ਪਿਆਰ ਵਧਾਈਏ - ਜਸਵੀਰ ਸ਼ਰਮਾ ਦੱਦਾਹੂਰ

ਆਓ  ਦੋਸਤੋ ਪਿਆਰ ਵਧਾਈਏ!
ਗਿਲੇ ਤੇ ਸ਼ਿਕਵੇ ਸੱਭ ਭੁੱਲ ਜਾਈਏ!
ਕੀ   ਲੈਣੈ   ਮੂੰਹ   ਮੋਟੇ  ਕਰ   ਕਰ,
ਇਕ   ਦੂਜੇ ਨੂੰ   ਗਲੇ   ਲਗਾਈਏ!
ਖਾਣੈ  ਸੱਭ  ਨੇ   ਆਪੋ   ਆਪਣਾ,
ਮਨਾਂ  ਚ  ਕਾਹਤੋਂ  ਦੂਰੀਆਂ ਪਾਈਏ!
ਜ਼ਿੰਦਗੀ  ਮਿਲੀ  ਹੈ ਬਹੁਤ ਕੀਮਤੀ,
ਭੰਗ  ਦੇ  ਭਾੜੇ  ਨਾ   ਗਵਾਈਏ!
ਭਲਾ  ਜੇ  ਕਿਸੇ  ਦਾ  ਕਰ ਨੀ ਸਕਦੇ,
ਕਦੇ  ਨਾ  ਕਿਸੇ  ਦਾ  ਬੁਰਾ ਤਕਾਈਏ!
ਡਿਗਦੈ  ਜੇ  ਕੋਈ  ਖੂਹ  ਖਾਤੇ ਵਿਚ,
ਆਓ  ਬਾਹੋਂ   ਫੜ੍ਹ   ਬਚਾਈਏ!
ਕਿਸੇ  ਨੇ  ਇਥੋਂ  ਕੀ   ਲੈ   ਜਾਣੈ?
ਕਾਹਤੋਂ   ਐਵੇਂ    ਵੰਡੀਆਂ ਪਾਈਏ?
ਆਪੋ  ਆਪਣੇ  ਕਰਮ  ਭੁਗਤੀਏ,
ਕਿਸੇ  ਨੂੰ  ਦੱਸੋ  ਕਿਉਂ  ਸਤਾਈਏ?
ਗਵਾਂਢੀ  ਦੇ  ਘਰ  ਗਮ ਜੇ ਕੋਈ,
ਆਓ  ਰਲਮਿਲ  ਦੁੱਖ  ਵੰਡਾਈਏ!
ਦੁੱਖ  ਵੰਡਾਇਆਂ  ਘਟ  ਹੈ  ਜਾਣਾ,
ਫਰਜ਼  ਸਮਝ  ਕੇ ਦੁੱਖ ਘਟਾਈਏ!
ਜੇ  ਖੁਸ਼ੀ  ਨੂੰ  ਦੂਣਾ  ਚੌਣਾ  ਕਰਨੈ,
ਭੰਗੜੇ ਪਾਈਏ  ਖੁਸ਼ੀ ਮਨਾਈਏ!
ਜਾਤਾਂ ਪਾਤਾਂ  ਵਿਚ  ਕੀ  ਰੱਖਿਐ?
ਮਨੁੱਖਤਾ ਵਾਲਾ ਫਰਜ਼ ਨਿਭਾਈਏ!
ਜੇ ਬੀਮਾਰੀ ਕਿਸੇ ਤੇ ਪੈ ਜਾਏ ਭਾਰੀ,
ਆਓ  ਉਸਨੂੰ    ਗਲੇ  ਲਗਾਈਏ!
ਹਨੇਰੇ  ਪਿੱਛੋਂ   ਚਾਨਣ   ਆਉਂਦਾ,
ਕਦੇ  ਨਾ  ਇਹੇ  ਗੱਲ  ਭੁਲਾਈਏ!
ਦੱਦਾਹੂਰੀਆ ਜ਼ਿੰਦਗੀ  ਦੇ  ਵਿੱਚ,
ਗੱਲਾਂ  ਸਾਰੇ   ਇਹ ਅਪਣਾਈਏ!

ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176-22046

26 Oct. 2018