ਤੋਹਮਤਾਂ ਦੇ ਕਟੋਰੇ - ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ

ਤੋਹਮਤਾਂ ਦੇ ਭਰੇ ਕਟੋਰੇ, ਪੀਣੇ ਪੈਂਦੇ ਨਿੱਤ ਨਿੱਤ,
ਦੂਸ਼ਣ ਕਈ ਭੈੜੇ ਲੋਕੀਂ, ਲਾਂਵਦੇ ਨੇ ਨਿੱਠ ਨਿੱਠ।

ਉੱਠਦੀਆਂ ਨੇ ਉਂਗਲਾਂ, ਮੇਰੇ ਉੱਤੇ ਉਨ੍ਹਾਂ ਦੀਆਂ,
ਜਿਹੜੇ ਹੁੰਦੇ ਖ਼ੁਦ ਹੀ, ਪੈਰ ਪੈਰ ਰੋਜ਼ ਠਿੱਠ।

ਨਾ ਕੋਈ ਸਾਡੀ ਕੰਧ ਸਾਂਝੀ, ਨਾ ਕੋਈ ਐਸਾ ਵੱਟ ਬੰਨਾ,
ਰੱਖਦੇ ਨੇ ਖ਼ਾਰ ਫਿਰ ਵੀ, ਹਰ ਦਮ ਢਿੱਡ ਵਿੱਚ।

ਚੋਪੜਵੀਆਂ ਗੱਲਾਂ ਕਈ, ਸੁਣੀਆਂ ਨੇ ਮੂੰਹ ਉੱਤੇ,
ਮੂੰਹੋਂ ਨਿਕਲੇ ਰਾਮ ਰਾਮ, ਛੁਰੀ ਖੋਭਣ ਵਿੱਚ ਪਿੱਠ।

ਸੂਰਤਾਂ ਨੇ ਬੜੀਆਂ, ਲੱਗਦੀਆਂ ਸ਼ਰੀਫ ਜਿਹੀਆਂ,
ਸੀਰਤ ਅਸਲੀ ਨਿੱਖਰੇ ਤਾਂ, ਰੂਹ ਦਿਸੇ ਪੂਰੀ ਜਿੱਚ।

ਦੰਦ ਕੱਢ ਦੰਦੀਆਂ, ਦਿਖਾਉਣ ਵਾਲੇ ਬੜੇ ਦਿਸਣ,
ਦੰਦੀਆਂ ਦੇ ਜ਼ਖ਼ਮ ਵੀ ਮੈਂ, ਥੱਕ ਗਿਆਂ ਨਿੱਤ ਡਿੱਠ।

ਧੁੱਪ ਵਿੱਚ ਬਣ ਕੇ, ਦੀਵਾਰ ਵਾਂਗੂੰ ਖੜ੍ਹਾ ਹਾਂ ਮੈਂ,
ਹਾਲੇ ਹੈ ਪਰਛਾਵਾਂ ਮੇਰਾ, ਲੰਮੇਰਾ ਕਈਆਂ ਨਾਲੋਂ ਗਿੱਠ।

ਬੌਣੀਆਂ ਨੇ ਸ਼ਖ਼ਸੀਅਤਾਂ, ਕੱਦ ਭਾਵੇਂ ਸਿੰਬਲਾਂ ਦੇ,
ਰੱਬਾ ਬਚਾਈਂ ਹੱਥ ਦੇ ਕੇ, ਮਤੇ ਮੈਂ ਹੋ ਜਾਵਾਂ ਭਿੱਟ।

ਤੋਹਮਤਾਂ ਦੇ ਭਰੇ ਕਟੋਰੇ, ਪੀਣੇ ਪੈਂਦੇ ਨਿੱਤ ਨਿੱਤ,
ਦੂਸ਼ਣ ਕਈ ਭੈੜੇ ਲੋਕੀਂ, ਲਾਂਵਦੇ ਨੇ ਨਿੱਠ ਨਿੱਠ।

ਰਵਿੰਦਰ ਸਿੰਘ ਕੁੰਦਰਾ ਕਵੈਂਟਰੀ ਯੂ ਕੇ