ਬੀ.ਜੇ.ਪੀ.ਨੇ ਰਵਨੀਤ ਸਿੰਘ ਬਿੱਟੂ ਵਿੱਚ ਆਪਣਾ ਭਵਿਖ ਵੇਖਿਆ - ਉਜਾਗਰ ਸਿੰਘ

ਪ੍ਰਧਾਨ ਮੰਤਰੀ ਨੇ ਇਸ ਵਾਰ ਮੰਤਰੀ ਮੰਡਲ ਦਾ ਗਠਨ ਕਰਨ ਤੋਂ ਪਹਿਲਾਂ ਨਵੇਂ ਸੰਭਾਵਿਤ ਮੰਤਰੀਆਂ ਨੂੰ ਇਕ ਮੀਟਿੰਗ ਕਰਕੇ ਉਨ੍ਹਾਂ ਦੀ ਸਰਕਾਰ ਵੱਲੋਂ ਸ਼ੁਰੂ ਕੀਤੇ ਕੰਮਾ ਨੂੰ ਅੱਗੇ ਵਧਾਉਣ ਦੀ ਨਸੀਅਤ ਦਿੱਤੀ। ਉਨ੍ਹਾਂ ਨਵੇਂ ਮੰਤਰੀਆਂ ਨੂੰ ਸੰਜੀਦਗੀ ਅਤੇ ਨਮਰਤਾ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਨਤੀਜੇ ਵਿਖਾਉਣੇ ਪੈਣਗੇ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਰਣਨੀਤੀਕਾਰਾਂ ਨੇ ਪੰਜਾਬ ਵਿੱਚੋਂ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਬਣਾਕੇ ਪੰਜਾਬੀਆਂ ਨੂੰ ਸੰਕੇਤ ਦਿੱਤਾ ਹੈ ਕਿ ਪਾਰਟੀ 2027 ਦੀਆਂ ਚੋਣਾਂ ਜਿੱਤਣ ਲਈ ਸੰਜੀਦਾ ਹੈ। ਭਾਰਤੀ ਜਨਤਾ ਪਾਰਟੀ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਪੰਜਾਬ ਵਿੱਚ ਹਿੰਦੂ ਸਿੱਖ ਏਕਤਾ ਅਤੇ ਸਦਭਾਵਨਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਸੀਨੀਅਰ ਨੇਤਾਵਾਂ ਦੇ ਨਾਲ ਨੌਜਵਾਨਾ ਦੀ ਸ਼ਕਤੀ ਨੂੰ ਮਹੱਤਤਾ ਦੇਣ ਲਈ ਰਵਨੀਤ ਸਿੰਘ ਬਿੱਟੂ ਨੂੰ ਅੱਗੇ ਕੀਤਾ ਹੈ। ਪੰਜਾਬ ਰਿਸ਼ੀਆਂ, ਮੁਨੀਆਂ, ਧਾਰਮਿਕ ਗੁਰੂਆਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ। ਇਸ ਲਈ ਇਥੇ ਵਸਣ ਵਾਲੇ ਸਾਰੇ ਫਿਰਕਿਆਂ ਅਤੇ ਸਮੁਦਾਇ ਵਿੱਚ ਇੱਕਮੁਠਤਾ ਬਰਕਰਾਰ ਰੱਖਣ ਦੇ ਮੰਤਵ ਨਾਲ ਰਵਨੀਤ ਸਿੰਘ ਬਿੱਟੂ ਦੀ ਦੇਸ਼ ਭਗਤੀ ਅਤੇ ਪੰਜਾਬ ਵਿੱਚ ਸਦਭਾਵਨਾ ਦੀ ਵਿਚਾਰਧਾਰਾ ‘ਤੇ ਮੋਹਰ ਲਗਾਈ ਗਈ ਹੈ। ਬਿੱਟੂ ਦੀ ਭਾਰਤ ਅਤੇ ਪੰਜਾਬ ਦੇ ਹਰ ਮੁੱਦੇ ’ਤੇ ਪਹਿਰਾ ਦਿੰਦਿਆਂ ਆਪਣੀ ਰਾਏ ਦੇਣ ਦੀ ਪ੍ਰਵਿਰਤੀ ਵੀ ਜਗ ਜ਼ਾਹਰ ਹੈ। ਉਹ ਹਮੇਸ਼ਾ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਦੀ ਵਕਾਲਤ ਕਰਦੇ ਰਹਿੰਦੇ ਹਨ। ਉਹ ਵੱਖਵਾਦੀ ਸ਼ਕਤੀਆਂ ਦਾ ਕੱਟੜ ਵਿਰੋਧੀ ਹੈ। ਪੰਜਾਬ ਵਰਗੇ ਸਰਹੱਦੀ ਸੂਬੇ ਲਈ ਬਿੱਟੂ ਵਰਗੇ ਸਿਆਸਤਦਾਨ ਹੀ ਵਿਦੇਸ਼ੀ ਤਾਕਤਾਂ ਦੇ ਮਨਸੂਬਿਆਂ ਨੂੰ ਠੱਲ ਪਾ ਸਕਦੇ ਹਨ। ਪੰਜਾਬ ਵਿੱਚੋਂ ਦੋ ਸੀਟਾਂ ਖਡੂਰ ਸਾਹਿਬ ਅਤੇ ਫਰੀਦਕੋਟ ਤੋਂ ਤਥਾ ਕਥਿਤ ਗਰਮ ਖਿਆਲੀਆਂ ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਜੋ ਨੈਸ਼ਨਲ ਸਕਿਉਰਿਟੀ ਐਕਟ ਅਧੀਨ ਡਿਬਰੂਗੜ੍ਹ ਜੇਲ੍ਹ ਅਸਾਮ ਵਿੱਚ ਬੰਦ ਹਨ ਅਤੇ ਭਾਈ ਸਰਬਜੀਤ ਸਿੰਘ ਸ਼੍ਰੀਮਤੀ ਇੰਦਰਾ ਗਾਂਧੀ ਦੇ ਕਾਤਲ ਬੇਅੰਤ ਸਿੰਘ ਦਾ ਸਪੁੱਤਰ ਦੇ ਲੋਕ ਸਭਾ ਲਈ ਚੁਣੇ ਜਾਣ ਨੂੰ ਭਾਰਤੀ ਜਨਤਾ ਪਾਰਟੀ ਗਰਮ ਖਿਆਲੀਆਂ ਦਾ ਉਭਾਰ ਸਮਝਦੀ ਹੈ। ਇਸ ਲਈ ਬਿੱਟੂ ਨੂੰ ਸੀਨੀਅਰ ਨੇਤਾਵਾਂ ਦੀ ਬਜਾਏ ਮੰਤਰੀ ਬਣਾਉਣ ਵਿੱਚ ਪਹਿਲ ਦਿੱਤੀ ਗਈ ਹੈ। ਨੌਜਵਾਨ ਪਾਰਟੀ ਦੀ ਨੀਤੀ ਨੂੰ ਵਧੇਰੇ ਉਤਸ਼ਾਹ ਅਤੇ ਫੁਰਤੀ ਨਾਲ ਲਾਗੂ ਕਰ ਸਕਦੇ ਹਨ। ਬਿੱਟੂ ਨੌਜਵਾਨਾ ਦੀ ਪ੍ਰਤੀਨਿਧਤਾ ਕਰਦੇ ਹਨ। ਪੰਜਾਬ ਨੂੰ ਦ੍ਰਿੜ੍ਹ ਇਰਾਦੇ ਅਤੇ ਲੋਕਾਂ ਦੇ ਮਸਲਿਆਂ ਦੇ ਹੱਲ ਕਰਨ ਲਈ ਬਚਨਵੱਧਤਾ ਵਾਲੇ ਸਿਆਸਤਦਾਨ ਦੀ ਲੋੜ ਸੀ। ਰਵਨੀਤ ਸਿੰਘ ਬਿੱਟੂ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣਾ ਭਵਿਖ ਵੇਖਿਆ ਹੈ। ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਰਵਨੀਤ ਸਿੰਘ ਬਿੱਟੂ ਆਪਣੇ ਦਾਦੇ ਦੀ ਤਰ੍ਹਾਂ ਪੰਜਾਬ ਦਾ ਸੁਨਹਿਰੀ ਭਵਿਖ ਬਣਾਉਣ ਵਿੱਚ ਵਰਣਨਯੋਗ ਯੋਗਦਾਨ ਪਾ ਸਕਦੇ ਹਨ। ਉਸ ਦੀ ਅਤਿਵਾਦ ਬਾਰੇ ਸੋਚ ਬਿਲਕੁਲ ਸ਼ਪਸ਼ਟ ਹੈ। ਭਾਰਤੀ ਜਨਤਾ ਪਾਰਟੀ ਨੂੰ ਲੋਕ ਸਭਾ ਚੋਣਾ ਵਿੱਚ ਕਿਸਾਨਾ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ, ਰਵਨੀਤ ਸਿੰਘ ਬਿੱਟੂ ਕਿਸਾਨਾ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਿਸਾਨ ਅੰਦੋਲਨ ਦੌਰਾਨ ਡੇਢ ਸਾਲ ਦਿੱਲੀ ਵਿਖੇ ਜੰਤਰ ਮੰਤਰ ਦੇ ਫੁੱਟ ਪਾਥ ‘ਤੇ ਬੈਠ ਕੇ ਕਿਸਾਨਾ ਦੀ ਹਮਾਇਤ ਕਰਦਾ ਰਿਹਾ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਹੈ ਕਿ ਰਵਨੀਤ ਸਿੰਘ ਬਿੱਟੂ ਕਿਸਾਨਾ ਅਤੇ ਸਰਕਾਰ ਵਿੱਚਕਾਰ ਪੁਲ ਦਾ ਕੰਮ ਕਰਨ ਦੇ ਸਮਰੱਥ ਹੈ।
  ਭਾਰਤੀ ਜਨਤਾ ਪਾਰਟੀ ਲਗਾਤਾਰ ਪੰਜਾਬ ਵਿੱਚ ਆਪਣੇ ਵੋਟ ਬੈਂਕ ਵਿੱਚ ਵਾਧਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਤੱਕ ਸਿਰਫ 23 ਵਿਧਾਨ ਸਭਾ ਦੀਆਂ ਸੀਟਾਂ ਤੇ ਚੋਣ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਰਕੇ ਲੜਦੀ ਰਹੀ ਹੈ। ਕਿਸਾਨ ਅੰਦੋਲਨ ਸਮੇਂ ਅਕਾਲੀ ਦਲ ਨਾਲੋਂ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਟੁੱਟ ਗਿਆ ਸੀ। ਉਸ ਤੋਂ ਬਾਅਦ 2022 ਵਿੱਚ ਪੰਜਾਬ ਵਿਧਾਨ ਸਭਾ ਦੀਆਂ ਚੋਣਾ ਹੋਈਆਂ ਸਨ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਨੇ 73 ਵਿਧਾਨ ਸਭਾ ਹਲਕਿਆਂ ਵਿੱਚ ਚੋਣ ਲੜੀ ਸੀ। ਉਨ੍ਹਾਂ ਨੂੰ ਸਿਰਫ਼ 6 ਫ਼ੀ ਸਦੀ ਵੋਟਾਂ ਪੋਲ ਹੋਈਆਂ ਸਨ ਤੇ ਸਿਰਫ ਇੱਕ ਸੀਟ ‘ਤੇ ਜਿੱਤ ਪ੍ਰਾਪਤ ਹੋਈ ਸੀ। 219 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟਾਂ ਜਿੱਤੀਆਂ ਸਨ ਅਤੇ 9.63 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਸਨ। 18ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ 13 ਹਲਕਿਆਂ ਤੋਂ ਚੋਣ ਲੜੀ ਸੀ ਅਤੇ 18.56 ਫ਼ੀ ਸਦੀ ਵੋਟਾਂ ਹਾਸਲ ਕੀਤੀਆਂ ਹਨ, ਜਦੋਂ ਕਿ ਅਕਾਲੀ ਦਲ ਨੇ ਸਿਰਫ਼ 12 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਆਸ ਹੈ ਕਿ 2027 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਪਾਰਟੀ ਕਿਸਾਨਾ ਅਤੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਤੋਂ ਬਿਨਾ ਸਰਕਾਰ ਨਹੀਂ ਬਣਾ ਸਕੇਗੀ। ਇਸ ਮੰਤਵ ਲਈ ਭਾਰਤੀ ਜਨਤਾ ਪਾਰਟੀ ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ 6 ਸਿੱਖ ਉਮੀਦਵਾਰ ਖੜ੍ਹੇ ਕਰਕੇ ਇਹ ਸੰਕੇਤ ਦਿੱਤਾ ਸੀ ਕਿ ਉਹ ਸਿੱਖਾਂ ਨਾਲ ਸਦਭਾਵਨਾ ਕਾਇਮ ਕਰਨਾ ਚਾਹੁੰਦੀ ਹੈ। ਇਨ੍ਹਾਂ 6 ਉਮੀਦਵਾਰਾਂ ਵਿੱਚ ਪਰਨੀਤ ਕੌਰ, ਤਰਨਜੀਤ ਸਿੰਘ ਸੰਧੂ, ਗੁਰਮੀਤ ਸਿੰਘ ਰਾਣਾ ਸੋਢੀ,  ਪਰਮਪਾਲ ਕੌਰ ਸਿੱਧੂ, ਰਵਨੀਤ ਸਿੰਘ ਬਿੱਟੂ ਅਤੇ ਮਨਜੀਤ ਸਿੰਘ ਮੰਨਾ ਸ਼ਾਮਲ ਹਨ। ਭਾਵੇਂ ਇਨ੍ਹਾਂ ਉਮੀਦਵਾਰਾਂ ਵਿੱਚੋਂ ਕੋਈ ਜਿੱਤ ਨਹੀਂ ਸਕਿਆ ਪ੍ਰੰਤੂ ਉਨ੍ਹਾਂ ਦੇ ਉਮੀਦਵਾਰ ਜਿੱਤਣ ਵਾਲਿਆਂ ਤੋਂ ਦੂਜੇ, ਤੀਜੇ ਅਤੇ ਚੌਥੇ ਨੰਬਰ ਤੇ ਆਏ ਹਨ। ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਨੇ ਪਛਾੜ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ‘ਤੇ ਘੱਟ ਗਿਣਤੀਆਂ ਨਾਲ ਵਧੀਕੀਆਂ ਕਰਨ ਦੇ ਇਲਜ਼ਾਮ ਲੱਗਦੇ ਸਨ।
  ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੇ ਸਿਆਸਤਦਾਨ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੀਜੀ ਪਾਰੀ ਦੇ ਮੰਤਰੀ ਮੰਡਲ ਗਠਨ ਵਿੱਚ ਬਹੁਤ ਸਾਰੀਆਂ ਨਿਵੇਕਲੀਆਂ ਗੱਲਾਂ ਵੇਖਣ ਨੂੰ ਮਿਲੀਆਂ ਹਨ। ਲੋਕ ਸਭਾ ਵਿੱਚ ਇਕੱਲੀ ਭਾਰਤੀ ਜਨਤਾ ਪਾਰਟੀ ਨੂੰ ਬਹੁਮੱਤ ਨਾ ਮਿਲਣ ਕਰਕੇ ਨਰਿੰਦਰ ਮੋਦੀ ਨੇ ਆਪਣੀ 72 ਮੈਂਬਰੀ ਕੇਂਦਰੀ ਵਜ਼ਾਰਤ ਵਿੱਚ ਤਜ਼ਰਬੇਕਾਰ ਰਾਜਨੇਤਾਵਾਂ ਨੂੰ ਸ਼ਾਮਲ ਕਰਕੇ ਇਹ ਸੰਕੇਤ ਦਿੱਤੇ ਹਨ ਕਿ ਸਰਕਾਰ ਠੋਸ ਨਤੀਜੇ ਭਾਲਦੀ ਹੈ ਤਾਂ ਜੋ ਜਿਹੜੇ ਰਾਜਾਂ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾ ਹੋਣੀਆਂ ਹਨ, ਉਥੇ ਭਾਰਤੀ ਜਨਤਾ ਪਾਰਟੀ ਸ਼ਪਸ਼ਟ ਬਹੁਮੱਤ ਪ੍ਰਾਪਤ ਕਰ ਸਕੇ। ਮੰਤਰੀ ਮੰਡਲ ਦੇ ਗਠਨ ਵਿੱਚ ਕੀਤੀਆਂ ਗਈਆਂ ਵਿਲੱਖਣਤਾਵਾਂ ਬਾਰੇ ਗੱਲ ਸ਼ੁਰੂ ਕਰਨ ਲੱਗਿਆ ਸਭ ਤੋਂ ਪਹਿਲਾਂ ਪੰਜਾਬ ਬਾਰੇ ਗੱਲ ਕਰਾਂਗੇ। ਪੰਜਾਬ ਦੇਸ਼ ਦਾ ਸਰਹੱਦੀ ਰਾਜ ਹੈ। ਪੰਜਾਬੀਆਂ ਨੇ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਦੇਸ਼ ਦੀਆਂ ਸਰਹੱਦਾਂ ‘ਤੇ ਭਾਰਤ ਪਾਕਿ ਅਤੇ ਚੀਨ ਨਾਲ ਜੰਗ ਸਮੇਂ ਹਿੱਕ ਠੋਕ ਕੇ ਦੇਸ਼ ਦੀ ਰੱਖਿਆ ਕੀਤੀ। ਬੈਰੂਨੀ ਖ਼ਤਰਿਆਂ ਨਾਲ ਨਿਪਟਣ ਤੋਂ ਬਾਅਦ ਜਦੋਂ ਦੇਸ਼ ਵਿੱਚ ਅੰਦਰੂਨੀ ਖ਼ਤਰੇ ਪਹਾੜ ਦੀ ਤਰ੍ਹਾਂ ਚਟਾਨ ਬਣਕੇ ਖੜ੍ਹ ਗਏ ਸਨ ਤਾਂ ਵੀ ਪੰਜਾਬ ਨੇ ਹੀ ਉਸ ਦਾ ਮੁਕਾਬਲਾ ਕੀਤਾ। ਭਾਵ ਜਦੋਂ ਸਮੁੱਚੇ ਦੇਸ਼ ਵਿੱਚ ਅੱਤਵਾਦ ਦਾ ਦੌਰ ਸੀ ਜੋ ਠੱਲਣ ਦਾ ਨਾਮ ਨਹੀਂ ਲੈ ਰਿਹਾ ਸੀ, ਜਿਸ ਦਾ ਸਭ ਤੋਂ ਜ਼ਿਆਦਾ ਸਰਹੱਦੀ ਸੂਬਾ ਪੰਜਾਬ ਪ੍ਰਭਾਵਤ ਸੀ ਤਾਂ ਫਿਰ ਰਵਨੀਤ ਸਿੰਘ ਬਿੱਟੂ ਦੇ ਦਾਦਾ ਸ੍ਰ.ਬੇਅੰਤ ਸਿੰਘ ਨੇ ਸਮੁੱਚੇ ਭਾਰਤੀਆਂ ਦੇ ਜਾਨ ਮਾਲ ਦੀ ਰੱਖਿਆ ਲਈ ਸ਼ਾਂਤੀ ਸਥਾਪਤ ਕੀਤੀ। ਸ੍ਰ.ਬੇਅੰਤ ਸਿੰਘ ਦੀ ਵਿਰਾਸਤ ਦਾ ਲਾਹਾ ਲੈਣ ਲਈ ਭਾਰਤੀ ਜਨਤਾ ਪਾਰਟੀ ਨੇ ਸ੍ਰ.ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਹਾਰਨ ਦੇ ਬਾਵਜੂਦ ਕੇਂਦਰੀ ਮੰਤਰੀ ਮੰਡਲ ਵਿੱਚ ਬਤੌਰ ਰਾਜ ਮੰਤਰੀ ਸ਼ਾਮਲ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਮਾਰੇ ਹਨ। ਰਵਨੀਤ ਸਿੰਘ ਬਿੱਟੂ ਤਿੰਨ ਵਾਰ ਲੋਕ ਸਭਾ ਦਾ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਿਹਾ ਹੈ। ਉਸ ਕੋਲ ਸਿਆਸਤ ਦਾ ਵਿਸ਼ਾਲ ਤਜ਼ਰਬਾ ਹੈ। ਉਹ 2008 ਵਿੱਚ ਪੰਜਾਬ ਯੂਥ ਕਾਂਗਰਸ ਦਾ ਬਾਕਾਇਦਾ ਚੁਣਿਆਂ ਹੋਇਆ ਪਹਿਲਾ ਪ੍ਰਧਾਨ ਸੀ, ਜਿਸ ਕਰਕੇ ਉਸ ਕੋਲ ਆਰਗੇਨਾਈਜੇਸ਼ਨ ਦਾ ਤਜ਼ਰਬਾ ਹੈ। ਲੋਕ ਸਭਾ ਚੋਣਾ ਤੋਂ ਪਹਿਲਾਂ ਹੀ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਇਆ ਹੈ। 24 ਰਾਜਾਂ ਵਿੱਚੋਂ 72 ਮੈਂਬਰੀ ਮੰਤਰੀ ਮੰਡਲ ਵਿੱਚ 30 ਕੈਬਨਿਟ ਮੰਤਰੀ, 5 ਰਾਜ ਮੰਤਰੀ ਸੁਤੰਤਰ ਚਾਰਜ, 36 ਰਾਜ ਮੰਤਰੀ ਸ਼ਾਮਲ ਹਨ, ਇਨ੍ਹਾਂ ਵਿੱਚ 11 ਮੰਤਰੀ ਐਨ.ਡੀ.ਏ.ਦੇ ਸਹਿਯੋਗੀ ਦਲਾਂ ਦੇ ਹਨ। 7 ਸਾਬਕਾ ਮੁੱਖ ਮੰਤਰੀਆਂ  ਅਤੇ 7 ਇਸਤਰੀਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਗਿਆ ਹੈ। ਪੰਜਾਬ ਤੋਂ ਦੋ ਸਿੱਖ ਚਿਹਰੇ ਹਰਦੀਪ ਸਿੰਘ ਪੁਰੀ ਕੈਬਨਿਟ ਮੰਤਰੀ ਅਤੇ ਰਵਨੀਤ ਸਿੰਘ ਬਿੱਟੂ ਰਾਜ ਮੰਤਰੀ ਦੇ ਤੌਰ ‘ਤੇ ਲਏ ਗਏ ਹਨ। ਪ੍ਰਧਾਨ ਮੰਤਰੀ ਨੇ ਸਾਰੇ ਫਿਰਕਿਆਂ ਅਤੇ ਸਮੁਦਾਇ ਨੂੰ ਪ੍ਰਤੀਨਿਧਤਾ ਦਿੱਤੀ ਹੈ। ਇਨ੍ਹਾਂ ਵਿੱਚੋਂ 43 ਮੰਤਰੀ 3 ਵਾਰ ਤੋਂ ਵੱਧ ਵਾਰ ਲੋਕ ਸਭਾ ਦੇ ਮੈਂਬਰ, 39 ਪਹਿਲਾਂ ਵੀ ਮੰਤਰੀ ਰਹੇ ਹਨ, 27 ਓ.ਬੀ.ਸੀ., 10 ਐਸ.ਸੀ., 5 ਸਟੇਟ ਟਰਾਈਬਜ਼ ਅਤੇ 5 ਘੱਟ ਗਿਣਤੀਆਂ ਦੇ ਮੈਂਬਰ ਹਨ। 12 ਮੰਤਰੀ 70 ਤੋਂ 75 ਸਾਲ, ਇੱਕ ਮੰਤਰੀ 79 ਸਾਲ, 12 ਮੰਤਰੀ 60 ਤੋਂ 70 ਸਾਲ, 16 ਮੰਤਰੀ 50 ਤੋਂ 60 ਸਾਲ, 15 ਮੰਤਰੀ 40 ਤੋਂ 50 ਸਾਲ ਤੋਂ ਘੱਟ ਉਮਰ ਅਤੇ 2 ਮੈਂਬਰ 40 ਸਾਲ ਤੋਂ ਵੀ ਘੱਟ ਉਮਰ ਦੇ ਹਨ। ਭਾਵ ਮੰਤਰੀ ਮੰਡਲ ਵਿੱਚ ਬਜ਼ੁਰਗਾਂ ਦੇ ਨਾਲ ਨੌਜਵਾਨਾ ਨੂੰ ਵੀ ਤਰਜ਼ੀਹ ਦਿੱਤੀ ਗਈ ਹੈ ਤਾਂ ਜੋ ਸਰਕਾਰ ਆਪਣੀ ਸੁਚੱਜੀ ਕਾਰਗੁਜ਼ਾਰੀ ਵਿਖਾ ਸਕੇ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
  ਮੋਬਾਈਲ-94178 13072
  ujagarsingh48@yahoo.com