ਡੰਗ ਅਤੇ ਚੋਭਾਂ - ਗੁਰਮੀਤ ਪਲਾਹੀ

ਵੱਜਦੀ ਨਹੀਂ ਰੱਬਾਬ ਹੁਣ ਰੂਹ ਵਾਲੀ,
ਇੱਕ ਇੱਕ ਕਰਕੇ ਏਹਦੇ ਤਾਰ ਟੁੱਟੇ।

ਖ਼ਬਰ ਹੈ ਕਿ ਪੰਜਾਬ ਦੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿੱਚ ਕਿਹਾ ਕਿ ਪੰਜਾਬ 'ਚ 'ਆਪ' ਦੋ ਨਹੀਂ ਸਗੋਂ ਚਾਰ ਫਾੜ ਹੋਈ ਪਈ ਹੈ ਅਤੇ ਇੱਕਲਾ ਭਗਵੰਤ ਮਾਨ ਹੈ ਜਿਹੜਾ ਦੋ ਕਿਸ਼ਤੀਆਂ 'ਚ ਪੈਰ ਧਰੀ ਬੈਠਾ ਹੈ। ਉਹ ਬਠਿੰਡਾ ਸ਼ਹਿਰ ਵਿੱਚ ਤੀਆਂ ਦੇ ਤਿਉਹਾਰ ਵਿੱਚ ਭਾਗ ਲੈਣ ਆਏ ਸਨ। ਇਸ ਮੌਕੇ ਉਹਨਾ ਔਰਤਾਂ ਨਾਲ ਗਿੱਧਾ ਵੀ ਪਾਇਆ। ਉਧਰ ਆਮ ਆਦਮੀ ਪਾਰਟੀ ਦੀਆਂ ਤਿੰਨ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਰਾਣੂਕੇ, ਪ੍ਰੋ: ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਵਲੋਂ ਉਹਨਾ ਵਿਰੁੱਧ, ਸੁਖਪਾਲ ਸਿੰਘ ਖਹਿਰਾ ਦੀ ਰੈਲੀ 'ਚ ਅਤੇ ਫੇਸਬੁੱਕ ਉਤੇ ਵਰਤੀ ਸ਼ਬਾਦਵਲੀ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਧਰ ਚੰਡੀਗੜ੍ਹ 'ਚ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ  ਮੁੜ ਪ੍ਰਧਾਨਗੀ ਦੀ ਕਮਾਨ ਸੌਂਪੇ ਜਾਣ ਦੀ ਹਾਈ ਕਮਾਨ ਤੋਂ ਮੰਗ ਕੀਤੀ ਹੈ।
ਵੇਖੋ ਨਾ ਜੀ, ਖਿੱਦੋ ਉਧੜਦੀ ਉਧੜਦੀ ਆਖਰ ਉਧੜ ਹੀ ਗਈ। ਕਿੰਨਾ ਉਭਾਰ ਸੀ ਆਮ ਦਾ ਦੇਸ਼ਾਂ ਵਿਦੇਸ਼ਾ 'ਚ। ਆਮ ਬੰਦਾ ਆਂਹਦਾ ਸੀ, ਲਉ ਬਈ ਢਾਅ ਲਿਆ 'ਖਾਸ' ਨੂੰ। ਆਮ ਬੰਦਾ ਆਂਹਦਾ ਸੀ, ਆਹ ਪੈਂਚਰ ਲਾਉਣ ਵਾਲਾ, ਆਹ ਚਾਹ ਵੇਚਣ ਵਾਲਾ, ਆਹ ਜੁੱਤੀਆਂ ਗੰਢਣ ਵਾਲਾ, ਵੱਟ 'ਤੇ ਪਿਆ ਵਿਧਾਇਕ ਬਨਣ ਲਈ। ਉਹ ਦਿੱਲੀਓ ਆਏ, ਸਭਨਾ ਦੇ ਸੁਫਨੇ ਖਿਲਾਰ ਗਏ! ਪੈਸਿਆਂ ਵਾਲਿਆਂ ਦੇ ਹੱਥ ਟਿਕਟਾਂ ਫੜਾ ਗਏ!
ਵੋਖੋ ਨਾ ਜੀ, ਜਿਸ ਉਪਰਾਲਿਆਂ ਨੂੰ ਵੰਗਾਰਿਆ, ਉਹਨੂੰ ਉਹਨਾ ਰਾਹੇ ਰਾਹ ਪਾਤਾ। ਪਹਿਲਾ ਗਾਂਧੀ ਰਾਹੇ ਪਾਇਆ, ਨਾਲੋ-ਨਾਲ ਹਰਿੰਦਰ ਸਿੰਘ ਖਾਲਸਾ। ਸੁੱਚਾ ਸਿੰਘ ਛੋਟੇਪੁਰ, ਛੋਟਾ ਕਰਤਾ ਤਾ। ਗੁਰਪ੍ਰੀਤ ਘੁੱਗੀ ਫਿਰ ਘੁੱਗੀ ਵਾਂਗਰ ਉਡਾ ਤਾ। ਖਹਿਰੇ ਨਾਲ ਤਾਂ ਬਾਹਲੀ ਹੀ ਮਾੜੀ ਕਰ ਤੀ। ਪੌੜੀ ਲਾ ਕੋਠੇ 'ਤੇ ਚੜ੍ਹਾ, ਥਲਿਓ ਪੌੜੀ ਨੂੰ ਖਿਸਕਾ ਤਾ। ਲੈ ਹੁਣ ਕਰ ਲੈ ਅੱਲ-ਬਲੱਲੀਆਂ। ਦੇਈ ਜਾਹ ਗੇੜਾ, ਗਾਈ ਜਾਹ ਗੁੱਗੇ ਪੰਜਾਬ ਦੇ, ਪੰਜਾਬ ਦੇ ਮੁੱਦਿਆਂ ਦੇ, ਮਸਲਿਆਂ ਦੇ!
ਪਰ ਵੇਖੋ ਨਾ ਜੀ ਕਿਸੇ ਵੇਲੇ ਆਮੋ-ਆਮ ਸੀ। ਕਿਸੇ ਵੇਲੇ ਟੋਪੀਓ-ਟੋਪੀ ਸੀ। ਕਿਸੇ ਵੇਲੇ ਲੋਕਾਂ ਦੇ ਮਨਾਂ 'ਚ ਝਰਨਾਟ ਸੀ, ਆਸ ਸੀ! ਪਰ ਐਸਾ ਮੋਦੀਆਂ, ਬਾਦਲਾਂ, ਕੈਪਟਨਾਂ, ਤੀਰ ਚਲਾਏ, ਆਪਸ ਵਿੱਚ ਗਾਂਢੇ ਪਾਏ ਕਿ ਕੇਜਰੀਵਾਲ ਇਧਰ, ਖੇਹਰਾ ਉਧਰ! ਸ਼ਸੋਦੀਆ ਇਧਰ, ਗਾਂਧੀ ਉਧਰ। ਇੱਕ ਪਾਰਟੀ ਦਿੱਲੀ। ਦੂਜੀ ਪੰਜਾਬ! ਤੇ ਸਭੋ ਕੁਝ ਖੇਰੂ-ਖੇਰੂ। ''ਵੱਜਦੀ ਨਹੀਂ ਰੱਬਾਬ ਹੁਣ ਰੂਹ ਵਾਲੀ, ਇੱਕ ਇੱਕ ਕਰਕੇ ਇਹਦੇ ਤਾਰ ਟੂਟੇ''।


ਨੇਕੀ ਵਾਲੇ ਦਰਿਆ ਸਭ ਸੁਕ ਰਹੇ ਨੇ, ਵਧੀ ਜਾਂਦੀਆਂ ਜੱਗ ਵਿੱਚ ਵੇਖ! ਬਦੀਆਂ।

ਖ਼ਬਰ ਹੈ ਕਿ ਦੇਸ਼ ਦੇ ਵੱਖੋ-ਵੱਖਰੇ ਰਾਜਾਂ ਵਿੱਚ  14 ਕਰੋੜ ਫਰਜ਼ੀ ਉਪਭੋਗਤਾ ਹਰ ਮਹੀਨੇ ਲਗਭਗ 17000 ਕਰੋੜ ਦਾ ਸਰਕਾਰੀ ਰਾਸ਼ਨ ਡਕਾਰ ਰਹੇ ਸਨ। ਹੁਣ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੀ ਸਹਾਇਤਾ ਨਾਲ ਰਾਸ਼ਨ ਡੀਪੂਆਂ ਉਤੇ ਚੱਲਣ ਵਾਲੇ ਇਸ ਫਰਜ਼ੀਵਾੜੇ ਨੂੰ ਫੜਿਆ ਹੈ। ਕਾਬਲੇਗੌਰ ਹੈ ਕਿ ਦੇਸ਼ ਵਿੱਚ 5.27 ਲੱਖ ਸਰਕਾਰੀ ਰਾਸ਼ਨ ਡੀਪੂ ਹਨ ਅਤੇ 23 ਕਰੋੜ ਕਾਰਡ ਧਾਰਕ ਹਨ। ਇਹਨਾ ਡੀਪੂਆਂ ਉਤੇ ਸਰਕਾਰ 81 ਕਰੋੜ ਲਾਭਪਾਤਰਾਂ ਨੂੰ ਵੱਖੋ-ਵੱਖਰੀ ਕਿਸਮ ਦਾ ਰਾਸ਼ਨ ਸਸਤੇ ਭਾਅ ਉਤੇ ਦਿੰਦੀ ਹੈ। ਸਰਕਾਰ ਵਲੋਂ ਇਸ ਕੰਮ ਲਈ 145333 ਕਰੋੜ ਦੀ ਸਬਸਿਡੀ ਦਿੱਤੀ ਜਾਂਦੀ ਹੈ।
ਕਵੀਓ ਵਾਚ ਸੁਣੋ, ''ਪੈਦਾ ਦੇਸ਼ ਵਿੱਚ ਹੋ ਗਿਆ ਲੁੱਟਤੰਤਰ, ਲੋਕਤੰਤਰ ਦਾ ਹੋਇਆ ਹੈ ਘਾਣ ਬੇਲੀ। ਰਾਜਨੀਤੀਏ, ਨੌਕਰਸ਼ਾਹੀ ਘਿਉ ਖਿਚੜੀ, ਲਾਹ ਲਾਹ, ਮਲਾਈ ਪਏ ਖਾਣ ਬੇਲੀ''।
ਉਂਜ ਭਾਈ, ਅੱਤ ਹੀ ਨਹੀਂ ਹੋ ਗਈ, 130 ਕਰੋੜ ਦੀ ਆਬਾਦੀ ਵਿਚੋਂ 81 ਕਰੋੜ ਮੁਫਤ ਮੌਜਾਂ ਮਾਣੀ ਜਾਂਦੇ ਆ। ਇੱਕ ਰੁਪੱਈਏ ਨੂੰ ਕਿਲੋ ਸੁਸਰੀ ਲੱਗੀ ਕਣਕ, ਦੋ ਰੁਪੱਈਏ ਨੂੰ ਕਿਲੋ ਨੂੰ ਟੋਟਾ ਚੌਲ, ਚਾਰ ਰੁਪਏ ਕਿਲੋ ਨੂੰ ਪੁਰਾਣੀਆਂ, ਅੱਧ ਖਾਧੀਆਂ ਦਾਲਾਂ, ਸਰਕਾਰੀ ਖਜਾਨੇ 'ਚੋਂ ਖਾਈ ਜਾਂਦੇ ਆ। ਨੇਤਾਵਾਂ ਨੂੰ ਅੱਖਾਂ ਮੀਟ ਕੇ ਵੋਟਾਂ ਪਾਈ ਜਾਂਦੇ ਆ, ਸਰਕਾਰ ਦੇ ਗੁਣ ਗਾਈ ਜਾਂਦੇ ਆ।
ਉਂਜ ਭਾਈ, ਅੱਤ ਹੀ ਨਹੀਂ ਹੋ ਗਈ, ਨੇਤਾ ਲੋਕ ਦਲਾਲਾਂ ਨਾਲ ਰਲਕੇ, ਇਸ ਗਰੀਬ-ਗੁਰਬੇ ਦੇ ਹਿੱਸੇ ਵਿਚੋਂ ਫਰਜ਼ੀਵਾੜੇ ਨਾਲ ਆਪਣਾ ਹਿੱਸਾ ਖਾਈ ਜਾਂਦੇ ਆ। ਸੜਕਾਂ ਦੀ ਬਣਵਾਈ 'ਚੋਂ ਹਿੱਸਾ, ਵਿਦੇਸ਼ਾਂ ਤੋਂ ਸਮਾਨ ਮੰਗਾਉਣ 'ਚੋਂ ਹਿੱਸਾ, ਪੁੱਲਾਂ, ਰੇਲਾਂ ਦੀਆਂ ਪਟੜੀਆਂ ਬਨਾਉਣ 'ਚੋਂ ਹਿੱਸਾ ਲੈਕੇ ਗੋਗੜ ਵਧਾਈ ਜਾਂਦੇ ਆ। ਤੇ ਨੇਤਾ ਲੋਕਾਂ ਦੀ ਕਤਾਰ ਵਿੱਚ ਹੋਰ ਵੱਡੇ ਨੇਤਾ ਬਣ ਵੱਡੇ ਸਮਾਜ ਸੇਵਕ ਦਾ ਲਵਾਦਾ ਪਾ, ਆਪੋ ਹੀ ਆਪਣੇ ਗੁਣ ਗਾਈ ਜਾਂਦੇ ਆ। ਵਿਚਾਰੇ ਅਸਲੀ ਸਮਾਜ ਸੇਵਕ ਘੁਰਨਿਆਂ 'ਚ ਵੜ, 'ਭਲੇ ਦਿਨਾਂ ਦੀ ਉਡੀਕ' ਦਾ ਭੁਲੇਖਾ ਮਨ 'ਚ ਪਾਈ ਜਾਂਦੇ ਆ। ਤੇ ਸਾਡਾ ਕਵੀ ਤਦੇ ਕਹਿਣੋ ਨਹੀਂ ਟੱਲਦਾ, ''ਨੇਕੀ ਵਾਲੇ ਦਰਿਆ ਸਭ ਸੁੱਕ ਰਹੇ ਨੇ, ਵਧੀ ਜਾਂਦੀਆਂ ਜੱਗ ਵਿੱਚ ਵੇਖ! ਬਦੀਆਂ''।


ਬੇ-ਬੁਨਿਆਦ ਮਸਲੇ ਅਸੀਂ ਚੁੱਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ।

ਖ਼ਬਰ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ 'ਚ ਚੋਣਾਂ ਸਬੰਧੀ ਹੋਈਆਂ ਰੈਲੀਆਂ ਦੌਰਾਨ ਕਿਹਾ ਹੈ ਕਿ ਕਾਂਗਰਸ ਨੂੰ ਬੰਗਲਾਦੇਸੀ ਘੁਸਪੈਂਠੀਏ ਵੱਡਾ ਵੋਟ ਬੈਂਕ ਦਿਖਾਈ ਦਿੰਦੇ ਹਨ। ਉਹਨਾ ਨੇ ਸਵਾਲ ਕੀਤਾ ਕਿ ਜਨਤਾ ਦੱਸੇ ਕਿ ਬੰਗਲਾਦੇਸੀ ਘੁੱਸਪੈਂਠੀਆਂ ਨੂੰ ਦੇਸ਼ 'ਚੋਂ ਬਾਹਰ ਕੱਢਿਆ ਜਾਵੇ ਜਾਂ ਨਾ। ਸੁਪਰੀਮ ਕੋਰਟ ਦੇ ਹੁਕਮਾਂ ਅਤੇ ਨਿਗਰਾਨੀ ਵਿੱਚ ਤਿਆਰ ਕੀਤੇ ਗਏ ਰਾਸ਼ਟਰੀ ਨਾਗਰਿਕ ਰਜਿਸਟਰ ਅਰਥਾਤ ਐਨ ਆਰ ਸੀ ਉਤੇ ਸਿਆਸੀ ਹੰਗਾਮਾ ਖੜਾ ਹੋ ਗਿਆ ਹੈ। ਅਤੇ ਸਿਆਸਤ ਇਕ ਗੱਲ ਉਤੇ ਗਰਮਾ ਗਈ ਹੈ ਕਿ ਜਿਹਨਾ 40 ਲੱਖ ਲੋਕਾਂ ਦੇ ਨਾਮ ਐਨ.ਆਰ.ਸੀ. ਵਿੱਚ ਦਰਜ ਨਹੀਂ ਉਹਨਾ ਨੂੰ ਦੇਸ਼ ਵਿਚੋਂ ਕੱਢਿਆ ਜਾਵੇ, ਇਹਨਾ ਵਿੱਚ ਬੰਗਲਾਦੇਸੀਆਂ ਤੋਂ ਬਿਨ੍ਹਾਂ 40 ਹਜ਼ਾਰ ਰੋਹਿੰਗੇ ਮੁਸਲਮਾਨ ਵੀ ਸ਼ਾਮਲ ਹਨ। ਭਾਜਪਾ ਦੇ ਇਕ ਵਿਧਾਇਕ ਨੇ ਪਿਛਲੇ ਦਿਨੀਂ ਬਿਆਨ ਦਿੱਤਾ ਸੀ ਕਿ ਜਿਹੜੇ ਬੰਗਲਾਦੇਸੀ ਜਾਂ ਰਹੰਗੇ ਭਾਰਤੀ ਨਾਗਰਿਕ ਨਹੀਂ ਹਨ, ਉਹਨਾ ਨੂੰ ਗੋਲੀ ਮਾਰ ਦਿੱਤੀ ਜਾਣੀ ਚਾਹੀਦੀ ਹੈ।
ਜਾਪਦੈ, ਵੋਟਾਂ ਦੀ ਖਾਤਰ ਨੇਤਾ ''ਭੀੜ ਤੰਤਰ'' ਉਸਾਰ ਸਕਦੇ ਆ। ਜੀਹਨੂੰ ਵੀ ਮਰਜੀ ਗਊ ਮਾਤਾ ਦੇ ਨਾਮ ਉਤੇ, ਮੱਝਾਂ ਚੋਰੀ ਕਰਨ ਦੇ ਨਾਮ ਉਤੇ, ਬੱਚਾ ਚੁੱਕਣ ਦੇ ਨਾਮ ਉਤੇ, ਵਿਰੋਧੀ ਵਿਚਾਰਾਂ ਵਾਲੇ ਨੂੰ ਮਾਰਵਾ ਸਕਦੇ ਆ, ਜਾਂ ਫਿਰ ਦਿਨੇ ਤਾਰੇ ਵਿਖਾ ਸਕਦੇ ਆ।
ਜਾਪਦੈ, ਵੋਟਾਂ ਦੀ ਖਾਤਰ ਨੇਤਾ, ਬੰਦੇ ਵਿਚਲੇ ਲਾਲ ਖੂਨ ਨੂੰ, ਚਿੱਟਾ ਖੂਨ ਬਣਾ ਸਕਦੇ ਆ, ਹਿੰਦੂ ਖੂਨ ਇੱਕ ਪਾਸੇ, ਮੁਸਲਮਾਨ ਖੂਨ ਦੂਜੇ ਪਾਸੇ, ਈਸਾਈ ਖੂਨ ਤੀਜੇ ਪਾਸੇ ਕਰਕੇ ਹੱਥ 'ਚ ਡਾਗਾਂ, ਛੁਰੀਆਂ, ਗੰਢਾਸੇ ਫੜਾ ਸਕਦੇ ਆ। ਇੱਕ ਬੰਦੇ ਨੂੰ ਚੋਰ, ਦੂਜੇ ਨੂੰ ਠੱਗ, ਤੀਜੇ ਨੂੰ ਘੁਸਪੈਠੀਆ, ਚੌਥੇ ਨੂੰ ਭ੍ਰਿਸਟਾਚਾਰੀ, ਦੇਸ਼ ਧਰੋਹੀ ਕਰਾਰ ਦੇਕੇ ਸਾਲਾਂ ਬੱਧੀ ਜੇਲ੍ਹ ਦੀ ਹਵਾ ਖੁਆ ਸਕਦੇ ਆ।
ਪਰ ਭਾਈ ਨੇਤਾ ਕੀ ਜਾਨਣ ਲੋਕ ਭੁੱਖ ਨਾਲ ਮਰ ਰਹੇ ਆ। ਨੇਤਾ ਕੀ ਜਾਨਣ ਲੋਕ ਨੌਕਰੀ ਨੂੰ ਤਰਸ ਰਹੇ ਆ। ਨੇਤਾ ਦੀ ਭੁੱਖ ਤਾਂ ਵੋਟ ਹੈ। ਨੇਤਾ ਦੀ ਭੁੱਖ ਤਾਂ ਲੋਕਾਂ 'ਚ ਫੁੱਟ ਹੈ। ਨੇਤਾ ਦੀ ਭੁੱਖ ਤਾਂ ਲੋਕਾਂ 'ਚ ਨਫਰਤ ਹੈ। ਤਦੇ ਤਾਂ ਇਹੋ ਜਿਹੇ ਨੇਤਾਵਾਂ ਬਾਰੇ ਕਵੀ ਕਹਿੰਦਾ ਹੈ, ''ਮਸਲੇ ਅਸੀਂ ਚੁੱਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ। ਅੱਗੇ ਵੰਡ ਦੀ ਅੱਗ ਹਾਂ ਸੇਕ ਬੈਠੇ, ਅੱਗ ਨਫਰਤਾਂ ਦੀ ਮੁੜ ਮੁੜ ਬਾਲਦੇ ਹਾਂ''।


ਨਹੀਂ ਰੀਸਾਂ ਦੇਸ਼ ਮਹਾਨ ਦੀਆਂ

ਜੂਨ 2018 'ਚ ਕੀਤੇ ਇੱਕ ਸਰਵੇਖਣ ਅਨੁਸਾਰ ਇਹ ਗੱਲ ਨਿਕਲਕੇ ਸਾਹਮਣੇ ਆਈ ਹੈ ਕਿ ਪੂਰੀ ਦੁਨੀਆਂ ਵਿੱਚ ਭਾਰਤੀ ਨਾਗਰਿਕਾਂ ਵਿਚੋਂ ਆਪਣੀ ਇੱਛਾ ਅਨੁਸਾਰ 74 ਫੀਸਦੀ ਲੋਕ ਅੰਗ ਦਾਨ ਕਰਦੇ ਹਨ। ਜਦਕਿ ਤੁਰਕੀ ਵਿੱਚ 72 ਫੀਸਦੀ ਅਤੇ ਬਰਤਾਨੀਆ 'ਚ 67 ਫੀਸਦੀ ਲੋਕ ਆਪਣੇ ਅੰਗ ਦਾਨ ਕਰਨ ਲਈ ਤਿਆਰ ਹਨ।

ਇੱਕ ਵਿਚਾਰ

ਸਿਰਫ ਉਹੀ ਯਾਤਰਾ ਅਸੰਭਵ ਹੈ, ਜੋ ਤੁਸੀਂ ਹਾਲੀ ਸ਼ੁਰੂ ਨਹੀਂ ਕੀਤੀ- ਟੋਨੀ ਰਾਂਨਬਿਸ

ਗੁਰਮੀਤ ਪਲਾਹੀ
ਮੋਬ ਨੰ:- 9815802070