ਚੁੰਝਾਂ-ਪ੍ਹੌਂਚੇ  -  (ਨਿਰਮਲ ਸਿੰਘ ਕੰਧਾਲਵੀ)  

ਘਰੇਲੂ ਔਰਤ ਦਾ ਕੰਮ ਕਮਾਈ ਕਰਨ ਵਾਲੇ ਪਤੀ ਦੇ ਕੰਮ ਤੋਂ ਘੱਟ ਨਹੀਂ- ਸੁਪਰੀਮ ਕੋਰਟ

ਵਾਢੀ ਨਾਲ ਕਰੂੰਗੀ ਤੇਰੇ, ਦਾਤੀ ਨੂੰ ਲੁਆ ਦੇ ਘੁੰਗਰੂ।

ਬਸਪਾ ਲਈ ਵਿਰੋਧੀ ਗੱਠਜੋੜ ਦੇ ਦਰਵਾਜ਼ੇ ਖੁੱਲ੍ਹੇ ਹਨ- ਕਾਂਗਰਸ

ਨੱਚਣ ਦੇਵੇ ਨਾ ਚੰਨਣ ਦੀ ਮਾਤਾ, ਨੱਚਣਾ ਬਥੇਰਾ ਜਾਣਦੀ।

ਕਮਲ ਨਾਥ ‘ਤੇ ਭਾਜਪਾ ‘ਚ ਹੰਗਾਮਾ, ਸਿੱਖ ਆਗੂਆਂ ਨੇ ਜਤਾਇਆ ਇਤਰਾਜ਼-ਇਕ ਖ਼ਬਰ          

ਸਾਡੇ ਵਿਹੜੇ ਫੁੱਲ ਕਮਲ ਦਾ, ਅਸੀਂ ਹੋਰ ਕਮਲ ਕੀ ਕਰਨਾ।

ਕਿਸਾਨੀ ਮੰਗਾਂ ਲਈ ਕਿਸਾਨ ਇਕੱਠੇ ਹੋ ਕੇ ਏਜੰਡਾ ਦੇਣ- ਨਵਜੋਤ ਸਿੱਧੂ

ਡੁੱਬੀ ਤਾਂ ਜਾਂ ਸਾਹ ਨਾ ਆਇਆ।

ਈ.ਡੀ.ਦੇ ਛੇਵੇਂ ਸੰਮਨ ‘ਤੇ ਵੀ ਕੇਜਰੀਵਾਲ ਪੁੱਛ ਪੜਤਾਲ ਲਈ ਹਾਜ਼ਰ ਨਹੀਂ ਹੋਏ- ਇਕ ਖ਼ਬਰ

ਤੈਨੂੰ ਟਿੱਚ ਕਰ ਕੇ ਮੈਂ ਜਾਣਦੀ, ਕਿਹੜਾ ਏਂ ਤੂੰ ‘ਵਾਜ਼ਾਂ ਮਾਰਦਾ।

ਭਾਕਿਯੂ ਉਗਰਾਹਾਂ ਵਲੋਂ ਕੈਪਟਨ ਦੇ ਮਹਿਲ ਅਗੇ ਲਗਾਇਆ ਧਰਨਾ ਤੀਜੇ ਦਿਨ ’ਚ ਦਾਖ਼ਲ- ਇਕ ਖ਼ਬਰ

ਦਾਰੂ ਪੀ ਕੇ ਮਿੱਤਰਾਂ ਨੇ, ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ।

ਸੱਤਾ ‘ਚ ਆਈ ਤਾਂ ਭਾਰਤ, ਆਸਟਰੇਲੀਆ ਅਤੇ ਜਾਪਾਨ ਨਾਲ਼ ਰਿਸ਼ਤੇ ਕਰਾਂਗੀ ਮਜ਼ਬੂਤ- ਨਿੱਕੀ ਹੇਲੀ

ਜੇ ਮੈਂ ਨਾਨਕੇ ਮੇਲ਼ ਨਾਲ਼ ਆਈ, ਘੁੱਟ ਘੁੱਟ ਪਾਊਂ ਜੱਫੀਆਂ।

ਬਿਲਾਵਲ ਨੇ ਨਵਾਜ਼ ਸ਼ਰੀਫ਼ ਨਾਲ ਸਰਕਾਰ ਬਣਾਉਣ ਤੋਂ ਕੀਤਾ ਇਨਕਾਰ- ਇਕ ਖ਼ਬਰ

ਲਿਬੜੀ ਮੱਝ ਤੋਂ ਅਸੀਂ ਹਾਂ ਦੂਰ ਚੰਗੇ, ਪੂਛਲ ਮਾਰ ਕੇ ਸਭ ਨੂੰ ਲਿਬੇੜ ਦਿੰਦੀ।

ਸੁਪਰੀਮ ਕੋਰਟ ਨੇ ‘ਆਪ’- ਕਾਂਗਰਸ ਗੱਠਜੋੜ ਦੇ ਹਾਰੇ ਹੋਏ ਉਮੀਦਵਾਰ ਨੂੰ ਜੇਤੂ ਐਲਾਨਿਆਂ- ਇਕ ਖ਼ਬਰ

ਕੂੜ ਨਿਖੁਟੈ ਨਾਨਕਾ ਓੜਕਿ ਸਚਿ ਰਹੀ।

ਕੇਜਰੀਵਾਲ ਨੇ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਤੇ ਕਿਹਾ , ‘ਲੋਕਤੰਤਰ ਨੂੰ ਬਚਾ ਲਿਆ ਗਿਆ’-ਇਕ ਖ਼ਬਰ

ਤੇਰਾ ਹੋਵੇ ਸੁਰਗਾਂ ਵਿਚ ਵਾਸਾ, ਤੀਆਂ ਨੂੰ ਲਗਾਉਣ ਵਾਲਿਆ।

ਦਿੱਲੀ ਜਾਣਾ ਹੈ ਤਾਂ ਬੱਸਾਂ ‘ਚ ਜਾਉ, ਹਾਈਵੇ ‘ਤੇ ਟਰੈਕਟਰ ਕਿਉਂ ਲਿਆਂਦੇ?- ਹਾਈ ਕੋਰਟ

ਪਰਸੋਂ ਤਾਂ ਕੁਝ ਹੋਰ ਸੀ ਕਹਿੰਦਾ, ਅੱਜ ਕੀਹਨੇ ਤੈਨੂੰ ਪੜ੍ਹਾਇਆ?

ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਦੀ ਗੱਲਬਾਤ ਫੇਲ੍ਹ ਹੋਣ ਲਈ ਭਗਵੰਤ ਮਾਨ ਜ਼ਿੰਮੇਵਾਰ- ਜਾਖੜ

ਡਿਗੀ ਖੋਤੇ ਤੋਂ, ਗੁੱਸਾ ਘੁਮਿਆਰ ‘ਤੇ।

ਬਿਨਾਂ ਡਰਾਈਵਰ, ਬਿਨਾਂ ਗਾਰਡ 70 ਮੀਲ ਦੀ ਸਪੀਡ ‘ਤੇ ਕਠੂਆ ਤੋਂ ਦੌੜੀ ਮਾਲਗੱਡੀ- ਇਕ ਖ਼ਬਰ

ਬਿਨਾਂ ਡਰਾਈਵਰੋਂ ਚੱਲਣ ਰੇਲਾਂ, ਸਰਕਾਰ ਕੀ ਹੈ ਗਾਰੰਟੀ।

ਖੱਟਰ ਸਰਕਾਰ ਪੰਜਾਬ ਦੇ ਨਿਹੱਥੇ ਨੌਜਵਾਨ ‘ਤੇ ਤਸ਼ੱਦਦ ਦੇ ਮਾਮਲੇ ‘ਚ ਸਖ਼ਤ ਕਾਰਵਾਈ ਕਰੇ- ਕੈਪਟਨ

ਸੱਚਾ ਹੋ ਕੇ ਕੀਹਨੂੰ ਦਿਖਾਂਵਨਾ ਏਂ, ਐਵੇਂ ਗੋਂਗਲੂਆਂ ਤੋਂ ਮਿੱਟੀ ਝਾੜ ਨਾਹੀਂ

ਬਸਪਾ ਦਾ ਸੰਸਦ ਮੈਂਬਰ ਰਿਤੇਸ਼ ਪਾਂਡੇ ਭਾਜਪਾ ‘ਚ ਸ਼ਾਮਲ- ਇਕ ਖ਼ਬਰ

ਮਿੱਠੇ ਯਾਰ ਦੇ ਬਰੋਬਰ ਬਹਿ ਕੇ, ਮਿੱਠੇ ਮਿੱਠੇ ਬੇਰ ਚੁਗੀਏ।

==================================================================