ਲੋਕ ਵੇਦਨਾ ਨੂੰ ਸਮਝਦਿਆਂ  - ਸਵਰਾਜਬੀਰ

ਲੋਕ ਵੇਦਨਾ ਕਈ ਰੂਪਾਂ ਵਿਚ ਪ੍ਰਗਟ ਹੁੰਦੀ ਹੈ। ਹਾਕਮ ਜਮਾਤਾਂ ਵਿਰੁੱਧ ਰੋਸ ਤੇ ਵਿਰੋਧ ਭਿੰਨ ਭਿੰਨ ਲਹਿਰਾਂ/ਮੁਜ਼ਾਹਰਿਆਂ ਦੇ ਰੂਪ ਵਿਚ ਸਾਹਮਣੇ ਆਉਂਦੇ ਹਨ। ਹਰ ਰੋਸ ਪ੍ਰਗਟਾਵੇ ਦਾ ਆਪਣਾ ਵਿਲੱਖਣ ਚਰਿੱਤਰ ਹੁੰਦਾ ਹੈ ਤੇ ਪੈੜਾਂ ਨਿਵੇਕਲੀਆਂ। ਇਤਿਹਾਸ ਵਿਚ ਲੋਕ-ਵਿਰੋਧਾਂ ਦੇ ਵੱਖ ਵੱਖ ਰੂਪ ਵੇਖਣ ਲਈ ਮਿਲਦੇ ਹਨ ਜਿਵੇਂ ਗ਼ੁਲਾਮਾਂ ਦੇ ਵਿਰੋਧ, ਕਿਸਾਨ ਬਗ਼ਾਵਤਾਂ ਅਤੇ ਧਾਰਮਿਕ ਰੰਗਤ ਵਿਚ ਰੰਗੇ ਹੋਏ ਵਿਸ਼ਾਲ ਵਿਦਰੋਹ ਜਿਨ੍ਹਾਂ ਦੇ ਆਪਣੇ ਠੋਸ ਜਮਾਤੀ ਤੇ ਜਾਤੀ ਆਧਾਰ ਸਨ। ਇਸ ਤੋਂ ਇਲਾਵਾ ਡਕੈਤਾਂ ਤੇ ਧਾੜਵੀਆਂ ਦੇ ਕਿੱਸੇ-ਕਹਾਣੀਆਂ ਮਿਲਦੀਆਂ ਹਨ ਜਿਨ੍ਹਾਂ ਵਿਚ ਸਮਾਜ ਤੋਂ ਬਾਹਰ ਕੱਢਿਆ ਬੰਦਾ ਪਹਿਲਾਂ ਡਾਕੂ ਜਾਂ ਧਾੜਵੀ ਬਣਦਾ ਹੈ ਤੇ ਫਿਰ ਬਾਗ਼ੀ।
       ਲੋਕ ਵਿਦਰੋਹਾਂ ਦੇ ਕਾਰਨ ਹਮੇਸ਼ਾ ਤੋਂ ਓਹੀ ਰਹੇ ਹਨ : ਤਾਕਤਵਰ ਬੰਦੇ ਦਾ ਆਮ ਬੰਦੇ 'ਤੇ ਦਾਬਾ ਤੇ ਸ਼ੋਸ਼ਣ, ਉਹਨੂੰ ਵਗਾਰ ਕਰਨ ਲਈ ਮਜਬੂਰ ਕਰਨਾ, ਗ਼ੁਲਾਮ ਬਣਾਉਣਾ ਤੇ ਉਹਦੇ ਸਰੀਰ ਤੇ ਸਮੇਂ ਨੂੰ ਤਾਕਤਵਰ ਬੰਦਿਆਂ ਦੇ ਹੱਥਾਂ ਵਿਚ ਸੌਂਪਣਾ, ਆਰਥਿਕ ਲੁੱਟ-ਖਸੁੱਟ, ਧਾਰਮਿਕ ਤੇ ਨਸਲੀ ਵਿਤਕਰੇ ਦੇ ਆਧਾਰ 'ਤੇ ਲੋਕਾਂ ਨੂੰ ਪੀੜਤ ਕਰਨਾ। ਆਧੁਨਿਕ ਸਮਿਆਂ ਵਿਚ ਇਨ੍ਹਾਂ ਤੌਰ-ਤਰੀਕਿਆਂ ਦੇ ਰੂਪ ਬਦਲੇ ਹਨ ਤੇ ਸਿੱਧੇ ਤਸ਼ੱਦਦ ਦੇ ਨਾਲ ਨਾਲ ਅਸਿੱਧੇ ਰੂਪ ਵਿਚ ਦਮਨ ਕਰਨ ਦੇ ਤਰੀਕੇ ਈਜਾਦ ਹੋਏ ਹਨ।
      ਵਿਦਰੋਹਾਂ ਦੇ ਖ਼ਾਸੇ ਹਮੇਸ਼ਾਂ ਜਟਿਲ ਹੁੰਦੇ ਹਨ। ਇਸ ਦੀ ਸਭ ਤੋਂ ਵੱਡੀ ਮਿਸਾਲ ਸਿੱਖ ਗੁਰੂਆਂ ਤੋਂ ਸ਼ੁਰੂ ਹੋਏ, ਬੰਦਾ ਬਹਾਦਰ ਤੇ ਸਿੱਖ ਮਿਸਲਾਂ ਰਾਹੀਂ ਸਿਖ਼ਰ 'ਤੇ ਪਹੁੰਚਿਆ ਲੋਕ ਵਿਦਰੋਹ ਹੈ। ਇਹ ਪੰਜਾਬ ਦੇ ਕਿਸਾਨਾਂ, ਦਲਿਤਾਂ, ਦਮਿਤਾਂ ਤੇ ਕੰਮੀ ਕਮੀਣ ਕਹੇ ਜਾਣ ਵਾਲੇ ਲੋਕਾਂ ਦਾ ਸਮੂਹਿਕ ਵਿਦਰੋਹ ਸੀ, ਜਿਹੜਾ ਧਾਰਮਿਕ ਰੂਪ ਵਿਚ ਪ੍ਰਗਟ ਹੋਇਆ। ਇਸ ਵਿਦਰੋਹ ਵਿਚ ਵੱਖ ਵੱਖ ਜਾਤਾਂ ਤੇ ਜਮਾਤਾਂ ਦੇ ਲੋਕ ਸ਼ਾਮਿਲ ਸਨ ਪਰ ਇਸ ਦਾ ਮੂਲ ਖ਼ਾਸਾ ਕਿਸਾਨੀ ਦਾ ਵਿਦਰੋਹ ਹੋ ਨਿਬੜਿਆ। ਇਸ ਵਿਦਰੋਹ ਵਿਚ ਪੰਜਾਬੀ ਸਮਾਜ ਦੇ ਸਭ ਹਿੱਸੇ ਸਿੱਧੇ-ਅਸਿੱਧੇ ਰੂਪ ਵਿਚ ਹਾਜ਼ਰ ਸਨ ਪਰ ਅਗਵਾਈ ਖ਼ਾਲਸੇ ਦੇ ਹੱਥਾਂ ਵਿਚ ਸੀ। ਏਸੇ ਲਈ ਸ਼ਾਹ ਮੁਹੰਮਦ ਆਪਣੇ ਜੰਗਨਾਮੇ ਵਿਚ ਜਿਸ ਖ਼ਾਲਸੇ ਦਾ ਜ਼ਿਕਰ ਕਰਦਾ ਹੈ, ਉਸ ਵਿਚ ਸਿੱਖ ਮੁਸਲਮਾਨ ਤੇ ਹਿੰਦੂ ਇਕੱਠੇ ਹਨ, ਸ਼ਾਮ ਸਿੰਘ ਅਟਾਰੀਵਾਲਾ, ਮੇਵਾ ਸਿੰਘ, ਮਾਖੇ ਖ਼ਾਨ ਤੇ ਇਲਾਹੀ ਬਖ਼ਸ਼ ਇਕੱਠੇ ਹੋ ਕੇ ਲੜਦੇ ਹਨ।
       ਪੰਜਾਬ ਦੇ ਇਤਿਹਾਸ ਵਿਚ ਇਕ ਸੁਨਹਿਰੀ ਪੰਨਾ ਵੀਹਵੀਂ ਸਦੀ ਦੇ ਦੂਸਰੇ ਤੇ ਤੀਸਰੇ ਦਹਾਕੇ ਵਿਚ ਲਾਏ ਗਏ ਅਕਾਲੀ ਮੋਰਚਿਆਂ ਦਾ ਹੈ ਜਿਹੜਾ ਏਨੇ ਸ਼ਾਂਤਮਈ ਤੇ ਜ਼ਬਤ ਵਾਲੇ ਤਰੀਕੇ ਨਾਲ ਚਲਾਇਆ ਗਿਆ ਕਿ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ। ਧਾਰਮਿਕ ਸੁਧਾਰਾਂ ਲਈ ਉੱਭਰੇ ਇਸ ਲੋਕ ਵਿਦਰੋਹ ਦਾ ਸਰੂਪ ਏਨੇ ਵਿਰਾਟ ਰੂਪ ਵਿਚ ਬਸਤੀਵਾਦੀ ਵਿਰੋਧੀ ਹੋ ਨਿਬੜਿਆ ਕਿ ਮਹਾਤਮਾ ਗਾਂਧੀ ਨੇ ਇਹਨੂੰ ਹਿੰਦੋਸਤਾਨ ਦੀ ਆਜ਼ਾਦੀ ਦੀ ਪਹਿਲੀ ਜਿੱਤ ਆਖਿਆ। 19ਵੀਂ ਸਦੀ ਦੇ ਦੂਜੇ ਦਹਾਕੇ ਵਿਚ ਸ਼ੁਰੂ ਹੋਈ ਗ਼ਦਰ ਲਹਿਰ ਦਾ ਖ਼ਾਸਾ ਇਨਕਲਾਬੀ ਸੀ ਭਾਵੇਂ ਬਹੁਤੇ ਗ਼ਦਰੀ ਪੱਕੇ ਸਿੱਖ ਸਨ ਤੇ ਪਾਰਟੀ ਦੀਆਂ ਬਹੁਤੀਆਂ ਮੀਟਿੰਗਾਂ ਗੁਰਦੁਆਰਿਆਂ ਵਿਚ ਹੁੰਦੀਆਂ ਸਨ। ਬਾਅਦ ਵਿਚ ਗ਼ਦਰੀ ਬਾਬੇ ਲੋਕ-ਪੱਖੀ ਸੰਸਥਾਵਾਂ ਤੇ ਖੱਬੇ ਪੱਖੀ ਲਹਿਰਾਂ ਦੇ ਆਗੂ ਬਣੇ। ਕਾਂਗਰਸ ਦੀ ਅਗਵਾਈ ਵਿਚ ਲੜੇ ਗਏ ਅੰਦੋਲਨ ਦਾ ਖ਼ਾਸਾ ਵੱਖਰਾ ਸੀ ਤੇ ਮੁਜ਼ਾਰਾ ਲਹਿਰ ਦੇ ਤੇਵਰ ਪ੍ਰਤੱਖ ਰੂਪ ਵਿਚ ਇਨਕਲਾਬੀ ਸਨ। ਆਜ਼ਾਦੀ ਤੋਂ ਬਾਅਦ ਪੰਜਾਬੀ ਸੂਬੇ ਲਈ ਲਾਏ ਗਏ ਮੋਰਚੇ ਦੀ ਆਪਣੀ ਨੁਹਾਰ ਸੀ ਤੇ ਸੰਘਰਸ਼ ਦਾ ਤਰੀਕਾ ਸ਼ਾਂਤਮਈ।
       ਬਰਗਾੜੀ ਵਿਚ ਸ਼ੁਰੂ ਹੋਇਆ ਇਨਸਾਫ਼ ਮੋਰਚਾ ਵੀ ਲੋਕ ਵੇਦਨਾ ਦਾ ਪ੍ਰਗਟਾਵਾ ਹੈ। ਇਸ ਸਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਨੂੰ ਸਮਝਣ ਦੀ ਜ਼ਰੂਰਤ ਹੈ। ਅਜੋਕੇ ਸਮਿਆਂ ਵਿਚ ਜਿਨ੍ਹਾਂ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਸ਼ਾਮ ਨੂੰ ਸੰਤੋਖ ਕੇ ਸਿੰਘਾਸਨ 'ਤੇ ਬਿਰਾਜਿਆ ਜਾਂਦਾ ਹੈ, ਉਨ੍ਹਾਂ ਥਾਵਾਂ ਦੀ ਸਾਂਭ-ਸੰਭਾਲ ਬਹੁਤ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ। ਪਰ ਦੱਸਿਆ ਜਾਂਦਾ ਹੈ ਕਿ ਜਦ ਸਿੱਖ ਮਿਸਲਾਂ ਮੁਗ਼ਲਾਂ ਵਿਰੁੱਧ ਸੰਘਰਸ਼ ਕਰ ਰਹੀਆਂ ਸਨ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੜਨ ਵਾਲੇ ਦਲਾਂ ਦੇ ਨਾਲ ਖੜਿਆ ਜਾਂਦਾ ਸੀ ਤਾਂ ਕਿ ਸਿੱਖਾਂ ਨੂੰ ਇਹ ਮਹਿਸੂਸ ਹੁੰਦਾ ਰਹੇ ਕਿ ਗੁਰੂ ਉਨ੍ਹਾਂ ਦੇ ਨਾਲ ਹੈ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਜਾਬ ਦੇ ਸੰਘਰਸ਼ਮਈ ਵਿਰਸੇ ਦਾ ਸਰਬਉੱਚ ਪ੍ਰਤੀਕ ਹੈ। ਪਿਛਲੇ ਸਮੇਂ ਵਿਚ ਬਹਿਬਲ ਕਲਾਂ, ਬਰਗਾੜੀ, ਕੋਟਕਪੂਰਾ ਤੇ ਹੋਰ ਸਥਾਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਗੱਠਜੋੜ ਦੀ ਸਰਕਾਰ ਦੌਰਾਨ ਬੇਅਦਬੀਆਂ ਹੋਈਆਂ। ਜ਼ਾਹਿਰ ਹੈ ਇਹ ਬੇਅਦਬੀਆਂ ਕੁਝ ਚਲਾਕ ਲੋਕਾਂ ਵਲੋਂ ਸਿਆਸੀ ਫ਼ਾਇਦੇ ਉਠਾਉਣ ਲਈ ਹੀ ਕਰਵਾਈਆਂ ਗਈਆਂ ਹੋਣਗੀਆਂ। ਇਨ੍ਹਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਸੀ। ਇਨ੍ਹਾਂ ਘਟਨਾਵਾਂ ਤੋਂ ਬਾਅਦ ਸ਼ਾਂਤਮਈ ਰੋਸ ਪ੍ਰਗਟਾ ਰਹੇ ਲੋਕਾਂ ਦੀ ਗੱਲ ਸੁਣਨ ਦੀ ਥਾਂ ਉਨ੍ਹਾਂ 'ਤੇ ਚਲਾਈ ਗਈ ਗੋਲੀ ਵਿਚ ਦੋ ਨੌਜਵਾਨਾਂ ਦੀ ਜਾਨ ਜਾਂਦੀ ਰਹੀ। ਲਗਪਗ ਤਿੰਨ ਸਾਲ ਹੋਣ ਲੱਗੇ ਹਨ ਪਰ ਮਾਮਲਾ ਕਿਸੇ ਪਾਸੇ ਨਹੀਂ ਲੱਗਾ। ਇਹੋ ਜਿਹੀ ਸੰਵੇਦਨਸ਼ੀਲ ਘਟਨਾ ਦੀ ਤਫ਼ਤੀਸ਼ ਵਿਚ ਏਨੀ ਦੇਰੀ ਨਾਲ ਨਿਸ਼ਚੇ ਹੀ ਕੁਝ ਸਬੂਤ ਤੇ ਗਵਾਹ ਘਟਣਗੇ। ਜੇ ਪੁਲੀਸ ਇਮਾਨਦਾਰੀ ਨਾਲ ਤਫ਼ਤੀਸ਼ ਕਰੇ ਅਤੇ ਉਸ ਵਿਚ ਕੋਈ ਸਿਆਸੀ ਦਖ਼ਲ ਨਾ ਹੋਵੇ ਤਾਂ ਗੁਨਾਹਗਾਰਾਂ ਨੂੰ ਬੜੀ ਜਲਦੀ ਫੜਿਆ ਜਾ ਸਕਦਾ ਹੈ। ਇਸੇ ਤਰ੍ਹਾਂ ਇਕੱਠੇ ਹੋਏ ਲੋਕਾਂ 'ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ, ਉਸ ਨੂੰ ਲੱਭਣਾ ਕੋਈ ਵੱਡੀ ਗੱਲ ਨਹੀਂ ਹੈ ਜਿਵੇਂ ਕਿ ਪੇਸ਼ ਕੀਤਾ ਜਾ ਰਿਹਾ ਹੈ। ਪਰ ਇਹ ਸਭ ਕੁਝ ਨਹੀਂ ਹੋ ਰਿਹਾ ਤਾਂ ਇਸ ਕਰਕੇ ਲੋਕ ਵੇਦਨਾ ਦੇ ਇਹ ਜ਼ਖ਼ਮ ਨਾਸੂਰ ਬਣਦੇ ਜਾ ਰਹੇ ਹਨ। ਸਾਰੀਆਂ ਧਿਰਾਂ ਇਸ ਤੋਂ ਸਿਆਸੀ ਲਾਭ ਲੈਣ ਦਾ ਯਤਨ ਕਰ ਰਹੀਆਂ ਹਨ। ਕੋਈ ਕਹਿ ਰਿਹਾ ਹੈ ਕਿ ਇਸ ਵਿਰੋਧ ਨੂੰ ਧਰਮ ਯੁੱਧ ਬਣਾ ਕੇ ਇਸ ਦੀ ਥਾਂ ਅੰਮ੍ਰਿਤਸਰ ਤਬਦੀਲ ਕੀਤੀ ਜਾਏ ਅਤੇ ਇਕ ਮੁੱਖ ਸਿਆਸੀ ਪਾਰਟੀ ਕਹਿ ਰਹੀ ਹੈ ਕਿ ਇਸ ਪਿੱਛੇ ਸਰਕਾਰੀ ਹੱਥ ਹੈ। ਸਾਰੀਆਂ ਪਾਰਟੀਆਂ ਰੈਲੀਆਂ ਕਰ ਰਹੀਆਂ ਹਨ ਪਰ ਸਭ ਤੋਂ ਹੈਰਾਨ ਕਰਨ ਵਾਲੀ ਰੈਲੀ ਕਾਂਗਰਸ ਪਾਰਟੀ ਦੀ ਹੈ ਜਿਹੜੀ ਖ਼ੁਦ ਹਾਕਮ ਪਾਰਟੀ ਹੈ। ਉਸ ਦੇ ਕੋਲ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਹੈ ਅਤੇ ਐੱਸਆਈਟੀ ਦੀ ਤਫ਼ਤੀਸ਼ ਨੂੰ ਤੇਜ਼ ਕਰਨ ਦੇ ਵਸੀਲੇ ਵੀ ਤਾਂ ਤਫ਼ਤੀਸ਼ ਨੂੰ ਸਮਾਂਬੱਧ ਤੇ ਨਿਸ਼ਚਿਤ ਤਰੀਕੇ ਨਾਲ ਕੀਤੇ ਜਾਣ ਦਾ ਵਿਸ਼ਵਾਸ ਪੱਕੇ ਰੂਪ ਵਿਚ ਕਿਉਂ ਨਹੀਂ ਦਿੱਤਾ ਜਾ ਰਿਹਾ। ਇਸ ਮੋਰਚੇ ਦੇ ਸੰਚਾਲਕ ਸਰਦਾਰ ਧਿਆਨ ਸਿੰਘ ਮੰਡ ਤੇ ਹੋਰਨਾਂ ਦਾ ਕਹਿਣਾ ਹੈ ਕਿ ਇਹ ਮੋਰਚਾ ਬਰਗਾੜੀ ਹੀ ਲੱਗਾ ਰਹੇਗਾ ਤੇ ਪੰਜਾਬ ਦੇ ਸਾਰੇ ਰਾਹ ਬਰਗਾੜੀ ਵੱਲ ਆਉਣਗੇ। ਉਨ੍ਹਾਂ ਅਨੁਸਾਰ ਇਹ ਸੰਘਰਸ਼ ਸ਼ਾਂਤਮਈ ਢੰਗ ਨਾਲ ਚਲਾਇਆ ਜਾਵੇਗਾ।
        ਕਾਰਲ ਮਾਰਕਸ ਅਨੁਸਾਰ ''ਧਾਰਮਿਕ ਪੀੜਾ ਲੋਕਾਂ ਦੇ ਅਸਲੀ ਦੁੱਖ-ਦਰਦ ਦਾ ਪ੍ਰਗਟਾਵਾ ਹੁੰਦੀ ਹੈ ਅਤੇ ਅਸਲੀ ਦੁੱਖ ਦਰਦ ਦੇ ਕਾਰਨਾਂ ਵਿਰੁੱਧ ਵਿਦਰੋਹ ਵੀ। ਇਸ ਕਲੇਸ਼ ਭਰੇ ਸੰਸਾਰ ਵਿਚ, ਧਰਮ, ਦੱਬੇ ਕੁਚਲੇ ਬੰਦੇ ਦੇ ਦਿਲ ਅੰਦਰੋਂ ਨਿਕਲਿਆ ਹਉਕਾ ਹੈ, ਦਿਲਹੀਣੇ ਸੰਸਾਰ ਦਾ ਦਿਲ ਹੈ, ਰੂਹਹੀਣੇ ਹਾਲਾਤ ਦੀ ਰੂਹ ਹੈ।'' ਪੰਜਾਬ ਦੀਆਂ ਖੱਬੇ ਪੱਖੀ ਪਾਰਟੀਆਂ ਨੇ ਕਦੇ ਲੋਕਾਂ ਦੇ ਦਿਲਾਂ 'ਚੋਂ ਨਿਕਲੇ ਇਸ ਹਉਕੇ ਦੀ ਗਹਿਰਾਈ ਨੂੰ ਪਛਾਨਣ ਦੀ ਕੋਸ਼ਿਸ਼ ਨਹੀਂ ਕੀਤੀ ਸਗੋਂ ਮਾਰਕਸ ਦੇ ਜੁਮਲੇ 'ਧਰਮ ਲੋਕਾਂ ਲਈ ਅਫ਼ੀਮ ਹੈ' ਨੂੰ ਮੂਲ ਲਿਖਤ ਨਾਲੋਂ ਨਿਖੇੜ ਕੇ ਵੇਖਿਆ ਹੈ ਤੇ ਓਸੇ ਵਿਚ ਉਲਝ ਕੇ ਰਹਿ ਗਈਆਂ ਹਨ। ਲੋਕ ਵੇਦਨਾ ਦੇ ਧਾਰਮਿਕ ਰੂਪ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਤੇ ਭੌਤਿਕ ਕਾਰਨਾਂ ਦਾ ਵਿਸ਼ਲੇਸ਼ਣ ਉਹ ਕਦੇ ਵੀ ਨਹੀਂ ਕਰ ਸਕੇ। ਇਹ ਪਾਰਟੀਆਂ ਹੁਣ ਵੀ ਧਾਰਮਿਕ ਮਾਮਲਿਆਂ ਬਾਰੇ ਕੁਝ ਨਾ ਕਹਿਣ ਵਾਲੀ ਆਪਣੀ 'ਪਵਿੱਤਰਤਾ' ਵਿਚ ਲਿਪਤ ਹਨ। ਉਹ ਸਿੱਖ ਲਹਿਰ ਜਾਂ ਧਾਰਮਿਕ ਰੂਪਾਂ ਰਾਹੀਂ ਆਏ ਉਭਾਰਾਂ ਨੂੰ ਸਮਝਣਾ ਹੀ ਨਹੀਂ ਚਾਹੁੰਦੀਆਂ ਤੇ ਇਨ੍ਹਾਂ ਨੂੰ ਫ਼ਿਰਕੂ ਰੁਝਾਨ ਕਹਿ ਕੇ 'ਪਵਿੱਤਰ ਖ਼ਾਮੋਸ਼ੀ' ਦਾ ਬਾਣਾ ਸਜਾ ਕੇ ਬਹਿ ਜਾਂਦੀਆਂ ਹਨ। ਏਸੇ ਲਈ ਉਹ ਲੋਕਾਂ ਤੋਂ ਬੇਗ਼ਾਨੀਆਂ ਹੋਈਆਂ ਪਈਆਂ ਹਨ। ਇਹ ਸਿਹਰਾ ਲਾਤੀਨੀ ਅਮਰੀਕਾ ਦੇ ਖੱਬੇ ਪੱਖੀਆਂ ਦੇ ਸਿਰ ਬੱਝਦਾ ਹੈ ਜਿਨ੍ਹਾਂ ਨੇ ਕੈਥੋਲਿਕ ਇਸਾਈਆਂ ਨਾਲ ਮਿਲ ਕੇ ਵੱਡੇ ਲੋਕ ਪੱਖੀ ਮੁਹਾਜ਼ ਉਸਾਰੇ ਜਿਨ੍ਹਾਂ ਦੇ ਸਿਧਾਂਤਕ ਰੂਪ ਨੂੰ ਲਿਬਰੇਸ਼ਨ ਥੀਆਲੋਜੀ ਕਿਹਾ ਜਾਂਦਾ ਹੈ। ਪ੍ਰੋ. ਕ੍ਰਿਸ਼ਨ ਸਿੰਘ ਨੇ ਸਿੱਖ ਧਰਮ ਦੇ ਵਿਕਾਸ ਨੂੰ ਏਸੇ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ।
      ਧਰਮ ਆਲੇ ਦੁਆਲੇ ਤੋਂ ਸ਼ੋਸ਼ਿਤ ਹੋਏ ਬੰਦੇ, ਜਿਹਦੀ ਕੋਈ ਬਾਤ ਨਹੀਂ ਪੁੱਛਦਾ, ਉਹਦੀ ਬਾਂਹ ਫੜਦਾ ਹੈ। ਧਰਮ ਉਹ ਹੀਲਾ ਵਸੀਲਾ ਅਤੇ ਅਕੀਦਾ ਹੈ ਜੋ ਉਸ ਬੰਦੇ ਦੀ ਪਨਾਹ ਬਣਦਾ ਹੈ ਜਿਸ ਨੂੰ ਕੋਈ ਪਨਾਹ ਨਹੀਂ ਦਿੰਦਾ। ਕਈ ਵਾਰ ਲੋਕ ਵਿਦਰੋਹ ਦੇ ਧਾਰਮਿਕ ਰੂਪ ਕਾਰਨ ਲੋਕ ਵੇਦਨਾ ਦੇ ਅਸਲੀ ਕਾਰਨਾਂ 'ਤੇ ਪਰਦਾ ਵੀ ਪੈ ਜਾਂਦਾ ਹੈ ਅਤੇ ਲੋਕ ਵੇਦਨਾ ਜਜ਼ਬਾਤੀ ਵਹਿਣਾਂ ਵਿਚ ਵਹਿ ਤੁਰਦੀ ਹੈ ਜਿਸ ਦੇ ਨਤੀਜੇ ਬੜੇ ਦੁਖਦਾਈ ਨਿਕਲਦੇ ਹਨ। ਪੰਜਾਬ ਨੇ ਅਜਿਹੇ ਦੁਖਾਂਤ ਬਹੁਤ ਝੱਲੇ ਹਨ।
      ਪੰਜਾਬ ਦੇ ਲੋਕ ਬੇਅਦਬੀ ਤੇ ਗੋਲੀ ਚਲਾਉਣ ਦੇ ਮਸਲੇ ਨੂੰ ਲੈ ਕੇ ਬੇਹੱਦ ਦੁਖੀ ਹਨ। ਕਿਸੇ ਵੀ ਸਿਆਸੀ ਪਾਰਟੀ ਨੇ ਇਸ ਮਸਲੇ ਨੂੰ ਨਜਿੱਠਣ ਲਈ ਗੰਭੀਰਤਾ ਨਹੀਂ ਦਿਖਾਈ। ਇਸ ਲਈ ਸਮੂਹਿਕ ਲੋਕ ਵੇਦਨਾ ਪਹਿਲਾਂ ਸਰਬੱਤ ਖ਼ਾਲਸਾ ਤੇ ਹੁਣ ਬਰਗਾੜੀ ਦੇ ਮੋਰਚੇ ਦੇ ਰੂਪ ਵਿਚ ਪ੍ਰਗਟ ਹੋਈ ਹੈ। ਕਈ ਵਾਰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਸਾਰੀਆਂ ਪਾਰਟੀਆਂ ਇਸ ਸਥਿਤੀ ਤੋਂ ਸਿਆਸੀ ਲਾਹਾ ਲੈਣ ਤੋਂ ਵੱਧ ਕੁਝ ਨਹੀਂ ਕਰਨਾ ਚਾਹੁੰਦੀਆਂ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਅਜਿਹੇ ਸੰਵੇਦਨਸ਼ੀਲ ਮਸਲੇ ਦਾ ਹੱਲ ਸੰਵਿਧਾਨ ਤੇ ਕਾਨੂੰਨ ਦੁਆਰਾ ਨਿਰਧਾਰਤ ਮਾਪਦੰਡਾਂ ਰਾਹੀਂ ਲੱਭਿਆ ਜਾਏ, ਨਹੀਂ ਤਾਂ ਲੋਕ ਵੇਦਨਾ ਦਾ ਇਹ ਆਮ ਮੁਹਾਰਾ ਸੰਘਰਸ਼ ਪੰਜਾਬ ਨੂੰ ਕਿਸੇ ਹੋਰ ਸੰਤਾਪ ਵੱਲ ਲਿਜਾ ਸਕਦਾ ਹੈ।

27 Oct. 2018