ਚੁੰਝਾਂ-ਪ੍ਹੌਂਚੇ - (ਨਿਰਮਲ ਸਿੰਘ ਕੰਧਾਲਵੀ)

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਕਰ ਕੇ ਦਿੱਲੀ ਫ਼ਤਿਹ ਦਿਵਸ ਮਨਾਇਆ-ਇਕ ਖ਼ਬਰ

ਹੁਣ ਭਾਜਪਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਨੂੰ ਫ਼ਤਿਹ ਕਰਨ ਦਾ ਦਿਵਸ ਮਨਾਇਆ ਕਰੇਗੀ। 

ਅੰਮ੍ਰਿਤਪਾਲ ਸਿੰਘ ਦੇ ਪਿਤਾ ਵਲੋਂ ਵਿਰਾਸਤੀ ਗਲੀ ਵਾਲਾ ਮੋਰਚਾ ਖ਼ਤਮ ਕਰਨ ਦਾ ਐਲਾਨ- ਇਕ ਖ਼ਬਰ

ਇਸ ਮੋਰਚੇ ਦੇ ਤੰਬੂ ਹੁਣ ਖਡੂਰ ਸਾਹਿਬ ’ਚ ਗੱਡ ਦਿਤੇ ਗਏ ਹਨ।

ਸੰਗਤਾਂ ਦੇ ਵਿਰੋਧ ਕਾਰਨ ਜਥੇਦਾਰ ਰਘਬੀਰ ਸਿੰਘ ਸਿੱਖ ਪਰੇਡ ‘ਚ ਹਿੱਸਾ ਲਏ ਬਿਨਾਂ ਹੀ ਅਮਰੀਕਾ ਤੋਂ ਪਰਤ ਆਏ- ਇਕ ਖ਼ਬਰ

ਕੀਤੀਆਂ ਲੱਧੀ ਦੀਆਂ ਪੇਸ਼ ਦੁੱਲੇ ਦੇ ਆਈਆਂ।

ਆਪਣੇ ਹੀ ਆਗੂਆਂ ਦੇ ਬੜਬੋਲੇਪਣ ਨੇ ਪੰਜਾਬ ਕਾਂਗਰਸ ਦੀਆਂ ਜੜ੍ਹਾਂ ਵੱਢੀਆਂ- ਸੁਨੀਲ ਜਾਖੜ

ਬਹੁਤਾ ਬੋਲਣੁ ਝਖਣੁ ਹੋਇ।  (ਗੁ.ਗ੍ਰੰ. ਸਾਹਿਬ ਅੰਗ 661)

ਪੰਜਾਬ ਤੇ ਪੰਥ ਦੇ ਅਥਾਹ ਨੁਕਸਾਨ ਲਈ ਬਾਦਲ ਪਰਵਾਰ ਹੀ ਜ਼ਿੰਮੇਵਾਰ ਹੈ- ਰਵੀਇੰਦਰ ਸਿੰਘ

ਸੋਨੇ ਦੇ ਤਵੀਤ ਵਾਲ਼ੀਏ, ਤੇਰੀ ਹਰ ਮੱਸਿਆ ਬਦਨਾਮੀ।

ਪੰਜਾਬ ਵਿਚ ਜੀ.ਐਸ.ਟੀ. ਵਿਚ 21 ਫ਼ੀ ਸਦੀ ਦਾ ਰਿਕਾਰਡ ਵਾਧਾ- ਪੰਜਾਬ ਸਰਕਾਰ

ਜਿੰਨਾ ਮਰਜ਼ੀ ਵਧਾ ਲਉ, ਤੁਹਾਨੂੰ ਕੀ ਮਿਲਣਾ ਵਿਚੋਂ? ਛਿੱਕੂ!

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰੋਗਰਾਮ ‘ਚ ਜ਼ਬਰਦਸਤ ਝੜਪ, ਚੱਲੀਆਂ ਕੁਰਸੀਆਂ- ਇਕ ਖ਼ਬਰ

ਕੂੰਡੇ ਟੁੱਟ ਗਏ ਘੋਟਣੇ ਭੱਜ ਗਏ, ਤਕੀਏ ਮਲੰਗ ਲੜ ਪਏ।

ਆਸ਼ੂ ਦੀ ਥਾਂ ਵੜਿੰਗ ਨੂੰ ਟਿਕਟ ਮਿਲਣ ‘ਤੇ ਕਾਂਗਰਸ ਵਿਚ ਕਲੇਸ਼ ਹੋ ਗਿਆ ਸ਼ੁਰੂ- ਇਕ ਖ਼ਬਰ

ਪਾਊਂ ਮੈਂ ਵੀ ਤੇਰੇ ਰੰਗ ਵਿਚ ਭੰਗ ਨੀਂ, ਜੇ ਕੋਈ ਹੋਰ ਲੈ ਆਇਆ ਤੇਰੀ ਜੰਞ ਨੀਂ।

ਮਨੀਪੁਰ ‘ਚ ਪੁਲਿਸ ਨੇ ਹੀ ਔਰਤਾਂ ਨੂੰ ਭੀੜ ਦੇ ਹਵਾਲੇ ਕੀਤਾ ਸੀ- ਸੀ.ਬੀ.ਆਈ. ਦੀ ਚਾਰਜਸ਼ੀਟ ‘ਚ ਦਾਅਵਾ

ਰੁਕਨਦੀਨਾਂ ਉਸ ਖੇਤ ਨੇ ਕੀ ਬਚਣਾ, ਜਿੱਥੇ ਵਾੜ ਹੀ ਖੇਤ ਨੂੰ ਖਾਂਵਦੀ ਏ।

ਡਾ. ਧਰਮਵੀਰ ਗਾਂਧੀ ਕਦੇ ਵੀ ਵਿਕੇਗਾ ਨਹੀਂ- ਪਰਤਾਪ ਸਿੰਘ ਬਾਜਵਾ

ਮਰਦ ਸੋਈ ਜੋ ਵਚਨ ਦਾ ਹੋਇ ਪੱਕਾ, ਕੱਚੇ ਪਿੱਲਿਆਂ ਨੂੰ ਆਖਦੇ ਮਰਦ ਨਾਹੀਂ।

 ਸਕਾਟਲੈਂਡ ਦੇ ਪਹਿਲੇ ਮੰਤਰੀ ਹਮਜਾ ਯੂਸਫ਼ ਨੇ ਦਿਤਾ ਅਸਤੀਫ਼ਾ- ਇਕ ਖ਼ਬਰ

ਚਾਰੇ ਕੰਨੀਆਂ ਮੇਰੀਆਂ ਦੇਖ ਖਾਲੀ, ਅਸੀਂ ਨਾਲ ਨਾਹੀਂ ਕੁਝ ਲੈ ਚੱਲੇ।

ਸੂਰਤ ਅਤੇ ਇੰਦੌਰ ਦਾ ਚੋਣ ਘਟਨਾਕ੍ਰਮ ਭਾਜਪਾ ਪ੍ਰਤੀ ‘ਲੋਕਾਂ ਦੇ ਅਥਾਹ ਪਿਆਰ’ ਨੂੰ ਦਰਸਾਉਂਦੈ- ਰਾਜਨਾਥ ਸਿੰਘ

ਪੁੱਠੇ ਥਾਂ ‘ਤੇ ਰੁੱਖ ਉੱਗਿਐ, ਢੀਠ ਆਖਦੇ ਬੈਠਾਂਗੇ ਛਾਂਵੇਂ।

ਸਿਆਸਤਦਾਨ ਮੁੱਦਾਹੀਣ ਲੋਕ ਸਭਾ ਚੋਣਾਂ ਲੜ ਰਹੇ ਹਨ- ਇਕ ਖ਼ਬਰ

ਖਾਲੀ ਘੋੜੀ ਹਿਣਕਦੀ, ਉੱਤੇ ਨਹੀਂ ਦੀਂਹਦਾ ਵੀਰ।

ਕੀ ਸਿੱਖਾਂ ਦੇ ਮਸਲੇ ਹੱਲ ਹੋ ਗਏ ਹਨ ਜੋ ਦਿੱਲੀ ਕਮੇਟੀ ਦੇ ਛੇ ਮੈਂਬਰ ਭਾਜਪਾ ‘ਚ ਸ਼ਾਮਲ ਹੋ ਗਏ?-ਰਣਜੀਤ ਕੌਰ

ਸਿੱਖਾਂ ਦੇ ਮਸਲਿਆਂ ‘ਚੋਂ ਕੀ ਲੈਣੈ ਬਈ? ਉਨ੍ਹਾਂ ਦੇ ਆਪਣੇ ਸਭ ਮਸਲੇ ਹੱਲ ਹੋਣਗੇ ਹੁਣ।

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ- ਇਕ ਖ਼ਬਰ

ਸਾਬਤ ਕਦਮ ਹੈ ਇਸ਼ਕ ਦੇ ਰਾਹ ਉੱਤੇ, ਪੈਰ ਅਗ਼ਾਂਹ ਤੋਂ ਪਿਛਾਂਹ ਨਾ ਹਟਿਆ ਸੂ।

===========================================================================