ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ 'ਤੇ ਵਿਸ਼ੇਸ਼ -  ਨਵਨੀਤ ਅਨਾਇਤਪੁਰੀ

ਖੁਦਕੁਸ਼ੀਆਂ ਨੂੰ ਕਰੋ ਨਾਂਹ, ਜ਼ਿੰਦਗੀ ਦੀ ਫੜ੍ਹੋ ਬਾਂਹ

ਵਿਸ਼ਵ ਖੁਦਕੁਸ਼ੀ ਰੋਕਥਾਮ ਦਿਵਸ ਹਰ ਸਾਲ 10 ਸਤੰਬਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਨਸ਼ਨ (IFSP) ਦੁਆਰਾ ਆਯੋਜਿਤ ਕੀਤਾ ਜਾਂਦਾ ਹੈ । ਇਸ ਦਿਵਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਜਾਗਰੂਕਤਾ ਲੈ ਕੇ ਆਉਣਾ ਹੈ ਕਿ ਕਿਵੇਂ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਹੈ । ਖੁਦਕੁਸ਼ੀਆਂ ਨੂੰ ਰੋਕਣਾ ਪੂਰੇ ਸੰਸਾਰ ਲਈ ਇੱਕ ਬਹੁਤ ਵੱਡਾ ਚੈਲੇਂਜ਼ ਹੈ । ਕਿਉਂਕਿ ਖੁਦਕੁਸ਼ੀ ਸੰਸਾਰ ਦੇ ਸਾਰੀ ਉਮਰ ਦੇ ਮੌਤਾਂ ਦੇ ਸਭ ਤੋਂ ਵੀਹ ਵੱਡੇ ਕਾਰਨਾਂ ਵਿੱਚ ਸ਼ਾਮਿਲ ਹੈ । ਹਰ 40 ਸੈਕਿੰਡ ਵਿੱਚ ਇੱਕ ਮੌਤ ਖੁਦਕੁਸ਼ੀ ਰਾਹੀਂ ਹੋ ਰਹੀ ਹੈ । ਖੁਦਕੁਸ਼ੀ ਕਰਨ ਵਾਲੇ ਇਨਸਾਨ ਦੇ ਪਰਿਵਾਰ ਦੇ ਜੀਅ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ । ਇਕ ਅੰਦਾਜ਼ੇ ਮੁਤਾਬਿਕ ਇੱਕ ਖੁਦਕੁਸ਼ੀ ਨਾਲ 135 ਲੋਕ ਸਿੱਧੇ ਤੇ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਹਨ ।
ਵੱਖ-ਵੱਖ ਦੇਸ਼ਾਂ ਵਿਚ ਖੁਦਕੁਸ਼ੀਆਂ ਦੇ ਵੱਖੋ ਵੱਖਰੇ ਕਾਰਨ ਹਨ ਪਰ ਭਾਰਤ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਆਮ ਦੇਖਣ ਨੂੰ ਮਿਲ ਰਹੀਆਂ ਹਨ ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਲਗਭਗ ਹਰ ਰੋਜ਼ ਕਿਸਾਨਾਂ ਵਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੀਆਂ ਮਾੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਭਾਂਵੇਂ ਪੰਜਾਬ ਵਿੱਚ ਖੁਦਕੁਸ਼ੀਆਂ ਦੇ ਕਈ ਕਾਰਨ ਨਸ਼ਾ, ਕਰਜ਼ਾ, ਮਾਨਸਿਕ ਤਣਾਅ, ਬਿਮਾਰੀਆਂ ਆਦਿ ਵੀ ਹਨ । ਪਰ ਹੁਣ ਇਹ ਵਰਤਾਰਾ ਕਿਸਾਨ ਦੀ ਆਰਥਿਕ ਤੰਗੀ ਦੇ ਨਾਲ ਨਾਲ ਵਿਦਿਆਰਥੀਆਂ ਵਿੱਚ ਵੀ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਤੇ ਪਿਛਲੇ 10 ਸਾਲਾਂ ਦੌਰਾਨ ਤਕਰੀਬਨ 75000 ਵਿਦਿਆਰਥੀਆਂ ਵਲੋਂ ਆਪਣਾ ਜੀਵਨ ਆਪਣੇ ਹੱਥੀਂ ਹੀ ਖਤਮ ਕੀਤਾ ਗਿਆ । ਭਾਵ ਕਿ ਉਹ ਮਾਨਸਿਕ ਪੀੜ੍ਹਾ ਸਹਿਣ ਨਹੀਂ ਕਰ ਸਕੇ । ਸੋ ਖੁਦਕੁਸ਼ੀ ਦਾ ਇਕ ਮੁੱਖ ਕਾਰਨ ਮਾਨਸਿਕ ਤਣਾਅ ਨਾ ਝੱਲ ਸਕਣਾ ਹੀ ਹੈ । ਮਾਨਸਿਕ ਤਣਾਅ ਹੀ ਖੁਦਕੁਸ਼ੀ ਦੇ ਇਰਾਦੇ ਨੂੰ ਦ੍ਰਿੜ ਕਰਦਾ ਹੈ । ਖੁਦਕੁਸ਼ੀ ਕਰਨ ਵਾਲੇ ਵੀ ਆਪਣੀ ਜਾਨ ਲੈਣ ਦੀ ਕਈ ਵਾਰ ਕੋਸ਼ਿਸ਼ ਕਰਦੇ ਹਨ ਤੇ ਜਦੋਂ ਕੋਈ ਰਾਹ ਨੀ ਲੱਭਦਾ ਤਾਂ ਜੀਵਨ ਸਮਾਪਤ ਕਰ ਲੈਂਦੇ ਹਨ । ਵਿਸ਼ਵ ਸਿਹਤ ਸੰਗਠਨ ਅਨੁਸਾਰ ਖੁਦਕੁਸ਼ੀ ਰਾਹੀਂ ਇੱਕ ਮੌਤ ਪਿੱਛੇ 25 ਲੋਕਾਂ ਨੇ ਕੋਸ਼ਿਸ਼ ਕੀਤੀ ਸੀ । ਇਹ ਅਤਿਅੰਤ ਦਿਲ ਕੰਬਾਊ ਰੁਝਾਨ ਹੈ ।
ਖੁਦਕੁਸ਼ੀਆਂ ਦੀ ਰੋਕਥਾਮ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਆਪਣੀ ਮਾਨਸਿਕ ਸਿਹਤ ਠੀਕ ਰੱਖੀਏ । ਜੇਕਰ ਸਾਨੂੰ ਕੋਈ ਚਿੰਤਾ ਹੈ ਤਾਂ ਅਸੀਂ ਆਪਣੇ ਸਨੇਹੀਆਂ ਨਾਲ ਉਸਨੂੰ ਸਾਂਝਾ ਕਰੀਏ ਤੇ ਫੇਰ ਉਸਦਾ ਹੱਲ ਲੱਭੀਏ । ਇੱਥੇ ਇਹ ਵੀ ਧਿਆਨਯੋਗ ਹੈ ਕਿ ਜੇਕਰ ਕੋਈ ਸਾਡਾ ਦੋਸਤ, ਮਿੱਤਰ ਆਪਣਾ ਦੁੱਖ,ਪ੍ਰੇਸ਼ਾਨੀ,ਚਿੰਤਾ ਸਾਡੇ ਨਾਲ ਸਾਂਝੀ ਕਰਦਾ ਹੈ ਤਾਂ ਅਸੀਂ ਉਸਦੀ ਗੱਲ ਧਿਆਨ ਨਾਲ ਸੁਣੀਏ ਤੇ ਹੱਲ ਕੱਢਣ ਵਿਚ ਉਸਦੀ ਪੂਰਨ ਮਦਦ ਕਰੀਏ । ਕਿਉਂਕਿ ਕਿਸੇ ਦਾ ਦਰਦ ਸੁਣਨਾ ਅਤੇ ਹੱਲਾਸ਼ੇਰੀ ਦੇਣਾ ਵੀ ਇਕ ਸੇਵਾ ਹੈ । ਇਸਤੋਂ ਇਲਾਵਾ ਸਾਨੂੰ ਆਪਣੇ ਪਰਿਵਾਰ ਨਾਲ ਵੀ ਪਿਆਰ ਬਣਾ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਪਰਿਵਾਰ ਰਲ ਕੇ ਵੱਡੇ ਤੋਂ ਵੱਡੇ ਮਸਲੇ ਹੱਲ ਕਰ ਸਕੇ । ਸਾਨੂੰ ਕਦੇ ਵੀ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਹ ਮੁਸ਼ਕਿਲਾਂ ਥੋੜ੍ਹੇ ਸਮੇਂ ਲਈ ਹੀ ਆਉਂਦੀਆਂ ਹਨ ਤੇ ਨਾਲ ਹੀ ਇਹ ਸਾਡੀ ਸਹਿਣ ਅਤੇ ਲੜ੍ਹਨ ਦੀ ਸਮਰੱਥਾ ਨੂੰ ਵਧਾਕੇ ਸਾਨੂੰ ਮਾਨਸਿਕ ਤੌਰ 'ਤੇ ਮਜ਼ਬੂਤ ਬਣਾਉਂਦੀਆਂ ਹਨ । ਅੱਜ ਦੇ ਮਹਿੰਗਾਈ ਦੇ ਦੌਰ ਵਿਚ ਸਾਨੂੰ ਵਿਖਾਵੇ ਤਿਆਗ ਕੇ ਸਾਦਗੀ ਅਪਣਾਉਣੀ ਚਾਹੀਦੀ ਹੈ ਤੇ ਆਪਣੀ ਚਾਦਰ ਦੇਖ ਕੇ ਹੀ ਪੈਰ ਪਸਾਰਨੇ ਚਾਹੀਦੇ ਹਨ । ਸਾਨੂੰ ਵਿਆਹਾਂ, ਭੋਗਾਂ ਆਦਿ ਤੇ ਫਜ਼ੂਲ ਖਰਚੀ ਤੋਂ ਬਚਣਾ ਚਾਹੀਦਾ ਹੈ । ਕਿਉਂਕਿ ਕਰਜ਼ ਵੀ ਮਾਨਸਿਕ ਤਣਾਅ ਦਾ ਵੱਡਾ ਕਾਰਨ ਹੈ । ਇਸ ਨਾਲ ਹੀ ਨਰੋਏ ਸਮਾਜ ਦੀ ਸਥਾਪਨਾ ਦੀ ਸ਼ੁਰੂਆਤ ਹੋ ਸਕਦੀ  ਹੈ । ਇਹ ਸਾਡੇ ਸਮਾਜ ਅਤੇ ਪਰਿਵਾਰ ਨੂੰ ਮਜ਼ਬੂਤ ਕਰਨ ਦਾ ਸਮਾਂ ਹੈ । ਰਲ ਮਿਲ ਕੇ ਹੰਭਲਾ ਮਾਰਨ ਨਾਲ ਹੀ ਖੁਦਕੁਸ਼ੀਆਂ ਦੇ ਵਰਤਾਰੇ ਨੂੰ ਠਲ੍ਹ ਪਾਈ ਜਾ ਸਕਦੀ ਹੈ ।ਪੰਜਾਬ ਨੂੰ ਇਸ ਖੁਦਕੁਸ਼ੀਆਂ ਦੇ ਚੱਕਰਵਿਊ 'ਚੋਂ ਕੱਢਣ ਲਈ ਸਮਾਜ ਨੂੰ ਇਕੱਠੇ ਮਿਲ ਕੇ ਕੰਮ ਕਰਨਾ ਹੀ ਪਵੇਗਾ ।ਆਓ ਫਿਰ ਤੋਂ ਉਸ ਹੱਸਦੇ ਵੱਸਦੇ ਪੰਜਾਬ ਦੀ ਨੀਂਹ ਰੱਖੀਏ ਤੇ ਉਮੀਦ ਜਗਾਈਏ, ਭਾਈਚਾਰਾ ਵਧਾਈਏ ।

'' ਖੁਦਕੁਸ਼ੀਆਂ ਨਹੀਂ ਕੋਈ ਰਾਹ, ਏਹਦਾ ਦਿੰਦਾਂ ਹਾਂ ਹੋਕਾ
ਇੰਝ ਨਾ ਹੋਵੇ, ਪੰਜ-ਆਬ 'ਚ ਸਾਹਾਂ ਦਾ ਪੈ ਜਾਵੇ ਸੋਕਾ
ਰਲ ਮਿਲ ਕੇ ਅਨਾਇਤਪੁਰੀ ਮਾਰੋ ਸਾਰੇ ਹੰਭਲਾ
ਦਰਦ ਵੰਡਣ ਤੇ ਹੱਲਾਸ਼ੇਰੀ ਦਾ ਇਹੀ ਹੈ ਮੌਕਾ ''

-  ਨਵਨੀਤ ਅਨਾਇਤਪੁਰੀ
9814509900