮ ਮੁੱਲ ਵਿਕਦਾ ਹੈ? -  ਗੁਰਚਰਨ ਸਿੰਘ ਜਿਉਣ ਵਾਲਾ

ਬਹੁਤੇ ਸਿੱਖ, ਸਿੱਖ ਧਰਮ ਦੇ ਦੋਖੀ ਤੇ ਬ੍ਰਾਹਮਣ ਜਮਾਤ ਦੇ ਹਾਮੀ ਅਕਸਰ ਇਹੀ ਕਹਿੰਦੇ ਸੁਣੇ ਗਏ ਹਨ ਕਿ , “ਦੇਖੋ ਜੀ ਇਹ ਤਾਂ ਐਂਵੇ ਸਿੱਖਾਂ ਤੇ ਹਿੰਦੂਆਂ ਵਿਚ ਪਾੜਾ ਪਾਉਣ ਲਈ ਭਾਸ਼ਨ ਦੇਈ ਜਾਂਦੇ ਹਨ ਕਿ ਸਿੱਖ ਧਰਮ ਦਾ ਹਿੰਦੂ ਧਰਮ ਨਾਲ ਕੋਈ ਵਾਸਤਾ ਨਹੀਂ। ਸਾਰੇ ਸਿੱਖ ਗੁਰੂਆਂ ਨੇ ਕਿਨੀ ਵਾਰੀ ਲਫਜ਼ ‘ਰਾਮ’ ਗੁਰਬਣੀ ਵਿਚ ਵਰਤਿਆ ਹੈ। ਇਸ ਵਿਚ ਕੋਈ ਸ਼ੱਕ ਨਹੀ ਕਿ ਰਾਮ ਲਫਜ਼ ਵੱਖਰੇ ਵੱਖਰੇ ਰੂਪਾਂ ਵਿਚ ਕੁੱਲ ਮਿਲਾ ਕੇ 2048 ਵਾਰੀ ਗੁਰੂ ਗ੍ਰੰਥ ਸਾਹਿਬ ਵਿਚ ਆਇਆ ਹੈ। ਰਾਮ 1758 ਵਾਰੀ, ਰਾਮੁ 254, ਰਾਮਿ 8 ਵਾਰੀ, ਰਾਮੈ 19 ਵਾਰੀ ਤੇ ਰਾਮਹਿ 9 ਵਾਰੀ। ਇਸ ਕਰਕੇ ਇਸ ਲੇਖ ਵਿਚ ਦੋ ਤਿੰਨ ਪੱਖਾਂ ਤੇ ਵਿਚਾਰਾਂ ਕਰਨੀਆਂ ਜ਼ਰੂਰੀ ਹਨ। ਕੀ ਰਾਜਾ ਦਸ਼ਰਥ ਦੇ ਪੁੱਤਰ ਰਾਮ ਚੰਦਰ ਤੋਂ ਪਹਿਲਾਂ ਵੀ ਰਾਮ ਲਫਜ਼ ਇਸ ਜਗਤ ਵਿਚ ਪ੍ਰੱਚਲਤ ਸੀ? ਕੀ ਗੁਰਬਾਣੀ ਦਾ ਰਾਮ ਤੇ ਹਿੰਦੂ ਜਗਤ ਦਾ ਭਗਵਾਨ ਰਾਮ ਇੱਕ ਹੀ ਹਨ? ਕੀ ਜਿਵੇਂ ਅੱਜ ਸਿੱਖ ਕਰ ਰਹੇ ਹਨ ਰਾਮ ਮੁੱਲ ਖਰੀਦਿਆ ਜਾ ਸਕਦਾ ਹੈ? ਕੀ ਰਾਮ ਵਕਾਊ ਮਾਲ ਹੈ? ਅਥਰਵੇਦ ਦਾ ਉਪਨਿਸ਼ਦ ਤੇ ਰਾਮਤਪਨੀ ਉਪਨਿਸ਼ਦ ਵਿਚ ਜੋ ਰਾਮ ਸ਼ਬਦ ਦੀ ਵਿਆਖਿਆ ਕੀਤੀ ਗਈ ਹੈ ਉਹ ਇਸ ਤਰ੍ਹਾਂ ਹੈ। “ ਰਾਮ ਉਹ ਪਾਰਬ੍ਰਹਮ ਹੈ ਜੋ ਸਰਬ-ਥਾਈਂ ਰਮਣ ਕਰ ਰਿਹਾ ਹੈ ਜਿਸ ਵਿਚ ਜੋਗੀ ਜਨ ਰਮਣ ਕਰਦੇ ਹਨ” ਇਸ ਤੋਂ ਇਲਾਵਾ ਜੋਗਿ-ਵਸ਼ਿਸ਼ਟ ਵਿਚ ਵੀ ਰਾਮ ਸ਼ਬਦ ਦੀ ਵਿਆਖਿਆ ਏਹੀ ਕੀਤੀ ਗਈ ਹੈ। ਏਥੋਂ ਤਕ ਕਿ ਬਾਲਮੀਕ ਰਮਾਇਣ ਵਿਚ ਵੀ ਰਾਮ ਚੰਦਰ ਨੂੰ ਪਰਸ਼ੋਤਮ ਪੁਰਖ ਨਹੀਂ ਮੰਨਿਆ ਗਿਆ। ਪ੍ਰਾਚੀਨ ਕਾਲ ਤੋਂ ਸ਼ਬਦ ਰਾਮ ਪਾਰਬ੍ਰਹਮ ਵਾਸਤੇ ਵਰਤਿਆ ਜਾਂਦਾ ਰਿਹਾ ਹੈ ਤੇ ਰਾਜੇ ਦਸ਼ਰਥ ਨੇ ਆਪਣੇ ਪੁੱਤਰ ਲਈ ਨਾਂ ਇਹਨਾਂ ਗ੍ਰੰਥਾਂ ਦੇ ਅਧਾਰ ਤੇ ਹੀ ਚੁਣਿਆ ਸੀ ਜਿਵੇਂ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪੁੱਤਰ ਵਾਸਤੇ ਗੁਰੂ ਗ੍ਰੰਥ ਦੀ ਬਾਣੀ ਦਾ ਆਸਰਾ ਲਿਆ ਹੋਵੇ। ਗੁਰੂ ਤੇਗ ਬਹਾਦਰ ਜੀ ਨੂੰ ਅਸਾਮ ਵਿਚ ਜਦੋਂ ਨਵ-ਜਨਮੇ ਬੱਚੇ ਦੀ ਖਬਰ ਮਿਲਦੀ ਹੈ ਤਾਂ ਗੁਰੂ ਜੀ ਵਧਾਈ ਨੂੰ ਮੰਨ ਕੇ ਖਬਰ ਦੇਣ ਵਾਲੇ ਵਿਆਕਤੀ ਦੇ ਹੱਥ ਵਾਪਸੀ ਸੁਨੇਹਾ ਇਹੀ ਭੇਜਦੇ ਹਨ ਕਿ ਬਾਲਕ ਦਾ ਨਾਮ ਗੋਬਿੰਦ ਰੱਖਣਾ। ਜੇ ਕਰ ਅੱਜ-ਕੱਲ੍ਹ ਕੋਈ ਆਪਣਾ ਨਾਮ ਗੋਬਿੰਦ ਰੱਖ ਲਵੇ ਤਾਂ ਉਹ ਸ਼ਖਸ਼ ਸਿੱਖਾਂ ਦਾ ਦਸਵਾਂ ਗੁਰੂ ਤਾਂ ਨਹੀ ਬਣ ਜਾਂਦਾ। ਇਸੇ ਤਰ੍ਹਾਂ ਜੋ ਰਾਮ ਸ਼ਬਦ ਗੁਰਬਾਣੀ ਵਿਚ ਵਰਤਿਆ ਗਿਆ ਹੈ ਅਤੇ ਬਾਕੀ ਦੇ ਹੋਰ ਨਾਮ, ਜਿਨ੍ਹਾਂ ਦਾ ਮਤਲਬ ਰਾਮ ਨਿਕਲਦਾ ਹੈ, ਦਾ ਰਾਜੇ ਦਸ਼ਰਥ ਦੇ ਪੁੱਤਰ ਨਾਲ ਕੋਈ ਸਬੰਧ ਨਹੀ ਤੇ ਜਿੱਥੇ ਰਾਜੇ ਦਸ਼ਰਥ ਦੇ ਪੁੱਤਰ ਨਾਲ ਕੋਈ ਸਬੰਧ ਹੈ ਉੱਥੇ ਬਕਾਇਦਾ ਵੇਰਵਾ ਪਇਆ ਗਿਆ ਹੈ ਇਸ ਲੇਖ ਵਿਚ ਅੱਗੇ ਚੱਲ ਕੇ ਲਿਖਾਂਗਾ।
ਗੁਰਬਾਣੀ ਦਾ ਰਾਮ ਜੰਮਦਾ ਮਰਦਾ ਨਹੀ।
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥ ਜਨਮਿ ਮਰਣਿ ਨਹੀ ਧੰਧਾ ਧੈਰੁ ॥ ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ ਲੋਈ ॥ ਜੋਗ ਜੁਗਤਿ ਜਗ ਜੀਵਨੁ ਸੋਈ ॥ ਕਰਿ ਆਚਾਰੁ ਸਚੁ, ਸੁਖੁ ਹੋਈ ॥ ਨਾਮ ਵਿਹੂਣਾ ਮੁਕਤਿ ਕਿਵ ਹੋਈ ॥15॥ {ਮ:1, ਪੰਨਾ 931}
(ਹੇ ਪਾਂਡੇ! ਉਸ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਤੇ ਲਿਖ) ਜੋ ਸਦਾ ਹੀ (ਬਹੁ-ਰੰਗੀ ਦੁਨੀਆ) ਪੈਦਾ ਕਰ ਕੇ ਆਪ ਨਿਰਵੈਰ ਰਹਿੰਦਾ ਹੈ, ਜੋ ਜਨਮ ਮਰਨ ਵਿਚ ਨਹੀਂ ਹੈ ਤੇ (ਜਿਸ ਦੇ ਅੰਦਰ ਜਗਤ ਦਾ ਕੋਈ) ਧੰਧਾ ਭਟਕਣਾ ਪੈਦਾ ਨਹੀਂ ਕਰ ਸਕਦਾ । ਉਹ ਗੋਪਾਲ ਆਪ ਹੀ (ਸ੍ਰਿਸ਼ਟੀ) ਪੈਦਾ ਕਰ ਕੇ ਆਪ ਹੀ ਸਾਰੇ ਜੀਵ ਬਣਾਂਦਾ ਹੈ, ਜੋ ਕੁੱਝ (ਜਗਤ ਵਿਚ) ਦਿੱਸ ਰਿਹਾ ਹੈ ਉਹ ਗੋਪਾਲ ਆਪ ਹੀ ਆਪ ਹੈ (ਭਾਵ, ਉਸ ਗੋਪਾਲ ਦਾ ਹੀ ਸਰੂਪ ਹੈ)।
ਸਗਲੀ ਥੀਤਿ ਪਾਸਿ ਡਾਰਿ ਰਾਖੀ ॥ ਅਸਟਮ ਥੀਤਿ ਗੋਵਿੰਦ ਜਨਮਾਸੀ ॥1॥ ਭਰਮਿ ਭੂਲੇ ਨਰ ਕਰਤ ਕਚਰਾਇਣ ॥ ਜਨਮ ਮਰਣ ਤੇ ਰਹਤ ਨਾਰਾਇਣ ॥1॥ ਰਹਾਉ ॥…….॥ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥3॥ ਜਨਮਿ ਨ ਮਰੈ ਨ ਆਵੈ ਨ ਜਾਇ ॥ ਨਾਨਕ ਕਾ ਪ੍ਰਭੁ ਰਹਿਓ ਸਮਾਇ ॥4॥1॥ {ਮ:5, ਪੰਨਾ 1136}
ਸਾਰੀਆਂ ਥਿਤਾਂ ਨੂੰ ਪਾਸੇ ਰੱਖ ਕੇ ਇਹ ਕਹਿ ਦਿੱਤਾ ਕਿ ਅਸ਼ਟਮੀ ਨੂੰ ਸ਼੍ਰੀ ਕ੍ਰਿਸਨ ਜੀ ਜਨਮੇ ਸੀ। ਭਰਮ ਵਿਚ ਪਏ ਹੋਏ ਲੋਕ ਆਪ ਹੀ ਪਹਿਲਾਂ ਕ੍ਰਿਸ਼ਨ ਦੀ ਮੂਰਤੀ ਨੁੰ ਖਰਬੂਜੇ ਵਿਚ ਰੱਖਦੇ ਹਨ ਤੇ ਆਪ ਹੀ ਉਸ ਖਰਬੂਜੇ ਨੂੰ ਕੱਟ ਕੇ ਭਗਵਾਨ ਨੂੰ ਉਸ ਵਿਚੋਂ ਬਾਹਰ ਕੱਢਦੇ ਹਨ। ਪਰ ਸਾਡਾ ‘ਨਾਰਾਇਣ’ ਤਾਂ ਨਾ ਜੰਮਦਾ ਹੈ ਤੇ ਨਾ ਹੀ ਮਰਦਾ ਹੈ।
ਪਉੜੀ॥ ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ॥ ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ॥ ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ॥ ਤੂ ਸਭ ਮਹਿ ਵਰਤਹਿ ਆਪਿ ਕੁਦਰਤਿ ਦੇਖਾਵਹੀ॥ (ਮ5, ਪੰਨਾ 1095)।
ਗੁਰਬਾਣੀ ਦੇ ਰੱਬ ਦਾ ਕੋਈ ਰੂਪ ਨਹੀਂ, ਉਹ ਕਿਸੇ ਜੂਨੀ ਵਿਚ ਨਹੀਂ ਆਉਂਦਾ ਅਤੇ ਉਹ ਇਹ ਸ੍ਰਿਸ਼ਟੀ ਪੈਦਾ ਕਰਕੇ ਉਸ ਵਿਚ ਹੀ ਸਮਾਇਆ ਹੋਇਆ ਹੈ ਤੇ ਉਸ ਵਿਚੋਂ ਹੀ ਸਾਨੂੰ ਉਹ ਦਿੱਸਣਾ ਚਾਹੀਦਾ ਹੈ। ਇਨ੍ਹਾਂ ਸਲੋਕਾਂ ਦੀ ਵਿਸਥਾਰ ਸਹਿਤ ਵਿਆਖਿਆ ਵੇਖਣ ਲਈ gurugrantdarpan.org ਤੇ ਜਾਓ ਜੀ।
ਹੁਣ ਇਹ ਗੱਲ ਸਾਫ ਹੋਈ ਕਿ ਰੱਬ, ਰਾਮ, ਭਗਵਾਨ, ਅਕਾਲ ਪੁਰਖ ਜਾਂ ਜਿਸ ਨੇ ਇਹ ਸਾਰੀ ਸ੍ਰਿਸ਼ਟੀ ਬਣਾਈ ਹੋਈ ਹੈ ਜਨਮ ਮਰਣ ਤੋਂ ਰਹਿਤ ਹੈ, ਸਾਰਿਆਂ ਵਿਚ ਰਮਿਆ ਹੋਇਆ ਹੈ ਤੇ ਗੁਰੂ ਅਰਜਨ ਦੇਵ ਜੀ ਤਾਂ ਇਹ ਵੀ ਲਿਖਦੇ ਹਨ ਕਿ ਉਹ ਮੁੱਖ ਹੀ ਸੜ ਜਾਏ ਜੋ ਇਹ ਆਖਦਾ ਹੈ ਕਿ ਠਾਕਰ, ਭਗਵਾਨ, ਅਕਾਲ ਪੁਰਖ ਜਾਂ ਪ੍ਰਮਾਤਮਾ ਫਲਾਣੀ ਤਾਰੀਖ ਨੂੰ ਪੈਦਾ ਹੋਇਆ ਸੀ। ਪਾਰਬ੍ਰਹਮ ਦੀ ਕੀਮਤ ਨਹੀ ਪਾਈ ਜਾ ਸਕਦੀ। ਸਭ ਥਾਂਈ ਰਮਿਆ ਰਾਮ ਗੁਰਬਾਣੀ ਦਾ ਰਾਮ ਹੈ।
ਸਾਰਗ ਮਹਲਾ 4॥ ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਸਤਿ ਸਤਿ ਰਾਮੁ ॥ ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥1॥ ਪੰਨਾ1202॥
ਹੇ (ਮੇਰੇ) ਮਨ ! ਸਿਰੀ ਰਾਮ (ਦਾ ਨਾਮ) ਜਪਿਆ ਕਰ, (ਉਸ ਰਾਮ ਦਾ) ਜਿਹੜਾ ਸਭ ਥਾਈਂ ਵਿਆਪਕ ਹੈ, ਜਿਹੜਾ ਸਦਾ ਹੀ ਕਾਇਮ ਰਹਿਣ ਵਾਲਾ ਹੈ। ਹੇ ਭਾਈ ! ਸਦਾ ਰਾਮ ਦਾ ਨਾਮ ਬੋਲਿਆ ਕਰੋ, ਉਹ ਸਭ ਥਾਵਾਂ ਵਿਚ ਮੌਜੂਦ ਹੈ, ਉਹ ਸਭ ਕੁਝ ਜਾਣਨ ਵਾਲਾ ਹੈ ।1।
ਗੋਂਡ ਮਹਲਾ 5॥ ਰਾਮ ਰਾਮ ਸੰਗਿ ਕਰਿ ਬਿਉਹਾਰ॥ ਰਾਮ ਰਾਮ ਰਾਮ ਪ੍ਰਾਨ ਅਧਾਰ॥ ਰਾਮ ਰਾਮ ਰਾਮ ਕੀਰਤਨੁ ਗਾਇ॥ ਰਮਤ ਰਾਮੁ ਸਭ ਰਹਿਓ ਸਮਾਇ॥1॥ ਪੰਨਾ 865॥ ਸਭ ਥਾਂਈ ਰਮੇ ਰਾਮ ਦੀ ਗੱਲ ਹੈ।
ੴ ਸਤਿਗੁਰ ਪ੍ਰਸਾਦਿ॥ ਰਾਗੁ ਬਸੰਤੁ ਹਿੰਡੋਲ ਮਹਲਾ 9॥ ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ॥1॥ ਰਹਾਉ ॥ ਪੰਨਾ 1186॥
ਗੁਰੂ ਤੇਗ ਬਹਾਦਰ ਜੀ ਤਾਂ ਕੋਈ ਕਸਰ ਹੀ ਨਹੀ ਛੱਡਦੇ ਕਿ ਉਹ ਕਿਹੜੇ ਰਾਮ ਦੀ ਗੱਲ ਕਰਦੇ ਹਨ। ਸਰੀਰ ਤਾਂ ਨਾਸਵੰਤ ਹੈ ਤੇ ਜਿਹੜਾ ਰਾਮ ਇਸ ਦੇ ਅੰਦਰ ਵੱਸਦਾ ਹੈ ਉੱਸ ਨੂੰ ਸੱਚ ਕਰਕੇ ਜਾਣੋ। ਉਹ ਹੀ ਸਦਾ ਰਹਿਣ ਵਾਲਾ ਹੈ। ਹਿੰਦੂ ਧਰਮ ਵਾਲਾ ਰਾਮ ਚੰਦਰ ਤਾਂ ਮਰ ਗਿਆ, ਮਰ ਹੀ ਨਹੀਂ ਗਿਆ ਬਲਕਿ ਉਹ ਤਾਂ ਆਤਮ ਘਾਤੀ ਹੈ ਜਿਸ ਨੂੰ ਗੁਰਬਾਣੀ ਵਿਚ “ਆਤਮ ਘਾਤੀ ਹੈ ਜਗਤ ਕਸਾਈ” ਕਿਹਾ ਗਿਆ ਹੈ ਤਾਂ ਫਿਰ ਇਹ ਸਨਾਤਨੀ ਧਰਮ ਵਾਲਾ ਰਾਮ ਨਹੀ ਜਿਸ ਦਾ ਗੁਰਬਾਣੀ ਵਿਚ ਜ਼ਿਕਰ ਹੈ।
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ॥ ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥2॥ {ਭਗਤ ਕਬੀਰ ਜੀ, ਪੰਨਾ 338}
ਕਬੀਰ ਜੀ ਵੀ ਕੋਈ ਭੁਲੇਖਾ ਹੀ ਨਹੀ ਛੱਡਦੇ ਕਿ ਉਨ੍ਹਾਂ ਦਾ ਠਾਕੁਰ ਕੌਣ ਹੈ? ਕਬੀਰ ਦਾ ਸੁਆਮੀ/ਠਾਕੁਰ ਉਹ ਹੈ ਜਿਸ ਦੀ ਨਾ ਕੋਈ ਮਾਂ ਹੈ ਤੇ ਨਾ ਪਿਉ। ਪਰ ਰਾਮ ਚੰਦਰ ਦੇ ਬਾਪ ਦਾ ਨਾਮ ਤਾਂ ਦਸ਼ਰਥ ਹੈ।
ਰਾਜੇ ਦਸ਼ਰਥ ਦੇ ਪੁੱਤਰ ਰਾਮ ਚੰਦਰ ਦਾ ਬਾਣੀ ਵਿਚ ਜ਼ਿਕਰ।
ਰਾਮੁ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰੁ॥ ਸੀਤਾ ਲੈ ਗਇਆ ਦਹਸਿਰੋ ਲਛਮਣੁ ਮੂਓ ਸਰਾਪਿ ॥ ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥25॥ (ਪੰਨਾ 1412)।  ਜਦੋਂ ਸੀਤਾ ਨੂੰ ਰਾਵਣ ਲੈ ਗਿਆ ਤੇ ਲਛਮਣ ਸਰਾਪ ਨਾਲ ਮਰ ਗਿਆ ਜਾਂ ਮੂਰਛਤ ਹੋ ਗਿਆ ਤਾਂ ਰਾਮ ਚੰਦਰ ਝੂਰਦਾ ਹੈ ਪਿਆ ਤੇ ਬਾਂਦਰਾਂ ਦੀ ਸੈਨਾ ਦੀ ਆਪਣੀ ਸੈਨਾਂ ਰਾਹੀਂ ਸੇਵਾ ਕਰ ਰਿਹਾ ਹੈ ਅਗੇਰੇ ਮੱਦਦ ਲੈਣ ਲਈ।
ਪਾਂਡੇ ਤੁਮਰਾ ਰਾਮਚੰਦੁ, ਸੋ ਭੀ ਆਵਤੁ ਦੇਖਿਆ ਥਾ॥ ਰਾਵਨ ਸੇਤੀ ਸਰਬਰ ਹੋਈ, ਘਰ ਕੀ ਜੋਇ ਗਵਾਈ ਥੀ॥3॥(ਭਗਤ ਨਾਮਦੇਵ ਜੀ, ਪੰਨਾ 874)। ਪਾਂਡੇ ਤੁੰ ਓਸ ਰਾਮ ਚੰਦਰ ਦੀ ਗੱਲ ਕਰਦਾ ਹੈਂ ਜਿਸਨੇ ਰਾਵਣ ਨਾਲ ਲੜੀ ਕਰਕੇ ਆਪਣੀ ਘਰ ਵਾਲੀ ਹੀ ਗਵਾ ਲਈ ਸੀ।
ਬਿਲਾਵਲੁ ਮਹਲਾ 5॥ ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ॥ ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ॥1॥ ਰਹਾਉ ॥ ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥ ਸਾਧ ਸੰਗਤਿ ਕੈ ਵਾਰਣੈ ਮਿਲਿਆ ਸੰਜੋਗੁ ॥1॥ (ਪੰਨਾ 817)।
ਹੇ ਭਾਈ ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਵਿਕਾਰ ਆਦਿਕ) ਰੋਗਾਂ ਤੋਂ ਰਹਿਤ ਹੋ ਜਾਈਦਾ ਹੈ। ਇਹ ਸਿਮਰਨ ਹੀ ਸ੍ਰੀ ਰਾਮਚੰਦ੍ਰ ਜੀ ਦੀ ਸੋਟੀ ਹੈ (ਜਿਸ ਸੋਟੀ ਦੇ ਡਰ ਕਰਕੇ ਕੋਈ ਦੁਸ਼ਟ ਸਿਰ ਨਹੀਂ ਚੁੱਕ ਸਕਦਾ ਸੀ)। ਇਸ (ਸਿਮਰਨ) ਨੇ (ਹਰੇਕ ਸਿਮਰਨ ਕਰਨ ਵਾਲੇ ਦੇ ਅੰਦਰੋਂ ਹਰੇਕ) ਰੋਗ ਦੂਰ ਕਰ ਦਿੱਤਾ ਹੈ।
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ॥ ਲੰਕਾ ਲੂਟੀ ਦੈਤ ਸੰਤਾਪੈ॥ ਰਾਮਚੰਦਿ ਮਾਰਿਓ ਅਹਿ ਰਾਵਣੁ॥ ਭੇਦੁ ਬਭੀਖਣ, ਗੁਰਮੁਖਿ ਪਰਚਾਇਣੁ ॥ ਗੁਰਮੁਖਿ ਸਾਇਰਿ ਪਾਹਣ ਤਾਰੇ ॥ ਗੁਰਮੁਖਿ ਕੋਟਿ ਤੇਤੀਸ ਉਧਾਰੇ ॥40॥ {ਮ:1, ਪੰਨਾ 942}
ਤੁਸੀਂ ਇਹ ਕਹਿੰਦੇ ਹੋ ਕਿ ਰਾਮ ਚੰਦਰ ਨੇ ‘ਰਾਮ ਸੇਤੂ’ ਪੁਲ ਬਣਾਇਆ ਇਸ ਕਰਕੇ ਤੁਸੀਂ ਰਾਮ ਨੂੰ ਬਿਧਾਤਾ, ਭਗਵਾਨ ਕਹਿੰਦੇ ਹੋ? ਪਰ ਵੇਖੋ ਪੁੱਲ ਬਣਾ ਕੇ(ਰਾਮਚੰਦ੍ਰ ਜੀ ਨੇ) ਲੰਕਾ ਲੁੱਟੀ ਤੇ ਰਾਖਸ਼ ਮਾਰੇ। ਲੰਕਾ ਲੁੱਟਣ ਵਾਲੇ ਨੂੰ ਤੁਸੀਂ ਕੀ ਕਹੋਗੇ, ਲੁਟੇਰਾ ? ਰਾਮਚੰਦਰ (ਜੀ) ਨੇ ਰਾਵਣ ਨੂੰ ਮਾਰਿਆ, ਜਦੋਂ ਕਿ ਇਹ ਕੰਮ ਰਾਮ ਤੋਂ ਹੋ ਹੀ ਨਹੀਂ ਰਿਹਾ ਸੀ ਪਰ ਰਾਵਣ ਦੇ ਭਰਾ ਨੇ ਰਾਮ ਚੰਦਰ ਨੂੰ ਭੇਤ ਦਿੱਤਾ ਤਾਂ ਹੀ ਉਹ ਰਾਵਣ ਨੂੰ ਮਾਰ ਸਕਿਆ। ਕੀ ਇਹ ਕਿਸੇ ਦੇ ਭਗਵਾਨ ਹੋਣ ਦੀ ਨਿਸ਼ਾਨੀ ਹੈ? ਨਹੀਂ ਮੁਕਬਰੀ।
ਹੁਣ ਕਿਸੇ ਨੂੰ ਤੇ ਖਾਸ ਕਰਕੇ ਅੱਜ-ਕੱਲ੍ਹ ਦੇ ਐਕਟਰ ਅਕਸ਼ੇ ਕੁਮਾਰ, ਯੂ.ਪੀ.ਦਾ ਤੱਤਕਾਲੀਨ ਮੁੱਖ ਮੰਤਰੀ, ਹੇਮਵਤੀ ਨੰਦਨ ਬਹੁਗੁਣਾਂ ਅਤੇ ਇਕ ਦਿੱਲੀ ਦਾ ਵਪਾਰੀ, ਓਂਕਾਰ ਸਿੰਘ ਥਾਪਰ, ਜਿਹੜਾ ਇਹ ਕਹਿੰਦਾ ਨਹੀਂ ਸੀ ਥੱਕਦਾ ਕਿ ਗੁਰਬਾਣੀ ਵਿਚ ਭਗਵਾਨ ਰਾਮ ਦਾ ਨਾਮ ਤਾਂ 2500 ਵਾਰੀ ਆਇਆ ਹੈ ਤੇ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਮ ਦਾ ਸ਼ਬਦ ਕੱਢ ਦਿੱਤਾ ਜਾਵੇ ਤਾਂ ਬਾਕੀ ਕੁੱਝ ਵੀ ਨਹੀਂ ਬੱਚਦਾ, ਨੂੰ ਕੋਈ ਸ਼ੱਕ ਨਹੀ ਰਹਿ ਜਾਣਾ ਚਾਹੀਦਾ ਕਿ ਗੁਰਬਾਣੀ ਵਿਚ ਕਿੱਧਰੇ ਵੀ ਕਿਸੇ ਦਸ਼ਰਥ ਦੇ ਪੁੱਤਰ ਰਾਮਚੰਦ ਦੀ ਕੋਈ ਸ਼ਲਾਘਾ ਨਹੀਂ ਕੀਤੀ ਗਈ ਹੈ
ਰਾਮ ਰਾਮ ਵਿਚ ਅੰਤਰ, ਰਾਮ ਮੁੱਲ ਨਹੀ ਖਰੀਦਿਆ ਜਾ ਸਕਦਾ।
ਕਬੀਰ ਰਾਮ ਕਹਨ ਮਹਿ ਭੇਦੁ ਹੈ, ਤਾ ਮਹਿ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥190॥ ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ ॥ ਏਕੁ ਅਨੇਕਹਿ ਮਿਲਿ ਗਇਆ, ਏਕ ਸਮਾਨਾ ਏਕ ॥191॥(1374)।
ਭਗਤ ਕਬੀਰ ਜੀ ਤਾਂ ਕੋਈ ਭੁਲੇਖਾ ਰਹਿਣ ਹੀ ਨਹੀਂ ਦਿੰਦੇ ਜਦੋਂ ਉਹ ਇਹ ਕਹਿੰਦੇ ਹਨ ਕਿ ਰਾਮ ਕਹਿਣ ਵੇਲੇ ਸੋਚੋ! ਇਕ ਰਾਮ ਤਾਂ ਉਹ ਹੈ ਜੋ ਸਾਰਿਆਂ ਵਿਚ ਸਮਾਇਆ ਹੋਇਆ ਹੈ ਤੇ ਇਕ ਰਾਮ ਦਾ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ (ਇਹ ਰਾਮ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ, ਉਹ ਇਹਦੀ ਮੂਰਤੀ-ਪੂਜਾ ਕਰਦੇ ਹਨ ਜੋ ਵਿਆਰਥ ਹੈ) ॥190-191॥
ਸਿਰੀ ਰਾਗੁ ਮਹਲਾ 1॥ ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥1॥ ਰਹਾਉ ॥ ਪੰਨਾ 14॥
ਇਸ ਸਾਰੇ ਸਲੋਕ ਵਿਚ ਏਹੀ ਜ਼ਿਕਰ ਹੈ ਕਿ ਜੇ ਸਰੀਰ ਨੂੰ ਰੱਤੀ ਰੱਤੀ ਕਰਕੇ ਅੱਗ ਵਿਚ ਜਾਲ ਵੀ ਦੇਈਏ, ਜੇ ਮੇਰੀ ਬਹੁਤ ਲੰਮੀ ਉਮਰ ਹੋ ਜਾਏ ਤੇ ਜੇ ਮੈਂ ਲੱਖਾਂ ਮਣ ਕਾਗਜ਼ਾਂ ਤੇ ਦਾਤੇ ਦੀ ਉਸਤਤ ਲਿਖ ਵੀ ਦੇਵਾਂ, ਜੇ ਪੰਖੀ ਬਣ ਕੇ ਸੈਂਕੜੇ ਅਸਮਾਨਾਂ ਵਿਚ ਉੱਡਦਾ ਹੀ ਰਹਾਂ ਮਤਲਬ ਕਿਸੇ ਵੀ ਤਰੀਕੇ ਨਾਲ ਪ੍ਰਮਾਤਮਾ ਦੀ ਕੀਮਤ ਨਹੀ ਪਾਈ ਜਾ ਸਕਦੀ।
ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ, ਰਾਮੁ ਲੀਆ ਹੈ ਮੋਲਿ ॥1॥ ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥ ਸਹਜ ਸੁਭਾਇ ਮੇਰਾ ਮਨੁ ਮਾਨਿਆ ॥ 1॥(ਪੰਨਾ 327)।
ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ।1। ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ; ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ।
ਅੱਜ ਦਾ ਸਿੱਖ ਤਾਂ ਹਰ ਅਡੰਬਰ ਕਰਕੇ ਪ੍ਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨ ਵਿਚ ਕੋਈ ਕਸਰ ਨਹੀ ਛੱਡਦਾ। ਅਖੰਡ ਪਾਠਾਂ ਦੀਆਂ ਲੜੀਆਂ ਤੇ ਝੜੀਆਂ ਲੱਗੀਆਂ ਹੋਈਆਂ ਹਨ। ਕੀ ਇਹੀ ਸਿੱਖੀ ਹੈ? ਜਿਸ ਗ੍ਰੰਥ ਦਾ ਸਿੱਖ ਅਖੰਡ ਪਾਠ ਕਰਵਾਉਂਦੇ ਹਨ ਓਹੀ ਗ੍ਰੰਥ ਇਸ ਸਾਰੇ ਅਡੰਬਰ ਦੇ ਉਲਟ ਸਿਖਿਆ ਦਿੰਦਾ ਹੈ। ਗੁਰੂ ਗ੍ਰੰਥ ਸਾਹਿਬ ਅਖੰਡ ਪਾਠ ਕਰਨ/ਕਰਵਾਉਣ ਨੂੰ ਨਹੀ ਕਹਿੰਦੇ, ‘ ਪੜੀਐ ਨਾਹੀ ਭੇਦੁ ਬੁਝਿਐ ਪਾਵਣਾ॥ ਪੰਨਾ 148’  ਪਰ ਗੁਰੂਬਾਣੀ ਨੂੰ ਪੜ੍ਹ ਕੇ, ਸਮਝ ਕੇ, ਜ਼ਿੰਦਗੀ ਵਿਚ ਗੁਰੂ ਦੇ ਦਿੱਤੇ ਹੋਏ ਨਿਰਮਲ ਸਿਧਾਂਤ ਨੂੰ  ਲਾਗੂ ਕਰਨ ਲਈ ਆਖਦੇ ਹਨ ਪਰ ਅਸੀਂ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਤੋਂ ਵੀ ਪਿਛਾਂਹ ਨਹੀ ਹਟੇ। ਰਾਮ ਮੁੱਲ ਨਹੀ ਖਰੀਦਿਆ ਜਾ ਸਕਦਾ। ਪਰ ਹੁਣੇ ਹੁਣੇ ਨੌਂ ਕਰੋੜ ਦਾ ਲੈਂਪ ਕਿਸੇ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਚੜ੍ਹਾ ਕੇ ਸ਼ਾਇਦ ਰੱਬ ਮੁੱਲ ਲੈ ਵੀ ਲਿਆ ਹੋਵੇ? ਅਸੀਂ ਲੰਬੀਆਂ ਲੰਬੀਆਂ ਅਰਦਾਸਾਂ ਭਾਈਆਂ ਕੋਲੋਂ ਕਰਵਾ ਕਰਵਾ ਕੇ ਆਪਣੇ ਮਨ ਦੀ ਝੂਠੀ ਖੁਸ਼ੀ ਲਈ ਰਾਮ ਨੂੰ ਆਪਣੀ ਜੇਬ ਵਿਚ ਹੀ ਪਾ ਲੈਂਦੇ ਹਾਂ। ਜਹਾਂਗੀਰ ਤੇ ਔਰੰਗਜ਼ੇਬ ਨੇ ਗੁਰੂ ਸਾਹਿਬਾਨ ਨੂੰ ਕਤਲ ਕੀਤਾ ਜਾਂ ਕਰਵਾਇਆ, ਬੱਚਿਆਂ ਨੂੰ ਵੀ ਨਹੀ ਬਖਸ਼ਿਆ, ਮਾਤਾ ਪਿਤਾ ਨੂੰ ਵੀ ਨਹੀ ਛੱਡਿਆ ਤੇ ਹੋਰ ਲੱਖਾਂ ਸਿੱਖਾਂ ਨੂੰ ਸ਼ਹੀਦ ਕਰਨ ਦੇ ਬਾਵਜੂਦ ਵੀ ਉਹ ਸਿੱਖੀ ਦਾ ਉਨ੍ਹਾਂ ਨੁਕਸਾਨ ਨਹੀ ਕਰ ਸਕੇ ਜਿਤਨਾ ਅੱਜ ਦੇ ਸਿੱਖਾਂ ਨੇ ‘ਸਿੱਖੀ ਬਾਣਾ’ ਪਾ ਕੇ ਸਿੱਖੀ ਦਾ ਨੁਕਸਾਨ ਕੀਤਾ ਹੈ। ਗਿਆਨੀ ਪਿੰਦਰਪਾਲ ਸਿੰਘ ਜੋ ਕਿੱਕਰਾਂ ਤੋਂ ਮਠਿਆਈਆਂ ਝਾੜਦਾ ਹੈ ਅਤੇ ਸੰਤ ਸਿੰਘ ਮਸਕੀਨ ਵੀ ਇੱਕ ਉਦਾਹਰਣ ਹਨ “ਸਿੱਖ ਬਾਣੇ ਵਿਚ ਬ੍ਰਹਾਮਣ”।
ਸਿੱਖ ਭਰਾਵੋ ਮਸਝਣ ਵਾਲੀ ਗੱਲ ਤਾਂ ਇਹ ਹੈ ਕਿ ਗੁਰੂ ਦਾ ਹੁਕਮ ਕੀ ਹੈ ਤੇ ਅਸੀਂ ਕੀ ਕਰੀ ਜਾਂਦੇ ਹਾਂ। ਇਸ ਗੱਲ ਦੀ ਸਮਝ ਉਦੋਂ ਹੀ ਪੈਣੀ ਹੈ ਜਦੋਂ ਅਸੀਂ ਆਪ ਸਾਰੀ ਗੁਰਬਾਣੀ ਪੜ੍ਹਾਂਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ #+1 647 966 3132