ਸ੍ਰੀ ਗੁਰੂ ਅਰਜਣ ਦੇਵ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਯਾਦ ਕਰਦਿਆਂ - ਬਘੇਲ ਸਿੰਘ "ਧਾਲੀਵਾਲ"

ਤੱਤੀਆਂ ਤਵੀਆਂ ਤੇ ਬੈਠਾ,ਹੱਸ ਤਸੀਹੇ ਜ਼ਰ ਗਿਆ ।
ਤਪਦੀਆਂ ਲੋਆਂ ਦਾ ਸ਼ੇਕ,ਦ੍ਰਿੜ੍ਹਤਾ ਤੋਂ ਹਰ ਗਿਆ ।
ਜ਼ੁਲਮ ਤੇ ਜ਼ਾਲਮ ਦਾ ਰਿਸ਼ਤਾ ਬੇਸ਼ੱਕ ਸਦੀਵੀਂ ਐ,
ਕਲਮ ਤੇ ਕੁਰਬਾਨੀ ਦੀ ਉਹ ਸਾਂਝ ਪੱਕੀ ਕਰ ਗਿਆ ।
ਤੱਤੀ ਤਵੀ,ਤੱਤਾ ਰੇਤਾ,ਦੇਗਾਂ ਚ ਉਬਾਲੇ ਖਾਕੇ,
ਕੌਮ ਲਈ ਸ਼ਹੀਦੀ ਪਹਿਲੀ ਨਾਮ ਅਪਣੇ ਕਰ ਗਿਆ ।
ਤਾਹੀਂਓਂ ਸਿਰ ਤਾਜ ਉਹਦੇ ਟਿਕਿਆ ਸ਼ਹੀਦੀਆਂ ਦਾ,
ਭਾਣੇ ਚ ਅਡੋਲ ਬੈਠਾ ਮੌਤ ਨੂੰ ਸੀ ਬ੍ਹਰ ਗਿਆ ।
ਸਿੱਖੀ ਦੇ ਬੂਟੇ ਨੂੰ ਐਸਾ ਸਿੰਜ ਗਿਆ ਖੂੰਨ ਨਾਲ,
ਕੱਟਿਆ ਬੱਢਿਆ ਵੀ ਜਿਹੜਾ ਫੈਲਿਆ ਤੇ ਫਲ ਗਿਆ ।
ਜੀਹਦੀ ਹਰ ਸ਼ਾਖ਼ ਵਿੱਚੋਂ ਅੱਜ ਵੀ ਹੈ ਖੂੰਨ ਚਿਉਂਦਾ,
ਪੱਤਾ,ਪੱਤਾ ਜੀਹਦਾ ਖੂੰਨੀ ਝੱਖੜਾਂ ਸੰਗ ਲੜ ਗਿਆ ।
ਐਸੀ ਗੁਰੂ ਪੰਜਵੇਂ ਨੇ ਸਿੱਖੀ ਚ ਪਿਰਤ ਪਾਈ,
ਇਤਿਹਾਸ ਕੁਰਬਾਨੀਆਂ ਦਾ ਕੌਮ ਦੇ ਨਾਮ ਕਰ ਗਿਆ ।