ਆਖਰੀ ਜਿੱਤ - ਕਹਾਣੀ - ਅਵਤਾਰ ਐਸ. ਸੰਘਾ

ਹਰਭਗਵਾਨ ਸਿੰਘ ਤੇ ਆਗਿਆਕਾਰ ਸਿੰਘ ਆਪਸ ਵਿੱਚ ਸਾਢੂ ਸਾਢੂ ਸਨ। ਹਰਭਗਵਾਨ ਖੇਤੀਬਾੜੀ ਯੂਨੀਵਰਸਿਟੀ ਤੋਂ 1972 ਵਿੱਚ ਪਲਾਂਟ ਪੈਥੌਲੋਜੀ ਵਿੱਚ ਐਮ. ਐਸ. ਸੀ. ਦੀ ਪੜ੍ਹਾਈ ਕਰਨ ਉਪਰੰਤ ਉੱਥੇ ਹੀ ਲੈਕਚਰਾਰ ਲੱਗ ਗਿਆ ਸੀ। ਆਗਿਆਕਾਰ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਐਮ ਏ ਅਰਥ ਸ਼ਾਸਤਰ ਸੀ ਤੇ ਲਾਗੇ ਦੇ ਇੱਕ ਕਾਲਜ ਵਿੱਚ  ਲੈਕਚਰਾਰ ਲੱਗ ਗਿਆ ਸੀ। ਦੋਨੋਂ ਦੁਆਬੇ ਵਿੱਚ ਇੱਕ ਚੰਗੇ ਘਰ ਵਿਆਹੇ ਹੋਏ ਸਨ। ਦੋਹਾਂ ਦੀਆਂ ਘਰਵਾਲੀਆਂ ਹਾਈ ਸਕੂਲਾਂ ਵਿੱਚ ਸਾਇੰਸ ਅਧਿਆਪਕਾਂਵਾਂ ਸਨ। 1973 ਦੇ ਕਰੀਬ ਆਸਟਰੇਲੀਆ ਦੀ ਵਾਈਟ ਆਸਟਰੇਲੀਆ ਪਾਲਿਸੀ ਪੂਰੀ ਤਰ੍ਹਾਂ ਖਤਮ ਹੋ ਗਈ ਸੀ ਤੇ ਦੁਨੀਆਂ ਦੇ ਬਾਕੀ ਦੇਸ਼ਾਂ ਤੋਂ ਇਧਰ ਨੂੰ ਵੀ ਮਾੜਾ ਮਾੜਾ ਪ੍ਰਵਾਸ ਸ਼ੁਰੂ ਹੋ ਗਿਆ ਸੀ। ਵੱਧ ਪ੍ਰਵਾਸ ਸਹੀ ਮਾਅਨਿਆਂ ਵਿੱਚ 1991 ਤੋਂ ਬਾਅਦ ਸ਼ੁਰੂ ਹੋਇਆ ਸੀ। 1992 ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਕਾਫੀ ਲੋਕ ਆਸਟਰੇਲੀਆ ਪਹੁੰਚ ਗਏ ਸਨ। ਬਹੁਤੇ ਪੜ੍ਹੇ ਲਿਖੇ ਉਦੋਂ ਸ਼ਾਇਦ 126 ਇੰਡੀਪੈਂਡੈਂਟ ਕੈਵੇਗਰੀ ਵਿੱਚ ਪੁਆਇੰਟ ਸਿਸਟਮ ਦੇ ਆਧਾਰ ਤੇ ਆਏ ਸਨ। ਹਰਭਗਵਾਨ ਵੀ ਇਸ ਸਾਲ ਹੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ ਸੀ। ਆਗਿਆਕਾਰ ਨੇ ਕਦੋਂ ਪਿੱਛੇ ਰਹਿਣਾ ਸੀ? ਆਫਟਰ ਆਲ ਉਹ ਹਰਭਗਵਾਨ ਦਾ ਸਾਢੂ ਸੀ। ਉਸ ਨੇ ਅਰਜ਼ੀ ਪਾਈ ਉਹ ਵੀ ਪਰਿਵਾਰ ਸਮੇਤ ਸਿਡਨੀ ਪਹੁੰਚ ਗਿਆ। ਸਾਢੂ ਆਪਸ ਵਿੱਚ ਘੱਟ ਹੀ ਬੋਲਦੇ ਹੁੰਦੇ ਸਨ। ਹਾਂ, ਭੈਣਾਂ ਇੱਕ ਦੂਜੀ ਨੂੰ ਗੁਰਦੁਆਰੇ ਅਕਸਰ ਮਿਲ ਲੈਂਦੀਆਂ ਸਨ। ਓਪਰਾ ਮੇਲ ਮਿਲਾਪ ਸੀ। ਅੰਦਰਲੀ ਗੱਲ ਸਾਢੂ ਤਾਂ ਕਦੀ ਕਰਦੇ ਹੀ ਨਹੀਂ। ਸਰਕਾਰ ਪ੍ਰਵਾਸੀ ਨੂੰ ਆਸਟਰੇਲੀਆ ਵਿੱਚ ਪਹੁੰਚਦੇ ਸਾਰ ਸੋਸ਼ਲ ਸਿਕਿਉਰਟੀ ਦੇ ਕੁਝ ਪੈਸੇ ਦੇ ਦਿੰਦੀ ਸੀ। ਇਹਨਾਂ ਨਾਲ ਛੋਟੇ ਘਰ ਦਾ ਕਿਰਾਇਆ ਤੇ ਰੋਟੀ ਦਾ ਖਰਚਾ ਪੂਰਾ ਹੋ ਜਾਂਦਾ ਸੀ। ਬਾਕੀ ਗੁਰੂ ਘਰ ਵਿੱਚ ਲੰਗਰ ਤਾਂ ਅਤੁੱਟ ਚੱਲਦਾ ਹੀ ਸੀ। ਦੋਹਾਂ ਸਾਢੂਆਂ ਤੇ ਭੈਣਾਂ ਨੇ ਸ਼ੁਰੂ ਵਿੱਚ ਕੋਈ ਨੌਕਰੀ ਲੈਣ ਲਈ ਹੱਥ ਪੈਰ ਮਾਰੇ ਪਰ ਚੱਜ ਨਾਲ ਗਲ ਨਾ ਬਣੀ। ਫਿਰ ਦੋਹਾਂ ਟੱਬਰਾਂ ਨੇ ਪੰਜਾਬ ਤੋਂ ਸਿਡਨੀ ਆਏ ਬਾਕੀ ਪੜ੍ਹੇ ਲਿਖੇ ਪ੍ਰਵਾਸੀਆਂ ਬਾਰੇ ਪਤਾ ਕੀਤਾ। ਉਹਨਾਂ ਵਿੱਚੋਂ ਕਈ ਗ੍ਰਿਫਤ ਸ਼ਹਿਰ ਵਿੱਚ ਜਾ ਕੇ ਫਲ ਸਬਜ਼ੀਆਂ ਤੋੜਨ ਦਾ ਕੰਮ ਕਰਨ ਲੱਗ ਪਏ ਸਨ। ਉਹਨਾਂ ਨਾਲ ਰਾਬਤਾ ਕਾਇਮ ਕਰਕੇ ਹਰਭਗਵਾਨ ਤਾਂ ਪਰਿਵਾਰ ਸਮੇਤ ਗ੍ਰਿਫਤ ਸ਼ਹਿਰ ਚਲਾ ਗਿਆ ਤੇ ਆਗਿਆਕਾਰ ਵੂਲਗੂਲਗਾ ਪਹੁੰਚ ਗਿਆ। ਪੰਜ ਛੇ ਮਹੀਨੇ ਖੇਤਾਂ ਵਿੱਚ ਕੰਮ ਕਰਨ ਤੋਂ ਬਾਅਦ ਇਹਨਾਂ ਕੋਲ ਗੁਜ਼ਾਰੇ ਜੋਗੇ ਪੈਸੇ ਹੋਣੇ ਸ਼ੁਰੂ ਹੋ ਗਏ। ਫਿਰ ਇਹਨਾਂ ਦੇ ਸਿਡਨੀ ਵੱਲ ਨੂੰ ਆਉਣ ਲਈ ਅੰਗ ਫਰਕਣ ਲੱਗ ਪਏ। ਹਰਭਗਵਾਨ ਨੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਲਈ ਅਰਜ਼ੀ ਪਾਈ ਕੰਮ ਆਸਾਨੀ ਨਾਲ ਬਣ ਗਿਐ ਤੇ ਉਹ ਇਸ ਜਾਬ ਤੇ ਲੱਗ ਗਿਆ। ਬੱਚੇ ਸਕੂਲਾਂ ਵਿੱਚ ਦਾਖਲ ਕਰਾ ਦਿੱਤੇ ਤੇ ਜ਼ਿੰਦਗੀ ਦੀ ਗੱਡੀ ਸੋਹਣੀ ਰਿੜ੍ਹ ਪਈ। ਸਕੂਲਾਂ ਵਿੱਚ ਪੀ ਆਰ ਪਰਿਵਾਰਾਂ ਦੇ ਬੱਚਿਆਂ ਦੀ ਫੀਸ ਨਹੀਂ ਸੀ। ਆਗਿਆਕਾਰ ਤੇ ਉਸਦੀ ਘਰਵਾਲੀ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸਨੇ ਸਿਕਿਉਰਟੀ ਦਾ ਕੋਰਸ ਕੀਤਾ ਤੇ ਉਹ ਏਅਰਪੋਰਟ ਤੇ ਸਿਕਿਉਰਟੀ ਗਾਰਡ ਲੱਗ ਗਿਆ। ਉਸ ਦੀ ਘਰਵਾਲੀ ਪਰਮਦੀਪ ਕੌਰ ਡਾਕਖਾਨੇ ਵਿੱਚ ਮੇਲ ਸੌਰਟਰ (mail sorter) ਲੱਗ ਗਈ। ਹਰਭਗਵਾਨ ਦੀ ਘਰਵਾਲੀ ਗੁਰਮੀਤ ਕੌਰ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਚੁਣੀ ਗਈ ਸੀ।
ਹੁਣ ਦੋਹਾਂ ਪਰਿਵਾਰਾਂ ਦਾ ਰੋਜ਼ ਦਾ ਕੰਮ ਇੱਕ ਦੂਜੇ ਬਾਰੇ ਸੂਹਾਂ ਲੈਣਾ ਸੀ। ਦੌੜ ਇਹ ਲੱਗੀ ਰਹਿੰਦੀ ਸੀ ਕਿ ਅੱਗੇ ਕੌਣ ਨਿਕਲਦਾ ਏ। ਦੋਹਾਂ ਪਰਿਵਾਰਾਂ ਦੇ ਚਾਰ ਹੀ ਪਰੋਢ ਜੀਆਂ ਦਾ ਸਾਰਾ ਜ਼ੋਰ ਵਧੀਆ ਤੋਂ ਵਧੀਆ ਰੈਜ਼ੂਮੇ ਤਿਆਰ ਕਰਨ ਤੇ ਲੱਗਾ ਰਹਿੰਦਾ ਸੀ। ਆਪਣੇ ਤੋਂ ਪਹਿਲਾਂ ਇਹਨਾਂ ਜਾਬਾਂ ਤੇ ਕੰਮ ਕਰਦੇ ਕਰਮਚਾਰੀਆਂ ਦੀ ਸਲਾਹ ਲੈਣੀ ਇਹਨਾਂ ਦਾ ਦੂਜਾ ਕੰਮ ਸੀ। ਯੂਨਿਟਾਂ ਰੂਪੀ ਛੋਟੇ ਘਰ ਦੋਹਾਂ ਪਰਿਵਾਰਾਂ ਨੇ ਨੌਕਰੀਆਂ ਮਿਲਦੇ ਸਾਰ ਹੀ ਖਰੀਦ ਲਏ ਸਨ। ਪੇਅ ਸਲਿਪ ਭਾਵੇਂ ਮਿੱਟੀ ਦੀ ਹੀ ਕਿਉਂ ਨਾ ਹੋਵੇ, ਕਰਜ਼ਾ ਲੈਣ ਵਿੱਚ ਜਾਦੂ ਦਾ ਕੰਮ ਕਰਦੀ ਏ। ਚੌਹਾਂ ਜੀਆਂ ਦਾ ਹੀ ਸ਼ਿਫਟ ਵਰਕ ਸੀ।  ਬੱਚੇ ਤਾਂ ਆਏ ਹੀ ਕੁਝ ਵੱਡੇ ਹੋ ਕੇ ਸਨ। ਉਹ ਖੁਦ ਹੀ ਤਿਆਰ ਹੋ ਕੇ ਸਕੂਲਾਂ ਨੂੰ ਚਲੇ ਜਾਇਆ ਕਰਦੇ ਸਨ। ਬੱਚਿਆਂ ਦੀ ਚੋਣਵੇਂ ਸਕੂਲਾਂ ਵਿੱਚ ਜਾਣ ਦੀ ਉਮਰ ਪਹਿਲਾਂ ਹੀ ਲੰਘ ਚੁੱਕੀ ਸੀ। ਵੈਸੇ ਵੀ ਜੇ ਲੋਕ ਲੇਟ ਉਮਰ ਵਿੱਚ ਬਾਹਰ ਨੂੰ ਆਉਂਦੇ ਹਨ ਤਾਂ ਉਹਨਾਂ ਲਈ ਇਥੋਂ ਦੇ ਸਰਕਾਰੀ ਸਕੂਲ ਵੀ ਭਾਰਤ ਦੇ ਸਭ ਕਿਸਮ ਦੇ ਸਕੂਲਾਂ ਤੋਂ ਉੱਪਰ ਲੱਗਦੇ ਰਹਿੰਦੇ ਹਨ। ਭਾਰਤੀ ਅਕਸਰ ਇਹੀ ਦੇਖਦੇ ਹਨ ਕਿ ਬੱਚਾ ਅੰਗਰੇਜ਼ੀ ਕਿੱਥੇ ਵੱਧ ਬੋਲਦਾ ਏ। ਜਦ ਬੱਚੇ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਵਿੱਚ ਆ ਗਏ ਤਾਂ ਪੜ੍ਹਾਈ ਦੇ ਮਿਆਰ ਵੱਲ ਪੰਜਾਬੀ ਘੱਟ ਹੀ ਧਿਆਨ ਹੀ ਦਿੰਦੇ ਹਨ ।ਪੰਜਾਬੀਆਂ ਲਈ ਪਟਰ ਪਟਰ ਅੰਗਰੇਜ਼ੀ ਬੋਲਣਾ ਹੀ ਸਭ ਤੋਂ ਵੱਡਾ ਸਟੈਂਡਰਡ ਹੈ। ਹਰਭਗਵਾਨ ਦੇ ਮੁੰਡੇ ਜਸਰਾਜ ਦਾ ਨਾਮ ਹੁਣ ਜੇਸਨ ਚਲਦਾ ਸੀ। ਕੁੜੀ ਜਸਕਿਰਨ ਕੌਰ ਦਾ ਗੋਰਿਆਂ ਜਿਹਾ ਨਾਮ ਜੈਸੀਕਾ ਚਲਦਾ ਸੀ। ਆਗਿਆਕਾਰ ਦੀ ਲੜਕੀ ਕੁਲਵਿੰਦਰ ਦਾ ਛੋਟਾ ਨਾਮ ਕਾਇਲੀ ਤੇ ਮੁੰਡੇ ਹਰਪ੍ਰੀਤ ਦਾ ਛੋਟਾ ਨਾਮ ਹੈਰੀ ਚੱਲਦਾ ਸੀ।
ਆਗਿਆਕਾਰ ਦੀ ਹਰ ਸਮੇਂ ਇਹੀ ਕੋਸ਼ਿਸ਼ ਸੀ ਕਿ ਰੇਲਵੇ ਦੇ ਸਟੇਸ਼ਨ ਅਟੈਂਡੈਂਟ ਦੀ ਜਾਬ ਤੱਕ ਪਹੁੰਚੇ। ਗਾਰਡ ਤੱਕ ਪਹੁੰਚਣਾ ਅਜੇ ਦੂਰ ਦੀ ਗੱਲ ਲੱਗਦੀ ਸੀ। ਦੋ ਕੁ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਉਹ ਇਹ ਜਾਬ ਪ੍ਰਾਪਤ ਕਰਨ ਵਿੱਚ ਕਾਮਯਾਬ ਹੋ ਗਿਆ। ਹਰਭਗਵਾਨ ਉਸ ਤੋਂ ਅੱਗੇ ਹੀ ਰਹਿਣਾ ਚਾਹੁੰਦਾ ਸੀ। ਉਸਨੇ ਗਾਰਡ ਦੀ ਜਾਬ ਦੀ ਦੋ ਕੁ ਵਾਰ ਕੋਸ਼ਿਸ਼ ਕੀਤੀ। ਆਖਰ ਉਹ ਬਣ ਗਿਆ। ਆਗਿਆਕਾਰ ਹੁਣ ਗਾਰਡ ਬਣਨ ਲਈ ਤਰਲੋ ਮੱਛੀ ਸੀ ਤੇ ਹਰਭਗਵਾਨ ਟਰੇਨ ਡਰਾਈਵਰ ਬਣਨ ਲਈ ਲੂਹਰੀਆਂ ਲੈਂਦਾ ਸੀ। ਇਹ ਕਸ਼ਮਕਸ਼ ਦੋ ਤਿੰਨ ਸਾਲ ਚਲਦੀ ਰਹੀ। ਪਰਮਦੀਪ ਡਾਕਖਾਨੇ ਤੋਂ ਛੁਟਕਾਰਾ ਪਾ ਕੇ ਰੇਲਵੇ ਵਿੱਚ ਸਟੇਸ਼ਨ ਅਟੈਂਡੈਂਟ ਬਣ ਕੇ ਓਵਰ ਟਾਈਮ ਲਗਾਉਣ ਨੂੰ ਝੂਰਦੀ ਸੀ ਤੇ ਗੁਰਮੀਤ ਤਾਂ ਹੁਣ ਤਕਰੀਬਨ ਟ੍ਰੇਨ ਗਾਰਡ ਬਣਨ ਹੀ ਵਾਲੀ ਸੀ।
ਉੱਧਰ ਬੱਚਿਆਂ ਦੀ ਖਿੱਚ ਹੈਚ. ਐਸ. ਸੀ. ਦੀਆਂ ਪ੍ਰੀਖਿਆਵਾਂ ਵਿੱਚੋਂ ਚੰਗੇ ਤੋਂ ਚੰਗੇ ਨੰਬਰ ਲੈਣ ਦੀ ਦੌੜ ਵੀ ਚੱਲ ਰਹੀ ਸੀ। ਇਹਨਾਂ ਦਾ ਡਾਕਟਰੀ ਦੀ ਪੜ੍ਹਾਈ ਵੱਲ ਜਾਣਾ ਤਾਂ ਮੁਸ਼ਕਿਲ ਸੀ। ਕਿਉਂਕਿ ਇਹਨਾਂ ਦਾ ਆਧਾਰ ਓਨਾਂ ਮਜਬੂਤ ਨਹੀਂ ਸੀ। ਹਰਭਗਵਾਨ ਦੀ ਲੜਕੀ ਫਾਰਮੇਸੀ ਤੱਕ ਪਹੁੰਚ ਗਈ। ਲੜਕਾ ਅਜੇ ਹੈਚ. ਐਸ. ਸੀ. ਵਿੱਚ ਹੀ ਸੀ। ਆਗਿਆਕਾਰ ਦਾ ਲੜਕਾ ਬਿਜਨਸ ਦੀ ਡਿਗਰੀ ਕਰਨ ਲੱਗ ਪਿਆ ਸੀ। ਉਹ ਵੀ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ। ਉਸਨੂੰ ਹਰ ਵੇਲੇ ਇਹ ਤੌਖਲਾ ਸੀ ਕਿ ਹਰਭਗਵਾਨ ਦੀ ਕੁੜੀ ਫਾਰਮੇਸੀ ਵਿੱਚ ਚਲੀ ਗਈ। ਉਹ ਵੀ ਸਿਡਨੀ ਯੂਨੀਵਰਸਿਟੀ ਵਿੱਚ। ਸਿਡਨੀ ਯੂਨੀਵਰਸਿਟੀ ਚੰਗੀਆਂ ਵਿੱਚ ਗਿਣੀ ਜਾਂਦੀ ਸੀ ਤੇ ਵੈਸਟਰਨ ਸਿਡਨੀ ਕੁਝ ਮਾੜੀਆਂ ਵਿੱਚ। ਆਗਿਆਕਾਰ ਦੀ ਕੋਸ਼ਿਸ਼ ਸੀ ਕਿ ਉਸਦੀ ਲੜਕੀ ਸਿਡਨੀ ਯੂਨੀਵਰਸਿਟੀ ਵਿੱਚ ਜਾਵੇ ਜਾਂ ਫਿਰ ਯੂ. ਟੀ. ਐਸ ਵਿੱਚ। ਹਰਭਗਵਾਨ ਵੀ ਹਰ ਸਮੇਂ ਆਪਣੇ ਲੜਕੇ ਲਈ ਯੂ. ਟੀ. ਐਸ ਦੀ ਕਲਪਨਾ ਕਰਕੇ ਰੱਖਦਾ ਸੀ। ਹੋ ਗਿਆ ਦੋਹਾਂ ਲਈ ਮਾੜਾ। ਦੋਹਾਂ ਦੇ ਦੋਨੋਂ ਛੋਟੇ ਬੱਚੇ ਵੈਸਟਰਨ ਸਿਡਨੀ ਯੂਨੀਵਰਸਿਟੀ ਵਿੱਚ ਹੀ ਦਾਖਲਾ ਲੈਣ ਦੇ ਯੋਗ ਹੋ ਸਕੇ। ਇਹ ਮੈਨੂੰ ਯਾਦ ਨਹੀਂ ਉਹਨਾਂ ਨੇ ਕੀ ਕੀ ਕੋਰਸ ਕੀਤੇ ਸਨ। ਖੈਰ ਚਾਰੇ ਬੱਚੇ ਡਿਗਰੀਆਂ ਪ੍ਰਾਪਤ ਕਰਕੇ ਸੋਹਣੀਆਂ ਨੌਕਰੀਆਂ ਤੇ ਲੱਗ ਗਏ। ਜਸਰਾਜ ਉਰਫ ਜੇਸਨ ਨੇ ਇਟੈਲੀਅਨ ਨਾਲ ਵਿਆਹ ਕਰਵਾ ਲਿਆ। ਕਾਇਲੀ ਇੱਕ ਗੋਰੇ ਨਾਲ ਰਹਿਣ ਲਈ ਜ਼ਿਦ ਕਰ ਗਈ। ਵਿਆਹਾਂ ਵਾਸਤੇ ਦੋਹਾਂ ਸਾਢੂਆਂ ਨੂੰ ਆਪਣੀ ਹਾਰ ਮੰਨਣੀ ਪਈ। ਦੋਹਾਂ ਦੀ ਇੱਛਾ ਸੀ ਕਿ ਬੱਚੇ ਆਪਣੀ ਜਾਤ ਬਰਾਦਰੀ ਵਿੱਚ ਚੰਗੇ ਪਰਿਵਾਰਾਂ ਨਾਲ ਆਪਣਾ ਰਿਸ਼ਤਾ ਗੰਢਣ। ਪ੍ਰੰਤੂ ਇੱਥੇ ਇਹ ਦੋਨੋਂ ਕਾਮਯਾਬ ਨਾ ਹੋ ਸਕੇ।
ਹੁਣ ਦੋਵਾਂ ਸਾਢੂਆਂ ਦੀਆਂ ਉਮਰਾਂ 70 ਦੇ ਕਰੀਬ ਹੋ ਗਈਆਂ ਸਨ। ਜਾਬਾਂ ਚੋਂ ਦੋਨੋਂ ਸੇਵਾ ਮੁਕਤ ਹੀ ਨਾ ਹੋਣ। ਸੋਚੀ ਜਾਣ ਜਿਹੜਾ ਸੇਵਾ ਮੁਕਤ ਹੋਊ ਉਹ ਹਾਰਿਆ ਹੋਇਆ ਸਮਝਿਆ ਜਾਊ ਜਾਂ ਇਹ ਕਹੋ ਕਿ ਡਾਲਰਾਂ ਦੀ ਘਾਟ ਦੋਹਾਂ ਤੋਂ ਹੀ ਨਹੀਂ ਸਹਾਰੀ ਜਾਂਦੀ ਸੀ। ਕੁਝ ਸਾਲ ਪਹਿਲਾਂ ਮੇਰੇ ਕੈਨੇਡਾ ਜਾਣ ਤੋਂ ਪਹਿਲਾਂ ਦੋਹਾਂ ਪਾਸ ਸੋਹਣੇ ਘਰ ਸਨ। ਹਰਭਗਵਾਨ ਪਾਸ 5 ਕਮਰਿਆਂ ਵਾਲਾ ਘਰ ਕੁਏਕਰਜ ਹਿੱਲ ਵਿੱਚ ਸੀ। ਉਸਨੇ ਦੋ ਕੁ ਘਰ ਹੋਰ ਲੈ ਕੇ ਕਿਰਾਏ ਤੇ ਵੀ ਦਿੱਤੇ ਹੋਏ ਸਨ। ਉਹ ਅਜੇ ਬੈਲਾ ਵਿਸਟਾ (Bella Vista) ਵੱਲ ਨੂੰ ਵਧਣਾ ਚਾਹੁੰਦਾ ਸੀ। ਆਗਿਆਕਾਰ ਅਜੇ ਪਲੰਪਟਨ (Plumpton) ਵਿੱਚ ਪੰਜ ਕਮਰਿਆਂ ਦੇ ਘਰ ਵਿੱਚ ਰਹਿੰਦਾ ਸੀ। ਉਹ ਝੂਰਦਾ ਤਾਂ ਬੌਖਮ ਹਿਲ (Baulkham) ਵਿੱਚ ਵੱਡਾ ਘਰ ਲੈਣ ਬਾਰੇ ਸੀ। ਪਰ ਸਫਲ ਨਹੀਂ ਸੀ ਹੋ ਰਿਹਾ। ਉਸ ਨੇ ਵੈਸੇ ਇੱਕ ਦੋ ਕਮਰਾ ਘਰ ਲੈ ਕੇ ਕਿਰਾਏ ਤੇ ਦਿੱਤਾ ਹੋਇਆ ਸੀ। ਦੋਨੋਂ ਸਾਢੂਆਂ ਦੀ ਕੋਸ਼ਿਸ਼ ਹੁੰਦੀ ਸੀ ਕਿ ਨਵਾਂ ਖਰੀਦਿਆ ਘਰ ਚਾਰ ਕੁ ਸਾਲ ਬਾਅਦ ਵੇਚ ਕੇ ਉਸ ਵਿੱਚੋਂ ਕੁਝ ਨਫਾ ਕਮਾ ਕੇ ਅੱਗੇ ਹੋਰ ਇੱਕ ਘਰ ਲੈ ਲਿਆ ਜਾਵੇ ਤੇ ਉਹ ਕਿਰਾਏ ਤੇ ਦੇ ਦਿੱਤਾ ਜਾਵੇ। ਘਰਾਂ ਨੂੰ ਵੇਚ ਵੇਚ ਕੇ ਹਰ ਭਗਵਾਨ ਤਾਂ ਬੈਲਾ ਵਿਸਟਾ ਵਿੱਚ ਕਾਫੀ ਸ਼ਾਹੀ ਘਰ ਲੈਣ ਵਿੱਚ ਕਾਮਯਾਬ ਹੋ ਗਿਆ ਸੀ। ਪ੍ਰੰਤੂ ਆਗਿਆਕਾਰ ਪਲੰਪਟਨ ਤੋਂ ਅੱਗੇ ਨਾ ਵਧ ਸਕਿਆ। ਇਸ ਤੋਂ ਬਾਅਦ ਮੇਰਾ ਇਹਨਾਂ ਪਰਿਵਾਰਾਂ ਨਾਲ ਕਾਫੀ ਲੰਬਾ ਸਮਾਂ ਨਾਤਾ ਟੁੱਟਿਆ ਰਿਹਾ ਕਿਉਂਕਿ ਮੈਂ ਦੂਸਰੇ ਦੇਸ਼ ਚਲਾ ਗਿਆ ਸਾਂ।
--------------------------------------------
ਪਿਛਲੇ ਸਾਲ ਵਿਸਾਖੀ ਦੇ ਮੇਲੇ ਤੇ ਲੋਕਾਂ ਦਾ ਕਾਫੀ ਇਕੱਠ ਸੀ। ਮੈਂ ਵੀ ਮੇਲੇ ਵਿੱਚ ਗਿਆ ਹੋਇਆ ਸਾਂ।
"ਅੰਕਲ ਜੀ, ਸਤਿ ਸ੍ਰੀ ਅਕਾਲ!"
"ਸਤਿ ਸ੍ਰੀ ਅਕਾਲ, ਬੇਟੇ! ਤੂੰ ਤਾਂ ਹਰਭਗਵਾਨ ਦਾ ਲੜਕਾ ਲੱਗਦਾ ਏਂ। ਕਾਫੀ ਵੱਡਾ ਹੋ ਗਿਆ। ਮੈਂ ਵੱਧ ਧਿਆਨ ਲਗਾ ਕੇ ਪਛਾਣਿਆ ਏ ਤੈਨੂੰ।"
"ਅੰਕਲ, ਮੈਂ ਜਸਰਾਜ ਹਾਂ। ਤੁਸੀਂ ਕਿਸੇ ਵੇਲੇ ਸਾਡੇ ਘਰ ਆਉਂਦੇ ਹੁੰਦੇ ਸੀ। ਉਦੋਂ ਮੈਂ 12 ਕੁ ਸਾਲ ਦਾ ਸਾਂ।"
"ਹਾਂ, ਬੇਟੇ। ਮੰਮ ਡੈਡ ਦਾ ਕੀ ਹਾਲ ਏ?"
"ਅੰਕਲ ਡੈਡ ਤਾਂ ਪੂਰੇ ਹੋ ਗਏ ਸਨ। ਮੰਮੀ ਜੀ ਠੀਕ ਹਨ।"
"ਸੱਚੀਂ?"
"ਜੀ ਹਾਂ, ਕਿਡਨੀਆਂ ਦੇ ਮਰੀਜ਼ ਸਨ। ਸਾਲ ਕੁ ਡਾਇਲਾਈਸਸ ਤੇ ਰਹੇ ਤੇ ਫਿਰ ਪੂਰੇ ਹੋ ਗਏ। ਮਾਸੜ ਜੀ ਉਹਨਾਂ ਤੋਂ ਦੋ ਸਾਲ ਪਹਿਲਾਂ ਪੂਰੇ ਹੋ ਗਏ ਸਨ।"
"ਬੇਟੇ, ਤੂੰ ਤਾਂ ਹੈਰਾਨ ਕਰਨ ਵਾਲੀ ਜਾਣਕਾਰੀ ਦੇ ਦਿੱਤੀ। ਮੈਂ ਤਾਂ ਸੱਤ ਸਾਲ ਬਾਅਦ ਕੈਨੇਡਾ ਤੋਂ ਮੁੜਿਆ ਹਾਂ। ਇਹ ਸਭ ਕੁਝ ਮੇਰੇ ਪਿੱਛੇ ਵਾਪਰ ਗਿਐ। ਬਹੁਤ ਮਾੜਾ ਹੋਇਆ। ਦੋਹਾਂ ਦੀ ਉਮਰ ਮਸਾ 75 ਕੁ ਸਾਲ ਹੀ ਸੀ। ਤੇਰੇ ਮਾਸੜ ਨੂੰ ਕੀ ਹੋ ਗਿਆ ਸੀ?"
"ਮਾਸੜ ਤਾਂ 70 ਦਾ ਸੀ ਤੇ ਡੈਡ 72 ਦਾ। ਮਾਸੜ ਨੂੰ ਦਿਲ ਦਾ ਦੌਰਾ ਪਿਆ ਸੀ।"
"ਤੁਹਾਡੇ ਪਿੰਡ ਵਾਲੇ ਬਜ਼ੁਰਗ?"
"ਬਾਬਾ ਜੀ ਅਜੇ ਵੀ ਠੀਕ ਹਨ। 91 ਸਾਲ ਦੇ ਹਨ। ਦਾਦੀ ਪੂਰੀ ਹੋ ਗਈ ਸੀ।"
"ਕਦੀ ਮਿਲਣ ਵੀ ਗਏ ਹੋ?"
"ਛੇ ਸਾਲ ਪਹਿਲਾਂ ਗਏ ਸਾਂ।"
"ਤੁਸੀਂ ਜਾਂ ਤੁਹਾਡੇ ਮਾਸੜ ਦਾ ਟੱਬਰ ਵੀ?"
"ਸਾਰਿਆਂ ਨੇ ਜਾਣਾ ਸੀ। ਕਿਉਂਕਿ ਨਾਨਕਿਆਂ ਵਿੱਚ ਵਿਆਹ ਸੀ।"
"ਕਿਹਦਾ?"
"ਸਾਡੇ ਘਰ ਮਾਮੇ ਦੇ ਲੜਕੇ ਦਾ।"
"ਉੱਥੇ ਕਿਵੇਂ ਰਿਹਾ?"
"ਦਾਦਾ ਜੀ ਤਾਂ ਡੈਡੀ ਨੂੰ ਮਿਲਣ ਲੱਗੇ ਫੁੱਟ ਫੁੱਟ ਕੇ ਰੋ ਪਏ ਸੀ। ਬਾਕੀ ਸਭ ਤਾਂ ਠੀਕ ਰਿਹਾ ਸੀ। ਪਰ ਡੈਡ ਤੇ ਮਾਸੜ ਉੱਥੇ ਵੀ ਚੰਗਾ ਜਲੂਸ ਕੱਢ ਕੇ ਆਏ ਸਨ। ਉਦੋਂ ਸਿਹਤ ਦੋਹਾਂ ਦੀ ਠੀਕ ਸੀ।"
"ਕੀ ਹੋ ਗਿਆ ਸੀ?"
"ਵਿਆਹ ਤੇ ਗਾਣੇ ਵਾਲੀ ਆਈ ਹੋਈ ਸੀ। ਮਾਸੜ ਨੇ ਪੰਗਾ ਲੈ ਲਿਆ ਸਾਡੇ ਨਾਲ। ਦੋ ਕੁ ਵਾਰ 100 100 ਦੇ ਨੋਟ ਗਾਣੇ ਵਾਲੀ ਵੱਲ ਨੂੰ ਕਰ ਦਿੱਤੇ। ਡੈਡੀ ਨੇ ਜੋਸ਼ ਵਿੱਚ ਆ ਕੇ ਪੰਜ-ਪੰਜ ਸੌ ਦੇ ਨੋਟਾਂ ਦੀ ਥੱਦੀ ਗਾਣੇ ਵਾਲੀ ਵੱਲ ਨੂੰ ਸੁੱਟ ਦਿੱਤੀ। ਗਾਣੇ ਵਾਲੀ ਕਦੀ ਇੱਧਰ ਨੂੰ ਨੋਟ ਚੁੱਕਣ ਦੌੜੇ ਤੇ ਕਦੀ ਉੱਧਰ ਨੂੰ। ਪੀਤੀ ਦੋਹਾਂ ਦੀ ਬਥੇਰੀ ਸੀ। ਡੈਡੀ ਤੋਂ ਕਹਿ ਹੋ ਗਿਆ 'ਨਿੱਤਰ ਉਏ ਮੈਦਾਨ ਵਿੱਚ ਭੂਤਨੀ ਦਿਆ।' ਮਾਸੜ ਡੈਡੀ ਵੱਲ ਨੂੰ ਵਧਿਆ। ਲੋਕਾਂ ਨੇ ਦੋਹਾਂ ਨੂੰ ਫੜ ਲਿਆ। ਹੱਥੋ ਪਾਈ ਮਸਾਂ ਮਸਾਂ ਬਚੀ। ਮਾਮੇ ਦੇ ਮੁੰਡੇ ਭਿੰਦੇ ਨੇ ਬਹੁਤ ਵਧੀਆ ਰੋਲ ਅਦਾ ਕੀਤਾ। ਪੰਡਾਲ ਵਿੱਚ ਦਬੀੜਾਂ ਲੱਗ ਗਈਆਂ। ਕੁਰਸੀਆਂ ਉਲਟ ਦੀਆਂ ਫਿਰਨ। ਗਲਾਸੀਆਂ ਤੇ ਸੋਢੇ ਦੀਆਂ ਬੋਤਲਾਂ ਕੀਚਰਾਂ ਕੀਚਰਾਂ ਹੋ ਗਈਆਂ।"
"ਫਿਰ ਤਾਂ ਬਹੁਤ ਮਾੜੀ ਹੋਈ ਬੇਟੇ। ਰੁੱਖੇ ਰੁੱਖੇ ਤਾਂ ਪਹਿਲਾਂ ਵੀ ਰਹਿੰਦੇ ਹੁੰਦੇ ਸੀ। ਪਰ ਕਦੀ ਹੱਥੋ ਪਾਈ ਤੱਕ ਗੱਲ ਨਹੀਂ ਸੀ ਪਹੁੰਚੀ। ਫਿਰ ਸਿਡਨੀ ਵਾਪਸ ਆ ਕੇ ਠੀਕ ਰਹੇ?"
"ਇੱਥੇ ਤਾਂ ਠੀਕ ਸਨ। ਜਦ ਬਿਮਾਰ ਹੋਏ ਉਦੋਂ ਵੀ ਟੱਬਰ ਘੱਟ ਹੀ ਮਿਲੇ। ਆਣਾ ਜਾਣਾ ਘੱਟ ਹੀ ਸੀ। ਨਾਲੇ ਮਾਸੜ ਤਾਂ ਅਚਾਨਕ ਹੀ ਪੂਰਾ ਹੋ ਗਿਆ ਸੀ। ਹਾਂ, ਮੰਮੀ ਤੇ ਅਸੀਂ ਕਦੀ ਕਦੀ ਗੁਰਦੁਆਰੇ ਮਿਲਦੇ ਰਹਿੰਦੇ ਸਾਂ।"
"ਕ੍ਰੀਮੇਸ਼ਨ (Cremation) ਵੇਲੇ?"
"ਸਿੱਧੇ ਕ੍ਰੀਮੇਸ਼ਨ ਗਰਾਊਂਡ ਗਏ ਸਾਂ। ਘਰੇ ਨਹੀਂ ਗਏ। ਕ੍ਰੀਮੇਸ਼ਨ ਵੇਲੇ ਵੀ ਜਿੱਤ ਸਾਡੀ ਹੀ ਹੋਈ ਸੀ।"
"ਦਾਗਾਂ ਵੇਲੇ ਜਿੱਤ? ਇਸ ਦਾ ਕੀ ਮਤਲਬ?"
"ਸਾਡੀ ਤੇ ਮਾਸੜ ਜੀ ਦੀ ਤਕਰੀਬਨ 35 ਸਾਲ ਤੋਂ ਦੌੜ ਲੱਗੀ ਹੋਈ ਸੀ। ਕਦੀ ਕਦੀ ਉਹ ਸਮਝਣ ਉਹ ਜਿੱਤ ਗਏ ਅਸੀਂ ਹਾਰ ਗਏ ਤੇ ਕਦੀ ਅਸੀਂ ਸਮਝੀਏ ਅਸੀਂ ਜਿੱਤ ਗਏ ਤੇ ਉਹ ਹਾਰ ਗਏ। ਬਾਹਰ ਨੂੰ ਦੌੜਨ ਵੇਲੇ ਵੀ, ਇਸ ਦੇਸ਼ ਵਿੱਚ ਸੈਟ ਹੋਣ ਵੇਲੇ ਵੀ, ਗ੍ਰਿਫਤ ਤੋਂ ਸਿਡਨੀ ਵੱਲ ਨੂੰ ਦੌੜਨ ਵੇਲੇ ਵੀ, ਨੌਕਰੀਆਂ ਲੱਭਣ ਵੇਲੇ ਵੀ, ਘਰ ਖਰੀਦਣ ਵੇਲੇ ਵੀ, ਵੱਡੇ ਘਰ ਬਣਾਉਣ ਵੇਲੇ ਵੀ, ਮਾੜੇ ਰਿਹਾਇਸ਼ੀ ਇਲਾਕਿਆਂ ਤੋਂ ਚੰਗੇ ਰਿਹਾਇਸ਼ੀ ਇਲਾਕਿਆਂ ਵੱਲ ਨੂੰ ਦੌੜਨ ਵੇਲੇ ਵੀ, ਬੱਚਿਆਂ ਦੀ ਪੜ੍ਹਾਈ ਵੇਲੇ ਵੀ, ਬੱਚਿਆਂ ਨੂੰ ਸੈੱਟ ਕਰਨ ਵੇਲੇ ਵੀ, ਪੰਜਾਬ ਦੇ ਗੇੜੇ ਮਾਰਨ ਵੇਲੇ ਵੀ, ਦੁਨੀਆਂ ਦਾ ਟੂਰ ਲਗਾਉਣ ਵੇਲੇ ਵੀ, ਕਾਰਾਂ ਖਰੀਦਣ ਵੇਲੇ ਵੀ, ਦੂਰ ਮੰਜਲੇ ਵਿਆਹਾਂ (destination weddings) ਦੀ ਰਿਸੈਪਸ਼ਨ ਕਰਨ ਵੇਲੇ ਵੀ ਤੇ ਹੋਰ ਵੀ ਅਨੇਕਾਂ ਵਾਰੀ। ਜੇ ਉਹ ਜਸਲੀਨ ਦੀ destination wedding ਲਈ ਮਸਾਂ ਫਿਜ਼ੀ ਗਏ ਤਾਂ ਅਸੀਂ ਮੇਰੇ ਵਿਆਹ ਤੇ ਇਟਲੀ ਗਏ ਸਾਂ।"
"ਬੇਟੇ, ਬਾਕੀ ਤਾਂ ਸਭ ਠੀਕ ਏ। ਆਹ ਮੌਤ ਸਮੇਂ ਦਾਗ ਦੇਣ ਵੇਲੇ ਤੁਹਾਡੀ ਜਿੱਤ ਦਾ ਮਤਲਬ ਮੈਂ ਨਹੀਂ ਸਮਝਿਆ?"
"ਅੰਕਲ, ਤੁਸੀਂ ਦੱਸੋ ਅੱਜ ਕੱਲ ਕਿਹੜਾ ਪੰਜਾਬੀ ਟੁੱਟੇ ਜਿਹੇ ਸ਼ਮਸ਼ਾਨ ਘਾਟ ਵਿੱਚ ਮੁਰਦੇ ਨੂੰ ਫੂਕਦਾ ਏ। ਅਸੀਂ ਆਪਣੇ ਡੈਡ ਦੇ ਦਾਗ ਕੈਸਲਬਰੁਕ ਦੇ ਕ੍ਰੀਮੇਟੋਰੀਅਮ (crematorium) ਵਿੱਚ ਦਿੱਤੇ। ਇਸ ਸ਼ਮਸ਼ਾਨ ਘਾਟ ਨੂੰ ਦੇਖ ਕੇ ਬੰਦੇ ਦੀ ਭੁੱਖ ਲਹਿੰਦੀ ਏ। ਇਹ ਸਵਰਗਾਂ ਦਾ ਬਾਗ (Garden of Eden) ਲੱਗਦਾ ਏ। ਫੁੱਲਾਂ ਦੀਆਂ ਕਿਆਰੀਆਂ ਨਾਲ ਭਰਿਆ ਪਿਆ ਏ ਸਾਰਾ ਖੁੱਲਾ ਡੁੱਲਾ ਇਲਾਕਾ (No parking problem)। ਕਾਮੇ ਹਰ ਸਮੇਂ ਇਸ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹੀ ਰਹਿੰਦੇ ਹਨ। ਡੈਡ ਦੇ ਦਾਗਾਂ ਦੀ ਲਾਈਵ ਸਟਰੀਮਿੰਗ ਵੀ ਚੱਲੀ ਸੀ। ਵੀਡੀਓ ਵਾਲੇ ਚੰਗੇ ਪੈਸੇ ਲੈ ਗਏ ਸਨ। ਦੂਜੇ ਪਾਸੇ ਮਾਸੜ ਦਾ ਸੁਣ ਲਓ। ਦਾਗ ਪਲੰਪਟਨ (Plumpton) ਤੋਂ ਪਰ੍ਹੇ ਕਿਤੇ ਟੁੱਟੇ ਜਿਹੇ ਸ਼ਮਸ਼ਾਨ ਘਾਟ ਵਿੱਚ ਦਿੱਤੇ। ਕਹਿੰਦੇ ਕ੍ਰੀਮੇਟੋਰੀਅਮ ਵੀ ਪੁਰਾਣਾ ਜਿਹਾ ਸੀ। ਬੈਠਣ ਲਈ ਹਾਲ ਵੀ ਘਟੀਆ ਜਿਹਾ। ਹੋਰ ਤਾਂ ਹੋਰ ਸਾਲਿਆਂ ਤੋਂ ਲਾਈਵ ਸਟਰੀਮਿੰਗ ਵੀ ਨਹੀਂ ਕਰਵਾ ਹੋਈ। ਉਦਾਂ ਦੇ ਸ਼ਮਸ਼ਾਨ ਤੋਂ ਤਾਂ ਬੰਦਾ ਨਰਕਾਂ ਨੂੰ ਹੀ ਜਾਊ, ਅੰਕਲ ਜੀ। ਅਸੀਂ ਡੈਡ ਦਾ ਘਰ ਠਾਠ ਨਾਲ ਭੋਗ ਪਾਇਆ। ਮਾਸੜ ਦਾ ਕੰਮ ਗੁਰਦੁਆਰੇ ਹੀ ਨਿਬੇੜ ਆਏ। ਆਖਰਕਾਰ ਵੀ ਸਾਡੀ ਹੀ ਜਿੱਤ ਹੋਈ।ਸਾਡੇ ਘਰ ਇਸ ਜਿੱਤ ਦੀਆਂ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਹਨ।"
ਮੈਂ ਮੁੰਡੇ ਦਾ ਆਖਰੀ ਜਿੱਤ ਵਾਲਾ ਵਿਚਾਰ ਸੁਣ ਕੇ ਹੈਰਾਨ ਰਹਿ ਗਿਆ। ਸਾਡੇ ਸੱਭਿਆਚਾਰ ਵਿੱਚ ਸਾਢੂ ਜਿਹੇ ਰਿਸ਼ਤੇ ਕਈ ਐਸੇ ਹਨ ਜਿਹੜੇ ਕਦਮ ਕਦਮ ਤੇ ਜਿੱਤ ਹਾਰ ਤਲਾਸ਼ ਦੇ ਰਹਿੰਦੇ ਹਨ। ਵਾਹਿਗੁਰੂ! ਵਾਹਿਗੁਰੂ!! ਟੇਢੀ ਲੱਕੜੀ ਨੂੰ ਸ਼ਾਇਦ ਅੱਗ ਹੀ ਸਿੱਧਾ ਕਰਦੀ ਏ!!