ਸ਼ਹੀਦ ਭਗਤ ਸਿੰਘ (ਜਨਮ ਦਿਨ ‘ਤੇ) - ਨਿਰਮਲ ਸਿੰਘ ਕੰਧਾਲਵੀ
ਆ ਵੇ ਵੀਰਾ ਭਗਤ ਸਿਆਂ, ਤੈਨੂੰ ਭਾਰਤ ਦੀ ਤਸਵੀਰ ਵਿਖਾਵਾਂ
ਦੇਸ਼ ਦੇ ‘ਰਾਖੇ’ ਕਿੱਦਾਂ ਕਰਦੇ, ਇਦ੍ਹਾ ਦਾਮਨ ਲੀਰੋ ਲੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ..........................................
ਵਾਅਦਾ ਆਪਣਾ ਕੀਤਾ ਤੂੰ ਪੂਰਾ, ਸਾਮਰਾਜ ਨੂੰ ਮਾਰ ਭਜਾਇਆ
ਪਾ ਕੇ ਆਪਣਾ ਖ਼ੂਨ ਤੂੰ ਵੀਰਿਆ, ਆਜ਼ਾਦੀ ਦਾ ਬੂਟਾ ਲਾਇਆ
ਟੋਡੀਆਂ ਲੁੱਟੀ ਕਿਵੇਂ ਆਜ਼ਾਦੀ, ਦਿਲ ਨੂੰ ਕਿੱਦਾਂ ਚੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ....................................
ਕਿਰਤੀ ਰਾਤ ਨੂੰ ਭੁੱਖਾ ਸੌਂਵੇਂ, ਅੰਨ- ਦਾਤਾ ਖ਼ੁਦਕੁਸ਼ੀਆਂ ਕਰਦਾ
ਸਾਰਾ ਦਿਨ ਜੋ ਕਰੇ ਮਜੂਰੀ, ਉਦ੍ਹਾ ਡੰਗ ਦੇ ਡੰਗ ਨਹੀਂ ਸਰਦਾ
ਵੇਚ ਵੇਚ ਕੇ ਪਰਮਿਟ ਕੋਟੇ, ਬਣਦੇ ਕਿਵੇਂ ਅਮੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ.........................................
ਪੁਲਿਸ ਦਿਨੇ ਹੀ ਜੇਬਾਂ ਕੱਟਦੀ, ਅੱਜ ਵਾੜ ਖੇਤ ਨੂੰ ਖਾਈ ਜਾਵੇ
ਲੱਠ ਜੇਸ ਦੀ ਮੱਝ ਹੱਕ ਲਿਜਾਂਦਾ, ਸੱਤੀਂ ਵੀਹੀਂ ਨਾਲੇ ਸੌ ਕਰਾਵੇ
ਭਲੇਮਾਣਸ ਦੇ ਗਲ਼ ਵਿਚ ਪੈ ਜਾਂਦੀ, ਲੋਹੇ ਦੀ ਜ਼ੰਜੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ..............................
ਅਮਲੀ ਭੋਰਾ ਫ਼ੀਮ ਜੇ ਖਾ ਲਏ, ਝੱਟ ਪੁਲਿਸ ਠਾਣੇ ਲੈ ਜਾਂਦੀ
ਖੀਸੇ ਕਰ ਦਏ ਉਹਦੇ ਖਾਲੀ, ਹੱਡਾਂ ਵਿਚ ਨਾਲ਼ੇ ਪਾਣੀ ਪਾਂਦੀ
ਐਪਰ ਕਾਰਾਂ ਲੱਦੀ ਫਿਰਦੇ, ਅਫ਼ਸਰ ਅਤੇ ਵਜ਼ੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ......................................
ਡਿਗਰੀਆਂ ਵਾਲ਼ੇ ਵਿਹਲੇ ਫਿਰਦੇ, ਅੱਧਪੜ੍ਹ ਕਿੱਥੇ ਜਾਣ ਵਿਚਾਰੇ
ਜੇ ਕਰ ਹੱਕ ਮੰਗਣ ਉਹ ਜਾਂਦੇ, ਭੁੱਜਦੇ ਗੋਲ਼ੀਆਂ ਨਾਲ ਵਿਚਾਰੇ
ਪਰਾਏ ਮੁਲਕੀਂ ਜੋ ਧੱਕੇ ਖਾਵਣ, ਤੈਨੂੰ ਤੇਰੇ ਆ ਵੀਰ ਵਿਖਾਵਾਂ
ਆ ਵੇ ਵੀਰਾ ਭਗਤ ਸਿਆਂ..........................................