ਅੱਜ ਦੀ ਘੜੀ ਏਦਾਂ ਦਾ ਚੋਣ ਨਕਸ਼ਾ ਜਾਪਦਾ ਹੈ ਪੰਜਾਬ ਦਾ - ਜਤਿੰਦਰ ਪਨੂੰ

ਚੋਣਾਂ ਦੀ ਰਾਜਨੀਤੀ ਨਾਲ ਸਕੂਲ ਦੇ ਦਿਨਾਂ ਤੋਂ ਜੁੜੇ ਰਹਿਣ ਦੇ ਬਾਵਜੂਦ ਅਸੀਂ ਕਿਸੇ ਚੋਣ ਵਿੱਚ ਬਹੁਤਾ ਕਰ ਕੇ ਇੱਕ ਜਾਂ ਦੂਸਰੀ ਧਿਰ ਦੀ ਜਿੱਤ ਜਾਂ ਹਾਰ ਦੀ ਭਵਿੱਖਬਾਣੀ ਕਰਨ ਤੋਂ ਪ੍ਰਹੇਜ਼ ਕਰਨਾ ਠੀਕ ਸਮਝਦੇ ਹਾਂ। ਇਸ ਦੇ ਕਈ ਕਾਰਨਾਂ ਵਿੱਚੋਂ ਇੱਕ ਬੜਾ ਵੱਡਾ ਕਾਰਨ ਇਹ ਹੈ ਕਿ ਚੋਣਾਂ ਵਿੱਚ ਸਿਰਫ ਲੋਕਾਂ ਦੀ ਰਾਏ ਦਾ ਪ੍ਰਗਟਾਵਾ ਹੀ ਨਹੀਂ ਹੁੰਦਾ, ਕਈ ਹੋਰ ਚੁਸਤੀਆਂ ਵੀ ਚੱਲ ਜਾਂਦੀਆਂ ਹਨ। ਸਾਰਾ ਪੰਜਾਬ ਜਾਣਦਾ ਹੈ ਕਿ ਰਾਜਨੀਤਕ ਮੈਦਾਨ ਦੇ ਕਈ ਵੱਡੇ ਖਿਡਾਰੀ ਆਪਣੀ ਰਾਜਸੀ ਪਾਰਟੀ ਨਾਲ ਹਜ਼ਾਰਾਂ ਲੋਕਾਂ ਦੇ ਇਕੱਠ ਵਿੱਚ ਸਾਰੀ ਉਮਰ ਵਫਾ ਨਿਭਾਉਣ ਦੀਆਂ ਗੱਲਾਂ ਕਰ ਕੇ ਫਿਰ ਆਖਰੀ ਰਾਤ ਨੂੰ ਕਈ ਵਾਰੀ ਆਪਣੇ ਪੱਕੇ ਚੇਲੇ-ਚਾਂਟਿਆਂ ਨੂੰ ਆਪਣੀ ਪਾਰਟੀ ਦੇ ਉਮੀਦਵਾਰ ਵਿਰੁੱਧ ਚੱਲਣ ਤੇ ਦੂਸਰੀ ਧਿਰ ਦੇ ਉਮੀਦਵਾਰ ਨੂੰ ਵੋਟਾਂ ਭੁਗਤਾਉਣ ਨੂੰ ਵੀ ਆਖ ਦਿੱਤਾ ਕਰਦੇ ਹਨ। ਇਹ ਕੰਮ ਇਸ ਵਾਰ ਵੀ ਹੋਣਾ ਹੈ ਅਤੇ ਹਾਲਾਤ ਦੇ ਸਭ ਅੰਦਾਜ਼ੇ ਆਖਰੀ ਰਾਤ ਦੀ ਇਸ ਚੁਸਤੀ ਕਾਰਨ ਧਰੇ-ਧਰਾਏ ਰਹਿ ਜਾਣਗੇ। ਸਿਰਫ ਇੱਕ ਹੀ ਗੱਲ ਇਸ ਵਰਤਾਰੇ ਨੂੰ ਨਾਕਾਮ ਕਰ ਸਕਦੀ ਹੈ ਤੇ ਉਹ ਇਹ ਕਿ ਕਿਸੇ ਚੋਣ ਮੌਕੇ ਆਮ ਲੋਕਾਂ ਦਾ ਵਹਿਣ ਇੱਕੋ ਪਾਸੇ ਵੱਲ ਵਗ ਰਿਹਾ ਹੋਵੇ, ਜਿਸ ਤਰ੍ਹਾਂ ਦਿੱਲੀ ਵਿੱਚ ਇੱਕ ਵਾਰ ਵਗਦਾ ਵੇਖਿਆ ਜਾ ਚੁੱਕਾ ਹੈ।
ਦਿਨ ਚੋਣਾਂ ਦੇ ਹਨ ਤੇ ਚੋਣਾਂ ਦੀ ਗੱਲ ਕਰਨੀ ਸਿਰਫ ਸਾਡੇ ਹੀ ਮਨ ਨੂੰ ਖਿੱਚ ਨਹੀਂ ਪਾਉਂਦੀ, ਸਾਦੇ ਸੁਭਾਅ ਦੇ ਆਮ ਲੋਕ ਵੀ ਦੁਕਾਨਾਂ ਤੋਂ ਘਰੇਲੂ ਸੌਦਾ ਖਰੀਦਦੇ ਅਤੇ ਬੱਸ-ਗੱਡੀ ਵਿੱਚ ਸਫਰ ਕਰਦੇ ਜਾਂ ਵਿਆਹ ਤੇ ਮਰਗ ਵਰਗੇ ਕਿਸੇ ਸਮਾਗਮ ਵਿੱਚ ਜੁੜਨ ਮੌਕੇ ਵੀ ਇਹੋ ਗੱਲਾਂ ਕਰੀ ਜਾਂਦੇ ਹਨ। ਇਹੋ ਕਾਰਨ ਹੈ ਕਿ ਇਸ ਵਾਰ ਨਾ ਚਾਹੁੰਦੇ ਹੋਏ ਵੀ ਸਾਨੂੰ ਇਸ ਲਈ ਚੋਣਾਂ ਦੀ ਗੱਲ ਕਰਨੀ ਪਈ ਹੈ ਕਿ ਦਿਨ ਹੀ ਚੋਣ ਚਰਚਾ ਦੇ ਹਨ। ਪੰਜ ਰਾਜਾਂ ਦੀਆਂ ਚੋਣਾਂ ਹਨ, ਪਰ ਸਾਨੂੰ ਗੋਆ ਅਤੇ ਮਨੀਪੁਰ ਤਾਂ ਕੀ, ਉੱਤਰਾ ਖੰਡ ਤੇ ਉੱਤਰ ਪ੍ਰਦੇਸ਼ ਦੀ ਚਰਚਾ ਵੀ ਪੰਜਾਬ ਤੋਂ ਵੱਧ ਖਿੱਚ-ਪਾਊ ਨਹੀਂ ਲੱਗ ਸਕਦੀ। ਕਾਰਨ ਇਹ ਹੈ ਕਿ ਪੰਜਾਬ ਨਾਲ ਸਾਡਾ ਪੰਜ ਸਾਲਾਂ ਦਾ ਭਵਿੱਖ ਜੁੜਿਆ ਹੈ।
ਤਿੰਨ ਕੁ ਮਹੀਨੇ ਪਹਿਲਾਂ ਜਦੋਂ ਪੰਜਾਬ ਸਰਕਾਰ ਨੇ ਆਪਣੇ ਕਾਨੂੰਨੀ ਤਿਕੜਮਬਾਜ਼ਾਂ ਦੇ ਰਾਹੀਂ ਅਦਾਲਤ ਵਿੱਚ ਇਹ ਅਰਜ਼ੀ ਪੇਸ਼ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਚੱਲਦਾ ਕੇਸ ਵਾਪਸ ਲੈਣਾ ਹੈ, ਹੋਰ ਬਹੁਤ ਸਾਰੇ ਲੋਕਾਂ ਵਾਂਗ ਅਸੀਂ ਵੀ ਇਹ ਸੋਚਦੇ ਸਾਂ ਕਿ ਦੋਵਾਂ ਧਿਰਾਂ ਦੀ ਅੰਦਰ-ਖਾਤੇ ਸੈਨਤ ਮਿਲ ਗਈ ਹੈ। ਅਗਲੇ ਦਿਨਾਂ ਵਿੱਚ ਜਦੋਂ ਕੁਝ ਅਕਾਲੀ ਆਗੂਆਂ ਦੇ ਖਿਲਾਫ ਚੱਲਦੇ ਕੇਸ ਵਾਪਸ ਲੈਣ ਦੀਆਂ ਅਰਜ਼ੀਆਂ ਵੀ ਆ ਗਈਆਂ ਤਾਂ ਗੱਲ ਸਮਝ ਆਈ ਕਿ ਸ਼ਿਕੰਜੇ ਵਿੱਚ ਫਸੇ ਆਪਣੇ ਬੰਦਿਆਂ ਦਾ ਬਚਾਅ ਕਰਨ ਲਈ ਪਹਿਲੀ ਅਰਜ਼ੀ ਕਾਂਗਰਸ ਪ੍ਰਧਾਨ ਦੇ ਖਿਲਾਫ ਚੱਲਦਾ ਕੇਸ ਵਾਪਸ ਲੈਣ ਦੀ ਇਸ ਲਈ ਪਾਈ ਗਈ ਹੈ ਕਿ ਨਿਰਪੱਖਤਾ ਦਾ ਪ੍ਰਭਾਵ ਪੈ ਸਕੇ। ਫਿਰ ਜਦੋਂ ਚੋਣਾਂ ਲਈ ਸਰਗਰਮੀ ਸ਼ੁਰੂ ਹੋਈ ਤਾਂ ਇਹ ਚਰਚਾ ਵੀ ਜ਼ੋਰ ਫੜਨ ਲੱਗੀ ਕਿ ਦੋ ਵੱਡੀਆਂ ਪਾਰਟੀਆਂ ਦੀ ਆਪੋ ਵਿੱਚ ਇਸ ਗੱਲ ਉੱਤੇ ਸਹਿਮਤੀ ਹੈ ਕਿ ਤੀਸਰੀ ਨਵੀਂ ਪਾਰਟੀ ਦਾ ਰਾਹ ਰੋਕਣਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੰਬੀ ਵਿੱਚ ਜਾ ਕੇ ਲੱਤ ਗੱਡਣ ਨਾਲ ਇਸ ਵਿੱਚ ਦਮ ਨਹੀਂ ਰਹਿ ਗਿਆ। ਲੋਕ ਸਭਾ ਚੋਣ ਮੌਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਜਾ ਕੇ ਅਰੁਣ ਜੇਤਲੀ ਦਾ ਰਾਹ ਰੋਕਿਆ ਸੀ ਤਾਂ ਉਸ ਲਈ ਉਹ ਚੋਣ ਸਿਰਫ ਚੋਣ ਨਹੀਂ, ਵੱਕਾਰ ਦਾ ਸਵਾਲ ਬਣ ਗਈ ਸੀ ਤੇ ਉਸ ਨੇ ਜੇਤਲੀ ਦੀ ਜਿੱਤਦੀ ਬਾਜ਼ੀ ਉਲਟਾ ਦਿੱਤੀ ਸੀ। ਇਸ ਵਾਰੀ ਲੰਬੀ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਆਢਾ ਲੈ ਕੇ ਉਸ ਨੇ ਫਿਰ ਇਹੋ ਜੋਖਮ ਉਠਾਇਆ ਹੈ, ਜਿਸ ਨਾਲ ਮੁਸ਼ਕਲ ਦੋਵਾਂ ਲਈ ਬਣ ਗਈ ਹੈ। ਬਹੁਤਾ ਫਿਕਰ ਫਿਰ ਵੀ ਮੁੱਖ ਮੰਤਰੀ ਬਾਦਲ ਨੂੰ ਹੋਵੇਗਾ। ਉਮਰ ਭਰ ਦੇ ਉਸ ਜੱਦੀ ਪਿੜ ਲੰਬੀ ਵਿੱਚ ਹਾਲਾਤ ਉਸ ਲਈ ਇਸ ਵੇਲੇ ਸੌਖਾਲੇ ਨਹੀਂ, ਹਰ ਤੀਸਰੇ ਦਿਨ ਉਸ ਨੂੰ ਕਿਸੇ ਨਾ ਕਿਸੇ ਪਿੰਡ ਵਿੱਚ ਲੋਕਾਂ ਦੇ ਰੋਹ ਕਾਰਨ ਚੱਲਦੀ ਚੋਣ ਮੀਟਿੰਗ ਨੂੰ ਵਿਚਾਲੇ ਛੱਡ ਕੇ ਜਾਣਾ ਪੈ ਰਿਹਾ ਹੈ। ਫਿਰ ਵੀ ਅੰਤਮ ਨਿਰਣਾ ਸਿਰਫ ਮੁਹਿੰਮ ਨਾਲ ਨਹੀਂ, ਪੁਰਾਣੇ ਨੋਟਾਂ ਦੀ ਬਜਾਏ ਨਵੇਂ ਛਾਪੇ ਗਏ ਨੋਟ ਪ੍ਰਭਾਵਤ ਕਰਨਗੇ, ਜਿਨ੍ਹਾਂ ਉੱਤੇ ਮਹਾਤਮਾ ਗਾਂਧੀ ਦੀ ਉਹ ਫੋਟੋ ਮੌਜੂਦ ਹੈ, ਜਿਸ ਦੇ ਮੂਹਰੇ ਵੱਡੇ-ਵੱਡੇ ਰੁਤਬਿਆਂ ਵਾਲਿਆਂ ਦੇ ਜ਼ਮੀਰ ਵੀ ਸ਼ਰਧਾ ਨਾਲ ਝੁਕ ਜਾਂਦੇ ਹਨ।
ਹਾਲਾਤ ਦਾ ਰੁਖ ਕਾਂਗਰਸ ਵਾਲੇ ਪਾਸੇ ਨੂੰ ਵੱਧ ਜਾਂਦਾ ਹੈ ਜਾਂ ਆਮ ਆਦਮੀ ਪਾਰਟੀ ਵੱਲ ਨੂੰ, ਇਸ ਬਾਰੇ ਅਜੇ ਕੋਈ ਅੰਦਾਜ਼ਾ ਲਾਉਣਾ ਔਖਾ ਹੈ, ਪਰ ਏਨੀ ਗੱਲ ਹੁਣ ਪ੍ਰਸ਼ਾਸਨ ਦੇ ਵੱਡੇ-ਛੋਟੇ ਪੁਰਜ਼ੇ ਵੀ ਕਹਿਣ ਲੱਗੇ ਹਨ ਕਿ ਹੋਰ ਭਾਵੇਂ ਕੋਈ ਧਿਰ ਜਿੱਤ ਜਾਵੇ, ਦਸ ਸਾਲਾਂ ਤੋਂ ਰਾਜ ਕਰਦੀ ਧਿਰ ਲਈ ਕੰਮ ਔਖਾ ਹੈ। ਅਸੀਂ ਪਿਛਲੇ ਦੋ ਸਾਲਾਂ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਅ ਵੇਖੇ ਹਨ। ਇੱਕ ਵਾਰੀ ਅਕਾਲੀ-ਭਾਜਪਾ ਗੱਠਜੋੜ ਦੀ ਇਹ ਹਾਲਤ ਵੀ ਬਣ ਗਈ ਸੀ ਕਿ ਉਨ੍ਹਾਂ ਦੇ ਆਗੂ ਪਿੰਡਾਂ ਵਿੱਚ ਜਾਣ ਤੋਂ ਸਿਰ ਫੇਰਨ ਲੱਗੇ ਸਨ। ਫਿਰ ਉਨ੍ਹਾਂ ਦਾ ਪੱਖ ਮਜ਼ਬੂਤ ਹੋਣ ਲੱਗ ਪਿਆ ਅਤੇ ਇੱਕ ਵਾਰੀ ਇਹ ਜਾਪਣ ਲੱਗਾ ਸੀ ਕਿ ਉਹ ਮੁਕਾਬਲੇ ਦੀਆਂ ਦੋ ਵੱਡੀਆਂ ਸਿਆਸੀ ਧਿਰਾਂ ਵਿੱਚੋਂ ਫਿਰ ਇੱਕ ਨੂੰ ਪਿੱਛੇ ਛੱਡ ਕੇ ਸ਼ਾਇਦ ਦੂਸਰੀ ਨਾਲ ਆਢਾ ਲੈਣ ਜੋਗੇ ਹੋ ਜਾਣਗੇ। ਹੁਣ ਇਹ ਗੱਲ ਨਹੀਂ। ਪ੍ਰਸ਼ਾਸਨ ਦੇ ਬਹੁਤ ਵੱਡੇ ਸਾਬਕਾ ਅਧਿਕਾਰੀ, ਜਿਹੜਾ ਨੌਕਰੀ ਦੇ ਦੌਰਾਨ ਬਹੁਤਾ ਸਮਾਂ ਚੋਣ ਡਿਊਟੀਆਂ ਨਾਲ ਜੁੜਿਆ ਰਿਹਾ ਸੀ, ਨੇ ਪਿਛਲੇ ਮਹੀਨੇ ਇਹ ਆਖਿਆ ਸੀ ਕਿ 'ਜਿਨ੍ਹਾਂ ਕੋਲ ਸਰਕਾਰਾਂ ਚਲਾਉਣ ਦਾ ਤਜਰਬਾ ਹੈ, ਉਨ੍ਹਾਂ ਦਾ ਲੋਕਾਂ ਨੂੰ ਭਰੋਸਾ ਨਹੀਂ ਰਿਹਾ ਤੇ ਜਿਨ੍ਹਾਂ ਨੂੰ ਲੋਕ ਹੁੰਗਾਰਾ ਭਰਦੇ ਹਨ, ਉਹ ਨਿਰੀ ਬੇਤਰਤੀਬੀ ਭੀੜ ਵਰਗੇ ਹਨ'। ਬਦਲੇ ਹੋਏ ਹਾਲਾਤ ਦਾ ਅਸਰ ਉਸ ਦੀ ਸੋਚ ਵੀ ਬਦਲਣ ਲੱਗ ਪਿਆ ਹੈ। ਹੁਣ ਉਸ ਨੇ ਇੱਕ ਕੌਮੀ ਚੈਨਲ ਉੱਤੇ ਇਹ ਕਹਿ ਦਿੱਤਾ ਹੈ ਕਿ ਹਾਕਮ ਪਾਰਟੀ ਦੇ ਖਿਲਾਫ ਹਵਾ ਬਣਨ ਪਿੱਛੋਂ ਦੂਸਰੀਆਂ ਦੋਵਾਂ ਧਿਰਾਂ ਦੀ ਆਪਸੀ ਟੱਕਰ ਵਾਲੇ ਹਾਲਾਤ ਬਣਨ ਲੱਗੇ ਹਨ।
ਇਹੋ ਜਿਹੀ ਗੱਲ ਇੱਕ ਹੰਢੇ ਹੋਏ ਸਾਬਕਾ ਅਫਸਰ ਦੇ ਮੂੰਹੋਂ ਸੁਣ ਕੇ ਉਸ ਦੇ ਨਾਲ ਬੈਠੇ ਦੂਸਰੇ ਦੋ ਸੱਜਣਾਂ ਨੇ ਇਸ ਦਾ ਕੋਈ ਸੰਕੇਤ ਪੁੱਛਿਆ ਤਾਂ ਉਸ ਨੇ ਕਿਹਾ: 'ਸ਼ਿਵ ਲਾਲ ਡੋਡਾ ਹੁਣ ਚੋਣ ਨਹੀਂ ਲੜੇਗਾ, ਭਾਜਪਾ ਦੀ ਮਦਦ ਕਰੇਗਾ, ਤੇ ਇਸ ਵਾਸਤੇ ਕਰੇਗਾ ਕਿ ਅਕਾਲੀ ਇੱਕ-ਇੱਕ ਸੀਟ ਲਈ ਤਰਲੋਮੱਛੀ ਹੋ ਰਹੇ ਹਨ। ਪਿਛਲੀ ਵਾਰ ਡੋਡਾ ਨੇ ਅਕਾਲੀਆਂ ਦੇ ਕਹਿਣ ਉੱਤੇ ਭਾਜਪਾ ਨੂੰ ਭਾਂਡੇ ਵਿੱਚ ਪੈਣ ਜੋਗੀ ਕਰਨ ਵਾਸਤੇ ਚੋਣ ਲੜੀ ਸੀ ਤੇ ਹੁਣ ਭਾਜਪਾ ਦਾ ਨੁਕਸਾਨ ਹੁੰਦਾ ਅਕਾਲੀ ਦਲ ਨੂੰ ਆਪਣੀ ਮੰਜੀ ਦੇ ਪਾਵੇ ਤਿੜਕਣ ਵਾਂਗ ਲੱਗਦਾ ਹੈ'। ਉਸ ਦੇ ਇਹ ਗੱਲ ਕਹਿਣ ਤੱਕ ਸ਼ਿਵ ਲਾਲ ਡੋਡਾ ਅਜੇ ਮੈਦਾਨ ਵਿੱਚ ਸੀ ਤੇ ਉਸੇ ਸ਼ਾਮ ਨੂੰ ਇਹ ਖਬਰ ਆ ਗਈ ਕਿ ਡੋਡਾ ਦੇ ਭਰਾ ਨਾਲ ਭਾਜਪਾ ਦੇ ਉਮੀਦਵਾਰ ਦੀ ਗੱਲ ਹੋ ਗਈ ਹੈ, ਸ਼ਿਵ ਲਾਲ ਡੋਡਾ ਚੋਣ ਨਹੀਂ ਲੜੇਗਾ। ਪਿਛਲੀ ਹਰ ਚੋਣ ਵਿੱਚ ਕੁਝ ਅਕਾਲੀ ਆਗੂ ਬਾਗੀ ਹੋ ਕੇ ਮੈਦਾਨ ਮੱਲਦੇ ਸਨ ਤੇ ਇਹ ਗੱਲ ਕਹੀ ਜਾਂਦੀ ਸੀ ਕਿ ਉਹ ਆਪ ਨਹੀਂ ਲੜਦੇ, ਲੀਡਰਸ਼ਿਪ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਸੀ ਦੇਣੀ ਤੇ ਮਜਬੂਰੀ ਵਿੱਚ ਦਿੱਤੀ ਹੈ, ਉਨ੍ਹਾਂ ਦਾ ਰਾਹ ਰੋਕਣ ਲਈ ਇਹ ਬੰਦੇ ਆਪ ਖੜੇ ਕਰਵਾਏ ਹਨ ਤੇ ਇਨ੍ਹਾਂ ਨੂੰ ਜਿਤਾਉਣ ਦਾ ਜ਼ੋਰ ਲਾਉਣਾ ਹੈ। ਇਸ ਵਾਰੀ ਏਦਾਂ ਨਹੀਂ ਹੋ ਰਿਹਾ। ਕਾਂਗਰਸ ਲੀਡਰਸ਼ਿਪ ਵਿੱਚ ਵੀ ਇਹ ਰੋਗ ਪੁਰਾਣਾ ਸੀ ਕਿ ਵਿਰੋਧੀ ਧੜੇ ਦਾ ਕਾਂਗਰਸੀ ਆਗੂ ਜਿੱਤਣ ਤੋਂ ਰੋਕਿਆ ਜਾਵੇ, ਪਰ ਹੁਣ ਉਹ ਲੋਕ ਇਹ ਸੋਚ ਕੇ ਚੋਣ ਲੜ ਰਹੇ ਹਨ ਕਿ ਜੇ ਇਸ ਵਾਰ ਵੀ ਖੁੰਝ ਗਏ ਤਾਂ ਯੂ ਪੀ ਵਾਲਿਆਂ ਵਾਂਗ ਰੋਇਆ ਕਰਾਂਗੇ। ਇਹੋ ਜਿਹੀ ਚਿੰਤਾ ਇਨ੍ਹਾਂ ਦੋਵਾਂ ਧਿਰਾਂ ਨੂੰ ਕਿਉਂ ਹੋਣ ਲੱਗ ਪਈ ਹੈ, ਇਸ ਦਾ ਕਾਰਨ ਸਭ ਨੂੰ ਪਤਾ ਹੈ। ਕਾਂਗਰਸ ਪਾਰਟੀ ਦੇ ਲੰਬੀ ਵਿੱਚ ਤਿੰਨ ਧੜੇ ਹਨ ਅਤੇ ਤਿੰਨੇ ਕਦੇ ਇਕੱਠੇ ਨਹੀਂ ਸੀ ਹੋਏ। ਹੁਣ ਪਹਿਲੀ ਵਾਰੀ ਮਿਲ ਕੇ ਚੱਲਦੇ ਪਏ ਹਨ।
ਰਹਿ ਗਈ ਗੱਲ ਆਮ ਆਦਮੀ ਪਾਰਟੀ ਦੀ, ਉਹ ਪੰਜਾਬ ਵਿੱਚ ਦਿੱਲੀ ਦੁਹਰਾ ਲਵੇਗੀ, ਇਸ ਦਾ ਸੁਫਨਾ ਉਸ ਦੇ ਕਈ ਆਗੂ ਲੈ ਰਹੇ ਹਨ, ਪਰ ਇਹ ਕੰਮ ਏਨਾ ਸੌਖਾ ਨਹੀਂ। ਪਿਛਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਤ ਦਾ ਹੱਦੋਂ ਬਾਹਰਾ ਯਕੀਨ ਲੈ ਬੈਠਾ ਸੀ ਤੇ ਇਸ ਵਾਰੀ ਉਹੀ ਹੱਦੋਂ ਬਾਹਰਾ ਯਕੀਨ ਆਮ ਆਦਮੀ ਪਾਰਟੀ ਅੰਦਰ ਦਿਖਾਈ ਦੇਂਦਾ ਹੈ। ਕੁਝ ਚੋਣਵੇਂ ਆਗੂਆਂ ਦਾ ਧਿਆਨ ਚੋਣ ਪ੍ਰਚਾਰ ਵੱਲ ਹੈ ਤੇ ਬਾਕੀ ਆਗੂ ਆਪਣੇ ਜੋੜੀਦਾਰਾਂ ਵਿੱਚੋਂ ਉਨ੍ਹਾਂ ਬੰਦਿਆਂ ਦੀ ਸੂਚੀ ਬਣਾਉਣ ਰੁੱਝੇ ਸੁਣੀਂਦੇ ਹਨ, ਜਿਨ੍ਹਾਂ ਨੂੰ ਮਾਰਚ ਵਿੱਚ ਨਤੀਜਾ ਆਏ ਪਿੱਛੋਂ ਵਜ਼ੀਰ ਬਣਾਉਣ ਲਈ ਹੁਣੇ ਤੋਂ ਗੰਢਤੁੱਪ ਕਰਨੀ ਪੈਣੀ ਹੈ। ਸ਼ੇਖਚਿੱਲੀ ਦੀ ਮਾਸੀ ਦੇ ਪੁੱਤਾਂ ਦੀ ਇਸ ਪਾਰਟੀ ਵਿੱਚ ਵੱਡੀ ਭਰਤੀ ਹੈ। ਉਨ੍ਹਾਂ ਦੀ ਦਿਨੇ ਸੁਫਨੇ ਵੇਖਣ ਦੀ ਆਦਤ ਏਨੀ ਛੁਲਕ-ਛੁਲਕ ਕੇ ਬਾਹਰ ਨੂੰ ਆਉਂਦੀ ਹੈ ਕਿ ਉਨ੍ਹਾਂ ਦੇ ਬਹੁਤ ਪੁਰਾਣੇ ਜਾਣਕਾਰ ਵੀ ਇਸ ਤੋਂ ਹੈਰਾਨ ਹੁੰਦੇ ਹਨ। ਪੰਜਾਬ ਦੀਆਂ ਚੋਣਾਂ ਦੇ ਨਤੀਜੇ ਨੂੰ ਇਹ ਗੱਲ ਵੀ ਪ੍ਰਭਾਵਤ ਕਰ ਸਕਦੀ ਹੈ।
ਚੋਣ ਜਦੋਂ ਕਿਸੇ ਆਗੂ ਦੇ ਸਿਰ ਨੂੰ ਚੜ੍ਹੀ ਹੁੰਦੀ ਹੈ, ਉਸ ਦੀ ਸੋਚ ਬਾਰੇ ਸਾਨੂੰ ਇੱਕ ਬੜੀ ਪੁਰਾਣੀ ਮਿਸਾਲ ਦਾ ਚੇਤਾ ਹੈ। ਇੱਕ ਸੱਜਣ ਇੱਕ ਛੋਟੀ ਪਾਰਟੀ ਵੱਲੋਂ ਪਾਰਲੀਮੈਂਟ ਦੀ ਚੋਣ ਲੜਦਾ ਪਿਆ ਸੀ। ਮਾਰਚ ਦੇ ਅੱਧ ਵਿੱਚ ਉਸ ਚੋਣ ਦਾ ਨਤੀਜਾ ਆਉਣਾ ਸੀ। ਕੁਝ ਸੱਜਣ ਉਸ ਨੂੰ ਬੇਨਤੀ ਕਰਨ ਗਏ ਕਿ ਤੇਈ ਮਾਰਚ ਨੂੰ ਸ਼ਹੀਦ ਭਗਤ ਸਿੰਘ ਦਾ ਦਿਨ ਮਨਾਉਣਾ ਹੈ, ਤੁਸੀਂ ਉਸ ਦਿਨ ਸਾਡੇ ਪਿੰਡ ਆਇਓ। ਉਸ ਨੇ ਸਿਰ ਫੇਰ ਦਿੱਤਾ। ਕਹਿਣ ਲੱਗਾ; 'ਉਸ ਵਕਤ ਤਾਂ ਪਾਰਲੀਮੈਂਟ ਦਾ ਬੱਜਟ ਅਜਲਾਸ ਚੱਲਦਾ ਹੋਵੇਗਾ, ਮੈਂ ਤੁਹਾਡੇ ਪਿੰਡ ਕਿਵੇਂ ਆਵਾਂਗਾ?' ਵੋਟਾਂ ਗਿਣਨ ਪਿੱਛੋਂ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਤਾਂ ਤੇਈ ਮਾਰਚ ਨੂੰ ਬਿਨਾਂ ਬੁਲਾਏ ਉਸ ਸਮਾਗਮ ਵਿੱਚ ਆਣ ਵੜਿਆ ਸੀ। ਇਸ ਵਾਰੀ ਵੀ ਬਹੁਤ ਸਾਰੇ ਉਮੀਦਵਾਰਾਂ ਨੂੰ ਇਹ ਚਿੰਤਾ ਸਤਾ ਰਹੀ ਹੈ ਕਿ ਨਤੀਜਾ ਆਉਣ ਪਿੱਛੋਂ ਬੱਜਟ ਬਣਾਉਣ ਤੇ ਉਸ ਨੂੰ ਪਾਸ ਕਰਵਾਉਣ ਲਈ ਦਿਨ ਬਹੁਤ ਥੋੜ੍ਹੇ ਮਿਲ ਸਕਣਗੇ। ਕਿੰਨੇ ਹੁਲਾਰੇ ਵਿੱਚ ਹਨ ਵਿਚਾਰੇ!

22 Jan 2016