ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

 

 

2901.2024

ਜਿੱਥੇ ਔਰਤ ਜੱਜ ਹੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੋਵੇ ਉੱਥੇ ਨਿਆਂ ਕਿਸ ਤੋਂ ਮੰਗੋਗੇ?ਨੇ- ਹਰਸ਼ਿੰਦਰ ਕੌਰ

ਫ਼ਕਰਦੀਨਾਂ ਤੂੰ ਉੱਥੋਂ ਨਿਆਂ ਭਾਲ਼ੇਂ, ਜਿੱਥੇ ਵਾੜ ਹੀ ਖੇਤ ਨੂੰ ਖਾਂਵਦੀ ਏ।

ਪੰਜਾਬ ‘ਚ ਪਿਛਲੀਆਂ ਸਰਕਾਰਾਂ ਦੌਰਾਨ ਕੀਤੇ ਗਏ ਬਿਜਲੀ ਸਮਝੌਤਿਆਂ ਦੀ ਜਾਂਚ ਸ਼ੁਰੂ- ਇਕ ਖ਼ਬਰ

ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।

ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਅਟੱਲ- ਬਸਪਾ ਪ੍ਰਧਾਨ ਗੜ੍ਹੀ

ਸਿਆਸਤ ਲਾਟੂ ਦੇ ਵਾਂਗਰਾਂ ਘੁੰਮਦੀ ਏ, ਏਥੇ ਕੁਝ ਵੀ ਨਹੀਂ ਅਟੱਲ ਹੁੰਦਾ।

ਭਗਵੰਤ ਮਾਨ ਲਾਈਵ ਬਹਿਸ ਕਰੇ ਮੇਰੇ ਨਾਲ, ਜੇ ਮੈਂ ਹਾਰ ਗਿਆ ਤਾਂ ਸਿਆਸਤ ਛੱਡ ਦਿਆਂਗਾ- ਨਵਜੋਤ ਸਿੱਧੂ

ਮੇਰੇ ਵੀਰ ਦਾ ਬਾਗੜੀ ਬੋਤਾ, ਧੂੜਾਂ ਪੱਟਦਾ ਮੇਲੇ ਨੂੰ ਜਾਵੇ।

ਨਵਜੋਤ ਸਿੱਧੂ ਦੀ ਮੋਗਾ ਰੈਲੀ ਕਰਵਾਉਣ ਵਾਲੇ ਦੋ ਕਾਂਗਰਸੀ ਪਾਰਟੀ ‘ਚੋ ਕੱਢੇ-ਇਕ ਖ਼ਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਜੇ ਸੱਤ ਦਿਨਾਂ ‘ਚ ਬੰਗਾਲ ਦਾ ਬਣਦਾ ਬਕਾਇਆ ਨਾ ਦਿਤਾ ਤਾਂ ਕੇਂਦਰ ਵਿਰੁੱਧ ਅੰਦੋਲਨ ਕਰਾਂਗੇ- ਮਮਤਾ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਨਿਤਿਸ਼ ਕੁਮਾਰ ਨੇ ਭਾਜਪਾ ਨਾਲ਼ ਮਿਲਕੇ ਨਵੀਂ ਸਰਕਾਰ ਬਣਾ ਲਈ- ਇਕ ਖ਼ਬਰ

ਸਭ ਤੱਕਦੇ ਰਹਿ ਗਏ ਜੀ, ਪਲ਼ਟੂ ਨੇ ਮਾਰੀ ਫਿਰ ਪਲ਼ਟੀ।

ਪੰਜਾਬ ਦੀਆਂ 37 ਕਿਸਾਨ ਜਥੇਬੰਦੀਆਂ ਸੰਯੁਕਤ ਕਿਸਾਨ ਮੋਰਚੇ ਹੇਠ ਫਿਰ ਹੋਈਆਂ ਇਕੱਠੀਆਂ- ਇਕ ਖ਼ਬਰ

ਵੇ ਤੀਆਂ ਨੂੰ ਲਵਾਉਣ ਵਾਲਿਆ, ਤੇਰਾ ਹੋਵੇ ਸੁਰਗਾਂ ਵਿਚ ਵਾਸਾ।

ਵਿਜੀਲੈਂਸ ਬਿਊਰੋ ਨੇ ਸਾਬਕਾ ਓ.ਐਸ.ਡੀ. ਨੂੰ ਧਰਮਸੋਤ ਖ਼ਿਲਾਫ਼ ਗਵਾਹ ਬਣਾ ਲਿਆ-ਇਕ ਖ਼ਬਰ

ਘਰ ਕਾ ਭੇਤੀ ਲੰਕਾ ਢਾਏ।

ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗ੍ਰੋਹ ਦਾ ਪਰਦਾ ਫ਼ਾਸ਼-ਇਕ ਖ਼ਬਰ

ਬਸ ਪਰਦਾ ਫ਼ਾਸ਼ ਹੀ ਹੁੰਦੈ ਅਗਾਂਹ ਕੁਝ ਨਹੀਂ ਹੁੰਦਾ

ਅਮਰੀਕੀ ਰੱਖਿਆ ਵਿਭਾਗ ਕੋਲ ਯੂਕਰੇਨ ਨੂੰ ਦੇਣ ਲਈ ਹੋਰ ਫੰਡ ਨਹੀਂ ਹਨ- ਅਮਰੀਕੀ ਰੱਖਿਆ ਮੰਤਰੀ

ਲਾਉਣੀ ਸੀ ਜੇ ਕਮਲ਼ੀਏ, ਨਿਭਾਉਣੀ ਕਿਉਂ ਨਾ ਸਿੱਖੀ।

ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ‘ਚ ਇਕੱਲਿਆਂ ਚੋਣਾਂ ਲੜਨ ਦਾ ਕੀਤਾ ਐਲਾਨ-ਇਕ ਖ਼ਬਰ

ਕਿਤੇ ‘ਕੱਲੀ ਬਹਿ ਕੇ ਸੋਚੀਂ ਨੀ, ਅਸੀਂ ਕੀ ਨਹੀਂ ਕੀਤਾ ਤੇਰੇ ਲਈ।

ਬਲਾਚੌਰ ‘ਚ ਵਰਕਰ ਮਿਲਣੀ ਦੌਰਾਨ ਆਪਸੀ ਕਾਟੋ-ਕਲੇਸ਼ ‘ਚ ਉਲਝੇ ਕਾਂਗਰਸੀ ਵਰਕਰ- ਇਕ ਖ਼ਬਰ

ਮੋਤੀ ਖਿਲਰ ਗਏ, ਚੁਗ ਲੈ ਕਬੂਤਰ ਬਣ ਕੇ।

ਕਰੋੜਾਂ ਦੇ ਦਸਵੰਧ ਬਾਰੇ ਸੰਗਤਾਂ ਨੂੰ ਦੱਸਣ ਲਈ ਆਨਲਾਈਨ ਕਿਉਂ ਨਹੀਂ ਕਰ ਰਹੀ ਦਿੱਲੀ ਕਮੇਟੀ- ਰਮਨਦੀਪ ਸਿੰਘ

ਨਜ਼ਰ ਲੱਗ ਨਾ ਮਾਇਆ ਨੂੰ ਜਾਵੇ, ਪਰਦੇ ‘ਚ ਤਾਹੀਂਉਂ ਰੱਖਦੇ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਮੀਟਿੰਗਾਂ ਸ਼ੁਰੂ- ਇਕ ਖ਼ਬਰ

ਗਿੱਧਾ ਪਾਉਣੇ ਨੂੰ, ਛੜੇ ਲਿਆਵੋ ਫੜ ਕੇ।

================================================================