ਬਾਦਲਕਿਆਂ ਵੱਲੋਂ ਕੀਤੀ ਜਥੇਦਾਰੀ ਦੀ ਪੇਸਕਸ ਨੂੰ ਸਵੀਕਾਰ ਕਰਨਾ ਭਾਈ ਹਰਪ੍ਰੀਤ ਸਿੰਘ ਦੀ ਇਤਿਹਾਸਿਕ ਗਲਤੀ - ਬਘੇਲ ਸਿੰਘ ਧਾਲੀਵਾਲ

ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ

2015 ਵਿੱਚ ਚੱਬੇ ਦੀ ਧਰਤੀ ਤੇ ਹੋਇਆ ਸਰਬੱਤ ਖਾਲਸਾ ਦਾ ਬਹੁਤ ਵੱਡਾ ਇਕੱਠ ਇਤਿਹਾਸ ਦੇ ਉਹਨਾਂ ਪੰਨਿਆਂ ਵਿੱਚ ਆਪਣੀ ਥਾ ਬਣਾ ਗਿਆ ਜਿੱਥੇ ਅਠਾਰਵੀਂ ਸਦੀ ਦੇ ਸਿੰਘਾਂ ਵੱਲੋਂ ਦੁਸ਼ਮਣ ਨਾਲ ਨਜਿੱਠਣ ਲਈ ਸਰਬੱਤ ਖਾਲਸਾ ਬੁਲਾ ਕੇ ਫੈਸਲੇ ਲਏ ਜਾਂਦੇ ਸਨ।2015 ਦੇ ਸਰਬੱਤ ਖਾਲਸਾ ਨੂੰ ਰੱਦ ਕਰਨਾ ਸ੍ਰ ਪ੍ਰਕਾਸ਼ ਸਿੰਘ ਬਾਦਲ ਦੀ ਬਹੁਤ ਵੱਡੀ ਇਤਿਹਾਸਿਕ ਗਲਤੀ ਹੈ,ਜਿਸ ਦਾ ਖਮਿਆਜਾ ਉਹਨੂੰ ਤੇ ਉਹਦੇ ਪਰਿਵਾਰ ਨੂੰ ਭੁਗਤਣਾ ਪੈ ਰਿਹਾ ਹੈ ਤੇ ਭਵਿੱਖ ਵਿੱਚ ਭੁਗਤਣਾ ਪੈਂਦਾ ਰਹੇਗਾ। ਜੇਕਰ ਪ੍ਰਕਾਸ਼ ਸਿੰਘ ਬਾਦਲ 2015 ਦੇ ਸਰਬੱਤ ਖਾਲਸੇ ਨੂੰ ਮਨਜੂਰ ਕਰ ਲੈਦੇ ਤਾਂ ਹੋ ਸਕਦਾ ਹੈ ਕਿ ਉਹਨਾਂ ਦੇ ਪਰਿਵਾਰ ਦੀ ਐਨੀ ਦੁਰਗਤੀ ਨਾ ਹੁੰਦੀ ਜਿੰਨੀ ਹੁਣ ਹੋ ਰਹੀ ਹੈ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਸ੍ਰ ਬਾਦਲ ਬੜੇ ਲੰਮੇ ਸਮੇ ਤੋ ਸਿੱਖੀ ਦੀਆਂ ਜੜਾਂ ਨੂੰ ਤੇਲ ਦਿੰਦਾ ਆ ਰਿਹਾ ਹੈ ਅਤੇ ਇਹਦੇ ਵਿੱਚ ਵੀ ਕਿਸੇ ਨੂੰ ਕੋਈ ਭੁਲੇਖਾ ਨਹੀ ਕਿ ਬਾਦਲ ਪਰਿਵਾਰ ਨੇ ਸੱਤਾ ਦੇ ਲਾਲਚ ਵਿੱਚ ਆਰ ਐਸ ਐਸ ਕੋਲ ਆਪਣੀ ਵਫਾਦਾਰੀ ਦੀ ਸਹੁੰ ਖਾਧੀ ਤੇ ਸਿੱਖੀ ਸਿਧਾਤਾਂ ਦਾ ਘਾਣ ਕਰਨ ਦਾ ਪ੍ਰਣ ਲਿਆ।ਆਰ ਐਸ ਐਸ ਦਾ ਥਾਪੜਾ ਹੀ ਹੈ ਜੋ ਬਾਦਲ ਪਰਿਵਾਰ ਦੀ ਸੱਤਾ ਨੂੰ ਬਰਕਰਾਰ ਰੱਖਦਾ ਹੈ ਤੇ ਉਸੇ ਸੱਤਾ ਅਤੇ ਦਿੱਲੀ ਨਾਗਪੁਰ ਦੇ ਥਾਪੜੇ ਦੇ ਨਸ਼ੇ ਕਰਕੇ ਬਾਦਲ ਪਿਉ ਪੁਤਰ ਨੇ 2015 ਦੇ ਬਹੁਤ ਵੱਡੇ ਲੋਕ ਫਤਵੇ ਨੂੰ ਹੀ ਨਹੀ ਨਕਾਰਿਆ ਬਲਕਿ ਉਹਨਾਂ ਨੇ ਇੱਕ ਵਾਰ ਫਿਰ ਪੁਰਾਤਨ ਸਿੱਖ ਪਰੰਪਰਾ ਨੂੰ ਤੋੜਨ ਦਾ ਵੱਡਾ ਗੁਨਾਹ ਕੀਤਾ ਹੈ।ਗੱਲ ਇੱਥੇ ਹੀ ਖਤਮ ਨਹੀ ਹੋਈ,ਬਾਦਲ ਸਰਕਾਰ ਨੇ ਆਪਣੀ ਕੌਂਮ ਨਾਲ ਸਿੱਧੀ ਟੱਕਰ ਲੈਣੀ ਸ਼ੁਰੂ ਕਰ ਦਿੱਤੀ ਤੇ ਸਰਬਤ ਖਾਲਸਾ ਬਲਾਉਣ ਵਾਲੀਆਂ ਧਿਰਾਂ ਅਤੇ ਥਾਪੇ ਗਏ ਜਥੇਦਾਰਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਤੁੰਨ ਦਿੱਤਾ।ਪੰਥਕ ਮਖੌਟੇ ਵਾਲੀ ਸਰਕਾਰ ਦੇ ਸਿੱਖ ਚਿਹਰੇ ਮੁਹਰੇ ਵਾਲੇ ਮੁੱਖ ਮੰਤਰੀ ਅਤੇ ਉੱਪ ਮੁੱਖ ਮੰਤਰੀ ਵੱਲੋਂ ਜੋ ਸਲੂਕ ਆਪਣੀ ਕੌਮ ਦੇ ਸਰਬ ਪਰਮਾਣਤ ਜਥੇਦਾਰਾਂ ਅਤੇ ਪੰਥਕ ਧਿਰਾਂ ਨਾਲ ਕੀਤਾ ਗਿਆ,ਉਹ ਦੁਸ਼ਮਣ ਦੇ ਜਬਰ ਤੋ ਜਿਆਦਾ ਕਹਿਰ ਭਰਿਆ ਅਤੇ ਅਸਹਿ ਸੀ।ਭਾਰਤ ਸਰਕਾਰ ਜਿਹੜੀ ਦੇਸ਼ ਦੀ ਅਜਾਦੀ ਵੇਲੇ ਤੋ ਹੀ ਸਿੱਖ ਕੌਮ ਦੀ ਦੁਸ਼ਮਣ ਬਣਕੇ ਵਿਚਰ ਰਹੀ ਹੈ ਤੇ ਜਿਸਨੇ ਸਿੱਖਾਂ ਨਾਲ ਵਿਸਵਾਸ਼ਘਾਤ ਕਰਕੇ ਉਹਨਾਂ ਨੂੰ ਅਜਾਦ ਭਾਰਤ ਵਿੱਚ ਮੁੜ ਤੋ ਗੁਲਾਮ ਬਣਾ ਲਿਆ ਹੋਇਆ ਹੈ,ਉਹਨਾਂ ਵੱਲੋਂ ਸਿੱਖਾਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਦੀ ਸਮਝ ਤਾਂ ਪੈਂਦੀ ਹੈ ਤੇ ਸਿੱਖ ਉਹਨਾਂ ਦੇ ਜੁਲਮਾਂ ਨੂੰ ਇਸ ਕਰਕੇ ਅਸਹਿ ਨਹੀ ਮੰਨਦੇ,ਕਿਉਕਿ ਉਹ ਤਾਂ ਸਿੱਖ ਦੁਸ਼ਮਣ ਜਮਾਤ ਹੈ,ਫਿਰ ਦੁਸ਼ਮਣ ਤੋ ਚੰਗੇ ਸਲੂਕ ਦੀ ਆਸ ਕਰਨੀ ਸਮਝਦਾਰੀ ਨਹੀ ਅਤੇ ਨਾ ਹੀ ਸਿੱਖ ਕੌਂਮ ਇਹ ਆਸ ਕੇਂਦਰ ਤੋ ਕਰਦੀ ਹੈ,ਪਰ ਇੱਕ ਸਿੱਖ ਸਾਸਕ ਜਿਹੜਾ ਸਾਰੀ ਜਿੰਦਗੀ ਪੰਥ ਦੇ ਨਾਮ ਤੇ ਰਾਜਨੀਤੀ ਕਰਦਾ ਰਿਹਾ ਹੋਵੇ,ਉਹਦੇ ਤੋ ਅਜਿਹੇ ਜਖਮ ਮਿਲਣੇ ਅਣਖ ਗੈਰਤ ਵਾਲੀਆਂ ਕੌਂਮਾਂ ਲਈ ਅਸਹਿ ਹੀ ਹੁੰਦੇ ਹਨ।ਪ੍ਰਕਾਸ਼ ਸਿੰਘ ਬਾਦਲ ਨੇ ਜਿੰਨਾ ਕੌਂਮ ਦਾ ਰਾਜਨੀਤਕ,ਧਾਰਮਿਕ ਅਤੇ ਸਿਧਾਂਤਕ ਨੁਕਸਾਨ ਕੀਤਾ ਹੈ,ਉਹਦੇ ਲਈ ਇਸ ਪਰਿਵਾਰ ਦੀ ਸਜ਼ਾ ਕਈ ਪੁਸਤਾਂ ਤੱਕ ਚੱਲਣ ਵਾਲੀ ਹੈ ਤੇ ਚਲਦੀ ਰਹੇਗੀ। ਜਦੋ ਵੀ ਸਿੱਖੀ ਸਿਧਾਤਾਂ ਨੂੰ ਲੱਗੀ ਢਾਹ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਬੋਲੇਗਾ,ਜਦੋ ਵੀ ਸਿੱਖ ਇਤਿਹਾਸ ਨਾਲ ਹੋਏ ਖਿਲਵਾੜ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਦਾ ਨਾਮ ਸਭ ਤੋ ਪਹਿਲਾਂ ਬੋਲੇਗਾ,ਜਦੋ ਵੀ ਸਾਡੇ ਸ਼ਾਨਾਮੱਤੇ ਇਤਿਹਾਸਿਕ ਦਿਹਾੜਿਆਂ,ਸ਼ਹੀਦੀ ਦਿਹਾੜਿਆਂ ਅਤੇ ਗੁਰੂ ਸਹਿਬਾਨਾਂ ਦੇ ਜਨਮ ਦਿਹਾੜਿਆਂ ਦੇ ਆਪਸ ਵਿੱਚ ਰਲਗੱਡ ਹੋਣ ਦੀ ਗੱਲ ਚੱਲੇਗੀ ਤਾਂ ਬਾਦਲ ਪਰਿਵਾਰ ਵੱਲ ਨਫਰਤ ਭਰੀਆਂ ਨਜਰਾਂ ਅਤੇ ਉਂਗਲਾਂ ਉੱਠਣਗੀਆਂ।ਸਾਇਦ ਇਸ ਪਰਿਵਾਰ ਨੂੰ ਲੰਮੇ ਸੱਤਾ ਸੁੱਖ ਅਤੇ ਇਨਾਮੀ ਜਾਇਦਾਦ ਦੇ ਨਸ਼ੇ ਨੇ ਅਪਣੀਆਂ ਆਉਣ ਵਾਲੀਆਂ ਨਸਲਾਂ ਦੇ ਮਾਣ ਸਨਮਾਨ ਦੀ ਯਾਦ ਹੀ ਨਹੀ ਆਉਣ ਦਿੱਤੀ।ਸ੍ਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਐਨਾ ਵੱਡਾ ਘਾਗ ਸਿਆਸਤਦਾਨ ਦੇ ਤੌਰ ਤੇ ਜਾਣਿਆ ਜਾਂਦਾ ਹੋਵੇ ਜਿਹੜਾ ਆਪਣੇ ਨਿਕਟਵਰਤੀ ਸਿਆਸੀ ਵਿਰੋਧੀਆਂ ਦਾ ਸਿਆਸੀ ਕਾਤਲ ਹੋਣ ਦੇ ਬਾਵਜੂਦ ਵੀ ਭੋਲਾ ਭਾਲਾ ਤੇ ਸਰੀਫ ਸਿਆਸਤਦਾਨ ਹੋਣ ਦੀ ਤਖਤੀ ਲਾਕੇ ਜਿੰਦਗੀ ਭਰ ਪੰਥਕ ਰਾਜਨੀਤੀ ਤੇ ਛਾਇਆ ਰਿਹਾ ਹੋਵੇ,ਉਹ ਆਪਣੇ ਜਿੰਦਗੀ ਦੇ ਅੰਤਲੇ ਸਮੇ ਵਿੱਚ ਆਕੇ ਮਾਰ ਇਸ ਲਈ ਖਾ ਗਿਆ,ਕਿਉਂਕਿ ਉਹਨੇ ਆਪਣੀ ਕੌਂਮ ਨੂੰ ਖਤਮ ਕਰਨ ਵਾਲੀਆਂ ਕਿੰਨੀਆਂ ਹੀ ਸਾਜਿਸ਼ਾਂ ਵਿੱਚ ਭਾਗੀਦਾਰ ਰਹਿਣ,ਸਿੱਖੀ ਸਧਾਤਾਂ ਨੂੰ ਢਾਹ ਲਾਉਣ ਅਤੇ ਇਤਿਹਾਸ ਦਾ ਮਲੀਆਮੇਟ ਕਰਨ ਦੇ ਬਜ਼ਰ ਗੁਨਾਹਾਂ ਤੋਂ ਬਾਅਦ ਜਿਹੜਾ ਆਪਣੇ ਕੱਫਣ ਵਿੱਚ ਕਿੱਲ ਗੱਡਣ ਦੀ ਗਲਤੀ ਕਰ ਬੈਠਾ,ਉਹ ਇਹ ਹੈ ਕਿ ਉਹਨੇ ਆਪਣੇ ਦੁਨਿਆਵੀ ਆਕਾਵਾਂ ਨੂੰ ਖੁਸ਼ ਕਰਨ ਲਈ ਆਪਣੇ ਗੁਰੂ ਨਾਲ ਹੀ ਬੈਰ ਬੰਨ ਲਿਆ।ਜਾਗਤ ਜੋਤ ਸਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਵੀ ਆਪਣੀ ਸਿਆਸੀ ਚਾਲ ਵਿੱਚ ਸ਼ਾਮਲ ਕਰ ਬੈਠਾ। ਉਹ ਸਮਰੱਥ ਗੁਰੂ ਜਿਹੜਾ ਪੂਰੀ ਦੁਨੀਆਂ ਦਾ ਰਾਹ ਦਿਸੇਰਾ ਹੈ,ਤੇ ਜਿਸ ਦੇ ਦਰ ਤੋ ਖਾਲੀ ਝੋਲੀਆਂ ਭਰਕੇ ਜਾਂਦੀਆਂ ਹਨ ਤੇ ਮਲੰਗ ਸ਼ਾਹ ਬਣ ਜਾਂਦੇ ਹਨ,ਉਸ ਗੁਰੂ ਦੀ ਬੇਅਦਬੀ ਚੋ ਭਵਿੱਖ ਲਈ ਰਾਜ ਸੱਤਾ ਲੱਭਣੀ ਭਲਾ ਕਿਵੇਂ ਵਾਜਵ ਹੋ ਸਕਦੀ ਹੈ।ਮੇਰੀ ਇਹ ਗੱਲ ਨੂੰ ਨਾਸਤਕ ਲੋਕ ਮੰਨਣ ਜਾਂ ਨਾ ਮੰਨਣ,ਪਰ ਮੇਰਾ ਇਹ ਦ੍ਰਿੜ ਵਿਸ਼ਵਾਸ਼ ਹੈ ਕਿ ਬਾਦਲ ਪਰਿਵਾਰ ਅਤੇ ਉਹਨਾਂ ਦੇ ਨਜਦੀਕੀਆਂ ਦੀ ਜੋ ਦੁਰਗਤੀ ਹੋ ਰਹੀ ਹੈ,ਇਹ ਸਭ ਗੁਰੂ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਹੈ।ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਨਜਰਅੰਦਾਜ ਕਰਕੇ ਤਖਤਾਂ ਤੇ ਕਾਬਜ ਜਥੇਦਾਰਾਂ ਨੇ ਪੰਥ ਨਾਲੋਂ ਬਾਦਲ ਪਰਿਵਾਰ ਨੂੰ ਵੱਡਾ ਸਮਝਿਆ ਤੇ ਜਥੇਦਾਰੀਆਂ ਨਾਲ ਚਿੰਬੜੇ ਰਹੇ,ਲਿਹਾਜਾ ਜਥੇਦਾਰ ਅਤੇ ਬਾਦਲਕੇ ਲੋਕ ਮਨਾਂ ਚੋ ਲਹਿ ਗਏ ਤੇ ਚੋਣਾਂ ਮੌਕੇ ਰਾਜ ਸੱਤਾ ਤੋ ਵੀ ਲਹਿ ਗਏ।ਹੁਣ ਇੱਕ ਪਾਸੇ ਜੂਨ 2018  ਤੋ ਬੇਅਦਬੀਆਂ ਦੇ ਇਨਸਾਫ ਦਾ ਮੋਰਚਾ ਲੱਗਾ ਹੋਇਆ ਹੈ,ਜਿਸਨੂੰ ਪੰਥ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ।ਇਸ ਦੌਰਾਨ ਹੀ ਬਾਦਲ ਕਿਆਂ ਨੇ ਇੱਕ ਨਵਾਂ ਪੱਤਾ ਖੇਡਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਹਟਾ ਕੇ ਨਵਾਂ ਜਥੇਦਾਰ ਨਿਯੁਕਤ ਕਰਨ ਦਾ।ਜਦੋ ਇੱਕ ਪਾਸੇ ਕੌਂਮ ਪੂਰਨ ਰੂਪ ਵਿੱਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਭਾਈ ਜਗਤਾਰ ਸਿੰਘ ਹਵਾਰਾ ਅਤੇ ਉਹਨਾਂ ਦੀ ਗੈਰ ਹਾਜਰੀ ਵਿੱਚ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੂੰ ਜਥੇਦਾਰ ਸਵੀਕਾਰ ਚੱੁਕੀ ਹੈ,ਜਿਹੜੇ ਮੋਰਚੇ ਦੀ ਅਗਵਾਈ ਵੀ ਕਰ ਰਹੇ ਹਨ,ਅਜਿਹੇ ਸਮੇ ਤੇ ਬਾਦਲਕਿਆਂ ਦੀ ਜਥੇਦਾਰੀ ਸਵੀਕਾਰ ਕਰਨਾ ਸਿਆਣਪ ਨਹੀ ਹੈ। ਬੇਸ਼ੱਕ ਪਹਿਲਾਂ ਵੀ ਬਾਦਲਕਿਆਂ ਵੱਲੋਂ ਭਾਈ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ  ਥਾਪਿਆ ਹੋਇਆ ਹੈ,ਪੰਥ ਨੇ ਕੋਈ ਬਹੁਤਾ ਨੋਟਿਸ ਵੀ ਨਹੀ ਸੀ ਲਿਆ ਪਰੰਤੂ ਹੁਣ ਜਦੋ ਸਮੁੱਚਾ ਖਾਲਸਾ ਪੰਥ ਇੱਕ ਵਾਰ ਫਿਰ ਇੱਕ ਕੇਸਰੀ ਝੰਡੇ ਹੇਠ ਇਕੱਠਾ ਹੋ ਰਿਹਾ ਹੈ ਤੇ ਜਥੇਦਾਰ ਭਾਈ ਹਵਾਰਾ ਨੂੰ ਹੀ ਮੰਨਦਾ ਹੈ,ਉਹਨਾਂ ਦੀ ਗੈਰ ਹਾਜਰੀ ਵਿੱਚ ਜਥੇਦਾਰ ਦੀਆਂ ਸੇਵਾਵਾਂ ਨਿਭਾ ਰਹੇ ਭਾਈ ਧਿਆਨ ਸਿੰਘ ਮੰਡ ਨੂੰ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪੂਰਨ ਸਹਿਯੋਗ ਵੀ ਦੇ ਰਿਹਾ ਹੈ ਤਾਂ ਬਾਦਲਕਿਆਂ ਵੱਲੋਂ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਦੀ ਪੇਸਕਸ ਨੂੰ ਸਵੀਕਾਰ ਕਰਕੇ ਭਾਈ ਹਰਪ੍ਰੀਤ ਸਿੰਘ ਨੇ ਇਤਿਹਾਸਿਕ ਗਲਤੀ ਕੀਤੀ ਹੈ ਜਿਹੜੀ ਉਹਨਾਂ ਨੂੰ ਪੰਥ ਤੋ ਅਲੱਗ ਬਲੱਗ ਕਰ ਦੇਵੇਗੀ।ਇਹ ਸੱਚ ਹੈ ਕਿ ਬਹੁ ਗਿਣਤੀ ਲੋਕ ਕੋਈ ਰੁਤਬਾ ਮਿਲਦੇ ਹੀ ਸਾਰਾ ਕੁੱਝ ਭੁੱਲ ਜਾਂਦੇ ਹਨ।ਸੋ ਦੇਖਣਾ ਹੋਵੇਗਾ ਕਿ ਭਾਈ ਹਰਪ੍ਰੀਤ ਸਿੰਘ ਪੰਥਕ ਭਾਵਨਾਵਾਂ ਦੀ ਕਿੰਨੀ ਕੁ ਕਦਰ ਕਰਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

29 Oct. 2018