ਕੀ ਕੁਝ ਲੋਕ ਐਡੇ ਵੱਡੇ ਮਹਾਨ ਵੀ ਹੋ ਸਕਦੇ ਹਨ? - ਸਿਡਨੀ ਤੋਂ ਮਨਮੋਹਨ ਸਿੰਘ ਖੇੇਲਾ

ਜਿਹੜੇ ਕਹਿਣ ਮੇਰੀ ਛੁਪੇ ਰਹਿਣ ਦੀ ਚਾਹ ਮੈਂ ਨੀਵਾਂ ਉਗਿਆ।
ਆਪਣੇ ਬਜੁਰਗਾਂ ਵਲੋਂ ਕਹੇ ਹੋਏ ਲਫਜਾਂ ਨੂੰ ਯਾਦ ਰੱਖਦਿਆਂ, "ਬੱਚਿਓ, ਜੋ ਮਰਜੀ ਬਣ ਜਾਇਓ ਪਰ ਪਿੰਡੇ 'ਤੇ ਹੰਢਾਈ ਹੋਈ ਗਰੀਬੀ ਨੂੰ ਕਦੇ ਨਾ ਭੁੱਲਿਓ!" ਇਹ ਜ਼ਿਹਨ ਵਿੱਚ ਵਸਿਆ ਹੋਇਆ ਸੀ ਪਰ ਅਸੀਂ ਤਾਂ ਹੈ ਹੀ ਗਰੀਬ ਸਾਂ 'ਤੇ ਗਰੀਬੀ 'ਚੋਂ ਹੀ ਨਿਕਲੇ ਸਾਂ! ਏਸੇ ਕਰਕੇ ਹੀ ਆਏ ਸਾਂ ਆਸਟ੍ਰੇਲੀਆ ਕਿ ਗਰੀਬ ਦੀ ਮਦਤ ਕਰਾਂਗੇ, ਨਾਲ ਹੀ ਆਪਣੀ ਗਰੀਬੀ ਵੀ ਦੂਰ ਕਰਾਂਗੇ। ਪਹਿਲਾਂ ਪਹਿਲ ਦਿਲ ਵਿੱਚ ਬੜਾ ਹੀ ਚਾਅ ਸੀ ਵਿਦੇਸ਼ ਜਾ ਕੇ ਉਸ ਨੂੰ ਵੇਖਣ ਦਾ ਜੋ ਕਿ ਪਹਿਲਾਂ ਪਹਿਲ ਵੱਧੀਆ ਵੀ ਲੱਗਣ ਲੱਗਾ ਕਿ ਹੁਣ ਸਾਡੀ ਗਰੀਬੀ ਦੂਰ ਹੋ ਜਾਵੇਗੀ।ਜਦੋਂ ਆ ਕੇ ਕੁਝ ਦੇਰ ਬਾਅਦ ਸਿਸਟਮ ਅਤੇ ਆਪਣੇ ਭਾਈਚਾਰੇ ਦਾ ਵਰਤਾਰਾ ਵੇਖਿਆ ਓਦੋਂ ਦਿਲ ਉਚਾਟ ਹੋ ਗਿਆ ਅਤੇ ਹੌਲੀ ਹੌਲੀ ਬਾਹਰ ਆਉਣ ਦਾ ਚਾਅ ਜਿਹਾ ਵੀ ਲਹਿ ਗਿਆ।ਏਥੇ ਜਦੋਂ ਕੰਮਾਂ ਕਾਰਾਂ ਦੀ ਭੱਜ ਦੌੜ ਵੇਖੀ ਕੋਈ ਦੁਪਹਿਰੇ, ਕੋਈ ਸਵੇਰੇ, ਕੋਈ ਸ਼ਾਮੀ, ਕੋਈ ਰਾਤ ਨੂੰ ਆਪਣੇ ਕੰਮ ਲਈ ਦੌੜ ਰਿਹਾ ਸੀ। ਆਪਣੇ ਪਰਵਾਰਕ ਮੈਂਬਰ ਵੀ ਕਈ ਕਈ ਦਿਨ ਆਪਸ ਵਿੱਚ ਮਿਲਦੇ ਨਜਰ ਨਾ ਆਉਣੇ। ਦੂਜੇ ਪਾਸੇ ਵਿਹਲੇ ਬੰਦੇ ਦਾ ਇਕਲਿਆਂ ਘਰ 'ਚ ਰਹਿਣਾ। ਤੀਜੇ ਏਥੋਂ ਦੇ ਕਲਚਰ ਦਾ ਵਖਰੇਵਾਂ ਅਤੇ ਚੌਥੇੇ ਏਥੋਂ ਦੀ ਬੋਲੀ ਦਾ ਵਖਰੇਵਾਂ ਆਦਿ ਹੋਰ ਵੀ ਉਦਾਸੀ ਦਾ ਕਾਰਨ ਬਣਨ ਲੱਗੇ।
ਇਕ ਦਿਨ ਜਦੋਂ ਵੱਡੇ ਬੇਟੇ ਨੂੰ ਛੁੱਟੀ ਸੀ। ਗਲੈਨਵੁੱਡ (ਪਾਰਕਲੀ) ਜਦੋਂ ਗੁਰਦੁਆਰਾ ਸਾਹਿਬ ਆਏ। ਆਪਣਾ ਭਾਈਚਾਰਾ ਵੇਖ ਕੇ ਬਹੁਤ ਹੀ ਵਧੀਆ ਲਗਿਆ। ਓਦੋਂ ਦਿਲ ਨੂੰ ਢਾਰਸ ਬੱਝੀ ਅਤੇ ਕੁਝ ਕੁ ਸਕੂਨ ਵੀ ਮਿਲਿਆ ਕਿ ਸਾਡੇ ਆਪਣੇ ਵਰਗੇ ਹੋਰ ਵੀ ਏਥੇ ਹਨ। ਜਦੋਂ ਇਹਨਾਂ ਆਪਣਿਆਂ ਵਿੱਚ ਘੁਲ ਮਿਲ ਕੇ ਵਿਚਰੇ ਤਾਂ ਏਥੇ ਵੀ ਇੱਕ ਦੂਜੇ ਪ੍ਰਤੀ ਨਫ਼ਰਤ, ਚੁਗਲੀ, ਸਾੜਾ, ਇਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਆਪਣੇ ਆਪ ਨੂੰ ਨਾਢੂ ਖਾਂ ਕਹਾਉਣਾ। ਆਪਣੀ ਵਡਿਆਈ ਕਰਵਾਉਣੀ ਆਦਿ ਵੇਖ ਕੇ ਦਿਲ ਪਛਤਾਉਣ ਲੱਗਾ ਕਿ ਅਸੀਂ ਏਥੇ ਕਿਉਂ ਆ ਗਏ ਹਾਂ?
ਕਿਸੇ ਹੋਰ ਦਿਨ ਦੁਬਾਰਾ ਗੁਰਦੁਆਰਾ ਸਾਹਿਬ ਸਿੱਖ ਸੈਨਟਰ ਗਲੈਨਵੁੱਡ ਵਿਖੇ, ਸਾਲ ੨੦੦੪ ਵਿੱਚ ਨਵਾਂ ਸ਼ਹਿਰ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਤੋਂ, ਸਿਡਨੀ ਦੇ ਗੁਰਦੁਆਰਾ ਸਾਹਿਬ ਗਲੈਨਵੁੱਡ ਵਿਖੇ, ਕੀਰਤਨ ਕਰਨ ਆਏ ਜਥੇ ਨੂੰ ਮਿਲਣ ਗਏ ਸਾਂ। ਉਹਨਾਂ ਵਿੱਚ ਗਿਆਨੀ ਜਸਵਿੰਦਰ ਸਿੰਘ ਜੀ, ਪਿਛਿਓਂ ਪਿੰਡ ਸੋਅਤਾ ਅਸਮਾਨਪੁਰ ਤੋਂ, ਗਿਆਨੀ ਇਕਬਾਲ ਸਿੰਘ ਜੀ ਹਾਰਟਾ ਵਡਾਲਾ ਤੋਂ ਅਤੇ ਤਬਲਾ ਵਾਦਕ ਭਾਈ ਸਤਪਾਲ ਸਿੰਘ ਜੀ ਸਵਾਜਪੁਰ ਤੋਂ, ਸਾਡੇ ਨੇੜੇ ਦੇ ਪਿੰਡਾਂ ਤੋਂ ਸਨ।
ਏਥੇ ਇਹਨਾਂ ਕੋਲ ਹੀ ਸਬੱਬੀਂ ਮੇਰਾ ਮੇਲ, ਮਿਲਾਪੜੇ ਸੁਭਾਅ ਦੇ ਮਾਲਕ, ਗਿਆਨੀ ਸੰਤੋਖ ਸਿੰਘ ਜੀ ਨਾਲ ਵੀ ਹੋਇਆ। ਜਦੋਂ ਮੈਂ ਉਹਨਾਂ ਨੂੰ ਮਿਲਿਆ ਅਤੇ ਆਪਣੇ ਬਾਰੇ ਦੱਸਿਆ ਕਿ ਅਸੀਂ ਆਸਟ੍ਰੇਲੀਆ ਆਉਣ ਵਾਲੀ ਬਹੁਤ ਵੱਡੀ ਗਲਤੀ ਕਰ ਲਈ ਹੈ। ਪੰਜਾਬ ਵਿੱਚ ਹੀ ਠੀਕ ਸਾਂ। ਭਾਵੇਂ ਕਿ ਅਸੀਂ ਓਥੇ ਮਾਇਕ ਪਖੋਂ ਕਾਫੀ ਪਛੜੇ ਹੋਏ ਸਾਂ ਪਰ ਇਸ ਦੇ ਬਾਵਜੂਦ ਬਜ਼ੁਰਗਾਂ ਦੇ ਪਿਛੋਕੜ ਵੱਲੋਂ ਇਮਾਨਦਾਰ ਰਹਿ ਕੇ, ਹਰ ਕਿਸੇ ਨਾਲ ਪਿਆਰ ਭਰੀ ਭਾਵਨਾ ਨਾਲ ਮਿਲਵਰਤਣ ਰੱਖਣਾ ਅਤੇ ਨੀਵੇਂ ਰਹਿਣ ਦੀ ਗੁੜ੍ਹਤੀ ਦਿਤੀ ਹੋਣ ਕਰਕੇ, ਆਪਣੇ ਆਲੇ ਦੁਆਲੇ ਦੇ ਸਮਾਜ ਵਿੱਚ ਕਾਫੀ ਸਤਿਕਾਰ ਭਰੀ ਇੱਜਤ ਨਾਲ ਵਿਚਰਦੇ ਸਾਂ।
ਇਹ ਸਾਰਾ ਕੁਝ ਸੁਣ ਕੇ ਗਿਆਨੀ ਜੀ ਨੇ ਮੈਨੂੰ ਵੱਧੀਆ ਗੱਲ ਬਾਤ ਨਾਲ ਪਹਿਲੀ ਮਿਲਣੀ ਵਿੱਚ ਹੀ ਕਾਇਲ ਕਰ ਲਿਆ ਅਤੇ ਆਪਣੇ ਤਜਰਬੇ ਅਨੁਸਾਰ ਗੁਰਬਾਣੀ ਰਾਹੀਂ ਦਲੀਲਾਂ ਦੇ ਕੇ ਆਸਟ੍ਰੇਲੀਆ ਰਹਿਣ ਦੀ ਤਸਵੀਰ ਦਾ ਦੂਜਾ ਪਾਸਾ ਵੀ ਵਿਖਾ ਦਿੱਤਾ। ਉਸ ਦਿਨ ਤੋਂ ਜਿਵੇਂ ਜਿਵੇਂ ਗਿਆਨੀ ਜੀ ਹੋਰਾਂ ਨਾਲ ਨੇੜਤਾ ਹੁੰਦੀ ਗਈ, ਉਹਨਾਂ ਦੇ ਗਿਆਨ ਬਾਰੇ ਅਤੇ ਉਹਨਾਂ ਦੀ ਸਾਦਗੀ ਬਾਰੇ ਅਤੇ ਉਹਨਾਂ ਦੀਆਂ ਵਧੀਆ ਇਨਸਾਨੀ ਕਦਰਾਂ ਕੀਮਤਾਂ ਬਾਰੇ ਵੀ ਪਤਾ ਲੱਗਦਾ ਰਿਹਾ ਕਿ ਉਹ ਕਿਹੋ ਜਿਹੇ ਸੱਚੇ ਸੁੱਚੇ ਇਨਸਾਨ ਹਨ।
ਆਸਟ੍ਰੇਲੀਆ ਦੇ ਹਰੇਕ ਸ਼ਹਿਰ ਦਾ ਪੰਜਾਬੀ ਗਿਆਨੀ ਜੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਸਤਿਕਾਰ ਸਾਹਿਤ ਪਿਆਰ ਸਤਿਕਾਰ ਵੀ ਕਰਦਾ ਹੈ। ਗਿਆਨੀ ਜੀ ਸਿੱਖ ਇਤਿਹਾਸ ਦੀ ਚੱਲਦੀ ਫਿਰਦੀ ਡਿਕਸ਼ਨਰੀ ਹੀ ਨਹੀਂ ਸਗੋਂ ਸਫ਼ਲਤਾ ਦੀ ਕੁੰਜੀ ਵੀ ਕਹੇ ਜਾ ਸਕਦੇ ਹਨ, ਜਿਹੜੇ ਕਿ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ ਹਨ। ਸੰਸਾਰ ਵਿੱਚ ਸ਼ਾਇਦ ਹੀ ਕੋਈ ਧਾਰਮਿਕ ਪੰਜਾਬੀ ਸਿੱਖ ਹਸਤੀ ਹੋਵੇਗੀ ਜਿਹੜੀ ਇਹਨਾਂ ਨੂੰ ਨਾ ਜਾਣਦੀ ਹੋਵੇ! ਏਥੇ ਹੀ ਮੈਂ ਇਹਨਾਂ ਦੇ ਜੋ ਵਾਰਤਕ ਲੇਖ, ਏਥੋਂ ਦੀਆਂ ਸਾਰੀਆਂ ਲੋਕਲ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ, ਉਹਨਾਂ ਨੂੰ ਪੜ੍ਹ ਕੇ ਵੀ ਮੈਂ ਕਾਫੀ ਪ੍ਰਭਾਵਤ ਹੋਇਆ ਕਿਉਂਕਿ ਉਹਨਾਂ ਵਿੱਚੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਇਹਨਾਂ ਦੇ ਵਾਰਤਕ ਲੇਖਾਂ ਬਾਰੇ ਮੈਂ ਜਰੂਰ ਇਹਨਾਂ ਨੂੰ ਇੱਕ ਸੁਝਾਅ ਦਿੱਤਾ ਸੀ ਕਿ ਤੁਸੀਂ ਇਹਨਾਂ ਲੇਖਾਂ ਨੂੰ ਸਦੀਵੀ ਸਾਂਭਣ ਲਈ ਕਿਤਾਬੀ ਰੂਪ ਜਰੂਰ ਦਿਓ। ਉਸ ਵੇਲੇ ਜਰੂਰ ਇਹਨਾਂ ਨੇ ਹੈਰਾਨ ਹੋ ਕੇ ਕਿਹਾ ਸੀ, 'ਕੀ ਇਵੇਂ ਵੀ ਹੋ ਸਕਦਾ ਹੈ?" ਮੈਂ ਕਿਹਾ ਸੀ, "ਹਾਂ, ਗਿਆਨੀ ਜੀ ਇਵੇਂ ਹੋ ਸਕਦਾ ਹੈ। ਤੁਸੀਂ ਆਪਣੀਆਂ ਲਿਖਤਾਂ ਨੂੰ ਪ੍ਰਿੰਟ ਕਰਕੇ ਜਾਂ ਉਹਨਾਂ ਨੂੰ ਯੂ.ਐਸ.ਬੀ. ਵਿੱਚ ਸਟੋਰ ਕਰਕੇ, ਪੰਜਾਬ ਲਿਜਾ ਕੇ ਕਿਸੇ ਵੀ ਕਿਤਾਬਾਂ ਪ੍ਰਿੰਟ ਕਰਨ ਵਾਲੀ ਪ੍ਰਿਟਿੰਗ ਪ੍ਰੈਸ ਜਾ ਕੇ ਪ੍ਰਿੰਟ ਕਰਵਾ ਸਕਦੇ ਹੋ।"
ਉਸ ਦਿਨ ਤੋਂ ਗਿਆਨੀ ਜੀ ਨੇ ਇਹ ਗੱਲ ਪੱਲੇ ਬੰਨ੍ਹ ਲਈ। ਪਹਿਲੀ ਕਿਤਾਬ 'ਸੱਚੇ ਦਾ ਸੱਚਾ ਢੋਆ' ਛਪਵਾਉਣ ਤੋਂ ਬਾਅਦ, ਅੱਜ ਤੱਕ ਗਿਆਰਾਂ ਵੱਖੋ-ਵੱਖਰੀਆਂ ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾ ਦਿੱਤੀਆਂ ਹਨ। ਸਾਲ ੨੦੦੬ ਦੀ ਨਵੰਬਰ ਵਿੱਚ ਪਹਿਲੀ ਕਿਤਾਬ 'ਸੱਚੇ ਦਾ ਸੱਚਾ ਢੋਆ' ਛੇ ਐਡੀਸ਼ਨਾਂ ਵਿੱਚ ਸੱਤ ਹਜਾਰ ਕਾਪੀ ਵਿੱਚ ਛਪ ਚੁੱਕੀ ਹੈ ਜਿਸ ਤੋਂ ਪੰਜਾਬੀ ਸੱਥ ਲਾਂਬੜਾ ਗੋਲਡ ਮੈਡਲ ਵੀ ਪ੍ਰਾਪਤ ਹੋ ਚੁੱਕਿਆ ਹੈ।
(ਇਹ ਤਸਵੀਰ ਗਿ. ਸੰਤੋਖ ਸਿੰਘ ਜੀ ਦੀ ਹੈ ਅਤੇ ਉਹਨਾਂ ਬਾਰੇ ਹੀ ਹੈ ਇਹ ਲੇਖ)
ਗਿਆਨੀ ਜੀ ਆਮ ਸਾਧਾਰਨ ਕਿਸਾਨੀ ਸਿੱਖ ਪਰਵਾਰ ਵਿਚ ਰਹਿਣ ਵਾਲੇ ਮਾਤਾ ਜਸਵੰਤ ਕੌਰ ਜੀ ਅਤੇ ਪਿਤਾ ਭਾਈ ਗਿਆਨ ਸਿੰਘ ਜੀ ਦੇ ਘਰ, ਸਾਲ ੧੯੪੩ ਨੂੰ ਪੈਦਾ ਹੋਏ। ਆਪਣੀ ਮੁੱਢਲੀ ਸਿਖਿਆ ਪ੍ਰਾਪਤ ਕਰਨ ਲਈ ਆਪਣੇ ਪਿੰਡ ਦੇ ਨੇੜਲੇ ਪਿੰਡ ਉਦੋ ਨੰਗਲ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਦੇ ਸਖਤ ਸੁਭਾਓ ਵਾਲੇ ਰਵਈਏ ਨੂੰ ਪਸੰਦ ਨਾ ਕਰਦੇ ਹੋਏ ਕੁਝ ਕੁ ਦਿਨ ਹੀ ਸਕੂਲ ਗਏ ਤੇ ਪਹਿਲੀ ਜਮਾਤ ਵਿਚੋਂ ਹੀ ਘਰ ਨੂੰ ਮੁੜ ਆਏ। ੳ ਅ ਪਿੰਡ ਦੇ ਗੁਰਦੁਆਰੇ ਵਿਚ ਜਮੀਨ ਉਪਰ ਵਿਛੇ ਘੱਟੇ ਵਿਚ ਸੱਜੇ ਹੱਥ ਦੀ ਉਂਗਲੀ ਨਾਲ ਲਿਖਣਾ ਸਿੱਖ ਲਿਆ। ਬਾਅਦ 'ਚ ਗਰਮੁਖੀ ਲਿੱਪੀ ਦੀ ਵਰਨਮਾਲਾ ਪਹਿਲੀ ਜਮਾਤ ਦੇ ਕਾਇਦੇ ਨੂੰ ਅਤੇ ਦੂਜੀ ਜਮਾਤ ਦੀ ਕਿਤਾਬ ਨੂੰ ਘਰੇ ਆਪਣੇ ਪਿਤਾ ਤੋਂ ਸਿੱਖ ਕੇ ਅਤੇ ਮੁਹਾਰਨੀ ਨੂੰ ਰੱਟਾ ਲਾ ਕੇ, ਛੇਤੀ ਹੀ ਪੰਜ ਗ੍ਰੰਥੀ, ਬਾਈ ਵਾਰਾਂ, ਭਗਤ ਬਾਣੀ ਅਤੇ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਵੀ ਸਿੱਖ ਲਿਆ।
ਸਾਲ ੧੯੫੫ ਵਿਚ, ਖਾਲਸਾ ਵਿਦਿਆਲਾ ਤਰਨ ਤਾਰਨ ਤੋਂ ਕੀਰਤਨ ਸਿੱਖਣ ਦੇ ਨਾਲ ਨਾਲ ਬਹੁਤਾ ਸਮਾ ਗੁਰਮੁਖੀ ਲਿਖਣੀ ਸਿਖਣ 'ਤੇ ਹੀ ਲਾਇਆ।ਇਸ ਦੇ ਨਾਲ ਹੀ ਭਗਤ ਬਾਣੀ ਦੇ ਅਰਥ ਪੜ੍ਹੇ ਅਤੇ ਵਿਦਿਆਲੇ ਦੀ ਲਾਇਬ੍ਰੇਰੀ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੁਆਰਾ ਧਾਰਮਿਕ ਅਤੇ ਰਾਜਨੀਤਕ ਸਾਹਿਤ ਤੋਂ ਇਲਾਵਾ ਸਿੱਖ ਰਾਜ ਦੇ ਇਤਿਹਾਸ ਸਬੰਧੀ ਵੀ ਕਈ ਕਿਤਾਬਾਂ ਪੜ੍ਹੀਆਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਮੇਟੀ ਵੱਲੋਂ ਚੱਲਦੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੀ ਸੰਗੀਤ ਕਲਾਸ ਦਾ ਕੋਰਸ ੧੯੫੮ ਤੋਂ ੧੯੬੦ ਤੱਕ ਪੂਰਾ ਕਰਕੇ, ਕਮੇਟੀ ਅਧੀਨ ਹੀ ਸੇਵਾ ਵਿਚ ਰਾਗੀ ਵਜੋਂ ਸ਼ਾਮਲ ਹੋ ਗਏ, ਜਿੱਥੇ ਇਹਨਾਂ ਦੀ ਯੋਗਤਾ ਅਨੁਸਾਰ, ਪ੍ਰਬੰਧਕਾਂ ਵੱਲੋਂ ੧੯੬੦ ਤੋਂ ਲੈ ਕੇ੧੯੭੩ ਤੱਕ, ਵੱਖ ਵੱਖ ਅਹੁਦਿਆਂ ਉਪਰ ਸੇਵਾਵਾਂ ਲਈਆਂ ਗਈਆਂ।
੧੯੬੬ ਵਿਚ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗਿਆਨੀ ਦਾ ਕੋਰਸ ਵੀ ਪਾਸ ਕੀਤਾ। ਅਫ਼੍ਰੀਕਾ ਵਿਚ ਰਹਿੰਦਿਆਂ ਲੰਡਨ ਦੇ ਆਈ.ਸੀ.ਐਸ. ਕਾਲਜ ਤੋਂ ਚਿੱਠੀ ਪੱਤਰ ਰਾਹੀਂ ਜਰਨਲਿਜਮ ਦੀ ਪੜ੍ਹਾਈ ਵੀ ਸ਼ੁਰੂ ਕੀਤੀ ਪਰ ਕੁਝ ਕਾਰਨਾਂ ਕਰਕੇ ਵਿਚੇ ਹੀ ਛੱਡ ਦਿਤੀ।
ਮਾਰਚ, ੧੯੭੩ ਵਿਚ ਬਿਨਾ ਤਨਖਾਹ ਤੋਂ ਇਕ ਸਾਲ ਦੀ ਛੁੱਟੀ ਲੈ ਕੇ, ਦੋ ਸਾਲ ਦੇ ਵਰਕਿੰਗ ਵੀਜ਼ੇ ਉਤੇ, ਅਫ਼੍ਰੀਕਾ ਦੇ ਛੋਟੇ ਜਿਹੇ ਮੁਲਕ ਮਲਾਵੀ ਵਿਖੇ ਗ੍ਰੰਥੀ ਵਜੋਂ ਸੇਵਾ ਨਿਭਾਉਣ ਲਈ ਪਹੁੰਚ ਗਏ। ਇਕ ਸਾਲ ਬਾਅਦ ਓਥੋਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸੇਵਾ ਤੋਂ ਆਪਣਾ ਅਸਤੀਫਾ ਭੇਜ ਦਿੱਤਾ।
ਮਲਾਵੀ, ਦੋ ਟਰਮਾਂ ਵਿਚ ਸਾਢੇ ਕੁ ਤਿੰਨ ਸਾਲ ਸੇਵਾ ਨਿਭਉਣ ਉਪ੍ਰੰਤ ਆਪਣੇ ਪਰਵਾਰ ਨੂੰ ਵਾਪਸ ਅੰਮ੍ਰਿਤਸਰ ਭੇਜ ਕੇ, ਆਪ ਜੀ ਨੇ ਪੱਲੇ ਖਰਚਾ ਬੰਨ੍ਹ ਕੇ, ਅਰਾਊਂਡ ਦਾ ਵਰਲਡ ਵੱਖੋ-ਵੱਖਰੇ ਦੇਸ਼ਾਂ ਦਾ ਚੱਕਰ ਲਾਉਣ ਲਈ ਚਾਲੇ ਪਾ ਲਏ। ਜਿਵੇਂ ਕਿ ਅਫ਼੍ਰੀਕਾ ਦੇ ਮੁਲਕ ਮਲਾਵੀ ਤੋਂ, ਕੀਨੀਆ, ਤਨਜਾਨੀਆਂ, ਮੁਜ਼ੰਬਿਕ, ਜਿੰਬਾਬਵੇ, ਬੋਟਸਵਾਨਾ, ਜੈਂਬੀਆ, ਸਾਊਥ ਅਫ਼੍ਰੀਕਾ, ਮਿਸਰ, ਇੰਗਲੈਂਡ, ਨੀਦਰ ਲੈਂਡ, ਦੋਵੇਂ ਜਰਮਨ, ਫਰਾਂਸ, ਸਪੇਨ, ਸਵਿਟਜ਼ਰਲੈਂਡ, ਪੋਲੈਂਡ, ਅਫਗਾਨਸਤਾਨ, ਪਾਕਿਸਤਾਨ, ਥਾਈਲੈਂਡ, ਮਲੇਸ਼ੀਆ, ਸਿੰਘਾਪੁਰ, ਹਾਂਗ ਕਾਂਗ, ਚੀਨ, ਨਿਊ ਕੈਲੇਡੋਰਨੀਆਂ, ਇੰਡੋਨੇਸ਼ੀਆ, ਨਿਊ ਜ਼ੀਲੈਂਡ, ਫਿਜੀ ਆਦਿ ਦੇਸ਼ਾਂ ਵਿਚ ਘੁੰਮਦਿਆਂ ਹੋਇਆਂ ਨੇ, ਦੁਨੀਆਂ ਦੀਆਂ ਵੱਖੋ-ਵੱਖਰੀਆਂ ਕੌਮਾਂ ਦੇ ਧਾਰਮਿਕ ਵਿਦਵਾਨਾਂ, ਪੱਤਰਕਾਰਾਂ, ਸਾਹਿਤਕਾਰ ਭਾਈਚਾਰਿਆਂ ਨੂੰ ਮਿਲ ਕੇ ਉਹਨਾਂ ਤੋਂ ਹੋਰ ਵੀ ਗਿਆਨ ਵੀ ਪ੍ਰਾਪਤ ਕੀਤਾ। ਇਹਨਾਂ ਖਿੱਤਿਆਂ ਦੇ ਸਿਆਸੀ, ਭੂਗੋਲਕ, ਸਭਿਆਚਾਰਕ, ਸਦਾਚਾਰਕ ਜਿਹੇ ਪਹਿਲੂਆਂ ਨੂੰ ਨੇੜਿਉਂ ਵੇਖਣ ਦਾ ਮੌਕਾ ਮਿਲਿਆ। ਇਹਨਾਂ ਯਾਤਰਾਵਾਂ ਸਦਕਾ ਹੀ ਬਹੁਤ ਸਾਰੇ ਵਾਰਤਕ ਲੇਖਾਂ ਦੀ ਉਪਜ ਹੋਈ ਜਾਪਦੀ ਹੈ।
ਦੁਨੀਆਂ ਦੇ ਵੱਖ ਵੱਖ ਦੇਸ਼ਾਂ ਨੂੰ ਵੇਖਦੇ ਅਤੇ ਘੁੰਮਦੇ ਹੋਏ ਗਿਆਨੀ ਜੀ ੨੫ ਅਕਤੂਬਰ ੧੯੭੯ ਨੂੰ ਆਸਟ੍ਰੇਲੀਆ ਦੀ ਧਰਤੀ ਉਤੇ ਆਣ ਪਹੁੰਚੇ। ਏਥੇ ਆ ਕੇ ਪੱਕੇ ਹੋਣ ਦੀ ਉਡੀਕ ਕਰਦਿਆਂ ਨੂੰ ਹੀ ਦੋ ਦਿਨ ਘੱਟ ਪੂਰਾ ਇਕ ਸਾਲ ਗੁਜਰ ਗਿਆ। ਓਧਰੋਂ ਪਿੰਡੋਂ ਖ਼ਬਰ ਆਈ ਕਿ ਪਾਲਣ ਵਾਲੀ ਦਾਦੀ ਮਾਂ ਜੀ ਬਿਮਾਰ ਹਨ। ਇਸ ਕਰਕੇ ਗਿਆਨੀ ਜੀ ਦਾ ਆਸਟ੍ਰੇਲੀਆ ਤੋਂ ਦਿਲ ਉਦਾਸ ਹੋ ਗਿਆ। ਵਾਪਸ ਪੰਜਾਬ ਮੁੜ ਜਾਣ ਲਈ ਪਰਵਾਸ ਅਫਸਰ ਤੋਂ ਆਪਣਾ ਪਾਸਪੋਰਟ ਵਾਪਸ ਲੈਣ ਲਈ ਪਰਵਾਸ ਦਫਤਰ ਪਹੁੰਚ ਕੇ ਪਾਸਪੋਰਟ ਮੰਗਿਆ। ਪਰਵਾਸ ਅਫਸਰ ਨੇ ਗਿਆਨੀ ਜੀ ਹੋਰਾਂ ਵਲੋਂ ਗੱਲਬਾਤ ਕਰਨ ਦੇ ਢੰਗ ਤਰੀਕਾ ਵੇਖ ਕੇ, ਓਸੇ ਵੇਲੇ ਪੀ.ਆਰ. ਦੀ ਮੋਹਰ ਲਗਾ ਕੇ, ਪਾਸਪੋਰਟ ਗਿਆਨੀ ਜੀਨੂੰ ਫੜਾਉਂਦਿਆਂ ਹੋਇਆਂ ਵਧਾਈ ਦੇ ਦਿਤੀ।
ਪੀ.ਆਰ. ਦੀ ਮੋਹਰ ਲੱਗਣ ਬਾਅਦ ਫਿਰ ਕੰਮ ਲੱਭਣ ਦਾ ਦੌਰ ਚੱਲਿਆ। ਫੈਕਟਰੀਆਂ, ਖੇਤਾਂ, ਡਾਕਖਾਨਾ, ਬੱਸ ਕੰਡਕਟਰੀ, ਰੇਲਵੇ, ਕਲਰਕੀ, ਬੈਂਕ ਆਦਿ ਦੀ ਨੌਕਰੀ ਲਈ, ਕਈ ਥਾਵਾਂ 'ਤੇਂ ਟੱਕਰਾਂ ਮਾਰੀਆਂ। ਆਸਟ੍ਰੇਲੀਆ ਵਿਚ ਆ ਕੇ ਵੀ ਵਿੱਦਿਆ ਪ੍ਰਾਪਤੀ ਦੇ ਜਤਨ ਜਾਰੀ ਰੱਖੇ। ਸਿਡਨੀ ਦੀ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਤੋਂ ਅੰਗ੍ਰੇਜ਼ੀ ਦਾ ਕੋਰਸ ਵੀ ਪਾਸ ਕੀਤਾ। ਇਸ ਤੋਂ ਇਲਾਵਾ, ਭਾਰਤ ਦੀ ਆਈ.ਟੀ.ਆਈ ਵਰਗੀ ਵਿਦਿਅਕ ਸੰਸਥਾ, ਟੇਫ ਤੋਂ ਵੀ ਕੁਝ ਹੋਰ ਕੋਰਸ ਕੀਤੇ।
ਗਿਆਨੀ ਸੰਤੋਖ ਸਿੰਘ ਜੀ ਹੈ, ਬੜੇ ਮਾਣ ਅਤੇ ਸਤਿਕਾਰ ਨਾਲ ਸਾਰੇ ਹੀ ਭਾਰਤੀ ਭਾਈਚਾਰੇ ਵਿੱਚ ਅਤੇ ਸਾਰੇ ਹੀ ਪੰਜਾਬੀ ਭਾਈਚਾਰੇ ਵਿੱਚ, ਸਮੇਤ ਏਥੋਂ ਦੇ ਕਈ ਹੋਰ ਵੱਖੋ ਵੱਖਰੇ ਭਾਈਚਾਰਿਆਂ ਵਿੱਚ ਇੱਕ ਵੱਖਰੀ ਪਛਾਣ ਬਣਾ ਕੇ ਰਹਿ ਰਿਹਾ ਹੈ। ਇਹਨਾਂ ਦੀ ਲਿਆਕਤ ਅਤੇ ਕਾਬਲੀਅਤ ਵੇਖ ਕੇ ਹਰ ਕੋਈ ਫਖ਼ਰ ਅਤੇ ਮਾਣ ਮਹਿਸੂਸ ਕਰਦਾ ਹੈ। ਗਿਆਨੀ ਜੀ ਦੇ ਭਾਸ਼ਣਾਂ ਦੀ ਬੋਲਣ ਸ਼ੈਲੀ ਇੱਕ ਵੱਖਰੀ ਕਿਸਮ ਦੀ ਮੁਹਾਰਤ ਅਤੇ ਹਾਸਿਆਂ ਰਾਹੀਂ ਮਨੋਰੰਜਨ ਭਰਪੂਰ ਹੁੰਦੀ ਹੈ। ਯਾਦ ਸ਼ਕਤੀ ਬਹੁਤ ਤੇਜ ਤਰਾਰ ਹੋਣ ਕਰਕੇ ਇਤਿਹਾਸ ਦੀਆਂ ਘਟਨਾਵਾਂ ਬਾਰੇ ਦਿਨ ਸਾਲ ਮਹੀਨੇ ਅਤੇ ਤਰੀਕਾਂ ਤੱਕ ਸਭ ਕੁਝ ਇਹਨਾਂ ਨੂੰ ਮੂੰਹ ਜਬਾਨੀ ਯਾਦ ਹੋਣ ਕਰਕੇ, ਸਰੋਤਿਆਂ ਨੂੰ ਹੈਰਾਨ ਹੋ ਜਾਂਦੇੇ ਹਨ। ਇਸ ਵੱਡੀ ਮੁਹਾਰਤ ਕਰਕੇ ਹੀ ਵੱਖੋ-ਵੱਖਰੀਆਂ ਸਰਕਾਰਾਂ, ਉਚ ਵਿਦਿਅਕ ਸੰਸਥਾਵਾਂ, ਸਾਹਿਤਕ ਸਭਾਵਾਂ ਵਲੋਂ ਵੱਡੇ ਵੱਡੇ ਧਾਰਮਿਕ, ਸਾਹਿਤਕ, ਅਤੇ ਇਤਿਹਾਸਕ ਸਮਾਗਮਾਂ ਵੇਲੇ ਸਰੋਤਿਆਂ ਨੂੰ ਕੀਲਣ ਲਈ ਭਾਸ਼ਣ ਦੇਣ ਲਈ ਖਾਸ ਤੌਰ 'ਤੇ ਗਿਆਨੀ ਜੀ ਨੂੰ ਦੇਸ਼ ਵਿਦੇਸ਼ ਤੋਂ ਬੁਲਾਇਆ ਜਾਂਦਾ ਹੈ, ਕਿਉਂਕਿ ਸਮੇ ਅਨੁਸਾਰ ਸਿੱਖੀ ਸਿਧਾਤਾਂ ਵਾਲੀ ਚੱਲਦੀ ਹੋਈ ਵਾਰਤਾ ਨੂੰ, ਉਦਾਹਰਣਾਂ ਸਹਿਤ, ਸਬੰਧਤ ਗੱਲ ਨੂੰ ਸਰੋੋਤਿਆਂ ਵਿੱਚ ਦਿਲਚਸਪੀ ਪੈਦਾ ਕਰਕੇ, ਪੱਲੇ ਪਾ ਦਿੰਦੇ ਹਨ।
ਗਿਆਨੀ ਜੀ, ਗਿਆਨਵਾਨ ਹੋਣ ਦੇ ਨਾਲ ਨਾਲ ਹਰ ਇਕ ਦਾ ਸਤਿਕਾਰ ਕਰਨਾ ਮਿੱਠਾ ਬੋਲਣਾ ਅਤੇ ਨਿਮਰਤਾ ਵਾਲੇ ਗੁਣਾਂ ਦੇ ਧਾਰਨੀ ਹਨ। ਸਿਡਨੀ ਦੇ ਬਹੁਤ ਸਾਰੇ ਸੂਝਵਾਨਾਂ ਨੇ ਇਹਨਾਂ ਨੂੰ "ਵਾਕਿੰਗ ਇਨਸਾਈਲੋਪੀਡੀਆ ਆਫ ਸਿੱਖਇਜ਼ਮ" ਦਾ ਨਾਮ ਵੀ ਦਿੱਤਾ ਹੋਇਆ ਹੈ। ਕਈ ਨੌਜਵਾਨ ਮਖੌਲ ਵਜੋਂ ਇਹਨਾਂ ਨੂੰ "ਸਾਈਬਰ ਗਿਆਨੀ" ਵੀ ਕਹਿ ਦਿੰਦੇ ਹਨ।
ਇਹਨਾਂ ਵਿੱਚ ਇੱਕ ਬਹੁਤੀ ਖਾਸ ਸਿਫਤ ਇਹ ਹੈ ਕਿ ਵਿਰੋਧੀਆਂ ਦੇ ਸ਼ਬਦੀ ਹਮਲੇ ਨਾਲ ਕਦੇ ਵੀ ਗੁੱਸੇ ਨਹੀਂ ਹੁੰਦੇ ਸਗੋਂ ਉਹਨਾਂ ਦੀ ਹਰ ਗੱਲ ਦਾ ਜਵਾਬ ਬਹੁਤ ਨਿਮਰਤਾ ਅਤੇ ਤਰਕ ਨਾਲ ਦਿੰਦੇ ਹਨ ਜਿਹੜਾ ਕਿ ਅਗਲਾ ਸੁਣ ਕੇ ਆਪਣੇ ਪ੍ਰਭਾਵਤ ਹੋ ਜਾਂਦਾ ਹੈ। ਇਹਨਾਂ ਦੀ ਲੇਖਣੀ ਸਮਾਜ ਦੀਆਂ ਬਹੁਤ ਸਾਰੀਆਂ ਕੁਰੀਤੀਆਂ ਨੂੰ ਵੀ ਸੁਧਾਰ ਰਹੀ ਹੈ; ਜਿਵੇਂ ਕਿ ਰੁਮਾਲਿਆਂ ਦੀ ਸੁੱਚਜੀ ਅਤੇ ਕੁਚੱਜੀ ਵਰਤੋਂ ਬਾਰੇ ਵੀ ਇਹਨਾਂ ਨੇ ਬਹੁਤ ਵਿਸਥਾਰ ਵਿੱਚ ਦਸਿਆ ਹੈ। ਇਹਨਾਂ ਦੀ ਹਰ ਲਿਖਤ ਸਮਾਜ ਨੂੰ ਸੇਧ ਦੇਣ ਵਾਲੀ ਹੁੰਦੀ ਹੈ। ਗਿਆਨੀ ਜੀ ਵਲੋਂ ਪੰਜਾਬੀ ਬੋਲੀ ਦੇ ਸ਼ਬਦ ਜੋੜਾਂ ਦੀਆਂ ਗਲਤੀਆਂ ਬਾਰੇ ਅਤੇ ਬਿੰਦੀ ਟਿੱਪੀ ਦੀ ਬੇਲੋੜੀ ਵਰਤੋਂ ਬਾਰੇ ਬਹੁਤ ਸਾਰੇ ਸੁਝਾਓ ਦੇ ਕੇ ਲਗਾਂ ਮਾਤਰਾਵਾਂ ਦੀ ਬੇਲੋੜੀ ਵਰਤੋਂ ਸਬੰਧੀ ਆਪਣੇ ਲੇਖਾਂ ਰਾਹੀਂ ਸਮੇ ਸਮੇ ਵਿਸਥਾਰ ਪੂਰਬਕ ਵੀ ਦਸਿਆ ਜਾਂਦਾ ਰਿਹਾ ਹੈ। ਇਸ ਕਰਕੇ ਗਿਆਨੀ ਜੀ ਦੀ ਪੰਜਾਬੀ ਸਾਹਿਤ ਅਤੇ ਪੰਜਾਬੀ ਮਾਂ ਬੋਲੀ ਨੂੰ ਵੱਡੀ ਦੇਣ ਵੀ ਹੈ।
ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਗਿਆਨੀ ਜੀ ਨੂੰ ਤੰਦਰੁਸਤੀ ਬਖਸ਼ਣ ਅਤੇ ਇਹਨਾਂ ਦੀ ਉਮਰ ਵੀ ਪੰਜਾਬੀ ਦੇ ਲੋਕ ਗੀਤਾਂ ਜਿੰਨੀ ਲੰਮੀ ਹੋਵੇ ਤਾਂ ਕਿ ਇਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਅਤੇ ਸਿੱਖ ਇਤਹਾਸ ਦਾ ਪ੍ਰਚਾਰ ਕਰਕੇ, ਸਾਡੇ ਵਰਗੇ ਅਨਜਾਣ ਲੋਕਾਂ ਨੂੰ ਵੀ ਵੱਧ ਤੋਂ ਵੱਧ ਜਾਣੂ ਕਰਵਾ ਸਕਣ।
ਜਦੋਂ ਇਹਨਾਂ ਨੂੰ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਆ ਜਾਣ ਕਰਕੇ, ਹੁਣ ਖਾਤਮੇ ਵੱਲ ਤੁਰ ਰਿਹਾ ਹੈ; ਗਿਆਨੀ ਜੀ ਤੁਸੀਂ ਹੁਣ ਕੀ ਕਰੋਗੇ? ਇਹਨਾਂ ਦਾ ਇਹੋ ਜਵਾਬ ਹੁੰਦਾ ਹੈ, "ਅਕਾਲੀ ਸੀ, ਅਕਾਲੀ ਹਾਂ, ਹਮੇਸ਼ਾਂ ਹੀ ਅਕਾਲੀ ਰਹਾਂਗਾ।" ਹਾਂ, ਜੇ ਕੁਝ ਊਣਤਾਈਆਂ ਜਾਂ ਘਾਟਾਂ ਆਈਆਂ ਹੋਣਗੀਆਂ, ਉਹਨਾਂ ਨੂੰ ਘੋਖ ਕੇ, ਵਿੱਚ ਰਹਿ ਕੇ ਸੁਝਾਅ  ਦੇ ਕੇ ਸੁਧਾਰਨ ਦਾ ਯਤਨ ਕਰਦਾ ਰਹਾਂਗਾ। ਸਾਰੀ ਉਮਰ ਪੰਥ ਵਿੱਚ ਰਹਿ ਕੇ ਹੁਣ ਇਸ ਨੂੰ ਛੱਡਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਏਸੇ ਕਰਕੇ ਇਹਨਾਂ ਦੀਆਂ ਧਰਮ ਪ੍ਰਤੀ, ਸਮਾਜ ਪ੍ਰਤੀ, ਸਾਹਿਤ ਪ੍ਰਤੀ, ਪੰਜਾਬੀ ਬੋਲੀ ਪ੍ਰਤੀ, ਵਿਦਿਆ ਪ੍ਰਤੀ ਅਤੇ ਕੌਮ ਪ੍ਰਤੀ, ਦੇਸ਼ ਵਿਦੇਸ਼ ਪੱਧਰ 'ਤੇ ਕੀਤੀਆਂ ਗਈਆਂ ਸੇਵਾਵਾਂ ਦਾ ਮਾਣ ਸਤਿਕਾਰ ਕਰਦਿਆਂ, ਬਹੁਤ ਸਾਰੀਆਂ ਸੰਸਥਾਵਾਂ ਵਲੋਂ ਮਾਨਤਾ ਦੇ ਕੇ ਸਮੇ ਸਮੇ ਸਨਮਾਨਤ ਕੀਤਾ ਜਾਂਦਾ ਹੈ। ਮਿਸਾਲ ਵਜੋਂ:
(੧) ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (ਧਾਰਮਿਕ ਸੇਵਾਵਾਂ ਲਈ) (੨) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ (ਪੰਥਕ ਸੇਵਾਵਾਂ ਲਈ) (੩) ਸ਼੍ਰੋਮਣੀ ਅਕਾਲੀ ਦਲ (ਪੰਥਕ ਸੇਵਾਵਾਂ ਲਈ) (੪) ਪੰਜਾਬੀ ਸੰਗੀਤ ਸੈਂਟਰ ਆਸਟ੍ਰੇਲੀਆ (ਡਿਸਟਿੰਗੁਇਸ਼ਡ ਸਿੱਖ ਸਕਾਲਰ ਵਜੋਂ) (੫) ਪੰਜਾਬੀ ਕੌਸਲ ਆਫ ਆਸਟ੍ਰੇਲੀਆ (ਪੰਜਾਬੀਅਤ ਦਾ ਮਾਣ ਭਗਤ ਪੂਰਨ ਸਿੰਘ ਐਵਾਰਡ ਨਾਲ) (੬) ਪੰਜਾਬੀ ਸੱਥ ਲਾਂਬੜਾ ਪੰਜਾਬ (ਪ੍ਰਿੰਸੀਪਲ ਤੇਜਾ ਸਿੰਘ ਸਾਹਿਤਕ ਐਵਾਰਡ, ਗੋਲਡ ਮੈਡਲ ਨਾਲ ਸਨਮਾਨਤ) (੭) ਯੂਰਪੀਅਨ ਸੱਥ ਬਰਮਿੰਘਮ (ਪ੍ਰੋਫੈਸਰ ਪੂਰਨ ਸਿੰਘ ਸਾਹਿਤਕ ਐਵਾਰਡ) (੮) ਸਿੱਖ ਕਮਿਊਨਟੀ ਐਂਡ ਯੂਥ ਸਰਵਿਸ ਯੂ.ਕੇ. (ਭਗਤ ਬਾਬਾ ਧੰਨਾ ਜੱਟ ਸਾਹਿਤਕ ਸਾਲਾਨਾ ਐਵਾਰਡ) (੯) ਗੁਰੂ ਨਾਨਕ ਸੋਸਾਇਟੀ ਆਫ ਆਸਟ੍ਰੇਲੀਆ (ਧਾਰਮਿਕ ਸੇਵਾ ਐਵਾਰਡ) (੧੦) ਖਾਲਸਾ ਦੀਵਾਨ ਹਾਂਗ ਕਾਂਗ (ਪ੍ਰਚਾਰ ਸੇਵਾ ਐਵਾਰਡ) (੧੧) ਅਕਾਲੀ ਸਿੰਘ ਸਿੱਖ ਸੋਸਾਇਟੀ ਵੈਨਕੂਵਰ ਕੇਨੇਡਾ (ਪ੍ਰਚਾਰ ਸੇਵਾ ਐਵਾਰਡ) (੧੨) ਸ਼੍ਰੋਮਣੀ ਅਕਾਲੀ ਦਲ ਕੈਨੇਡਾ (ਪੰਥਕ ਸੇਵਾ ਐਵਾਰਡ) ਆਦਿ।
ਗਿਆਨੀ ਜੀ ਵਿੱਚ ਇੱਕ ਹੋਰ ਬਹੁਤ ਵੱਡੀ ਵਿਲੱਖਣਤਾ ਵੇਖਣ ਲਈ ਓਦੋਂ ਮਿਲੀ ਜਦੋਂ ਮੈਂ ਇਹਨਾਂ ਦੇ ਜੀਵਨ ਬਾਰੇ ਕੁਝ ਲਿਖਣ ਦੀ ਇੱਛਾ ਜਾਹਰ ਕੀਤੀ ਤਾਂ ਇਹਨਾਂ ਨੇ ਮੈਨੂੰ ਇਹ ਆਖ ਕੇ ਜਵਾਬ ਦੇ ਦਿਤਾ, "ਮੈਂ ਕਿਹੜਾ ਦੁਨੀਆਂ ਵਿੱਚ ਆ ਕੇ ਕੋਈ ਵੱਖਰਾ ਕੰਮ ਕੀਤਾ ਹੈ! ਦੁਨੀਆਂ ਵਿੱਚ ਬਹੁਤ ਵੱਡੀਆਂ ਮਹਾਨ ਹਸਤੀਆਂ ਮੌਜੂਦ ਹਨ ਜਿਨ੍ਹਾਂ ਨੇ ਮਨੁਖਤਾ ਲਈ ਬਹੁਤ ਕੁਝ ਕੀਤਾ ਹੋਇਆ ਹੈ, ਮੈਂ ਤਾਂ ਉਹਨਾਂ ਦੇ ਪਾਸਕੂ ਵੀ ਨਹੀਂ। ਮੇਰੀ ਛੁਪੇ ਰਹਿਣ ਦੀ ਚਾਹ! ਮੇਰੀ ਨੀਵਾਂ ਰਹਿਣ ਦੀ ਚਾਹ, ਕਿਉਂਕਿ ਮੈਂ ਨੀਵਾਂ ਹੀ ਹਾਂ।"
ਇਹ ਉਹਨਾਂ ਦਾ ਕਿੱਡਾ ਵੱਡਾ ਵਡੱਪਣ ਹੈ ਕਿ ਐਡੇ ਵੱਧੀਆ ਲਿਖਾਰੀ, ਵਾਰਤਾਕਾਰ ਅਤੇ ਅਦਰਸ਼ਵਾਦੀ ਸ਼ਖਸ਼ੀਅਤ ਹੋਣ ਦੇ ਬਾਵਜੂਦ ਆਪਣੇ ਆਪ ਨੂੰ ਨੀਵਾਂ ਤੇ ਨਿਮਾਣਾ ਜਿਹਾ ਹੀ ਦੱਸ ਰਹੇ ਹਨ। ਇਹੋ ਜਿਹੀ ਸ਼ਖਸ਼ੀਅਤ ਨੂੰ ਸਿਜਦਾ ਹੈ। ਇਹ ਸਾਰੀ ਜਾਣਕਾਰੀ ਉਹਨਾਂ ਨੇ ਮੈਨੂੰ ਲੇਖ ਲਿਖਣ ਲਈ ਨਹੀਂ ਦਿੱਤੀ। ਉਹਨਾਂ ਨੇ ਜਵਾਬ ਦੇ ਦਿੱਤਾ ਸੀ ਪਰ ਮੈਂ ਅਣਜਾਣ ਬਣ ਕੇ ਉਹਨਾਂ ਕੋਲੋਂ ਵੈਸੇ ਹੀ ਗੱਲਾਂ ਗੱਲਾਂ ਵਿੱਚ ਜਾਣਕਾਰੀ ਲੈ ਲਈ ਕਿ ਤੁਸੀਂ ਆਸਟ੍ਰੇਲੀਆ ਕਦੋਂ ਆਏ? ਕੀ ਕੀ ਕੀਤਾ? ਕਿੱਥੇ ਕਿੱਥੇ ਗਏ? ਆਦਿ ਗੱਲਾਂ ਗੱਲਾਂ ਵਿਚ, ਸਾਰਾ ਕੁਝ ਪੁੱਛ ਲਿਆ। ਜਦੋਂ ਮੈਂ ਕਿਹਾ ਕਿ ਮੈਂ ਕੁਝ ਤੁਹਾਡੇ ਬਾਰੇ ਲਿਖਣਾ ਚਾਹੁੰਦਾ ਹਾਂ ਤਾਂ ਉਹਨਾਂ ਦੱਸਣ ਤੋਂ ਮੈਨੂੰ ਜਵਾਬ ਦੇ ਦਿੱਤਾ ਸੀ। ਕੁਝ ਕੁ ਮੈਂ ਉਹਨਾਂ ਦੀਆਂ ਕਿਤਾਬਾਂ ਵਿੱਚੋਂ ਵੀ ਜਾਣਕਾਰੀ ਪ੍ਰਾਪਤ ਕੀਤੀ ਹੈ।
ਧੰਨ ਹਨ ਇਹੋ ਜਿਹੀਆਂ ਸ਼ਖਸ਼ੀਅਤਾਂ, ਜਿਨ੍ਹਾਂ ਨੂੰ ਸਦਾ ਯਾਦ ਰੱਖਣਾ ਅਤੇ ਇਹਨਾਂ ਦੇ ਕਦਮ ਚਿੰਨ੍ਹਾਂ 'ਤੇ ਸਾਨੂੰ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ, ਜਿਹੜੇ ਕਿ ਬਹੁਤ ਹੀ ਵਧੀਆ ਅਤੇ ਖਾਸ ਹੋਣ ਦੇ ਬਾਵਜੂਦ ਛਿਪੇ ਰਹਿਣ ਦੀ ਤਮੰਨਾ ਰਖਦੇ ਹਨ।
ਕਿੱਡੀ ਵੱਡੀ ਮਹਾਨ ਸ਼ਖਸ਼ੀਅਤ ਹਨ ਸਾਡੇ ਗਿਆਨੀ ਜੀ!