ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

04.03.2024

ਰਵਾਇਤੀ ਪਾਰਟੀਆਂ ਨੂੰ ਇਕ ਸਾਧਾਰਨ ਘਰ ‘ਚੋਂ ਬਣਿਆ ਮੁੱਖ ਮੰਤਰੀ ਹਜ਼ਮ ਨਹੀਂ ਹੋ ਰਿਹਾ-ਭਗਵੰਤ ਮਾਨ

ਉਡ ਕੇ ਚੁੰਬੜ ਗਿਆ, ਕਿਸੇ ਚੰਦਰੀ ਵਾੜ ਦਾ ਛਾਪਾ।

ਮਰੀਅਮ ਨਵਾਜ਼ ਬਣੇਗੀ ਲਹਿੰਦੇ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ- ਇਕ ਖ਼ਬਰ

ਨੱਚਣ, ਕੁੱਦਣ, ਝੂਟਣ ਪੀਂਘਾਂ, ਵੱਡਿਆਂ ਘਰਾਂ ਦੀਆਂ ਜਾਈਆਂ।

ਭਗਵੰਤ ਮਾਨ ਨੇ ਨਵਜੋਤ ਸਿੱਧੂ ਨੂੰ ਵੇਲਾ ਵਿਹਾਅ ਚੁੱਕਿਆ ਸਿਆਸਤਦਾਨ ਦੱਸਿਆ- ਇਕ ਖ਼ਬਰ

ਪਿੱਪਲ ਦਿਆ ਪੱਤਿਆ ਵੇ, ਕੇਹੀ ਖੜ ਖੜ ਲਾਈ ਆ ਢੋਲਾ।

ਹਿਮਾਚਲ ਪ੍ਰਦੇਸ਼ ਦੀ ਕਾਂਗਰਸ ਸਰਕਾਰ ਖ਼ਤਰੇ ਵਿਚ-ਇਕ ਖ਼ਬਰ

ਤਾਰੀਂ ਦਾਤਾ ਜੀ, ਮੈਨੂੰ ਕੰਗਲੇ ਗ਼ਰੀਬ ਨੂੰ।

ਪੰਜਾਬ ਕਾਂਗਰਸ ਵੀ ਕਿਸਾਨਾਂ ਦੇ ਹੱਕ ਵਿਚ ਅੱਜ ਕਰੇਗੀ ਟਰੈਕਟਰ ਮਾਰਚ- ਇਕ ਖ਼ਬਰ

ਜਿੱਥੇ ਤੇਰੇ ਹਲ ਵਗਦੇ, ਉੱਥੇ ਲੈ ਚਲ ਚਰਖ਼ਾ ਮੇਰਾ।

ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨੇ ਸਾਜ਼ਿਸ਼ ਅਧੀਨ ਸਰਕਾਰੀ ਸੰਸਥਾਵਾਂ ਤਬਾਹ ਕੀਤੀਆਂ-ਭਗਵੰਤ ਮਾਨ

ਬਾਣੀਆ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ।

ਸੁਖਬੀਰ ਬਾਦਲ ਅਤੇ ਸੁਮੇਧ ਸੈਣੀ ਨੇ ਚੋਣਾਂ ‘ਚ ਲਾਭ ਲੈਣ ਲਈ ਰਚੀ ਸੀ ਡੂੰਘੀ ਸਾਜ਼ਿਸ਼- ਐਸ. ਆਈ. ਟੀ.

ਔਖੀ ਹੋ ਜਾਊ ਕੈਦ ਕੱਟਣੀ, ਕਾਹਨੂੰ ਮਾਰਦੈਂ ਪਤਲਿਆ ਡਾਕੇ।

ਭਾਰਤ ‘ਚ ‘ਕਿਸਾਨਾਂ ‘ਤੇ ਤਸ਼ੱਦਦ’ ਵਿਰੁੱਧ ਕੈਨੇਡਾ ਦੇ ਸਿੱਖਾਂ ਨੇ ਚੁੱਕੀ ਆਵਾਜ਼-ਇਕ ਖ਼ਬਰ

ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ, ਤੇਰੀ ਮੇਰੀ ਇਕ ਜਿੰਦੜੀ।

ਅਕਾਲੀ ਦਲ –ਭਾਜਪਾ ਨੇ ਕਿਸਾਨਾਂ ਦੇ ਮੁੱਦੇ ‘ਤੇ ਚੁੱਪ ਧਾਰੀ- ਇਕ ਖ਼ਬਰ

ਕਿਉਂ ਨਹੀਂ ਬੋਲਦੇ ਦਿਲਾਂ ਦੀ ਘੁੰਡੀ ਖੋਲ੍ਹਦੇ, ਮਨਾਂ ਵਿਚ ਕੀ ਧਾਰਿਆ।

ਭਾਜਪਾ ਨੂੰ ਵੋਟ ਦਿਉ ਨਹੀਂ ਤਾਂ ਨਰਕਾਂ ਨੂੰ ਜਾਉਗੇ- ਭਾਜਪਾ ਐਮ. ਪੀ. ਅਰਵਿੰਦ

ਮੁਰਦਾ ਬੋਲੂ, ਖੱਫਣ ਪਾੜੂ।

ਜਿੰਨੀ ਵਾਰੀ ਸੌਦਾ ਸਾਧ ਨੂੰ ਪੈਰੋਲ ਦਿਤੀ, ਕੀ ਕਿਸੇ ਹੋਰ ਕੈਦੀ ਨੂੰ ਵੀ ਇੰਜ ਪੈਰੋਲ ਦਿਤੀ- ਹਾਈ ਕੋਰਟ

ਐਰੇ ਗੈਰੇ ਨੂੰ ਸ਼ੱਕਰ ਦਾ ਦਾਣਾ, ਭਗਤੇ ਨੂੰ ਖੰਡ ਪਾ ਦਿਉ।                                  

ਸ਼੍ਰੋਮਣੀ ਕਮੇਟੀ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ਼ ਕੀਤੀ ਮੁਲਾਕਾਤ- ਇਕ ਖ਼ਬਰ

ਇਕ ਮੰਨ ਲੈ ਬੇਨਤੀ ਸਾਡੀ, ਮਾਨ ਦੀਆਂ ਬੰਨ੍ਹ ਮੁਸ਼ਕਾਂ।

ਨਿਤੀਸ਼ ਕੁਮਾਰ ਨੇ ਮੋਦੀ ਨੂੰ ਭਰੋਸਾ ਦਿਵਾਇਆ ਕਿ ਉਹ ਹਮੇਸ਼ਾ ਐਨ.ਡੀ.ਏ. ਦੇ ਨਾਲ਼ ਰਹੇਗਾ- ਇਕ ਖ਼ਬਰ

ਤੱਤੇ ਤਵੇ ‘ਤੇ ਬਹਿ ਕੇ ਖਾਹ ਕਸਮਾਂ, ਤੇਰਾ ਨਾ ਭਰੋਸਾ ਪਲਟੂ।

ਨਵਜੋਤ ਸਿੱਧੂ ਨੇ ਪ੍ਰਿਯੰਕਾ ਵਾਡਰਾ ਨਾਲ ਕੀਤੀ ਮੁਲਾਕਾਤ- ਇਕ ਖ਼ਬਰ

ਆਸ ਮੁਰਾਦਾਂ ਦੀ ਦੇਵੀਏ ਨੀਂ, ਤੇਰੀ ਸਦਾ ਹੀ ਜੈ।

ਪੰਜਾਬ ਦੇ ਕਿਸਾਨ ਆਗੂਆਂ ‘ਤੇ ਭੜਕੇ ਸੁਨੀਲ ਜਾਖੜ- ਇਕ ਖ਼ਬਰ

ਚਾਰਾਂ ਪਾਸਿਆਂ ਤੋਂ ਜਦ ਕੋਈ ਪੁੱਛ-ਗਿੱਛ ਨਾ ਰਹੇ ਤਾਂ ਕਿਸੇ ‘ਤੇ ਤਾਂ ਨਜ਼ਲਾ ਝੜੂ ਹੀ।

=========================================================