ਘੋੜੀ ਤੇ ਜਾ ਕੇ ਅਖ਼ਬਾਰ ਲਿਆਉਣ ਵਾਲੇ ਬਾਬੂ ਜੀ ਕਰਤਾਰ ਸਿੰਘ - ਉਜਾਗਰ ਸਿੰਘ

ਇੰਟਰਨੈਟ ਦੇ ਜ਼ਮਾਨੇ ਵਿਚ ਦੂਰ ਦੁਰਾਡੇ ਇਲਾਕਿਆਂ ਵਿਚ ਵਸਣ ਵਾਲੇ ਲੋਕ ਜਿੱਥੇ ਅਖ਼ਬਾਰ ਦੇਰ ਨਾਲ ਪਹੁੰਚਦੇ ਹਨ, ਉਹ ਆਨ ਲਾਈਨ ਹੀ ਪੜ੍ਹ ਲੈਂਦੇ ਹਨ ਕਿਉਂਕਿ ਹਾਲਾਤ ਨਾਲ ਬਾਵਾਸਤਾ ਰਹਿਣ ਦੀ ਇਨਸਾਨ ਦੀ ਫਿਤਰਤ ਕੁਦਰਤੀ ਹੁੰਦੀ ਹੈ। ਜਿਹੜੇ ਆਨ ਲਾਈਨ ਅਖ਼ਬਾਰ ਨਹੀਂ ਪੜ੍ਹ ਸਕਦੇ, ਜਿਤਨੀ ਦੇਰ ਸਵੇਰੇ ਅਖ਼ਬਾਰ ਨਹੀਂ ਆਉਂਦਾ ਉਤਨੀ ਦੇਰ ਉਨ੍ਹਾਂ ਨੂੰ ਬੇਚੈਨੀ ਬਣੀ ਰਹਿੰਦੀ ਹੈ। ਕਈਆਂ ਨੂੰ ਤਾਂ ਅਖ਼ਬਾਰ ਬਿਨਾਂ ਚਾਹ ਪੀਣੀ ਵੀ ਚੰਗੀ ਨਹੀਂ ਲੱਗਦੀ। ਕੁਝ ਲੋਕ ਪਾਖ਼ਨੇ ਵਿਚ ਅਖ਼ਬਾਰ ਪੜ੍ਹਦੇ ਹਨ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਖਾਸ ਤੌਰ ਤੇ ਆਪਣੇ ਵਿਰਸੇ ਨਾਲ ਬਾਵਾਸਤਾ ਰਹਿਣ ਲਈ ਆਨ ਲਾਈਨ ਹੀ ਅਖ਼ਬਾਰ ਪੜ੍ਹਦੇ ਹਨ। ਕੋਈ ਜ਼ਮਾਨਾ ਹੁੰਦਾ ਸੀ ਕਿ ਅਖ਼ਬਾਰ ਸਿਰਫ ਸ਼ਹਿਰਾਂ ਤੱਕ ਹੀ ਨਿਯਮਤ ਹੁੰਦੇ ਸਨ। ਪਿੰਡਾਂ ਵਿਚ ਅਖ਼ਬਾਰ ਪਹੁੰਚਦੇ ਹੀ ਨਹੀਂ ਸਨ ਕਿਉਂਕਿ ਆਵਾਜਾਈ ਦੇ ਸਾਧਨ ਵੀ ਚੰਗੇ ਨਹੀਂ ਹੁੰਦੇ ਸਨ ਅਤੇ ਸੜਕਾਂ ਵੀ ਨਹੀਂ ਹੁੰਦੀਆਂ ਸਨ। ਦੇਸ਼ ਨੂੰ ਆਜ਼ਾਦ ਹੋਇਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਸੀ। ਮੈਂ ਅਜੇ ਮਸਾਂ 6 ਕੁ ਸਾਲ ਦਾ ਸੀ ਜਾਣੀ ਕਿ 1954-55 ਦੀ ਗੱਲ ਹੈ। ਪਾਕਿਸਤਾਨ ਤੋਂ ਲੋਕ ਅਜੇ ਵੀ ਆ ਜਾ ਰਹੇ ਸਨ। ਮੇਰੇ ਪਿਤਾ ਜੀ ਮੈਨੂੰ ਉਂਗਲ ਫੜਕੇ ਪਿੰਡ ਦੇ ਦਰਵਾਜੇ ਸੱਥ ਵਿਚ ਲੈ ਜਾਂਦੇ ਸਨ ਕਿਉਂਕਿ ਉਥੇ ਬੈਠਿਆਂ ਨੂੰ ਪਿੰਡ ਅਤੇ ਆਲੇ ਦੁਆਲੇ ਦੇ ਇਲਾਕੇ ਦੀ ਸਾਰੀ ਖ਼ਬਰ ਸਾਰ ਮਿਲ ਜਾਂਦੀ ਸੀ। ਇੱਕ ਕਿਸਮ ਨਾਲ ਵਰਤਮਾਨ ਵੱਟਸ ਅਪ ਪਿੰਡ ਦੀ ਸੱਥ ਹੀ ਹੁੰਦੇ ਸਨ। ਸਕੂਲ ਅਜੇ ਦਾਖ਼ਲ ਹੀ ਹੋਏ ਸੀ, ਕਦੀਂ ਚਲੇ ਜਾਣਾ ਕਦੀਂ ਛੁਟੀ ਮਾਰ ਲੈਣੀ। ਅਧਿਆਪਕ ਬੱਚਿਆਂ ਨੂੰ ਘਰਾਂ ਵਿਚੋਂ ਲੈਣ ਲਈ ਆ ਜਾਂਦੇ ਸਨ, ਇਸ ਲਈ ਮੈਂ ਘਰੋਂ ਬਾਹਰ ਰਹਿਣਾ ਠੀਕ ਸਮਝਦਾ ਸੀ। ਮਾਸਟਰ ਘਰਾਂ ਵਿਚੋਂ ਦੁੱਧ ਵੀ ਪੀ ਜਾਂਦੇ ਅਤੇ ਖਾਣਾ ਖਾ ਜਾਂਦੇ ਸਨ। ਅਧਿਆਪਕਾਂ ਦਾ ਦਰਜਾ ਕਾਫੀ ਉਚਾ ਹੁੰਦਾ ਸੀ। ਦਰਵਾਜੇ ਜਾਣੀ ਕਿ ਸੱਥ ਵਿਚ ਇਕ ਵਿਅਕਤੀ ਕੁਰਸੀ ਡਾਹ ਕੇ ਬੈਠਾ ਹੁੰਦਾ ਸੀ, ਉਸਦੇ ਆਲੇ ਦੁਆਲੇ ਪਿੰਡ ਦੇ ਲੋਕ ਝੁਰਮਟ ਬਣਾਕੇ ਬੈਠੇ ਹੁੰਦੇ ਸਨ, ਉਸ ਵਿਅਕਤੀ ਦੀ ਘੋੜੀ ਵੀ ਇਕ ਪਾਸੇ ਖੜ੍ਹੀ ਹੁੰਦੀ ਸੀ। ਉਹ ਵਿਅਕਤੀ ਸੀ ਬਾਬੂ ਜੀ ਕਰਤਾਰ ਸਿੰਘ। ਲੋਕ ਉਸਨੂੰ ਬਾਬੂ ਜੀ ਕਹਿਕੇ ਹੀ ਬੁਲਾਉਂਦੇ ਸਨ, ਉਸਦਾ ਘਰ ਵੀ ਦਰਵਾਜੇ ਦੇ ਕੋਲ ਹੀ ਸੀ। ਦਰਵਾਜਾ ਪਿੰਡ ਦੀ ਸਾਂਝੀ ਥਾਂ ਨੂੰ ਕਿਹਾ ਜਾਂਦਾ ਸੀ, ਜਿਥੇ ਲੋਕ ਆ ਕੇ ਗੱਪ ਸ਼ੱਪ ਮਾਰਦੇ ਰਹਿੰਦੇ ਸਨ। ਦਰਵਾਜੇ ਵਿਚ ਹੀ ਬਰਾਤਾਂ ਠਹਿਰਦੀਆਂ ਸਨ। ਉਦੋਂ ਬਰਾਤਾਂ ਵੀ ਤਿੰਨ ਚਾਰ ਦਿਨ ਰਹਿੰਦੀਆਂ ਸਨ। ਪਿੰਡ ਅਤੇ ਇਲਾਕੇ ਦੀ ਹਰ ਖ਼ਬਰ ਉਥੋਂ ਹੀ ਮਿਲਦੀ ਸੀ। ਚੁੰਝ ਚਰਚਾ ਉਥੇ ਹੁੰਦੀ ਰਹਿੰਦੀ ਸੀ। ਸਦਭਾਵਨਾ ਵਾਲਾ ਮਾਹੌਲ ਹੁੰਦਾ ਸੀ। ਬਾਬੂ ਜੀ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦਿਨਾਂ ਵਿਚ ਉਰਦੂ ਦੇ ਅਖ਼ਬਾਰ ਤੋਂ ਖ਼ਬਰਾਂ ਚਸਕੇ ਲੈ ਕੇ ਪੜ੍ਹਕੇ ਸੁਣਾਉਂਦਾ ਹੁੰਦਾ ਸੀ। ਫਿਰ ਹਰ ਖ਼ਬਰ ਉਪਰ ਕਿੰਤੂ ਪ੍ਰੰਤੂ ਹੁੰਦਾ ਸੀ। ਉਦੋਂ ਪਿੰਡਾਂ ਵਿਚ ਅਖ਼ਬਾਰ ਅੱਜ ਦੀ ਤਰ੍ਹਾਂ ਨਹੀਂ ਆਉਂਦੇ ਸਨ। ਉਹ ਹਰ ਰੋਜ਼ ਸਵੇਰੇ ਹੀ ਚਾਹ ਪੀਣ ਤੋਂ ਬਾਅਦ ਆਪਣੀ ਘੋੜੀ ਲੈ ਕੇ ਦੋਰਾਹੇ ਤੋਂ ਅਖ਼ਬਾਰ ਲੈਣ ਚਲਾ ਜਾਂਦਾ ਸੀ। ਸਾਡੇ ਪਿੰਡ ਕੱਦੋਂ ਤੋਂ ਦੋਰਾਹਾ 3 ਮੀਲ ਸੀ। ਦੋਰਾਹੇ ਇਕ ਗੁਰਦਿਆਲ ਸਿੰਘ ਨਾਂ ਦਾ ਵਿਅਕਤੀ ਸਾਰੇ ਅਖ਼ਬਾਰਾਂ ਦਾ ਏਜੰਟ ਸੀ। ਉਹੀ ਸਾਰੇ ਅਖ਼ਬਾਰਾਂ ਨੂੰ ਇਲਾਕੇ ਦੀਆਂ ਖ਼ਬਰਾਂ ਭੇਜਦਾ ਸੀ। ਜਾਣੀ ਕਿ ਪੱਤਰਕਾਰ ਵੀ ਉਹੀ ਸੀ। ਬਦਕਿਸਮਤੀ ਇਹ ਰਹੀ ਕਿ ਪੰਜਾਬ ਦੇ ਮਾੜੇ ਦਿਨਾਂ ਵਿਚ ਉਹ ਵੀ ਗਰਮ ਹਵਾ ਦਾ ਸ਼ਿਕਾਰ ਹੋ ਗਿਆ ਸੀ। ਪਿੰਡ ਕੱਦੋਂ ਤੋਂ ਰਸਤਾ ਵੀ ਕੱਚਾ ਅਤੇ ਰੇਤਿਆਂ ਦੇ ਟਿੱਬੇ ਹੁੰਦੇ ਸਨ। ਸਾਈਕਲ ਨਾ ਹੁੰਦੇ ਸੀ ਅਤੇ ਨਾ ਹੀ ਰੇਤੇ ਵਿਚ ਚਲ ਸਕਦੇ ਸਨ। ਉਦੋਂ ਤਾਂ ਮੈਨੂੰ ਅਖ਼ਬਾਰਾਂ ਦੀ ਬਹੁਤੀ ਸਮਝ ਨਹੀਂ ਹੁੰਦੀ ਸੀ ਪ੍ਰੰਤੂ ਵੱਡੇ ਹੋ ਕੇ ਪਤਾ ਲੱਗਿਆ ਕਿ ਲੋਕ ਝੁਰਮਟ ਬਣਾ ਕੇ ਬਾਬੂ ਜੀ ਦੇ ਆਲੇ ਦੁਆਲੇ ਕਿਉਂ ਬੈਠਦੇ ਸਨ? 1947 ਦੀ ਦੇਸ਼ ਦੀ ਵੰਡ ਨੂੰ ਹੱਲੇ ਕਹਿੰਦੇ ਹੁੰਦੇ ਸਨ। ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਮੇਰਾ ਜਨਮ ਹੱਲਿਆਂ ਤੋਂ ਇਕ ਸਾਲ ਬਾਅਦ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਜਨਮ ਤਰੀਕਾਂ ਦਾ ਬਹੁਤਾ ਪਤਾ ਹੀ ਨਹੀਂ ਹੁੰਦਾ ਸੀ। ਸਕੂਲਾਂ ਵਿਚ ਦਾਖ਼ਲੇ ਸਮੇਂ ਵੀ ਅਧਿਆਪਕ ਨੂੰ ਅਟੇ ਸਟੇ ਨਾਲ ਦੇਸੀ ਮਹੀਨਿਆਂ ਅਨੁਸਾਰ ਦੱਸ ਦਿੱਤਾ ਜਾਂਦਾ ਸੀ ਅਤੇ ਅਧਿਆਪਕ ਆਪਣੀ ਮਰਜੀ ਨਾਲ ਹੀ ਅੰਗਰੇਜੀ ਜਨਮ ਤਰੀਕ ਲਿਖ ਲੈਂਦੇ ਸਨ। ਬਾਬੂ ਜੀ ਕਿਸੇ ਸਮੇਂ ਫ਼ੌਜ ਵਿਚ ਨੌਕਰੀ ਕਰਦਾ ਰਿਹਾ ਸੀ, ਉਰਦੂ ਦੇ ਅਖ਼ਬਾਰ ਤੋਂ ਖ਼ਬਰਾਂ ਪੜ੍ਹਕੇ ਸੁਣਾਉਂਦਾ ਹੁੰਦਾ ਸੀ ਪ੍ਰੰਤੂ ਫ਼ੌਜ ਵਿਚ ਨੌਕਰੀ ਕਰਨ ਕਰਕੇ ਹਿੰਦੋਸਤਾਨੀ ਵਿਚ ਗਲਬਾਤ ਕਰਦਾ ਸੀ। ਮੇਰੇ ਪਿਤਾ ਜੀ ਬਾਬੂ ਜੀ ਦੀਆਂ ਗੱਲਾਂ ਸੁਣਾਉਂਦੇ ਦੱਸਦੇ ਹੁੰਦੇ ਸਨ ਕਿ ਉਹ ਬੜਾ ਫਰਾਕ ਦਿਲ ਇਨਸਾਨ ਸੀ। ਗੁਰਬਾਣੀ ਦੀ ਵਿਚਾਰਧਾਰਾ ਤੇ ਅਮਲ ਕਰਦਿਆਂ ਉਹ ਕਿਰਤ ਕਰੋ ਤੇ ਵੰਡ ਕੇ ਛੱਕੋ ਵਿਚ ਵਿਸ਼ਵਾਸ ਰੱਖਦਾ ਸੀ। ਇਸ ਲਈ ਆਪਣੇ ਨੌਕਰਾਂ ਨੂੰ ਵੀ ਆਪਣੇ ਪਰਿਵਾਰ ਦੇ ਮੈਂਬਰ ਹੀ ਸਮਝਦਾ ਸੀ। ਅੱਜ ਦੀ ਤਰ੍ਹਾਂ ਮਾਲਕ ਅਤੇ ਨੌਕਰ ਵਿਚ ਪਾੜਾ ਨਹੀਂ ਹੁੰਦਾ ਸੀ। ਇਕ ਵਾਰ ਉਹ ਆਪਣੇ ਨੌਕਰਾਂ ਨੂੰ ਹਾਜ਼ਰੀ ਦੀ ਰੋਟੀ ਲੈ ਕੇ ਖੇਤਾਂ ਵਿਚ ਗਿਆ। ਅੱਜ ਕਲ੍ਹ ਹਾਜ਼ਰੀ ਦੀ ਰੋਟੀ ਨੂੰ ਬਰੇਕ ਫਾਸਟ ਕਹਿੰਦੇ ਹਨ। ਉਹ ਕਈ ਤਰ੍ਹਾਂ ਦੇ ਆਚਾਰ ਖਾਣ ਦਾ ਸ਼ੌਕੀਨ ਸੀ। ਹਾਜ਼ਰੀ ਦੀ ਰੋਟੀ ਨਾਲ ਆਚਾਰ ਲੈ ਕੇ ਜਾਂਦਾ ਸੀ। ਨੌਕਰਾਂ ਨੂੰ ਪੁਛੀ ਜਾਵੇ ਕਿ ਉਹ ਅੰਬ, ਗਲਗਲ, ਤੁਕਿਆਂ ਅਤੇ ਨਿੰਬੂ ਦੇ ਆਚਾਰ ਵਿਚੋਂ ਕਿਹੜਾ ਆਚਾਰ ਜਾਂ ਪਿਆਜ ਲੈਣਗੇ ਤਾਂ ਉਨ੍ਹਾਂ ਵਿਚੋਂ ਇਕ ਨੌਕਰ ਅੱਗੋਂ ਕਹਿੰਦਾ ਸਾਰੇ ਹੀ ਦੇ ਦਿਓ ਮਾਲਕੋ, ਤਾਂ ਬਾਬੂ ਜੀ ਕਹਿਣ ਲੱਗੇ ਕਿ 'ਹੈ ਤਾਂ ਸਾਲਾ ਕਾਲਾ ਜਿਹਾ ਪਰ ਸੁਆਦੀ ਬੜਾ ਹੈ' ਅਜਿਹੀਆਂ ਬੜੀਆਂ ਹੀ ਦਿਲਚਸਪ ਗੱਲਾਂ ਬਾਬੂ ਜੀ ਕਰਤਾਰ ਸਿੰਘ ਦੀਆਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਸਨ। ਉਦੋਂ ਪਿੰਡਾਂ ਦੇ ਲੋਕ ਅੱਜ ਦੀ ਤਰ੍ਹਾਂ ਚੁਸਤ ਚਾਲਕ ਨਹੀਂ ਸਗੋ ਭੋਲੇ ਭਾਲੇ ਹੁੰਦੇ ਸਨ। ਉਨ੍ਹਾਂ ਅਣਭੋਲ ਲੋਕਾਂ ਦੀ ਗੱਲ ਵੀ ਪਿਤਾ ਜੀ ਸੁਣਾਉਂਦੇ ਹੁੰਦੇ ਸਨ ਕਿ ਜਦੋਂ ਰੇਡੀਓ ਅਤੇ ਟਰਾਂਜਿਸਟਰ ਨਵੇਂ ਨਵੇਂ ਆਏ ਤਾਂ ਉਨ੍ਹਾਂ ਦੇ ਚਚੇਰੇ ਭਰਾ ਸਾਧੂ ਸਿੰਘ ਠੇਕੇਦਾਰ ਨੇ ਸਾਡੇ ਪਿੰਡ ਵਿਚ ਸਭ ਤੋਂ ਪਹਿਲਾਂ ਟਰਾਂਜਿਸਟਰ ਲਿਆਂਦਾ ਸੀ। ਸਾਰਾ ਪਿੰਡ ਸ਼ਾਮ ਨੂੰ ਠੇਕੇਦਾਰ ਸਾਧੂ ਸਿੰਘ ਦੇ ਘਰ ਆ ਕੇ ਟਰਾਂਜਿਸਟਰ ਦੇ ਆਲੇ ਦੁਆਲੇ ਬੈਠਕੇ ਸੁਣਦਾ ਅਤੇ ਲੋਕ ਟਰਾਂਜਿਸਟਰ ਦੇ ਵਿਚ ਅਚੰਭੇ ਨਾਲ ਵੇਖਦੇ ਸਨ ਕਿ ਬੋਲਣ ਵਾਲਾ ਕਿਥੇ ਬੈਠਾ ਹੈ। ਪਿੰਡਾਂ ਵਿਚ ਲੋਕਾਂ ਦੇ ਪਰਿਵਾਰਾਂ ਦੀਆਂ ਅਲਾਂ ਬਾਰੇ ਬੜੀਆਂ ਦਿਲਚਸਪ ਗੱਲਾਂ ਸੁਣਾਉਂਦੇ ਸਨ। ਇਹ ਅੱਲਾਂ ਉਨ੍ਹਾਂ ਪਰਿਵਾਰਾਂ ਦੇ ਸੁਭਾਅ ਅਤੇ ਵਿਵਹਾਰ ਦਾ ਪ੍ਰਤੀਕ ਹੁੰਦੀਆਂ ਸਨ। ਕਿਸੇ ਪਰਿਵਾਰ ਦੇ ਘਰ ਦਾ ਪਤਾ ਕਿਸੇ ਮਹਿਮਾਨ ਨੇ ਪੁੱਛਣਾ ਹੁੰਦਾ ਤਾਂ ਪਰਿਵਾਰ ਦੀ ਅੱਲ ਲੈ ਕੇ ਪੁੱਛਿਆ ਜਾਂਦਾ ਸੀ ਜਿਵੇਂ ਭੂਤਾਂ ਦਾ, ਅਮਲੀਆਂ ਦਾ, ਬਾਬਿਆਂ ਦਾ, ਬਾਗੋ ਕਿਆਂ ਦਾ, ਮਾਹੀ ਕਿਆਂ ਦਾ, ਮੱਲ ਕਿਆਂ, ਪੋਲ੍ਹੋ ਕਿਆਂ, ਗਾਂਧੀ ਕਿਆਂ, ਰੁਲੀਏ ਕਿਆਂ ਅਤੇ ਭਗਤੇ ਕਿਆਂ ਦਾ ਲਾਣਾ ਕਿਹਾ ਜਾਂਦਾ ਸੀ, ਜਦੋਂ ਪਿੰਡ ਵਿਚ ਕੋਈ ਪ੍ਰਾਹੁਣਾ ਆਉਂਦਾ ਸੀ ਤਾਂ ਪਰਿਵਾਰ ਦੀ ਅਲ ਨਾਲ ਹੀ ਘਰ ਦੱਸਿਆ ਜਾਂ ਪੁੱਛਿਆ ਜਾਂਦਾ ਸੀ। ਲੋਕ ਪ੍ਰਾਹੁਣੇ ਨੂੰ ਘਰ ਤੱਕ ਛੱਡਕੇ ਆਉਂਦੇ ਸੀ। ਜੇਕਰ ਕਿਸੇ ਪ੍ਰਾਹੁਣੇ ਨੇ ਅੱਗੇ ਜਾਣਾ ਹੁੰਦਾ ਸੀ, ਰਾਤ ਪੈ ਜਾਵੇ ਤਾਂ ਪਿੰਡ ਦੇ ਲੋਕ ਬੜੇ ਚਾਅ ਅਤੇ ਆਦਰ ਨਾਲ ਆਪਣੇ ਘਰ ਠਹਿਰਾ ਲੈਂਦੇ ਸਨ। ਪੁਰਾਣੇ ਅਤੇ ਅੱਜ ਦੇ ਜ਼ਮਾਨੇ ਦਾ ਜ਼ਮੀਨ ਅਸਮਾਨ ਦਾ ਫਰਕ ਹੈ। ਹੁਣ ਸਾਡਾ ਪੁਰਾਤਨ ਵਿਰਸਾ ਅਤੇ ਪਰੰਪਰਾਵਾਂ ਖ਼ਤਮ ਹੁੰਦੀਆਂ ਜਾ ਰਹੀਆਂ ਹਨ। ਇੰਟਰਨੈਟ ਦੇ ਜਿਥੇ ਅਨੇਕਾਂ ਲਾਭ ਹਨ ਉਥੇ ਇਸਨੇ ਸਾਂਝੇ ਪਰਿਵਾਰ ਅਤੇ ਸੱਥਾਂ ਖ਼ਤਮ ਕਰ ਦਿੱਤੀਆਂ ਹਨ।

ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ- 94178 13072
ujagarsingh48@yahoo.com 

24 Oct. 2018