ਕੱਚੇ ਅਧਿਆਪਕਾਂ ਤੇ ਕਰਮਚਾਰੀਆਂ ਦਾ ਸ਼ੋਸ਼ਣ ਬੰਦ ਹੋਵੇ ? - ਨਵਨੀਤ ਅਨਾਇਤਪੁਰੀ

ਪੰਜਾਬ ਵਿੱਚ ਦਿਨੋ ਦਿਨ ਬੇਰੁਜ਼ਗਾਰੀ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਅਤੇ ਸਰਕਾਰੀ ਨੌਕਰੀਆਂ ਆਟੇ 'ਚ ਲੂਣ ਬਰਾਬਰ ਹੀ ਨਿਕਲਦੀਆਂ ਹਨ । ਪੰਜਾਬ ਵਿੱਚ ਜਿਹੜੀਆਂ ਭਰਤੀਆਂ 2003 ਤੋਂ ਬਾਅਦ ਵੱਖੋ ਵੱਖ ਵਿਭਾਗਾਂ ਵਿੱਚ ਹੋਈਆਂ ਹਨ ਉਨ੍ਹਾਂ ਵਿੱਚੋਂ ਬਹੁਤੀਆਂ ਠੇਕੇ 'ਤੇ ਭਾਵ ਕੱਚੇ ਕਾਮੇ ਦੇ ਰੂਪ ਵਿੱਚ ਹੋਈਆਂ ਹਨ । ਸਿੱਖਿਆ ਵਿਭਾਗ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤੇ ਸਕੂਲਾਂ ਵਿੱਚ ਰੈਗੂਲਰ ਅਧਿਆਪਕਾਂ ਦੀ ਭਾਰੀ ਕਮੀ ਹੈ ਤੇ ਕੱਚੇ ਅਧਿਆਪਕ ਵੱਡੀ ਗਿਣਤੀ ਵਿੱਚ ਪਿਛਲੇ 10-12 ਸਾਲਾਂ ਤੋਂ ਸਿੱਖਿਆ ਪ੍ਰਦਾਨ ਕਰ ਰਹੇ ਹਨ ਤੇ ਅਜਿਹੇ ਹੀ ਕੱਚੇ ਦਫਤਰੀ ਕਰਮਚਾਰੀ ਆਪਣੀ ਸੇਵਾ ਨਿਭਾਅ ਰਹੇ ਹਨ । ਜਿਨ੍ਹਾਂ ਵਿੱਚ ਐਸ.ਐਸ.ਏ/ਰਮਸਾ ਅਧੀਨ 14000-15000 ਦੇ ਲਗਭਗ ਅਧਿਆਪਕ ਅਤੇ ਦਫਤਰੀ ਕਰਮਚਾਰੀ/ਲੈਬ ਅਟੈਂਡੈਂਟ/ਹੈੱਡ ਮਾਸਟਰ , 6000 ਰੁ: ਪ੍ਰਤੀ ਮਹੀਨਾ ਤੇ ਕੰਮ ਕਰ ਰਹੇ 5178 ਅਧਿਆਪਕ, ਪਿਕਟਸ ਅਧੀਨ ਕੰਪਿਊਟਰ ਅਧਿਆਪਕ, ਐਸ.ਐਸ.ਏ. ਅਧੀਨ ਕੰਮ ਕਰਦੇ 6000-7000 ਦੇ ਲਗਭਗ ਸਿੱਖਿਆ ਪ੍ਰੋਵਾਈਡਰ, 6000-7000 ਦੇ ਲਗਭਗ ਈ.ਜੀ.ਐਸ/ਏ.ਆਈ.ਈ/ਐਸ.ਟੀ.ਆਰ. ਵਲੰਟੀਅਰ ਆਦਿ ਆਉਂਦੇ ਹਨ ।
ਅਧਿਆਪਕ ਨੂੰ ਗੁਰੂ ਵੀ ਕਿਹਾ ਜਾਂਦਾ ਹੈ । 'ਗੁ' ਦਾ ਅਰਥ ਹੈ ਹਨੇਰਾ ਤੇ 'ਰੂ' ਦਾ ਅਰਥ ਹੈ ਦੂਰ ਕਰਨ ਵਾਲਾ ਭਾਵ ਗੁਰੂ ਦਾ ਅਰਥ ਹੈ ਹਨੇਰੇ ਨੂੰ ਦੂਰ ਕਰਨ ਵਾਲਾ । ਪਰੰਤੂ ਅੱਜ ਦੀ ਮੌਜੂਦਾ ਸਰਕਾਰ ਇਨ੍ਹਾਂ ਗੁਰੂਆਂ ਨੂੰ ਹਨੇਰੇ ਦੇ ਬੀਆਬਾਨ ਵਿੱਚ ਸੁੱਟਣ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕੱਚੇ ਅਧਿਆਪਕ ਤੇ ਦਫਤਰੀ ਕਰਮਚਾਰੀ ਜੋ ਕਿ ਹੁਣ ਚਾਲੀ ਹਜ਼ਾਰ ਦੇ ਲਗਭਗ ਤਨਖਾਹ ਲੈ ਰਹੇ ਹਨ ਉਨ੍ਹਾਂ ਦੀ ਪੇਅ ਪ੍ਰੋਟੈਕਟ ਕਰਨ ਦੀ ਥਾਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ 3 ਸਾਲ 10300/- ਰੁ: ਯਸ਼ਮੁਕਤ ਤਨਖਾਹ ਤੇ ਕੰਮ ਕਰਨਾ ਪਵੇਗਾ । ਇਹ ਖਬਰ ਸੁਣਦੇ ਸਾਰ ਸਮੂਹ ਕਰਮਚਾਰੀਆਂ ਨੂੰ ਆਪਣਾ ਭਵਿੱਖ ਹਨੇਰੇ ਵਿੱਚ ਲੱਗ ਰਿਹਾ ਹੈ ਭਾਵੇਂ ਇਨ੍ਹਾਂ ਨੂੰ ਦੇਸ਼ ਦੇ ਭਵਿੱਖ ਨੂੰ ਸੰਵਾਰਣ ਲਈ ਭਰਤੀ ਕੀਤਾ ਗਿਆ ਸੀ ।
 ਪਰ ਸੋਚਣ ਵਾਲੀ ਗੱਲ ਇਹ ਹੈ ਦੇਸ਼ ਦੇ ਨਿਰਮਾਤਾ ਕਹਾਉਣ ਵਾਲੇ ਅਧਿਆਪਕਾਂ ਦਾ ਏਨਾ ਸ਼ੋਸ਼ਣ ਕਿਉਂ ?  ਮੌਜੂਦਾ ਪੰਜਾਬ ਸਰਕਾਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਕੇ ਤੇ ਇਨ੍ਹਾਂ ਅਧਿਆਪਕਾਂ ਨੂੰ ਪੂਰੇ ਤਨਖਾਹ ਗਰੇਡ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਹੈ ਤੇ ਹੁਣ ਸਰਕਾਰ ਬਣਨ ਦੇ ਇੱਕ ਸਾਲ ਬੀਤਣ ਉਪਰੰਤ ਵੀ ਕੋਈ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ ਤੇ ਉਲਟਾ ਇਨ੍ਹਾਂ ਕੱਚੇ ਅਧਿਆਪਕਾਂ ਦੀਆਂ ਮਿਲਦੀਆਂ ਤਨਖਾਹਾਂ ਤੇ 75 ਫੀਸਦੀ ਦੇ ਲਗਭਗ ਕੱਟ ਲਾਉਣ ਦੀ ਤਿਆਰੀ ਰਾਹੀਂ ਆਪਣਾ ਖਜ਼ਾਨਾ ਭਰਨ ਦਾ ਰਾਹ ਲੱਭ ਰਹੀ ਹੈ । ਜੇਕਰ ਏਦਾਂ ਹੁੰਦਾ ਹੈ ਤਾਂ ਇਹ ਪੰਜਾਬ ਦੇ ਅਧਿਆਪਕ ਇਤਿਹਾਸ ਦਾ ਸਭ ਤੋਂ ਕਾਲਾ ਦਿਨ ਹੋਵੇਗਾ ।
ਸੋਚਣ ਵਾਲੀ ਗੱਲ ਇਹ ਵੀ ਹੈ ਕਿ ਜੇਕਰ ਇਨ੍ਹਾਂ ਅਧਿਆਪਕਾਂ/ਕਰਮਚਾਰੀਆਂ ਦੀਆਂ ਤਨਖਾਹਾਂ ਤੇ 75 ਫੀਸਦੀ ਦੇ ਲਗਭਗ ਕੱਟ ਲੱਗਦਾ ਹੈ ਤਾਂ ਸਿਰਫ 10300/- ਰੁ: ਨਾਲ ਪਰਿਵਾਰ ਦਾ ਗੁਜ਼ਾਰਾ ਕਿਵੇਂ   ਹੋਵੇਗਾ । ਕਿਉਂਕਿ ਬਹੁਤੇ ਅਧਿਆਪਕਾਂ/ਕਰਮਚਾਰੀਆਂ ਨੇ ਹੋਮ ਲੋਨ, ਕਾਰ ਲੋਨ ਆਦਿ ਲੈ ਰੱਖੇ ਹਨ ਤੇ ਬੱਚਿਆਂ ਦੀ ਪੜ੍ਹਾਈ ਵੀ ਦਿਨੋ ਦਿਨ ਮਹਿੰਗੀ ਹੁੰਦੀ ਜਾ ਰਹੀ ਹੈ । ਭਾਵ ਕਹਿ ਲਈਏ ਕਿ ਹਰ ਬੰਦੇ ਨੇ ਆਪਣੀ ਆਮਦਨ ਦੇ ਹਿਸਾਬ ਨਾਲ ਆਪਣੇ ਮਹੀਨੇ ਦਾ ਖਰਚ ਦਾ ਹਿਸਾਬ ਕਿਤਾਬ ਬਣਾਇਆ ਹੁੰਦਾ ਹੈ । ਹੁਣ ਬੈਕਾਂ ਦੀਆਂ ਕਿਸ਼ਤਾਂ ਟੁੱਟਣਗੀਆਂ, ਆਰਥਿਕ ਵਿਗਾੜ ਪੈਦਾ ਹੋਵੇਗਾ ਅਤੇ ਅਧਿਆਪਕ ਵੀ ਮੰਦਹਾਲ ਕਿਸਾਨਾਂ ਵਾਂਗ ਖੁਦਕੁਸ਼ੀਆਂ ਦੇ ਰਾਹ ਪੈਣਗੇ ।
ਸਰਕਾਰ ਵੱਲੋਂ ਤਨਖਾਹ 'ਚ ਬਣਾਈ ਕਟੌਤੀ ਦੀ ਨੀਤੀ ਦੇ ਵਿਰੋਧ ਵਿੱਚ ਕੱਚੇ ਅਧਿਆਪਕਾਂ ਅਤੇ ਕਰਮਚਾਰੀਆਂ ਦੀਆਂ ਯੂਨੀਅਨਾਂ ਨੇ ਸਾਂਝੇ ਸੰਘਰਸ਼ ਦਾ ਐਲਾਨ ਕਰਦਿਆਂ 6 ਮਾਰਚ ਨੂੰ ਸਿੱਖਿਆ ਭਵਨ ਮੋਹਾਲੀ ਦੇ ਘਿਰਾਓ ਦਾ ਐਲਾਨ ਕੀਤਾ ਹੈ । ਜਿਸਨੂੰ ਰੈਗੂਲਰ ਅਧਿਆਪਕਾਂ ਦੀਆਂ ਤਕਰੀਬਨ ਸਮੂਹ ਜੱਥੇਬੰਦੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ । ਇਸ ਘਿਰਾਓ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਪਰੰਤੂ ਅੱਜ ਪੰਜਾਬ ਦੇ ਹਰ ਸਰਕਾਰੀ ਸਕੂਲ ਵਿੱਚ ਪੜ੍ਹਾ ਰਹੇ ਅਧਿਆਪਕ ਅਤੇ ਸਿੱਖਿਆ ਵਿਭਾਗ ਨਾਲ ਸਬੰਧਤ ਦਫਤਰਾਂ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਕੱਚੇ ਅਧਿਆਪਕਾਂ ਅਤੇ ਕਰਮਚਾਰੀਆਂ ਦੇ ਸੰਘਰਸ਼ ਦਾ ਹਰ ਰੂਪ ਵਿੱਚ ਸਾਥ ਦੇਣ ਤਾਂ ਜੋ ਇਸ ਤੁਗਲਕੀ ਫੁਰਮਾਨ ਨੂੰ ਰੱਦ ਕਰਵਾਇਆ ਜਾ ਸਕੇ ਅਤੇ ਇਨ੍ਹਾਂ ਦਾ ਜੋ ਰਿਹਾ ਸ਼ੋਸ਼ਣ ਰੋਕਿਆ ਜਾ ਸਕੇ । ਜੇਕਰ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮ ਇਹ ਤਹੱਈਆ ਕਰ ਲੈਣ ਤਾਂ ਸਿੱਖਿਆ ਵਿਭਾਗ ਦੇ ਸਮੂਹ ਮੁਲਾਜ਼ਮਾਂ ਦੀ ਸਾਂਝੀ ਜੱਥੇਬੰਦੀ ਬਣਾਉਣ ਦਾ ਦੁਬਾਰਾ ਮੁੱਢ ਬੰਨ੍ਹਿਆ ਜਾ ਸਕਦਾ ਹੈ । ਕਿਸੇ ਸ਼ਾਇਰ ਨੇ ਕਿਹਾ ਹੈ ਕਿ -
'' ਕਿਸੇ ਵੀ ਮੰਜ਼ਿਲ ਨੂੰ ਸਰ ਕਰਨਾ, ਕਦੇ ਮੁਸ਼ਕਲ ਨਹੀਂ ਹੁੰਦਾ
ਹੈ ਲਾਜ਼ਿਮ ਸ਼ਰਤ ਇਹ, ਪੈਰੀਂ ਸੁਲਘਦਾ ਇੱਕ ਸਫਰ ਹੋਵੇ "

- ਨਵਨੀਤ ਅਨਾਇਤਪੁਰੀ
98145-09900