ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ

20 Oct. 2018

'   ਢੀਂਡਸਾ ਨੂੰ ਅਕਾਲੀ ਦਲ 'ਚ ਵਾਪਿਸ ਲਿਆਉਣ ਦੇ ਯਤਨ ਅਸਫ਼ਲ - ਇਕ ਖ਼ਬਰ
'  ਹਾਜੀ ਲੋਕ ਮੱਕੇ ਵਲ ਜਾਂਦੇ, ਅਸਾਂ ਜਾਣਾ ਤਖ਼ਤ ਹਜ਼ਾਰੇ।

'   ਕੈਪਟਨ ਸਰਕਾਰ ਵੀ ਨਿੱਜੀ ਬਿਜਲੀ ਕੰਪਨੀਆਂ ਨਾਲ਼ ਰਲ਼ੀ - ਹਰਪਾਲ ਚੀਮਾ
'  ਬੂਰੀ ਮੱਝ ਨੂੰ ਥਾਪੀਆਂ ਦੇਵੇ, ਪਤਲੋ ਦੇ ਹੱਥ ਗੜਵਾ।

'  ਬ੍ਰੈਗਜ਼ਿੱਟ ਮਾਮਲੇ 'ਤੇ ਪ੍ਰੀਤੀ ਪਟੇਲ ਵੀ ਟਰੀਜ਼ਾ ਮੇਅ ਦੇ ਵਿਰੋਧੀਆਂ ਨਾਲ ਜੁੜੀ - ਇਕ ਖ਼ਬਰ
'  ਲਾ ਕੇ ਦੋਸਤੀਆਂ, ਪਾ ਗਈ ਚੁੱਲ੍ਹੇ ਵਿਚ ਪਾਣੀ।

'   ਬਾਦਲਾਂ ਨੇ 'ਆਪਣਿਆਂ' ਨਾਲ਼ ਗੁਪਤ ਮੀਟਿੰਗ ਕੀਤੀ - ਇਕ ਖ਼ਬਰ
'  ਜਿਗਰੀ ਯਾਰ ਬਿਨਾਂ, ਕੌਣ ਦਿਲਾਂ ਦਾ ਜਾਨੀ।

'   ਮੋਦੀ ਨੇ ਤੇਲ ਉਤਪਾਦਕਾਂ ਤੋਂ ਰਾਹਤ ਮੰਗੀ - ਇਕ ਖ਼ਬਰ
'  ਮਈਆ ਜੀ ਤੇਰੇ ਦਰ 'ਤੇ ਮੈਂ, ਬਣ ਕੇ ਸਵਾਲੀ ਆਇਆ।

'   ਰਾਫ਼ਾਲ ਸੌਦੇ 'ਤੇ ਸ਼ੱਤਰੂਘਨ ਸਿਨਹਾ ਨੇ ਆਪਣੀ ਸਰਕਾਰ ਘੇਰੀ- ਇਕ ਖ਼ਬਰ
'  ਤੇਰੀ ਤੋੜ ਕੇ ਛੱਡਾਂਗੇ ਗਾਨੀ, ਨੀਂ ਸੋਨੇ ਦੇ ਤਵੀਤ ਵਾਲੀਏ।

'   ਗੁਜਰਾਤ ਵਿਚ ਔਰਤ ਨੇ ਗ਼ਰੀਬੀ ਦੁਖੋਂ ਪੰਜ ਬੱਚਿਆਂ ਸਮੇਤ ਖੂਹ ਵਿਚ ਛਾਲ਼ ਮਾਰੀ।
'  ਅੱਛੇ ਦਿਨਾਂ ਦੀ ਸ਼ੁਰੂਆਤ 'ਆਪਣੇ' ਘਰੋਂ ਹੀ।

'   ਭਗਤ ਸਿੰਘ ਦਾ ਜਨਮ ਦਿਹਾੜਾ ਮਨਾਉਣ ਕਾਰਨ ਐਮ.ਏ. ਦੀ ਵਿਦਿਆਰਥਣ ਮੁਅੱਤਲ - ਇਕ ਖ਼ਬਰ
'  ਇਸ਼ਕ ਦੇ ਸਾਦਿਕਾਂ ਤਾਲਬਾਂ ਨੂੰ, ਜਾਹਿਲ ਆਖਦੇ ਮਰਜ਼ ਜਨੂੰਨ ਦੀ ਏ।

'   ਭਾਰਤ ਦੀ ਮੰਡੀ 'ਤੇ ਕਬਜ਼ਾ ਕਰ ਰਿਹੈ ਅਮਰੀਕਾ - ਮੰਗਤ ਰਾਮ ਪਾਸਲਾ
'  ਸਾਉਣ ਮਹੀਨੇ ਲੁੱਟਦੇ ਬਾਣੀਏਂ, ਨਵੀਆਂ ਹੱਟੀਆਂ ਪਾ ਕੇ।

'   ਬਰਗਾੜੀ ਮੋਰਚੇ ਵਲ ਵਧਣ ਲੱਗੇ ਬਾਗ਼ੀ ਅਕਾਲੀ ਆਗੂ - ਇਕ ਖ਼ਬਰ
'  ਅਸਾਂ ਯਾਰ ਨੂੰ ਮਿਲਣ ਚੰਨਾ ਜਾਣਾ, ਓਹਲੇ ਹੋ ਜਾ ਬੱਦਲਾਂ ਦੇ।

'   ਕੈਪਟਨ ਸਰਕਾਰ ਖ਼ਿਲਾਫ਼ ਗਵਰਨਰ ਨੂੰ ਮਿਲਿਆ ਅਕਾਲੀ-ਭਾਜਪਾ ਵਫਦ - ਇਕ ਖ਼ਬਰ
'  ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਵੇਦਨ ਭਾਰੀ ਜੀ।

'  ਮਾਝੇ ਦੇ ਨਿਰਾਸ਼ ਅਕਾਲੀ ਆਗੂਆਂ ਦੇ ਕਾਫ਼ਲੇ ' ਚ ਵਾਧਾ - ਇਕ ਖ਼ਬਰ
'  ਛੱਡ ਮਿੱਤਰਾ ਫੁਲਕਾਰੀ, ਹਾਕਾਂ ਘਰ ਵੱਜੀਆਂ।

'   ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਅਸਤੀਫ਼ਾ - ਇਕ ਖ਼ਬਰ
'  ਚਿੱਠੀ ਆ ਗਈ ਜ਼ੋਰਾਵਰ ਦੀ, ਛੁੱਟਿਆ ਤ੍ਰਿੰਞਣਾ ਦਾ ਕੱਤਣਾ।

'   ਹੁਣ ਪੰਜਾਬੀਆਂ ਨੂੰ ਚੰਡੀਗੜ੍ਹ 'ਚੋਂ ਰੁਜ਼ਗਾਰ ਦੇ ਮੌਕਿਆਂ ਤੋਂ ਲਾਂਭੇ ਕਰਨ ਦੀ ਤਿਆਰੀ-ਇਕ ਖ਼ਬਰ
'  ਮੁਗ਼ਲਾਂ ਨੇ ਤੇਰਾ ਸਭ ਕੁਝ ਲੁੱਟਿਆ, ਓਏ ਵੱਡਿਆ ਬਹਾਦਰਾ।

'   ਬਰਗਾੜੀ ਮੋਰਚਾ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗਾ - ਬੀਰਦਵਿੰਦਰ ਸਿੰਘ
'  ਵਾਰਸ ਸ਼ਾਹ ਮੀਆਂ ਇਹਨਾਂ ਆਸ਼ਕਾਂ ਨੂੰ, ਫਿਕਰ ਜ਼ਰਾ ਨਾ ਜਿੰਦ ਗਵਾਵਣੇ ਦਾ।