ਕਰਨਾਟਕੀ ਹਾਰ : ਕਾਂਗਰਸ ਲਈ ਜਾਗਣ ਦਾ ਵੇਲਾ - ਕੇ ਐੱਸ ਦਕਸ਼ਿਨਾ ਮੂਰਤੀ

ਇੱਕ ਅਜਿਹੀ ਚੋਣ ਜਿਹੜੀ ਕਾਂਗਰਸ ਲਈ ਸਦਾ ਬੇਹੱਦ ਅਹਿਮ ਤੇ ਫ਼ੈਸਲਾਕੁਨ ਮੰਨੀ ਜਾ ਰਹੀ ਸੀ ਅਤੇ ਇਹ ਚੋਣ ਭਾਰਤੀ ਜਨਤਾ ਪਾਰਟੀ ਲਈ ਇੱਕ ਹੋਰ ਟਰਾਫੀ ਹੋ ਸਕਦੀ ਸੀ, ਉਸ ਚੋਣ ਵਿੱਚ ਕਰਨਾਟਕ ਤੋਂ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਆਮ ਅੰਦਾਜ਼ਿਆਂ ਤੋਂ ਉਲਟ ਭਾਰਤੀ ਜਨਤਾ ਪਾਰਟੀ, ਕਾਂਗਰਸ ਤੋਂ ਅਗਾਂਹ ਨਿਕਲ ਗਈ ਹੈ।
ਇਹ ਨਤੀਜੇ ਇਸ ਲਈ ਹੈਰਾਨੀਜਨਕ ਹਨ, ਕਿਉਂਕਿ ਮੁੱਖ ਮੰਤਰੀ ਸਿੱਧਾਰਮੱਈਆ ਦੀ ਅਗਵਾਈ ਹੇਠ ਕਾਂਗਰਸ ਨੇ ਚੋਣ ਮੁਹਿੰਮ ਦਾ ਏਜੰਡਾ ਬੰਨ੍ਹ ਦਿੱਤਾ ਸੀ ਅਤੇ ਬਹੁਤ ਸਾਰੇ ਮਾਮਲਿਆਂ ਵਿੱਚ ਉਨ੍ਹਾਂ ਦੀ ਹਾਲਤ ਠੀਕ ਹੀ ਸੀ। ਇੱਕੋ-ਇਕ ਖ਼ਦਸ਼ਾ ਇਹ ਸੀ ਕਿ ਪਾਰਟੀ ਜੇਤੂ ਟੀਚਾ ਪਾਰ ਕਰ ਸਕਦੀ ਹੈ ਜਾਂ ਨਹੀਂ ਪਰ ਇਹ ਤਾਂ ਮੰਨ ਹੀ ਲਿਆ ਗਿਆ ਸੀ ਕਿ ਕਾਂਗਰਸ ਇੱਕੋ-ਇੱਕ, ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੇਗੀ।
ਕਾਂਗਰਸ ਦੀ ਸੰਭਾਵੀ ਚੜ੍ਹਤ ਨਾਲ ਸਿਰਫ਼ ਇੱਕ ਸ਼ੱਕ ਜੁੜਿਆ ਹੋਇਆ ਸੀ। ਉਹ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਚਾਰ ਮੁਹਿੰਮ। ਕੀ ਇਹ ਮੁਹਿੰਮ ਚੋਣ ਮੁਹਾਣ ਨੂੰ ਭਾਜਪਾ ਦੇ ਹੱਕ ਵਿੱਚ ਝੁਕਾਅ ਸਕਦੀ ਹੈ ਜਾਂ ਨਹੀਂ। ਇਹ ਕਹਿਣਾ ਤਾਂ ਫ਼ਿਲਹਾਲ ਬਦਗ਼ੁਮਾਨੀ ਹੋਵੇਗੀ ਕਿ ਪਾਰਟੀ ਦੀ ਚੰਗੀ ਕਾਰਗੁਜ਼ਾਰੀ ਇਕੱਲੇ ਮੋਦੀ ਕਾਰਨ ਹੀ ਹੋਈ ਹੈ, ਪਰ ਇਸ ਤੂਫ਼ਾਨੀ ਮੁਹਿੰਮ ਨੇ ਆਪਣਾ ਇੱਕ ਰੋਲ ਜ਼ਰੂਰ ਨਿਭਾਇਆ।
ਹਕੀਕਤ ਇਹ ਹੈ ਕਿ ਮੋਦੀ ਨੇ ਅਜਿਹਾ ਕੋਈ ਮੁੱਦਾ ਨਹੀਂ ਉਠਾਇਆ ਜਿਸ ਨੇ ਚੋਣ ਮੁਹਿੰਮ ਦੇ ਆਖ਼ਰੀ ਪੜਾਅ ਨੂੰ ਤੁਣਕਾ ਦਿੱਤਾ ਹੋਵੇ। ਉਂਜ, ਕੁਝ ਹੀ ਦਿਨਾਂ ਵਿੱਚ 21 ਰੈਲੀਆਂ ਦੇ ਵਰੋਲੇ ਨਾਲ ਪਾਰਟੀ ਨੂੰ ਉਭਾਰਿਆ ਜ਼ਰੂਰ। ਇਸ ਦੇ ਨਾਲ ਹੀ ਉਨ੍ਹਾਂ ਦੀ ਫੇਰੀ ਨੇ ਉਨ੍ਹਾਂ ਵੋਟਰਾਂ ਦਾ ਧਿਆਨ ਖਿੱਚਿਆ ਜਿਹੜੇ ਉਨ੍ਹਾਂ ਦੀ ਮੌਜੂਦਗੀ ਨਾਲ ਹੀ ਕਾਇਲ ਹੋ ਗਏ ਅਤੇ ਪਾਰਟੀ ਵੱਲ ਝੁਕ ਗਏ।
ਹੁਣ ਅਸਲ ਕਹਾਣੀ ਤਾਂ ਕਾਂਗਰਸ ਦੀ ਹੈ ਜਿਸ ਦੀ ਕਰਨਾਟਕ ਵਿਚਲੀ ਹਾਰ ਨੇ ਤਿੰਨ ਅਹਿਮ ਸੂਬਿਆਂ ਵਿੱਚ ਆ ਰਹੀਆਂ ਚੋਣਾਂ ਅਤੇ 2019 ਵਾਲੀਆਂ ਲੋਕ ਸਭਾ ਚੋਣਾਂ ਉੱਤੇ ਅਸਰ-ਅੰਦਾਜ਼ ਹੋਣਾ ਹੈ। ਪਾਰਟੀ ਭਾਵੇਂ ਪੰਜਾਬ, ਪੁਡੂਚੇਰੀ ਅਤੇ ਮਿਜ਼ੋਰਮ ਵਿੱਚ ਸੱਤਾ ਵਿੱਚ ਹੈ ਪਰ ਇਹ ਤਾਂ ਐਵੇਂ ਦਿਲ ਰੱਖਣ ਵਾਲੀਆਂ ਗੱਲਾਂ ਹਨ। ਆਸ ਕੀਤੀ ਜਾ ਰਹੀ ਸੀ ਕਿ ਅਗਲੀਆਂ ਚੋਣਾਂ ਲੜਨ ਲਈ ਕਰਨਾਟਕ ਨੇ ਹੀ ਇਸ ਨੂੰ "ਬਲ" ਬਖ਼ਸ਼ਣਾ ਹੈ।
ਇਹ ਸਤਰਾਂ ਲਿਖਣ ਵੇਲੇ ਕਾਂਗਰਸ ਅਤੇ ਜਨਤਾ ਦਲ (ਅੱੱਸ) ਦੀ ਕੁਲੀਸ਼ਨ ਸਰਕਾਰ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ। ਇਸ ਨਾਲ ਭਾਵੇਂ ਸਰਕਾਰ ਵਿੱਚ ਕਾਂਗਰਸ ਦੀ ਸਹੀ ਨੁਮਾਇੰਦਗੀ ਦਾ ਯਕੀਨ ਤਾਂ ਬੱਝਦਾ ਹੈ ਪਰ ਇਸ ਤੱਥ ਨੂੰ ਪਿਛਾਂਹ ਨਹੀਂ ਸੁੱਟਿਆ ਜਾ ਸਕਦਾ ਕਿ ਇਸ ਨੂੰ ਆਸ ਨਾਲੋਂ ਕਿਤੇ ਘੱਟ ਸਫ਼ਲਤਾ ਹਾਸਲ ਹੋਈ ਅਤੇ ਇਹ ਭਾਜਪਾ ਤੋਂ ਬਾਅਦ ਦੂਜੇ ਨੰਬਰ 'ਤੇ ਆਈ ਹੈ।
ਚੋਣ ਮਾਹਿਰਾਂ ਲਈ ਕਰਨਾਟਕ ਚੋਣ ਇਸ ਕਰ ਕੇ ਵੀ ਦਿਲਚਸਪ ਅਤੇ ਚੁਣੌਤੀ ਭਰਪੂਰ ਸੀ ਕਿਉਂਕਿ ਕਿਸੇ ਪਾਸੇ ਕੋਈ ਲਹਿਰ ਨਹੀਂ ਸੀ। ਦੂਜੇ, ਸਿੱਧਾਰਮੱਈਆ ਵੱਲੋਂ ਕੰਨੜ-ਪੱਖੀ ਕੌਮਪ੍ਰਸਤ ਧੜਿਆਂ ਨਾਲ ਪਾਈ ਰਣਨੀਤਕ ਜੋਟੀ ਅਤੇ ਲਿੰਗਾਇਤਾਂ ਨੂੰ ਵੱਖਰੇ ਧਰਮ ਵਜੋਂ ਮਾਨਤਾ ਦੇਣ ਵੱਲ ਕਦਮ ਚੁੱਕਣ ਨੇ ਇਹ ਖਿਆਲ ਉਭਾਰਿਆ ਕਿ ਉਨ੍ਹਾਂ ਦਾ ਸਮੁੱਚੇ ਹਾਲਾਤ ਉੱਤੇ ਪੂਰਾ ਕੰਟਰੋਲ ਹੈ ਅਤੇ ਉਹ ਪਾਰਟੀ ਨੂੰ ਜਿੱਤ ਤੱਕ ਲਿਜਾਣ ਦੇ ਸਮਰੱਥ ਹਨ। ਜਾਪਦਾ ਹੁਣ ਇਹ ਹੈ ਕਿ ਇਹ ਦਾਅ-ਪੇਚ ਚੱਲ ਨਹੀਂ ਸਕੇ ਹਨ।
ਕਾਂਗਰਸ ਲਈ ਹੁਣ ਇੱਕ ਹੋਰ ਵਿਚਾਰਨ ਵਾਲਾ ਨੁਕਤਾ ਇਹ ਹੈ ਕਿ ਪਾਰਟੀ ਹਾਈ ਕਮਾਨ, ਭਾਵ ਰਾਹੁਲ ਗਾਂਧੀ ਵੋਟਰਾਂ ਉੱਤੇ ਕੋਈ ਪ੍ਰਭਾਵ ਪਾ ਵੀ ਰਹੇ ਹਨ। ਕਰਨਾਟਕ ਤੋਂ ਬਾਹਰ ਅਤੇ ਕੌਮੀ ਪੱਧਰ ਉੱਤੇ ਇਸ ਦੇ ਮੋੜਵੇਂ ਅਸਰ ਹੋਣੇ ਹਨ। ਰਾਹੁਲ ਗਾਂਧੀ ਨੇ ਕਈ ਪੜਾਵਾਂ ਵਿੱਚ ਮੁਹਿੰਮ ਭਖਾਈ, ਭੀੜਾਂ ਇਕੱਠੀਆਂ ਕੀਤੀਆਂ ਅਤੇ ਵੋਟਰਾਂ, ਇੱਥੋਂ ਤੱਕ ਕਿ ਨੌਜਵਾਨਾਂ ਨੂੰ ਖਿੱਚਿਆ। ਉਂਜ, ਨਤੀਜੇ ਇਹ ਸੁਨੇਹਾ ਦੇ ਰਹੇ ਹਨ ਕਿ ਵੋਟਰਾਂ ਨੂੰ ਇਹ ਆਗੂ ਜਚਿਆ ਨਹੀਂ ਹੈ।
ਇਨ੍ਹਾਂ ਨਤੀਜਿਆਂ ਨੇ ਕਾਂਗਰਸ ਦੀ ਹੋਂਦ ਦਾ ਮੁੱਦਾ ਫਿਰ ਉਭਾਰ ਦਿੱਤਾ ਹੈ। ਇਨ੍ਹਾਂ ਨਤੀਜਿਆਂ ਨੇ ਕਾਂਗਰਸ ਨੂੰ ਇਹ ਸੰਕੇਤ ਵੀ ਦਿੱਤੇ ਹਨ ਕਿ ਭਾਜਪਾ ਨਾਲ ਟੱਕਰ ਲੈਣ ਲਈ ਇਸ ਨੂੰ ਆਪਣੀ ਅਗਲੀ ਰਣਨੀਤੀ ਵੱਧ ਬਾਰੀਕਬੀਨੀ ਤੇ ਵੱਧ ਮੁਸ਼ੱਕਤ ਨਾਲ ਘੜਨ ਦੀ ਲੋੜ ਹੈ। ਜਦੋਂ ਵੋਟਾਂ ਪੈਣ ਦੇ ਦਿਨ ਨੇੜੇ ਆ ਰਹੇ ਸਨ ਤਾਂ ਪਾਰਟੀ ਦੀਆਂ ਬੂਥ-ਪੱਧਰੀ ਕਮੇਟੀਆਂ ਅੰਦਰ ਰੱਫੜ ਦੀਆਂ ਰਿਪੋਰਟਾਂ ਆ ਰਹੀਆਂ ਸਨ। ਜੇ ਇਹ ਸੱਚ ਹੈ ਤਾਂ ਇਹ ਰੱਫੜ ਪਾਰਟੀ ਦੀ ਹਾਰ ਲਈ ਅਹਿਮ ਕਾਰਨ ਬਣਿਆ ਹੋ ਸਕਦਾ ਹੈ ਕਿਉਂਕਿ ਕਿਸੇ ਵੀ ਚੋਣ ਦਾ ਆਖ਼ਰੀ ਦੌਰ ਬੜਾ ਅਹਿਮ ਹੁੰਦਾ ਹੈ। ਇਸ ਨਾਲ ਕਾਂਗਰਸ ਦੇ ਹੇਠਲੇ ਪੱਧਰ ਦੇ ਕਾਰਕੁਨਾਂ ਦੀ ਵਚਨਬੱਧਤਾ ਦੇ ਦਰਸ਼ਨ ਵੀ ਹੁੰਦੇ ਹਨ ਕਿ ਇਹ ਆਰਐੱਸਐੱਸ ਕਾਡਰ ਦਾ ਟਾਕਰਾ ਕਰ ਸਕਦੇ ਸਨ ਜਾਂ ਨਹੀਂ, ਜਿਹੜੇ ਹੇਠਲੇ ਪੱਧਰ ਉੱਤੇ ਆਪਣੀਆਂ ਸਰਗਰਮੀਆਂ ਲਈ ਜਾਣਿਆ ਜਾਂਦਾ ਹੈ।
ਹੁਣ ਜੇ ਕਾਂਗਰਸ ਦੇ ਵਿਚਾਰਵਾਨ ਇਸ ਨੂੰ ਸਮੱਸਿਆ ਵਜੋਂ ਵੀ ਲੈਂਦੇ ਹਨ, ਤਾਂ ਵੀ ਇਸ ਦੇ ਹੱਲ ਲਈ ਬਹੁਤਾ ਸਮਾਂ ਨਹੀਂ ਹੈ। ਕਹਿਣ ਦਾ ਭਾਵ ਪਾਰਟੀ ਨੂੰ ਹੇਠਲੇ ਪੱਧਰ ਉੱਤੇ ਜਥੇਬੰਦ ਕਰਨ ਤੋਂ ਹੈ ਅਤੇ ਇਹ ਕੋਈ ਸੁਖਾਲਾ ਕਾਰਜ ਨਹੀਂ ਹੈ। 1969 ਵਿੱਚ ਜਦੋਂ ਤੋਂ ਪਾਰਟੀ ਵਿੱਚ ਫੁੱਟ ਪਈ ਹੈ, ਇਸ ਦਾ ਸਾਰਾ ਦਾਰੋਮਦਾਰ ਇੰਦਰਾ ਗਾਂਧੀ ਵਰਗੇ ਲੀਡਰਾਂ ਦੀ ਸਮਰੱਥਾ ਉੱਤੇ ਹੀ ਰਿਹਾ ਹੈ। ਕਾਂਗਰਸ ਦੇ ਅੰਦਰ ਪਾਰਟੀ ਦੇ ਪ੍ਰਥਮ ਪਰਿਵਾਰ ਲਈ ਪਿਆਰ ਭਾਵੇਂ ਅਜੇ ਵੀ ਬਥੇਰਾ ਹੈ ਪਰ ਜਾਪਦਾ ਹੈ ਕਿ ਵੋਟਰਾਂ ਵਿੱਚ ਇਸ ਪਰਿਵਾਰ ਪ੍ਰਤੀ ਮੋਹ ਹੁਣ ਬਹੁਤਾ ਨਹੀਂ ਰਿਹਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਧਾਨ ਸਭਾ ਚੋਣਾਂ ਦੇ ਦਾਈਏ, ਲੋਕ ਸਭਾ ਚੋਣਾਂ ਤੋਂ ਐਨ ਵੱਖਰੇ ਹੁੰਦੇ ਹਨ। ਫਿਰ ਵੀ, ਕਰਨਾਟਕ ਤੋਂ ਜਿਹੜੀਆਂ ਗੱਲਾਂ ਨਿੱਕਲੀਆਂ ਹਨ, ਪਾਰਟੀ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਨ ਦੀ ਜ਼ਹਿਮਤ ਨਹੀਂ  ਉਠਾ ਸਕਦੀ।
ਜਿੱਥੋਂ ਤੱਕ ਭਾਜਪਾ ਦਾ ਸਬੰਧ ਹੈ, ਕਰਨਾਟਕ ਚੋਣਾਂ ਨੇ ਇਸ ਦੀ ਸਿਆਸਤ, ਸਟਾਰ ਮੁਹਿੰਮਬਾਜ਼ ਵਜੋਂ ਮੋਦੀ ਦੀ ਕਾਰਗੁਜ਼ਾਰੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਦੇ ਉਸਤਾਦ ਰਣਨੀਤੀਘਾੜਾ ਹੋਣ ਉੱਤੇ ਹੀ ਮੋਹਰ ਲਾਈ ਹੈ। ਇਹ ਚਰਚਾ ਕਿਤੇ ਐਵੇਂ ਹਵਾ ਵਿੱਚੋਂ ਨਹੀਂ ਆਈ। ਸ਼ੁਰੂਆਤ ਵਿੱਚ ਭਾਜਪਾ ਦੀ ਸੂਬਾ ਇਕਾਈ ਬੁਰੀ ਤਰ੍ਹਾਂ ਵੰਡੀ ਹੋਈ ਸੀ। ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬੀਐੱਸ ਯੇਡੀਯੂਰੱਪਾ ਖ਼ਿਲਾਫ਼ ਅੰਦਰੇ-ਅੰਦਰ ਵਿਦਰੋਹ ਸੀ। ਇਸ ਦੇ ਨਾਲ ਹੀ ਪਾਰਟੀ ਦੀ 2008-13 ਵਾਲੇ ਰਾਜਭਾਗ ਦੌਰਾਨ ਮਾੜੀ ਕਾਰਗੁਜ਼ਾਰੀ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੇ ਦੋ ਵਾਰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਦਲਣ ਕਾਰਨ ਚੋਣ ਮੁਹਿੰਮ ਦੀ ਸ਼ੁਰੂਆਤ ਢਿੱਲੀ ਹੀ ਸੀ। ਭਾਜਪਾ ਵੱਲੋਂ ਇਨ੍ਹਾਂ ਸਭ ਵੰਗਾਰਾਂ ਨਾਲ ਨਜਿੱਠਣਾ ਅਤੇ ਸਭ ਤੋਂ ਵੱਧ ਸੀਟਾਂ ਹਾਸਲ ਕਰਨਾ ਇਹ ਸੰਕੇਤ ਦਿੰਦਾ ਹੈ ਕਿ ਪਾਰਟੀ ਚੜ੍ਹਦੀ ਕਲਾ ਵਿੱਚ ਹੈ ਅਤੇ ਸ਼ਾਹ ਤੇ ਮੋਦੀ ਦੀ ਜੋੜੀ ਵਿਰੋਧੀ ਮੁਹਾਣ ਬਦਲ ਸਕਦੀ ਹੈ।
ਉਂਜ, ਸਿਆਸਤ ਜੇ ਸਿਆਸਤ ਹੈ ਅਤੇ ਚੋਣਾਂ ਜੇ ਚੋਣਾਂ ਹਨ, ਤਾਂ ਹਾਲਤ ਨਾਟਕੀ ਢੰਗ ਨਾਲ ਰਾਤੋ-ਰਾਤ ਬਦਲ ਸਕਦੀ ਹੈ ਬਸ਼ਰਤੇ ਵਿਰੋਧੀ ਖ਼ਾਸ ਕਰ ਕਾਂਗਰਸ, ਸਹੀ ਦਾਅ-ਪੇਚ ਅਪਣਾਉਂਦੇ। ਸ਼ਾਹ-ਮੋਦੀ ਦੀ ਜੋੜੀ 2014 ਤੋਂ ਹਾਰਾਂ ਦਾ ਸਾਹਮਣਾ ਕਰ ਰਹੀ ਹੈ, ਦਿੱਲੀ ਅਤੇ ਬਿਹਾਰ ਦੀਆਂ ਹਾਰਾਂ ਇਨ੍ਹਾਂ ਵਿਚੋਂ ਵਧੇਰੇ ਅਹਿਮ ਹਨ। ਉਦੋਂ ਤੋਂ ਹੀ ਭਾਜਪਾ ਨੇ ਆਪਣੀਆਂ ਇਨ੍ਹਾਂ ਹਾਰਾਂ ਨੂੰ ਪਿਛਾਂਹ ਛੱਡਦਿਆਂ, ਆਪਣੀ ਕਾਰਗੁਜ਼ਾਰੀ ਸੁਧਾਰਨ ਲਈ ਚੋਣ ਰਣਨੀਤੀਆਂ ਘੜੀਆਂ ਅਤੇ ਚੰਗੇ ਨਤੀਜਿਆਂ ਨਾਲ ਇਨ੍ਹਾਂ ਹਾਰਾਂ ਤੋਂ ਉੱਭਰੀ ਹੈ। ਹੁਣ ਸ਼ਾਇਦ ਕਾਂਗਰਸ ਲਈ ਇਹ ਪੁਣਛਾਣ ਕਰਨ ਤੇ ਸਿੱਖਣ ਦਾ ਵੇਲਾ ਹੈ ਕਿ ਭਾਜਪਾ ਨੇ ਇਸ ਹਾਲਾਤ ਉੱਤੇ ਕਿਸ ਤਰ੍ਹਾਂ ਪਾਰ ਪਾਇਆ ਅਤੇ ਇਸ (ਕਾਂਗਰਸ) ਨੇ ਵਧ ਰਹੀ ਭਗਵੀਂ ਚੌਧਰ ਨੂੰ ਕਿਸ ਤਰ੍ਹਾਂ ਵੰਗਾਰਨਾ ਹੈ।
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਬੰਗਲੌਰ ਰਹਿੰਦਾ ਹੈ।