ਬਾਦਲ ਦਲ ਦੇ ਮੁਖੀਆਂ ਦਾ ਪੀੜਤਾਂ ਪ੍ਰਤੀ ਹੇਜ? - ਜਸਵੰਤ ਸਿੰਘ 'ਅਜੀਤ'

ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਫੈਸਲਾ ਕੀਤਾ ਹੈ ਕਿ 'ਇਸ ਵਾਰ' ਉਹ ਨਵੰਬਰ-84 ਵਿੱਚ ਦਿੱਲੀ ਤੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਹੋਏ ਸਿੱਖ ਕਤਲ-ਏ-ਆਮ ਦੇ ਪੀੜਤ ਪਰਿਵਾਰਾਂ ਨੂੰ ਅਜੇ ਤਕ ਇਨਸਾਫ ਨਾ ਮਿਲ ਪਾਣ ਦੇ ਵਿਰੁੱਧ ਅਕਾਲੀ ਦਲ ਵਲੋਂ ਪਹਿਲੀ (1) ਨਵੰਬਰ ਨੂੰ ਇਤਿਹਾਸਕ ਤਖਤ ਸਾਹਿਬਾਨ ਪੁਰ ਅਰਦਾਸ ਸਮਾਗਮ ਦਾ ਅਯੋਜਨ ਕੀਤਾ ਜਾਇਗਾ ਅਤੇ ਉਸਤੋਂ ਬਾਅਦ ਤਿੰਨ ਨਵੰਬਰ ਨੂੰ ਸਵੇਰੇ ਗਿਆਰ੍ਹਾਂ ਵਜੇ ਤੋਂ ਦੁਪਹਿਰ ਬਾਅਦ ਦੋ ਵਜੇ ਤਕ (ਅਰਥਾਤ ਤਿੰਨ ਘੰਟਿਆਂ ਲਈ) ਜੰਤਰ-ਮੰਤਰ ਨਵੀਂ ਦਿੱਲੀ ਵਿਖੇ ਧਰਨਾ ਦਿੱਤਾ ਜਾਇਗਾ। ਜਿਸਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਕਰਨਗੇ। ਇਸ ਧਰਨੇ ਵਿੱਚ ਅਕਾਲੀ ਦਲ ਦੇ ਸਾਰੇ ਵਿੱੰਗਾਂ ਦੇ ਅਹੁਦੇਦਾਰਾਂ ਸਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ। (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਐਲਾਨ ਕੀਤਾ ਹੈ ਕਿ ਦਿੱਲੀ ਗੁਰਦੁਅਰਾ ਕਮੇਟੀ ਵੀ ਇਸ ਧਰਨੇ ਵਿੱਚ ਸ਼ਾਮਲ ਹੋਵੇਗੀ)। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਬੀਤੇ 34 ਵਰ੍ਹਿਆਂ ਤੋਂ ਕੇਵਲ ਚੋਣਾਂ, ਭਾਵੇਂ ਉਹ ਲੋਕਸਭਾ ਦੀਆਂ ਹੋਣ ਜਾਂ ਪੰਜਾਬ ਤੇ ਦਿੱਲੀ ਵਿਧਾਨ ਸਭਾ ਦੀਆਂ ਜਾਂ ਫਿਰ ਦਿੱਲੀ ਨਗਰ ਬਿਗਮ ਦੀਆਂ, ਦੇ ਸਮੇਂ ਹੀ ਆਪਣੇ ਅਤੇ ਭਾਈਵਾਲ ਪਾਰਟੀ ਭਾਜਪਾ ਸਹਿਤ, ਨਵੰਬਰ-84 ਦੇ ਪੀੜਤਾਂ ਦਾ ਰਾਜਨੀਤਿਕ ਅਤੇ ਭਾਵਨਾਤਮਕ ਸ਼ੋਸ਼ਣ ਕਰਦੇ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂਆਂ ਨੂੰ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ, ਉਸ ਸਮੇਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ 'ਅਰਦਾਸ' ਕਰਨ ਅਤੇ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਵਿਰੁਧ, ਧਰਨਾ ਦੇਣ ਦੀ ਯਾਦ ਆ ਗਈ, ਜਦੋਂ ਕਿ ਉਹ ਸੱਤਾ ਦੀਆਂ ਕੁਰਸੀਆਂ ਤੋਂ ਲਾਂਭੇ ਹੋ ਸੜਕਾਂ ਤੇ ਆ ਚੁਕੇ ਹਨ ਤੇ ਉਨ੍ਹਾਂ ਦੀ ਕਿਸ਼ਤੀ ਮੰਝਧਾਰ ਵਿੱਚ ਫਸੀ ਡਗਮਗਾ ਰਹੀ ਹੈ। ਇਸਦੇ ਨਾਲ ਹੀ ਦਿਲਚਸਪ ਗਲ ਇਹ ਵੀ ਹੈ ਕਿ ਇਹ ਧਰਨਾ ਇੱਕ ਤਰ੍ਹਾਂ ਨਾਲ ਉਸ ਸਰਕਾਰ, ਵਿਰੁਧ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਆਪ ਭਾਈਵਾਲ ਹੈ ਅਤੇ ਉਸ ਵਿੱਚ ਬਾਦਲ ਪਰਿਵਾਰ ਦੀ ਇੱਕ ਸਨਮਾਨਤ ਮੈਂਬਰ, ਬੀਬਾ ਹਰਸਿਮਰਤ ਕੌਰ ਮੰਤ੍ਰੀ ਮੰਡਲ ਵਿੱਚ ਸ਼ਾਮਲ ਹੈ। ਸਿੱਖ ਰਾਜਨੀਤਕਾਂ ਦਾ ਮੰਨਣਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਸੱਚਮੁਚ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੇ ਪੀੜਤਾਂ ਨੂੰ ਇਨਸਾਫ ਨਾ ਮਿਲ ਪਾਣ ਪ੍ਰਤੀ ਦੁਖੀ ਅਤੇ ਗੰਭੀਰ ਹਨ ਤਾਂ ਬੀਬਾ ਹਰਸਿਮਰਤ ਕੌਰ ਨੂੰ ਕੇਂਦ੍ਰੀ ਮੰਤਰੀ ਮੰਡਲ ਵਿਚੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ, ਧਰਨੇ ਦੀ ਅਗਵਾਈ ਕਰ ਰਹੇ ਸੀਨੀਅਰ ਅਤੇ ਜੂਨੀਅਰ ਬਾਦਲ ਦੇ ਨਾਲ ਆ ਸ਼ਾਮਲ ਹੋਣਾ ਚਾਹੀਦਾ ਹੈ। ਉਹ ਰਾਜਨੀਤਕ ਇਹ ਵੀ ਕਹਿੰਦੇ ਹਨ ਕਿ ਇਹ ਅਸਤੀਫਾ ਸ. ਸੁਰਜੀਤ ਸਿੰਘ ਬਰਨਾਲਾ ਅਤੇ ਸ. ਧੰਨਾ ਸਿੰਘ ਗੁਲਸ਼ਨ ਦੇ ਉਸ ਅਸਤੀਫੇ ਵਰਗਾ ਨਹੀਂ ਹੋਣਾ ਚਾਹੀਦਾ, ਜਿਵੇਂ ਦਾ ਅਸਤੀਫੇ ਦੇਣ ਦਾ ਐਲਾਨ, ਉਨ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿੱਖੇ, ਅੰਮ੍ਰਿਤਸਰ, ਦਿੱਲੀ ਅਤੇ ਕਾਨਪੁਰ ਵਿਖੇ ਵਾਪਰੇ ਨਿਰੰਕਾਰੀ ਕਾਂਡ ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਹੋ ਰਹੇ ਸਮਾਗਮ ਵਿੱਚ ਪੁਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰ, ਆਪਣੇ ਹਕ ਵਿੱਚ ਜੈਕਾਰੇ ਲਗਵਾਏ ਅਤੇ ਸਮਾਗਮ ਤੋਂ ਬਾਅਦ ਵਾਪਸ ਜਾ, ਉਨ੍ਹਾਂ ਹੀ ਕੁਰਸੀਆਂ ਪੁਰ ਬਿਰਾਜਮਾਨ ਹੋ ਗਏ, ਜਿਨ੍ਹਾਂ ਤੋਂ ਅਸਤੀਫਾ ਦੇ ਕੇ ਆਉਣ ਦਾ ਐਲਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਕਰ ਆਪਣੇ ਹਕ ਵਿੱਚ ਜੈਕਾਰੇ ਲਵਾਏ ਸਨ। ਅਕਾਲੀ ਰਾਜਨੀਤੀ ਦੇ ਕਈ ਜਾਣਕਾਰਾਂ ਨੇ ਇਹ ਵੀ ਦਸਿਆਂ ਕਿ ਅਜ ਨਵੰਬਰ-84 ਦੇ ਪੀੜਤਾਂ ਪ੍ਰਤੀ ਹੇਜ ਜਤਾਅ ਕੇ 'ਅਥਰੂ' ਵਹਾਣ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਨੇ ਆਪਣੇ ਸੱਤਾ-ਕਾਲ ਦੌਰਾਨ, ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਕਾਲ ਦੌਰਾਨ ਕੇਂਦਰੀ ਸਰਕਾਰ ਵਲੋਂ ਪੀੜਤਾਂ ਦੀ ਮਦਦ ਲਈ ਜੋ ਰਕਮ ਪੰਜਾਬ ਭਿਜਵਾਈ ਗਈ ਸੀ, ਉਹ ਵੀ ਉਨ੍ਹਾਂ ਤਕ ਨਹੀਂ ਪਹੁੰਚਾਈ। ਇਤਨਾ ਹੀ ਨਹੀਂ ਉਨ੍ਹਾਂ ਨੇ ਆਪਣੇ ਸੱਤਾ-ਕਾਲ ਦੌਰਾਨ ਉਨ੍ਹਾਂ ਦੇ ਸਨਮਾਨ-ਜਨਕ ਪੁਨਰਵਾਸ ਲਈ ਵੀ ਕੋਈ ਮੁਨਾਸਬ ਕਦਮ ਨਹੀਂ ਚੁਕਿਆ। ਜਿਸ ਕਾਰਣ ਉਹ ਅਜ ਵੀ ਜਗ੍ਹਾ-ਜਗ੍ਹਾ ਇਨਸਾਫ ਲਈ ਗੁਹਾਰ ਲਾਂਦੇ, ਧੱਕੇ ਖਾ ਰਹੇ ਹਨ। ਉਹ ਇਹ ਵੀ ਦਸਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਮੁੱਖ ਮੰਤਰੀ ਕਾਲ ਦੌਰਾਨ, ਧਰਨੇ ਮਾਰਨ ਤੇ ਮੁਜ਼ਾਹਿਰੇ ਕਰਨ ਵਾਲਿਆਂ ਦੇ ਸੰਬੰਧ ਵਿੱਚ ਕਿਹਾ ਕਰਦੇ ਸਨ ਕਿ ਜਿਨ੍ਹਾਂ ਕੋਲ ਕਰਨ ਲਈ ਹੋਰ ਕੋਈ ਕੰਮ ਨਹੀਂ ਹੁੰਦਾ, ਉਹੀ ਧਰਨੇ ਦਿੰਦੇ ਅਤੇ ਮੁਜ਼ਾਹਿਰੇ ਕਰਦੇ ਹਨ। 


ਇੱਕ ਕਾਂਡ : ਜੋ ਭੁਲਾ ਦਿੱਤਾ ਗਿਆ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖ ਇਤਿਹਾਸ ਰਿਸਰਚ ਬੋਰਡ ਵਲੋਂ ਸੰਨ-2000 ਵਿੱਚ ਡਾ. ਕੁਲਵਿੰਦਰ ਸਿੰਘ ਬਾਜਵਾ ਵਲੋਂ ਸੰਪਾਦਤ ਇਕ ਪੁਸਤਕ 'ਅਕਾਲੀ ਦਲ ਸੌਦਾ ਬਾਰ' ਪ੍ਰਕਾਸ਼ਤ ਕੀਤੀ ਗਈ ਹੈ। ਜਿਸ ਵਿੱਚ ਗੁਰਦੁਆਰਾ ਸੁਧਾਰ ਲਹਿਰ ਨਾਲ ਸੰਬੰਧਤ ਕਈ ਪ੍ਰੇਰਨਾ-ਦਾਇਕ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੋਇਆ ਹੈ। ਪਾਠਕਾਂ ਦੀ ਜਾਣਕਾਰੀ ਲਈ ਉਨ੍ਹਾਂ ਹੀ ਘਟਨਾਵਾਂ ਵਿਚੋਂ ਇੱਕ ਦਾ ਜ਼ਿਕਰ ਇਥੇ ਕੀਤਾ ਜਾ ਰਿਹਾ ਹੈ। 10 ਤੋਂ 12 ਅਕਤੂਬਰ 1920 ਨੂੰ 'ਖਾਲਸਾ ਬਰਾਦਰੀ' ਜਥੇਬੰਦੀ ਵਲੋਂ ਜਲ੍ਹਿਆਂ ਵਾਲਾ ਬਾਗ ਵਿੱਚ ਇੱਕ ਦੀਵਾਨ ਸਜਾਇਆ ਗਿਆ। ਇਸ ਜਥੇਬੰਦੀ ਦੇ ਮੁੱਖੀ ਭਾਈ ਮਹਿਤਾਬ ਸਿੰਘ ਬੀਰ ਸਨ। (ਭਾਈ ਮਹਿਤਾਬ ਸਿੰਘ, ਮੌਲਵੀ ਕਰੀਮ ਬਖਸ਼, ਜੋ ਬਕਾਪੁਰ, ਜਲੰਧਰ ਵਿਖੇ 14 ਜੂਨ 1903 ਦੇ ਦਿਨ ਅੰਮ੍ਰਿਤ ਛਕ ਕੇ ਭਾਈ ਲਖਬੀਰ ਸਿੰਘ ਬਣ ਗਏ ਸਨ, ਦੇ ਬੇਟੇ ਸਨ। ਭਾਈ ਮਹਿਤਾਬ ਸਿੰਘ ਦਾ ਪਹਿਲਾ ਨਾਂ ਰੁਕਨਦੀਨ ਸੀ) ਭਾਈ ਮਹਿਤਾਬ ਸਿੰਘ ਨੇ ਸਿੱਖੀ ਪ੍ਰਚਾਰ ਵਾਸਤੇ ਸੰਜੀਦਾ ਅਤੇ ਅਹਿਮ ਰੋਲ ਅਦਾ ਕੀਤਾ। 10 ਤੋਂ 12 ਅਕਤੂਬਰ ਤਕ ਅਖੌਤੀ ਪਛੜੀਆਂ ਜਾਤਾਂ ਦਾ ਇਕਠ ਬੁਲਾਇਆ ਗਿਆ। ਇਸ ਵਿੱਚ ਪਹਿਲੇ ਦਿਨ ਕੋਈ ਸਿੱਖ ਆਗੂ ਸ਼ਾਮਲ ਨਾ ਹੋਇਆ। ਹੋਰ ਤਾਂ ਹੋਰ ਉਨ੍ਹਾਂ ਨੂੰ ਲੰਗਰ ਵਾਸਤੇ ਭਾਂਡੇ ਤਕ ਵੀ ਨਾ ਮਿਲੇ। ਦੂਜੇ ਦਿਨ ਸੁੰਦਰ ਸਿੰਘ ਮਜੀਠਾ, ਜ. ਕਰਤਾਰ ਸਿੰਘ ਝੱਬਰ, ਜ. ਤੇਜਾ ਸਿੰਘ ਭੁਚਰ, ਮੰਗਲ ਸਿੰਘ ਮਾਨ, ਬਹਾਦਰ ਸਿੰਘ ਹਕੀਮ ਵਗੈਰਾ ਦੀਵਾਨ ਵਿੱਚ ਆ ਹਾਜ਼ਰ ਹੋਏ। ਉਨ੍ਹੀਂ ਦਿਨੀਂ ਦਰਬਾਰ ਸਾਹਿਬ ਦੇ ਪੁਜਾਰੀ ਅਖੌਤੀ ਪਛੜੀਆਂ ਜਾਤਾਂ ਦੇ ਸਿੱਖਾਂ ਦਾ ਪ੍ਰਸ਼ਾਦ ਕਬੂਲ ਨਹੀਂ ਕਰਦੇ ਸੀ। 11 ਅਕਤੂਬਰ ਰਾਤ ਵੇਲੇ ਮਤਾ ਪਾਸ ਹੋਇਆ ਕਿ ਅਗਲੀ ਸਵੇਰ ਨੂੰ ਅਖੌਤੀ ਪਛੜੀਆਂ ਜਾਤਾਂ ਦੇ ਸਿੱਖ ਪ੍ਰਸ਼ਾਦ ਲੈ ਕੇ ਦਰਬਾਰ ਸਾਹਿਬ ਜਾਣ। ਉਨ੍ਹਾਂ ਦੇ ਨਾਲ ਕਈ ਸਿੱਖ ਆਗੂ ਜਾਣ ਵਾਸਤੇ ਤਿਆਰ ਹੋ ਗਏ। ਅਗਲੇ ਦਿਨ ਕਈ ਸਿੰਘਾਂ ਨੇ ਅੰਮ੍ਰਿਤ ਛਕਿਆ। ਦੀਵਾਨ ਦੇ ਖਤਮ ਹੋਣ ਤੋਂ ਬਾਅਦ ਸਾਰੇ ਸਿੰਘ ਇਕੱਠੇ ਹੋ ਕੇ ਦਰਬਾਰ ਸਾਹਿਬ ਗਏ। ਜਿਹਾ ਕਿ ਉਮੀਦ ਸੀ ਪੁਜਾਰੀਆਂ ਨੇ ਪ੍ਰਸ਼ਾਦ ਕਬੂਲ ਨਾ ਕੀਤਾ।  ਪ੍ਰੋ. ਹਰਕਿਸ਼ਨ ਸਿੰਘ ਨੇ ਗਲ ਵਿੱਚ ਪਲਾ ਪਾਕੇ ਤਿੰਨ ਵਾਰ ਪੁਜਾਰੀਆਂ ਨੂੰ ਅਰਜ਼ ਕੀਤੀ ਕਿ ਉਹ ਪ੍ਰਸ਼ਾਦ ਕਬੂਲ ਕਰ ਲੈਣ। ਪਰ ਪੁਜਾਰੀਆਂ ਨੇ 'ਨੱਨਾ' ਹੀ ਫੜੀ ਰਖਿਆ। ਏਨੇ ਚਿਰ ਵਿੱਚ ਜੱਥੇਦਾਰ ਕਰਤਾਰ ਸਿੰਘ ਝੱਬਰ ਅਤੇ ਜੱਥੇਦਾਰ ਤੇਜਾ ਸਿੰਘ ਭੁਚਰ ਵੀ ਪੁਜ ਗਏ। ਹੁਣ ਸੰਗਤਾਂ ਦੀ ਗਿਣਤੀ ਬਹੁਤ ਹੋ ਚੁਕੀ ਸੀ। ਅਖੀਰ ਫੈਸਲਾ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦਾ ਵਾਕ (ਹੁਕਮ) ਲਿਆ ਜਾਏ। ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੀ, ਸੋਰਠਿ ਮਹਲਾ 3 ਦੁਤੁਕੀ ॥ ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥ ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ..॥ (ਪੰਨਾ 638)
ਗੁਰੂ ਗ੍ਰੰਥ ਸਾਹਿਬ ਦਾ ਹੁਕਮ ਸੁਣ ਸੰਗਤਾਂ ਵਿਸਮਾਦ ਵਿੱਚ ਆ ਗਈਆਂ। ਅਖੀਰ ਪੁਜਾਰੀਆਂ ਨੂੰ ਅਰਦਾਸ ਕਰਨੀ ਪਈ ਤੇ ਪ੍ਰਸ਼ਾਦ ਵਰਤਾਇਆ ਗਿਆ। ਇਸਤੋਂ ਬਾਅਦ ਸੰਗਤਾਂ ਅਕਾਲ ਤਖਤ ਸਾਹਿਬ 'ਤੇ ਗਈਆਂ। ਸੰਗਤਾਂ ਨੂੰ ਆਉਂਦਿਆਂ ਵੇਖ ਪੁਜਾਰੀ ਤਖਤ ਸਾਹਿਬ ਨੂੰ ਸੁੰਞਾ ਛੱਡ ਕੇ ਚਲੇ ਗਏ। ਉਨ੍ਹਾਂ ਦੇ ਜਾਣ ਮਗਰੋਂ ਸਿੰਘਾਂ ਨੇ ਤਖਤ ਸਾਹਿਬ ਦੀ ਸੇਵਾ ਸੰਭਾਲ ਲਈ। ਅਕਾਲ ਤਖਤ 'ਤੇ ਸਿੱਖ ਆਗੂਆਂ ਦੇ ਲੈਕਚਰ ਹੋਏ। ਬਾਅਦ ਵਿੱਚ ਸੰਗਤਾਂ ਨੇ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਵਾਸਤੇ 17 ਸਿੰਘਾਂ ਦੀ ਇੱਕ ਕਮੇਟੀ ਬਣਾ ਦਿੱਤੀ। ਇਸ ਕਮੇਟੀ ਦੇ ਜਥੇਦਾਰ ਜ. ਤੇਜਾ ਸਿੰਘ ਭੁਚਰ ਬਣਾਏ ਗਏ। ਇਸ ਕਮੇਟੀ (ਜੱਥੇ) ਦੀ ਡਿਊਟੀ ਅਕਾਲ ਤਖਤ ਸਾਹਿਬ 'ਤੇ ਪਹਿਰਾ ਦੇਣਾ ਸੀ। ਜਥੇਦਾਰ ਭੁਚਰ ਇਸ ਜੱਥੇ ਦੇ ਜਥੇਦਾਰ ਥਾਪੇ ਗਏ ਸਨ। ਇਸ ਦਿਨ ਤੋਂ ਅਕਾਲ ਤਖਤ ਸਾਹਿਬ ਦੇ 'ਜਥੇਦਾਰ' ਦਾ ਇੱਕ ਨਵਾਂ ਅਹੁਦਾ ਖੜਾ ਹੋ ਗਿਆ। ਇਸਤੋਂ ਪਹਿਲਾਂ ਸਿੱਖ ਤਾਰੀਖ ਅਤੇ ਸਿੱਖ ਫਲਸਫੇ ਵਿੱਚ 'ਜਥੇਦਾਰ' ਦੇ ਅਹੁਦੇ ਦਾ ਕੋਈ ਵਜੂਦ ਨਹੀਂ ਸੀ।           

...ਅਤੇ ਅੰਤ ਵਿੱਚ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਦਾ ਮੰਨਣਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਦੀ ਕਾਮਨਾ ਤਾਂ ਹੀ ਕੀਤੀ ਜਾ ਸਕਦੀ ਹੈ, ਜਦੋਂ ਕਿ ਇਨ੍ਹਾਂ ਦੀ ਵਾਗਡੋਰ ਪੰਥ ਪ੍ਰਤੀ ਸਮਰਪਿਤ ਸ਼ਖਸੀਅਤਾਂ ਦੇ ਹੱਥ ਵਿੱਚ ਹੋਵੇ, ਨਾ ਕਿ ਉਨ੍ਹਾਂ ਦੇ ਹੱਥਾਂ ਵਿੱਚ ਜੋ ਉਨ੍ਹਾਂ ਨੂੰ ਆਪਣੇ ਰਾਜਸੀ ਸੁਆਰਥ ਲਈ ਇਸਤੇਮਾਲ ਕਰਦੇ ਚਲੇ ਆ ਰਹੇ ਹੋਣ।000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085