ਲੋਕ ਸਭਾ ਚੋਣਾਂ ਬਨਾਮ ਘੱਲੂਘਾਰੇ ਦੀ ਟੀਸ - ਬਘੇਲ ਸਿੰਘ ਧਾਲੀਵਾਲ

ਦੇਸ਼ ਅੰਦਰ 18ਵੀਂ ਲੋਕ ਸਭਾ ਚੋਣ ਮੁਕੰਮਲ ਹੋ ਚੁੱਕੀ ਹੈ।ਭਾਵ ਸੱਤਵੇਂ ਅਤੇ ਆਖਰੀ ਗੇੜ ਦੀਆਂ ਚੋਣਾਂ ਬੀਤੇ ਕੱਲ 1 ਜੂਨ ਨੂੰ  ਪੈ ਚੁੱਕੀਆਂ ਹਨ। ਇਹ ਆਖਰੀ ਦੌਰ ਦੀ ਚੋਣ ਪ੍ਰਕਿਰਿਆ ਵਿੱਚ ਬਿਹਾਰ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਪੰਜਾਬ ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਅਤੇ ਚੰਡੀਗੜ੍ਹ ਦੀਆਂ ਕੁਲ 57 ਸੀਟਾਂ ਉੱਤੇ ਵੋਟਾਂ ਪਈਆਂ।ਪੰਜਾਬ ਨੂੰ ਆਖਰੀ ਦੌਰ ਦੀ ਚੋਣ ਪ੍ਰਕਿਰਿਆ ਵਿੱਚ ਸ਼ੁਮਾਰ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ।ਚੋਣਾਂ ਦੀ ਮਿਤੀ ਇੱਕ ਜੂਨ ਸਿੱਖਾਂ ਲਈ ਇਸ ਕਰਕੇ ਦੁਬਿਧਾ ਪੈਦਾ ਕਰਦੀ ਹੈ,ਕਿਉਂਕਿ ਇਹ ਦਿਨ ਸਿੱਖਾਂ ਦੇ ਜਖਮਾਂ ਨੂੰ ਕੁਰੇਦਣ ਵਾਲਾ ਹੁੰਦਾ ਹੈ। ਇੱਕ ਜੂਨ ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਵੱਲੋਂ ਚੜਾਈ ਕੀਤੀ ਗਈ ਸੀ। ਇੱਕ ਜੂਨ ਤੋ 6 ਜੂਨ ਤੱਕ ਫੌਜ ਨੇ ਸਿੱਖਾਂ ਤੇ ਅਜਿਹੇ ਕਹਿਰ ਢਾਹੇ ਸਨ,ਜਿਹੜੇ ਦੁਨੀਆਂ ਭਰ ਦੇ ਜਾਲਮ ਤਾਨਸ਼ਾਹਾਂ ਦੇ ਜੁਲਮਾਂ ਨੂੰ ਵੀ ਬੌਨਾ ਕਰਨ ਵਾਲੇ ਸਨ। ਇਸ ਖੂਨੀ ਹਫਤੇ ਨੇ  ਸਿੱਖਾਂ ਦੇ ਸੁਰਖ ਇਤਿਹਾਸ ਵਿੱਚ ਖੂੰਨ ਨਾਲ ਲੱਥ ਪੱਥ ਇੱਕ ਹੋਰ ਅਜਿਹਾ ਨਵਾਂ ਪੰਨਾ ਜੋੜ ਦਿੱਤਾ,ਜਦੋਂ ਭਾਰਤੀ ਫੌਜ ਨੇ ਆਪਣੇ ਹੀ ਲੋਕਾਂ ਨਾਲ ਅਜਿਹਾ ਸਲੂਕ ਕੀਤਾ ਸੀ,ਜਿਹੜਾ ਸੱਭਿਅਕ ਮੁਲਕਾਂ ਵਿੱਚ ਵਗਾਨੇ ਲੋਕਾਂ ਨਾਲ ਵੀ ਨਹੀ ਕੀਤਾ ਜਾਂਦਾ। ਜੂਨ ਮਹੀਨੇ ਦੇ ਪਹਿਲੇ ਇੱਕ ਹਫਤੇ ਵਿੱਚ ਹੀ ਫੌਜਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਕੁੱਝ ਮੁੱਠੀ ਭਰ ਮਰਜੀਵੜਿਆਂ ਸਮੇਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ  ਸ਼ਹੀਦੀ ਦਿਹਾੜਾ ਮਨਾਉਣ ਆਈਆਂ ਹਜਾਰਾਂ ਸਿੱਖ ਸੰਗਤਾਂ ਨੂੰ ਕੋਹ ਕੋਹ ਕੇ ਨਿਰਦਾਇਤਾ ਦੇ ਨਾਲ ਸ਼ਹੀਦ ਕਰ ਦਿੱਤਾ ਸੀ,ਜਿੰਨਾਂ ਵਿੱਚ 18 ਦਿਨ ਦੇ ਬੱਚੇ ਤੋਂ ਲੈ ਕੇ 90,95  ਸਾਲ ਤੱਕ ਦੇ ਬਜ਼ੁਰਗ ਮਰਦ ਔਰਤਾਂ ਵੀ ਸ਼ਾਮਲ ਸਨ।ਭਾਰਤੀ ਫੌਜਾਂ ਨੇ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਸਿੱਖਾਂ ਨੂੰ ਅਜਿਹੇ ਜਖਮ ਦਿੱਤੇ,ਜਿਹੜੇ ਸਾਇਦ ਰਹਿੰਦੀ ਦੁਨੀਆਂ ਤੱਕ ਰਿਸਦੇ ਰਹਿਣਗੇ।ਜਦੋ ਇੱਕ ਜੂਨ  ਦਾ ਦਿਨ ਆਉਂਦਾ ਹੈ,ਤਾਂ ਸਿੱਖਾਂ ਦੇ ਮਨਾਂ ਚ ਢੱਠੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੀ ਤਸਵੀਰ ਮੁੜ ਰੂਪਮਾਨ ਹੋ ਜਾਂਦੀ ਹੈ।ਬੱਚੇ ਬਜੁਰਗ,ਬੀਬੀਆਂ ਅਤੇ ਨੌਜਵਾਨਾਂ ਦੇ ਬੇਰਹਿਮੀ ਨਾਲ ਘਾਣ ਦੀ ਖੌਫਨਾਕ ਤਸਵੀਰ ਨੌਜਵਾਨ ਸਿੱਖ ਜਜ਼ਬਿਆਂ ਨੂੰ ਉਤੇਜਿਤ ਕਰਦੀ ਹੈ।ਜੂਨ ਦੇ ਪਹਿਲੇ ਹਫਤੇ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਕੌਮ ਨਾਲ ਕੀਤੇ ਇਕਰਾਰ ਨਿਭਾਉਂਦਿਆਂ ਦਿੱਤੀਆਂ ਸ਼ਹਾਦਤਾਂ ਦੀ ਗਾਥਾ ਨੂੰ ਬੜੇ ਮਾਣ ਨਾਲ ਸੁਣਦੇ ਅਤੇ ਸੁਣਾਉਂਦੇ ਹਨ।ਸਿੱਖ ਜੁਆਨੀ ਇਸ ਹਫਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਦੇ ਨਾਲ ਨਾਲ ਉਹਨਾਂ ਦੇ ਕਹਿਣੀ ਅਤੇ ਕਰਨੀ ਦੀ ਇੱਕਸੁਰਤਾ ਵਾਲੇ ਸੰਘਰਸ਼ੀ ਜੀਵਨ ਤੋ ਪਰੇਰਨਾ ਵੀ ਲੈਦੀ ਹੈ। ਪਰੰਤੂ ਇਸ ਵਾਰ ਕੇਂਦਰੀ ਤਾਕਤਾਂ ਵੱਲੋਂ ਜਾਣ ਬੁੱਝ ਕੇ ਪੰਜਾਬ ਅੰਦਰ ਵੋਟਾਂ ਦੀ ਤਰੀਕ ਇੱਕ ਜੂਨ ਰੱਖੀ ਗਈ, ਤਾਂ  ਕਿ ਸਿੱਖ ਮਨਾਂ ਚੋ ਕੌਂਮੀ ਦੁੱਖ ਦਰਦ ਦੀ ਭਾਵਨਾ ਅਤੇ ਸਿੱਖ ਜਜ਼ਬੇ ਨੂੰ ਚੋਣਾਂ ਦੀਆਂ ਖੁਸ਼ੀਆਂ ਵਿੱਚ ਰਲਗੱਡ ਕਰਕੇ ਠੰਡਾ ਪਾਇਆ ਜਾ ਸਕੇ।ਇਹ ਸੱਚਮੁੱਚ ਬੜਾ ਚਲਾਕੀ ਮਕਾਰੀ ਅਤੇ ਮੰਦ ਭਾਵਨਾ ਵਾਲਾ ਵਰਤਾਰਾ ਹੈ,ਜਿਸ ਵਿੱਚ ਭੋਲ਼ੀ ਭਾਲ਼ੀ ਕੌਂਮ ਦਾ ਉਲਝਣਾ ਸੁਭਾਾਵਿਕ ਹੈ,ਕਿਉਂਕਿ ਚੋਣ ਪਰਕਿਰਿਆ ਨੂੰ ਪੂਰਾ ਕਰਨ ਲਈ ਜਿਸਤਰਾਂ ਦੇ ਹਾਲਾਤ ਹਕੂਮਤਾਂ ਵੱਲੋਂ ਬਣਾਏ ਹੋਏ ਹਨ,ਜਿਸਤਰਾਂ ਦੀਆਂ ਧੜੇਬੰਦੀਆਂ ਪੈਦਾ ਕੀਤੀਆਂ ਹੋਈਆਂ ਹਨ,ਉਹਨਾਂ ਵਿੱਚ ਕੌਮੀ ਜਜ਼ਬੇ ਵੀ ਪਛੜਕੇ ਰਹਿ ਜਾਂਦੇ ਹਨ। ਇੱਕ ਜੂਨ ਸਿੱਖਾਂ ਲਈ ਬੇਹੱਦ ਹੀ ਮਾੜਾ ਦਿਨ ਹੈ ਅਤੇ ਹਮੇਸਾਂ ਰਹੇਗਾ।ਜੂਨ ਦਾ ਇਹ ਪਹਿਲਾ ਹਫਤਾ ਸਿੱਖਾਂ ਲਈ ਜਿੱਥੇ ਆਪਣੇ ਸਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਸਮਾ ਹੁੰਦਾ ਹੈ,ਓਥੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਅਹਿਦ ਕਰਨ ਦਾ ਵੀ ਢੁਕਵਾਂ ਸਮਾ ਹੁੰਦਾ ਹੈ ਅਤੇ ਪਿਛਲੇ 40 ਸਾਲਾਂ ਦੌਰਾਨ ਹੋਏ ਕੌੜੇ ਤੁਜੱਰਬਿਆਂ ਨੂੰ ਪੜਚੋਲਣ ਦਾ ਸਮਾ ਵੀ ਹੁੰਦਾ ਹੈ,ਜਦੋ ਸਿੱਖ ਬੁੱਧੀਜੀਵੀ ਹਫਤਾ ਭਰ ਲਹੂ ਦੇ ਅੱਥਰੂ ਡੋਲਵੀਆਂ ਲਿਖਤਾਂ ਨਾਲ ਉਸ ਦੌਰ ਦੀ ਗਾਥਾ ਬਿਆਨ ਕਰਦੇ ਹਨ।ਇਹ ਸਮਾ ਭਾਂਵੇਂ ਹਕੂਮਤਾਂ ਵੱਲੋਂ ਕੀਤੇ ਜੁਲਮਾਂ ਦੀ ਦਾਸਤਾਨ ਨੂੰ ਯਾਦ ਦਿਲਾਉਣ ਵਾਲਾ ਹੁੰਦਾ ਹੈ,ਪਰ ਇਸ ਦੇ ਨਾਲ ਹੀ ਇਹ ਸਮਾ ਸਿੱਖ ਕੌਂਮ ਦੀ ਨਵੀ ਪੀੜੀ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਤੋ ਜਾਣੂ ਕਰਵਾਉਣ ਦਾ ਸਮਾ ਵੀ ਹੁੰਦਾ ਹੈ।ਸੁਹਿਰਦ ਸਿੱਖ ਬੁੱਧੀਜੀਵੀਆਂ ਵੱਲੋਂ ਆਏ  ਸਾਲ ਜੂਨ ਚੁਰਾਸੀ ਦੇ ਹਕੂਮਤੀ ਜਬਰ ਦੀ ਗਾਥਾ ਸਿੱਖਾਂ ਦੀ ਨਵੀਂ ਨਸਲ ਦੇ ਮਨਾਂ ਵਿੱਚ ਉਤਾਰਨ ਦੇ ਯਤਨ ਹੁੰਦੇ ਹਨ।ਆਪਣੇ ਪੁਰਖਿਆਂ ਦੀਆਂ  ਮਹਾਂਨ ਅਤੇ ਅਲੌਕਿਕ ਕਹਾਣੀਆਂ ਖੁਆਰ ਹੋ ਰਹੀ ਕੌਂਮ ਨੂੰ ਨਵਾਂ ਉਤਸ਼ਾਹ ਬਖਸ਼ਦੀਆਂ ਹਨ। ਇਸ ਵਾਰ ਵੋਟਾਂ ਦੇ ਨਸ਼ੇ ਵਿੱਚ ਗਲੇ ਤੱਕ ਲਹਿ ਚੁੱਕੇ ਸਿੱਖਾਂ ਨੂੰ ਇਹ ਕਦੇ ਵੀ ਨਹੀ ਸੀ ਵਿਸਾਰਨਾ ਚਾਹੀਦਾ ਕਿ ਭਾਰਤੀ ਸਿਸਟਮ ਨੇ ਜੂਨ ਦੇ ਇਸ ਹਫਤੇ ਦੌਰਾਨ ਸਿੱਖ ਕੌਂਮ ਨੂੰ ਕਿਹੋ ਜਿਹੇ ਜਖਮ ਦਿੱਤੇ ਸਨ,ਜਿੰਨਾਂ ਦੀ ਟੀਸ ਇੱਕ ਜੂਨ ਨੂੰ ਹਰ ਉਸ ਸਿੱਖ ਹਿਰਦੇ ਵਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ,ਜਿੰਨਾਂ ਦੇ ਖੂਨ ਵਿੱਚ ਰੱਤੀ ਭਰ ਵੀ ਗੈਰਤ ਦਾ ਮਾਦਾ ਸੰਚਾਰ ਕਰ ਰਿਹਾ ਹੈ। ਇਹ ਸਮਾ ਬਹੁਤ ਸਾਰੀਆਂ ਉਹ ਯਾਦਾਂ ਵੀ ਤਾਜਾ ਕਰ ਦਿੰਦਾ ਹੈ,ਜਦੋਂ ਇਸ ਕਹਿਰ ਦਾ ਬਦਲਾ ਲੈਣ ਲਈ ਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਦੇ ਅੰਗ ਰੱਖਿਅਕਾਂ ਦੇ ਖੂਨ ਨੇ ਉਬਾਲ਼ਾ ਖਾਧਾ ਤੇ ਇੱਕ ਅਜਿਹਾ ਇਤਿਹਾਸ  ਦੁਹਰਾ ਦਿੱਤਾ ਜਿਸ ਨੇ ਸਿੱਖਾਂ ਦੇ ਬਲੂੰਧਰੇ ਹਿਰਦਿਆਂ ਨੂੰ ਕੁੱਝ ਹੱਦ ਤੱਕ ਸਕੂਨ ਦਿੱਤਾ ਸੀ।ਹੁਣ ਜਦੋ ਫਿਰ ਇਹ ਖੂਨੀ ਹਫਤਾ ਆ ਗਿਆ ਹੈ,ਤਾਂ ਇਸ ਵਾਰ ਸਿੱਖ ਮਨਾਂ ਚ ਇਹ ਟੀਸ ਹੋਰ ਵੀ ਸਿੱਦਤ ਨਾਲ ਮਹਿਸੂਸ ਕੀਤੀ ਜਾਣੀ ਬਣਦੀ ਹੈ ਅਤੇ ਸੋਚਿਆ ਜਾਣਾ ਬਣਦਾ ਹੈ ਕਿ ਕਿਵੇਂ ਸਿਸਟਮ ਸਿੱਖ ਹਿਰਦਿਆਂ ਚੋ ਘੱਲੂਘਾਰੇ ਦੀ ਯਾਦ ਨੂੰ ਮਿਟਾਉਣ ਦੀਆਂ ਅਸਫਲ ਕੋਸ਼ਿਸ਼ਾਂ ਕਰ ਰਿਹਾ ਹੈ।
ਬਘੇਲ ਸਿੰਘ ਧਾਲੀਵਾਲ
99142-58142