ਬੇਗਮਪੁਰਾ ਵਸਾਓ ਸੰਗਤੇ - ਕੁਲਦੀਪ ਚੁੰਬਰ

ਦਸਾਂ ਨੌਹਾਂ ਦੀ ਕਿਰਤ ਕਰਦਿਆਂ ਹੱਕ ਸੱਚ ਦੀ ਖਾਓ
ਬੇਗਮਪੁਰਾ ਵਸਾਓ ਸੰਗਤੇ ਬੇਗਮਪੁਰਾ ਵਸਾਓ

ਨਿਰਭਉ ਨਿਰਭੈ ਹੋਣਾ ਸਿੱਖੋ ਬੇ ਗਮ ਹੋ ਕੇ ਜੀਣਾ
ਕਰੇ ਪ੍ਰੇਰਤ ਬਾਣੀ ਛੱਡ ਦਿਓ ਲਹੂਆਂ ਦਾ ਘੁੱਟ ਪੀਣਾ
ਆਪਣੇ ਅੰਦਰ ਝਾਤੀ ਮਾਰ ਕੇ ਆਪਣਾ ਆਪ ਜਗਾਓ
ਬੇਗਮਪੁਰਾ ਵਸਾਓ ਸੰਗਤੇ ........

ਠੱਗੀ ਠੋਰੀ ਚੋਰੀ ਯਾਰੀ ਛੱਡ ਦਿਓ ਪਾਪ ਕਮਾਉਣੇ
ਨੇਕੀਆਂ ਦੇ ਨਾਲ ਪੱਲੇ ਭਰ ਲਓ ਬੀਤੇ ਦਿਨ ਨਾ ਆਉਣੇ
ਆਪਣਾ ਆਪ ਸੁਧਾਰ ਕੇ ਵਾਤਾਵਰਨ ਸਾਫ਼ ਬਣਾਓ
ਬੇਗਮਪੁਰਾ ਵਸਾਓ ਸੰਗਤੇ ........

ਗੁਰੂਆਂ ਦੇ ਉਪਦੇਸ਼ ਕੀਮਤੀ ਜੀਵਨ ਅੰਦਰ ਢਾਲੋ
ਆਪਣਾ ਦੀਪਕ ਆਪੇ ਬਣ ਕੇ ਜੋਤ ਅੰਦਰਲੀ ਬਾਲੋ
ਦੁੱਖ ਦਰਦਾਂ ਦੀ ਲਾਹ ਕੇ ਬੁੱਕਲ ਸੁੱਖ ਦੇ ਦਰਸ਼ਨ ਪਾਓ
ਬੇਗਮਪੁਰਾ ਵਸਾਓ ਸੰਗਤੇ ........

ਜਨਮ ਨਾ ਮਿਲੇ ਦੁਬਾਰਾ 'ਚੁੰਬਰਾ' ਘਾਲਣਾ ਘਾਲ ਦਿਖਾਵੋ
ਯਾਦ ਪੀੜੀਆਂ ਕਰਨ ਤੁਹਾਨੂੰ ਐਸੀ ਕਿਰਤ ਕਮਾਵੋ
ਬਦਲ ਜਾਣ ਇਤਿਹਾਸ ਦੇ ਪੰਨੇ ਐਸੇ ਬੂਟੇ ਲਾਓ
ਬੇਗਮਪੁਰਾ ਵਸਾਓ ਸੰਗਤੇ ........