ਅਰਜਨ ਗੁਰੂ  -  (ਨਿਰਮਲ ਸਿੰਘ ਕੰਧਾਲਵੀ)

 ਹੈ ਸ਼ਾਂਤੀ ਦਾ ਅਵਤਾਰ, ਮਿਰਾ ਅਰਜਨ ਗੁਰੂ,

ਹੈ ਸੱਚ ਦਾ ਪਹਿਰੇਦਾਰ, ਮਿਰਾ ਅਰਜਨ ਗੁਰੂ,

ਤਵੀ ਤੱਤੀ, ਰੇਤ ਤੱਤੀ, ਦੇਗ਼ਾ ਉਬਾਲ਼ੇ ਮਾਰਦਾ,

ਐਪਰ ਸੀ ਠੰਡਾ- ਠਾਰ, ਮੇਰਾ ਅਰਜਨ ਗੁਰੂ।

ਸੂਰਜ ਤਪੇਂਦਾ ਜੇਠ ਦਾ, ਹਰ ਸ਼ੈਅ ਨੂੰ ਸਾੜਦਾ,

ਹਿਮਾਲਾ ਦੀ ਗੰਗਧਾਰ, ਮਿਰਾ ਅਰਜਨ ਗੁਰੂ।

ਨਿਰਬਲ ਨਿਤਾਣਿਆਂ ਨੂੰ, ਦੇਂਵਦਾ ਉਹ ਹੌਸਲਾ,

ਧੀਰਜ ਦਾ ਇਕ ਅੰਬਾਰ, ਮਿਰਾ ਅਰਜਨ ਗੁਰੂ।

ਲੋਕਾਈ ਦੀ ਪੀਵੇ ਪੀੜ, ਤੱਤੀ ਤਵੀ ‘ਤੇ ਬੈਠ ਕੇ,

ਹੈ ਦੁਖੀਆਂ ਦਾ ਗ਼ਮਖ਼ਾਰ, ਮਿਰਾ ਅਰਜਨ ਗੁਰੂ।

ਡਿੱਠਾ ਨਾ ਕਿਧਰੇ ਹੋਰ, ਹਰਿਮੰਦਰ ਜੋ ਸਾਜਿਆ,

ਉਹ ਐਸਾ ਇਮਾਰਤਕਾਰ, ਮਿਰਾ ਅਰਜਨ ਗੁਰੂ।

ਪਰੋਸ ਕੇ ਵਿਚ ਥਾਲ ਦੇ, ਮਨੁੱਖਤਾ ਨੂੰ ਦੇ ਗਿਆ,

ਸੱਤ, ਸੰਤੋਖ ਅਤੇ ਵੀਚਾਰ, ਮਿਰਾ ਅਰਜਨ ਗੁਰੂ।

ਸਿਰੜ, ਸਿਦਕ, ਸਦਾਕਤ ਦਾ ਹੈ ਉਹ ਮੁਜੱਸਮਾ,

ਬਾਣੀ ਦਾ ਸ਼ਾਹ- ਸਵਾਰ, ਮਿਰਾ ਅਰਜਨ ਗੁਰੂ।

ਇਕੋ ਖੁਦਾ ਦਾ ਨੂਰ, ਸਭਨਾਂ ਵਿਚ ਉਹ ਦੇਖਦਾ,

ਹੈ ਯਾਰ ਮੀਆਂ ਮੀਰ ਦਾ, ਮਿਰਾ ਅਰਜਨ ਗੁਰੂ।

ਕੋਹੜੀਆਂ ਦੇ ਬੰਨ੍ਹੇ ਪੱਟੀਆਂ, ਉਹ ਹੱਥੀਂ ਆਪਣੀਂ,

ਹੈ ਦੂਖ ਨਿਵਾਰਣਹਾਰ, ਮਿਰਾ ਅਰਜਨ ਗੁਰੂ।

ਹੈ ਜ਼ਾਲਮਾਂ ਨੂੰ ਬਖ਼ਸ਼ਦਾ, ਮੰਗਦਾ ਸਭ ਦਾ ਭਲਾ,

ਹੈ ਸਭ ਨੂੰ ਬਖ਼ਸ਼ਣਹਾਰ, ਮਿਰਾ ਅਰਜਨ ਗੁਰੂ।

ਐਸੀ ਨਾ ਦੇਖੀ ਇੰਤਹਾ, ਜ਼ੁਲਮ ਦੀ ਪਹਿਲਾਂ ਕਦੇ,

ਸ਼ਹੀਦਾਂ ਦਾ ਸਿਰਤਾਜ ਤਾਂਹੀਂ, ਮਿਰਾ ਅਰਜਨ ਗੁਰੂ।