ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

ਅੰਮ੍ਰਿਤਪਾਲ ਸਿੰਘ ਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੇ ਸੰਕੇਤ ਨੇ ਬਾਦਲਾਂ ਦੇ ਛੁਡਾਏ ਪਸੀਨੇ- ਇਕ ਖ਼ਬਰ

ਲੋਕੀਂ ਆਖਦੇ ਸ਼ਰਬਤੀ ਟੋਟਾ, ਮੇਰੇ ਭਾਅ ਦੀ ਅੱਗ ਮੱਚਦੀ।

ਟਰੰਪ ਨਾਲ ਬਹਿਸ ਵਿਚ ਮਾੜੇ ਪ੍ਰਦਰਸ਼ਨ ਬਾਅਦ ਬਾਈਡਨ ਦੇ ਰਾਸ਼ਟਰਪਤੀ ਦੀ ਚੋਣ ‘ਚੋਂ ਹਟਣ ਦੀ ਮੰਗ ਵਧੀ-ਇਕ ਖ਼ਬਰ

ਉਹਦੇ ਨਾਲ ਕੀ ਬੋਲਣਾ ਜਿਹਨੂੰ ਪੱਗ ਬੰਨ੍ਹਣੀ ਨਾ ਆਵੇ।

ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਬੰਦ ਰਹੇਗਾ ਲਾਡੋਵਾਲ ਟੋਲ ਪਲਾਜ਼ਾ- ਕਾਦੀਆਂ

ਇਕ ਤੇਰਾ ਰੰਗ ਮੁਸ਼ਕੀ, ਦੂਜਾ ਡਾਹ ਲਿਆ ਗਲ਼ੀ ਦੇ ਵਿਚ ਚਰਖ਼ਾ।

ਕੀ ਕੈਪਟਨ ਪਰਵਾਰ ਦਾ ਸਿਆਸੀ ਯੁਗ ਬੀਤ ਗਿਆ ਹੈ?- ਇਕ ਖ਼ਬਰ, ਇਕ ਸਵਾਲ

ਪੱਤ ਝੜੇ ਪੁਰਾਣੇ ਮਾਹੀ ਵੇ, ਰੁੱਤ ਨਵਿਆਂ ਦੀ ਆਈ ਆ ਢੋਲਾ।

ਰਾਜ ਭਾਗ ਮਾਣਦਿਆਂ ਦੁੱਧ ਮਲਾਈਆਂ ਖਾਣ ਵਾਲੇ ਅਕਾਲੀ ਆਗੂਆਂ ਨੂੰ ‘ਜਥੇਦਾਰ’ 10 ਸਾਲ ਦਾ ਸਨਿਆਸ ਦੇਣ- ਬੀਬੀ ਭੱਠਲ

ਬੀਬੀ ਜੀ, ਤੁਹਾਡੇ ਆਗੂ ਤਾਂ ਦੇਗ਼ਾਂ ਚਟਮ ਕਰ ਕੇ ਆਪ ਹੀ ਸਨਿਆਸ ਲੈ ਗਏ।

ਸ਼ੀਤਲ ਅੰਗੁਰਾਲ ਭਗਵੰਤ ਮਾਨ ਖ਼ਿਲਾਫ਼ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕਿਆ- ਇਕ ਖ਼ਬਰ

ਬਹੁਤ ਸ਼ੋਰ ਸੁਨਤੇ ਥੇ ਪਹਿਲੂ ਮੇਂ ਦਿਲ ਕਾ, ਜੋ ਚੀਰਾ ਤੋ ਕਤਰਾ-ਏ-ਖੂੰ ਨਿਕਲਾ।

ਬਿਹਾਰ ਵਿਚ ਪਿਛਲੇ ਪੰਦਰਾਂ ਦਿਨਾਂ ‘ਚ 10ਵਾਂ ਪੁਲ ਡਿਗਿਆ-ਇਕ ਖ਼ਬਰ

ਲਗਦੈ ਇਹ ਸਭ ਪੁਲ ਨੀਟ (NEET) ਰਾਹੀਂ ਚੁਣੇ ਗਏ ਇੰਜਨੀਅਰਾਂ ਦੇ ਉਸਾਰੇ ਹੋਏ ਹਨ।

ਭਾਰਤ ‘ਚ ਹਰੇਕ ਸਾਲ ਕਰੀਬ ਇਕ ਲੱਖ ਬੱਚੇ ਦਸਤਾਂ ਨਾਲ਼ ਮਰ ਜਾਂਦੇ ਹਨ- ਸਿਵਲ ਸਰਜਨ, ਮਾਲੇਰਕੋਟਲਾ

ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਕੰਗਣਾ ਰਣੌਤ ਨੂੰ ਰੋਕਣ ਦੀ ਬਜਾਇ ਕੁਲਵਿੰਦਰ ਕੌਰ ਦੀ ਬਦਲੀ ਕਰ ਕੇ ਸਰਕਾਰ ਨੇ ਖੁੰਦਕ ਕੱਢੀ- ਸਰਨਾ

ਕਿਉਂਕਿ ਸਰਕਾਰ ਨੂੰ ਕੰਗਣਾ ਰਣੌਤ ਵਰਗੇ ਮੂੰਹ-ਫੱਟ ਲੋਕਾਂ ਦੀ ਹੋਰ ਲੋੜ ਐ ਅਜੇ

ਅੰਮ੍ਰਿਤਸਰ ਪੁਲਿਸ ਅੱਗੇ ਪੇਸ਼ ਨਹੀਂ ਹੋਈ ਯੋਗਾ ਗਰਲ, ਦੁਬਾਰਾ ਨੋਟਿਸ ਭੇਜਣ ਦੀ ਤਿਆਰੀ-ਇਕ ਖ਼ਬਰ

ਆਉਂਦੀਆਂ ਰਾਜਾਂ ਦੀਆਂ ਚੋਣਾਂ ‘ਚ ਸ਼ਾਇਦ ਕਿਧਰੋਂ ਟਿਕਟ ਲਈ ਹੱਥ-ਪੱਲਾ ਮਾਰਦੀ ਹੋਣੀ ਐ।

ਪ੍ਰੀਖਿਆਵਾਂ ‘ਚ ਬੈਠਣ ਵਾਲੇ ਸਿੱਖ ਵਿਦਿਆਰਥੀਆਂ ਨਾਲ ਕਕਾਰਾਂ ‘ਤੇ ਬੰਦਸ਼ ਅਨਿਆਂਪੂਰਨ- ਧਾਮੀ

ਇਸ ਅਨਿਆਂ ਬਾਰੇ ਸਭ ਨੂੰ ਪਤੈ, ਪਰ ਤੁਸੀਂ ਬਿਆਨ ਦੇਣ ਤੋਂ ਬਿਨਾਂ ਕੀ ਕੀਤਾ ਅੱਜ ਤਾਈਂ?

ਕਿਸਾਨ ਅੰਦੋਲਨ ਕਾਰਨ ਸੰਸਦ ‘ਚ ਭਾਜਪਾ ਦਾ ਚਿਹਰਾ ਹੋਇਆ ਨੰਗਾ- ਰਣ ਸਿੰਘ ਚੱਠਾ

ਚਿਹਰਾ ਤਾਂ ਪਹਿਲਾਂ ਹੀ ਨੰਗਾ ਸੀ, ਪਰ ਕਈਆਂ ਨੂੰ ਨਜ਼ਰ ਨਹੀਂ ਸੀ ਆਉਂਦਾ, ਅਜੇ ਵੀ ਅੰਧ-ਭਗਤ ਹੈਨ।

ਭਾਰਤੀ ਸੰਸਦੀ ਪ੍ਰਣਾਲੀ ‘ਤੇ ਹੁਣ ‘ਬੁਲਡੋਜ਼ਰ ਨਿਆਂ’ ਨਹੀਂ ਚੱਲਣ ਦੇਵੇਗਾ ‘ਇੰਡੀਆ ਗੱਠ ਜੋੜ’-  ਖੜਗੇ

ਤੋਤਾ ਪੀ ਜੂ ਗਾ ਗੁਲਾਬੀ ਰੰਗ ਤੇਰਾ, ਨੀਂ ਨਿੰਮ ਨਾਲ ਝੂਟਦੀਏ।

ਦੁਪਹਿਰੇ ‘ਆਪ’ ‘ਚ ਸ਼ਾਮਲ ਹੋ ਕੇ ਸ਼ਾਮ ਨੂੰ ਬੀਬੀ ਸੁਰਜੀਤ ਕੌਰ ਬਾਗ਼ੀ ਅਕਾਲੀਆਂ ‘ਚ ਵਾਪਸ ਮੁੜੀ- ਇਕ ਖ਼ਬਰ

ਜਲੰਧਰ ਨੂੰ ਹੁਣ ਦਲ ਬਦਲੂਆਂ ਦੀ ਰਾਜਧਾਨੀ ਦਾ ਦਰਜਾ ਦੇ ਦੇਣਾ ਚਾਹੀਦਾ ਹੈ।

ਅਕਾਲ ਤਖ਼ਤ ਦੇ ਹੁਕਨਾਮਿਆਂ ਦੀ ਉਲੰਘਣਾ ਤੇ ਬੇਕਦਰੀ ਜ਼ਿਆਦਾਤਰ ਅਕਾਲੀਆਂ ਨੇ ਹੀ ਕੀਤੀ-ਪ੍ਰੋ.ਘੱਗਾ

ਗੱਲਾਂ ਤੇਰੀਆਂ ਦੇ ਉੱਠਣ ਮਰੋੜੇ, ਢਿੱਡ ਵਿਚ ਦੇਵਾਂ ਮੁੱਕੀਆਂ।

=================================================================