ਅੱਜ ਜਨਮ ਦਿਹਾੜੇ 'ਤੇ ਵਿਸ਼ੇਸ਼ : ਗਦਰੀ ਸੂਰਮਾ ਸ਼ਹੀਦ ਕਰਤਾਰ ਸਿੰਘ ਸਰਾਭਾ -  ਨਵਨੀਤ ਅਨਾਇਤਪੁਰੀ

ਦੁਨੀਆਂ 'ਤੇ ਉਹੀ ਕੌਮਾਂ ਅਣਖੀ ਜੀਵਨ ਜਿਊਂਦੀਆਂ ਅਤੇ ਮਾਣ ਪਾਉਂਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ । ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਜ਼ਿਕਰ ਕਰਦਿਆਂ ਸ਼ਹੀਦ ਭਗਤ ਸਿੰਘ ਦਾ ਨਾਮ ਆਪ ਮੁਹਾਰੇ ਜ਼ੁਬਾਨ ਤੇ ਆਉਂਦਾ ਹੈ ਪਰ ਭਗਤ ਸਿੰਘ ਜਿਸਨੂੰ ਆਪਣਾ ਗੁਰੂ ਮੰਨਦਾ ਸੀ ਤੇ ਜਿਸਦੀ ਫੋਟੋ ਵੀ ਆਪਣੀ ਜੇਬ ਵਿੱਚ ਰੱਖਦਾ ਰਿਹਾ, ਉਹ ਨਾਂ ਸੀ ਕਰਤਾਰ ਸਿੰਘ ਸਰਾਭਾ । ਆਓ ਅੱਜ ਉਸ ਦੇ ਜਨਮ ਦਿਵਸ  24 ਮਈ ਮੌਕੇ ਗਦਰ ਲਹਿਰ ਦੇ ਸਭ ਤੋਂ ਘੱਟ ਉਮਰ ਦੇ ਸਰਗਰਮ ਕਾਰਕੁੰਨ ਨੂੰ ਯਾਦ ਕਰਦੇ ਹਾਂ । ਕਰਤਾਰ ਸਿੰਘ ਸਰਾਭਾ ਦਾ ਜਨਮ ਲੁਧਿਆਣਾ ਜਿਲ੍ਹੇ ਦੇ ਪਿੰਡ ਸਰਾਭਾ ਵਿਖੇ 24 ਮਈ 1896 ਨੂੰ ਮਾਤਾ ਸਾਹਿਬ ਕੌਰ ਦੀ ਕੁੱਖੋਂ ਪਿਤਾ ਮੰਗਲ ਸਿੰਘ ਦੇ ਘਰ ਹੋਇਆ । ਛੋਟੀ ਉਮਰੇ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਉਸੇ ਪਾਲਣ ਪੋਸ਼ਣ ਦੀ ਜਿੰਮੇਵਾਰੀ ਦਾਦਾ ਸਰਦਾਰ ਬਦਨ ਸਿੰਘ ਨੇ ਨਿਭਾਈ । ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਪਿੰਡ ਸਰਾਭਾ ਦੇ ਸਕੂਲ 'ਚੋਂ ਪ੍ਰਾਪਤ ਕੀਤੀ । ਫੇਰ ਮਾਲਵਾ ਖਾਲਸਾ ਸਕੂਲ ਲੁਧਿਆਣਾ ਵਿਖੇ ਦਾਖਲਾ ਲੈ ਲਿਆ ਅਤੇ ਅੱਠਵੀਂ ਜਮਾਤ ਪਾਸ ਕੀਤੀ ਅਤੇ ਫਿਰ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ । ਇਸਤੋਂ ਬਾਅਦ ਉਹ ਉੜੀਸਾ, ਕਟਕ ਸ਼ਹਿਰ ਆਪਣੇ ਚਾਚਾ ਵੀਰ ਸਿੰਘ ਕੋਲ ਚਲੇ ਗਏ ਜੋ ਉੱਥੇ ਡਾਕਟਰ ਸਨ । ਕਰਤਾਰ ਸਿੰਘ ਸਰਾਭਾ ਨੇ ਇੱਥੋਂ ਗਿਆਰਵੀਂ ਜਮਾਤ ਪਾਸ ਕੀਤੀ । ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਦਾਦਾ ਬਦਨ ਸਿੰਘ ਨੇ ਉਨ੍ਹਾਂ ਨੂੰ ਅਮਰੀਕਾ ਭੇਜਿਆ ਤੇ ਜਨਵਰੀ 1912 ਵਿਚ ਉਹ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਦੀ ਬੰਦਰਗਾਹ ਤੇ ਉੱਤਰੇ ਜਿੱਥੇ ਉਸ ਨੂੰ ਰੋਕਿਆ ਗਿਆ ਤੇ ਕਈ ਗੰਭੀਰ ਸਵਾਲ ਪੁੱਛੇ ਗਏ ਪਰ ਸਰਾਭਾ ਦੇ ਤਰਕਪੂਰਨ ਜੁਆਬਾਂ ਕਾਰਨ ਉਸ ਨੂੰ ਅਮਰੀਕਾ 'ਚ ਦਾਖਲਾ ਮਿਲ ਗਿਆ । ਉਸ ਨੂੰ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਵਿਚ ਦਾਖਲਾ ਮਿਲਣ ਉਪਰੰਤ ਉਸ ਨੇ ਦੇਖਿਆ ਕਿ ਭਾਰਤੀਆਂ ਨਾਲ ਬਹੁਤ ਮਾੜਾ ਸਲੂਕ ਹੁੰਦਾ ਹੈ ਤੇ ਉਨ੍ਹਾਂ ਨੂੰ ਗੁਲਾਮਾਂ ਵਾਂਗ ਤਾਨੇ ਸੁਣਨੇ ਪੈਂਦੇ ਹਨ । ਜਿਸ ਨਾਲ ਉਨ੍ਹਾਂ ਨੂੰ ਡੂੰਘੀ ਸੱਟ ਵੱਜੀ । ਉਹ ਦਿਨ ਰਾਤ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਸੁਪਨੇ ਵੇਖਣ ਲੱਗਿਆ । ਫੇਰ ਉਹ ਲਾਲਾ ਹਰਦਿਆਲਾ ਅਤੇ ਬਾਬਾ ਸੋਹਣ ਸਿੰਘ ਭਕਨਾ ਦੇ ਸੰਪਰਕ ਵਿਚ ਆਇਆ ਜਿਨ੍ਹਾਂ ਨੇ ਹੋਰਨਾਂ ਭਾਰਤੀਆਂ ਨਾਲ ਮਿਲਕੇ ਉੱਥੇ ਗਦਰ ਨਾਂਅ ਦੀ ਪਾਰਟੀ ਬਣਾਈ ਸੀ , ਕਰਤਾਰ ਸਿੰਘ ਸਰਾਭਾ ਨੇ ਇਸ ਲਈ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਸਾਰੇ ਦੇਸ਼ ਭਗਤਾਂ ਨਾਲ ਮਿਲਕੇ ਗਦਰ ਦੀ ਗੂੰਜ ਅਖਬਾਰ ਸ਼ੁਰੂ ਕੀਤਾ । ਜਿਸਦਾ ਪਹਿਲਾ ਪਰਚਾ 1 ਨਵੰਬਰ 1913 ਨੂੰ ਉਰਦੂ ਵਿਚ ਪ੍ਰਕਾਸ਼ਿਤ ਹੋਇਆ । 1 ਜਨਵਰੀ 1914 ਤੋਂ ਇਹ ਅਖਬਾਰ ਗੁਰਮੁਖੀ, ਹਿੰਦੀ, ਗੁਜਰਾਤੀ ਵਿੱਚ ਵੀ ਛਪਣ ਲੱਗਿਆ । ਕਰਤਾਰ ਸਿੰਘ ਸਰਾਭਾ ਦੀ ਮਿਹਨਤ ਸਦਕਾ ਇਹ ਅਖਬਾਰ ਬਹੁਤ ਜਲਦ ਹਰਮਨਪਿਆਰਾ ਹੋ ਗਿਆ । ਇਸ ਅਖਬਾਰ 'ਚ ਛਪਦੀਆਂ ਰਚਨਾਵਾਂ ਦਾ ਮੁੱਖ ਮਕਸਦ ਹਥਿਆਰਬੰਦ ਇਨਕਲਾਬ ਲਈ ਲੋਕਾਂ ਨੂੰ ਜਾਗ੍ਰਿਤ ਕਰਨਾ ਸੀ ।
ਪਹਿਲੀ ਵਿਸ਼ਵ ਜੰਗ ਸ਼ੁਰੂ ਹੁੰਦਿਆਂ ਹੀ ਗਦਰ ਪਾਰਟੀ ਦੇ ਲੀਡਰ ਅਤੇ ਵਰਕਰ ਦੇਸ਼ ਵਾਪਸ ਆਉਣ ਲੱਗੇ ਤਾਂ ਜੋ ਹਥਿਆਰਬੰਦ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਜਾ ਸਕੇ । ਬਹੁਤ ਸਾਰੇ ਵਰਕਰਾਂ ਨੂੰ ਅੰਗਰੇਜ਼ ਸਰਕਾਰ ਨੇ ਭਾਰਤ ਆਉਂਦਿਆਂ ਹੀ ਡਿਫੈਂਸ ਐਕਟ ਅਧੀਨ ਗ੍ਰਿਫਤਾਰ ਕਰ ਲਿਆ ਪਰ ਸਰਾਭਾ ਪੁਲਿਸ ਨੂੰ ਝਕਾਨੀ ਦੇਣ 'ਚ ਸਫਲ ਰਿਹਾ ਤੇ ਪੰਜਾਬ ਪਹੁੰਚ ਗਿਆ । ਉਸਨੇ ਬਹੁਤ ਥਾਵਾਂ ਤੇ ਜਾ ਕੇ ਫੌਜ਼ੀਆਂ ਨੂੰ ਵੀ ਸੰਘਰਸ਼ ਲਈ ਪ੍ਰੇਰਿਤ ਕੀਤਾ ਤੇ ਫੇਰ ਸਾਰੀਆਂ ਤਿਆਰੀਆਂ ਮਗਰੋਂ ਗਦਰ ਦਾ ਦਿਨ 21 ਫਰਵਰੀ 1915 ਨੀਯਤ ਕਰ ਦਿੱਤਾ । ਪਰ ਕਿਰਪਾਲ ਸਿੰਘ ਦੀ ਮੁਖਬਰੀ ਕਾਰਨ ਇਹ ਯੋਜਨਾ ਫੇਲ ਹੋ ਗਈ । 2 ਮਾਰਚ 1915 ਨੂੰ ਸਰਗੋਧਾ ਦੇ ਚੱਕ ਨੰਬਰ ਪੰਜ ਵਿਚ ਰਸਾਲਦਾਰ ਗੰਢਾ ਸਿੰਘ ਦੇ ਘਰੋਂ ਧੋਖੇ ਨਾਲ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ । ਲਾਹੌਰ ਦੀ ਸੈਂਟਰਲ ਜੇਲ੍ਹ ਵਿਚ ਕਈ ਮਹੀਨੇ ਮੁਕੱਦਮਾ ਚਲਣ ਮਗਰੋਂ ਸਰਾਭਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤੇ 16 ਨਵੰਬਰ 1915 ਨੂੰ ਛੇ ਸਾਥੀਆਂ ਸਮੇਤ ਫਾਂਸੀ ਦੇ ਦਿੱਤੀ ਗਈ ।
ਬਾਬਾ ਮੁਣਸ਼ਾ ਸਿੰਘ ਦੁਖੀ , ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਲਿਖਦੇ ਹਨ ਕਿ
'' ਬੇ-ਫਿਕਰ, ਬੇ-ਧੜਕ ਚਲੇ ਆਉਣਾ
ਘਰ ਸਮਝ, ਆਪਣਾ ਨਾ ਘਬਰਾਉਣਾ
ਯਾਦ ਹੈ ਤੇਰਾ ਪਿਆਰਿਆ ਕਰਤਾਰ
ਫਾਂਸੀਏ ਲਟਕਣਾ 'ਦੁਖੀ' ਗਾਉਣਾ ।''

-    ਨਵਨੀਤ ਅਨਾਇਤਪੁਰੀ, 98145-09900