ਮਾਂ ਦੀ ਮੰਨਤ' ਸਿੰਗਲ ਟਰੈਕ ਲੈ ਕੇ ਹਾਜਰ ਹੈ - ਗਾਇਕ ਵਿਜੇ ਬੱਧਣ - ਪ੍ਰੀਤਮ ਲੁਧਿਆਣਵੀ

ਪੰਜਾਬੀ ਮਾਂ-ਬੋਲੀ ਦੇ ਜਾਏ, ਕਿਸੇ ਵੀ ਹਾਲਾਤ ਵਿਚ ਹੋਣ,  ਉਹ ਆਪਣੀ ਮਿਹਨਤ, ਲਗਨ, ਸਿਦਕ, ਫਿਰਾਕ-ਦਿਲੀ ਅਤੇ ਅਣਮੋਲ ਸੱਭਿਆਚਾਰਕ ਗਤੀਵਿਧੀਆਂ ਦੁਆਰਾ ਆਪਣਾ, ਆਪਣੀ ਜਨਮ-ਭੂਮੀ ਅਤੇ ਮਾਂ-ਬੋਲੀ ਪੰਜਾਬੀ ਦਾ ਨਾਮ ਰੋਸ਼ਨ ਕਰਦਿਆਂ ਆਪਣੀ ਅੱਡਰੀ ਛਾਪ ਛੱਡਣ ਲਈ ਯਤਨਸ਼ੀਲ ਹੀ ਰਹਿੰਦੇ ਹਨ।   ਇਸੇ ਲੜੀ ਤਹਿਤ ਜਿਸ ਸੰਘਰਸ਼ਸ਼ੀਲ ਨੌਜਵਾਨ ਦਾ ਇਨਾਂ ਸਤਰਾਂ ਦੁਆਰਾ ਜਿਕਰ ਕਰਨ ਜਾ ਰਿਹਾ ਹਾਂ, ਉਹ ਹੈ ਜਿਲਾ ਗੁਰਦਾਸਪੁਰ ਦੀ ਇਕ ਨੁਕਰੇ ਵਸਦੇ ਪਿੰਡ ਹੱਲਾ ਦਾ ਬਹੁ-ਕਲਾਵਾਂ ਦਾ ਸੁਮੇਲ ਨੌਜਵਾਨ ਵਿਜੇ ਬੱਧਣ।  ਵਧੀਆ ਸ਼ਾਇਰ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸਮਾਜ-ਸੇਵੀ ਅਤੇ ਲੋਕ-ਗਾਇਕ।  ਗਾਇਕੀ ਖੇਤਰ ਵਿਚ, 'ਮੌਜਾਂ ਲਾਈਆਂ ਨੇ ਮਈਆਂ ਦੇ ਦੁਆਰੇ' ਅਤੇ ਜਲੰਧਰ ਦੂਰਦਰਸ਼ਨ ਦੇ ਨਵੇ ਵਰੇ (2018) ਦੀ ਆਮਦ ਤੇ 'ਢੋਲ ਵੱਜਿਆ'  ਗੀਤ ਰਾਂਹੀ ਭਰਵੀ ਹਾਜਰੀ ਦੁਆਰਾ ਚਰਚਿਤ ਹੋਏ ਇਸ ਗਾਇਕ ਦਾ ਹੁਣ ਨਵਾਂ ਸਿੰਗਲ ਟਰੈਕ 'ਮਾਂ ਦੀ ਮੰਨਤ' ਦੇਸ਼ ਵਿਦੇਸ਼ਾਂ ਵਿਚ ਚਰਚਾ ਦਾ ਖੂਬ ਵਿਸ਼ਾ ਬਣਿਆ ਹੋਇਆ ਹੈ।
       ਮਾਤਾ ਸਵ: ਪ੍ਰਭੀ ਦੇਵੀ ਅਤੇ ਪਿਤਾ ਸਵ: ਗਿਆਨੀ ਤੇਜ ਰਾਮ ਜੀ ਦੇ ਘਰ ਜਨਮੇ ਵਿਜੇ ਨੇ ਸੰਖੇਪ ਜਿਹੀ ਮੁਲਾਕਾਤ ਵਿਚ ਦੱਸਿਆ ਕਿ ਘਰ ਵਿਚ  ਗਰੀਬੀ ਹੋਣ ਕਾਰਨ ਉਹ ਜਿਆਦਾ ਪੜ ਨਾ ਸਕਿਆ।  ਗਾਉਣਾਂ, ਲਿਖਣਾਂ ਅਤੇ ਅਦਾਕਾਰੀ ਦਾ ਸ਼ੌਕ ਉਸ ਨੂੰ ਬਚਪਣ ਤੋ ਹੀ ਸੀ।  ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਉਸ ਨੇ ਉਸਤਾਦ ਮਦਨ ਇਲਾਹੀ ਜੀ ਨੂੰ ਆਪਣਾ ਰਸਮੀ ਉਸਤਾਦ ਧਾਰਿਆ ਅਤੇ ਯਮਲੇ ਦੀ ਫੁੱਲਵਾੜੀ ਦੇ ਮਹਿਕਦੇ ਫੁੱਲ  ਸਵ: ਚਮਨ ਲਾਲ ਗੁਰਦਾਸਪੁਰੀ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿਚ ਜਾ ਕੇ ਸਟੇਜਾਂ ਉਤੇ ਹਾਜਰੀਆਂ ਲੁਆਈਆਂ।   ਅੱਜ ਕੱਲ ਬੱਧਣ ਆਪਣੀ ਕਲਾ ਨੂੰ ਨਿਖਾਰਨ ਲਈ ਰਾਕੇਸ਼ ਕੁਮਾਰ ਸ਼ਰਮਾਂ ਜੀ ਤੋ ਵੀ ਸੰਗੀਤ ਦੀਆਂ ਕਲਾਸਾਂ ਲੈ ਰਿਹਾ ਹੈ।
        ਗਾਇਕੀ ਦੇ ਨਾਲ-ਨਾਲ ਬੱਧਣ ਨੇ ਉਘੇ ਰੰਗਕਰਮੀ ਉਸਤਾਦ ਰਜਿੰਦਰ ਭੋਗਲ ਜੀ ਦੀ ਰਹਿਨੁਮਾਈ ਹੇਠ ਲੁਕਾਈ ਕਲਾ ਕੇਦਂਰ ਦੇ ਬੈਨਰ ਹੇਠ ਦਰਜਨ ਦੇ ਕਰੀਬ ਨਾਟਕ ਵੀ ਖੇਡੇ। ਇਕ ਲੜੀਵਾਰ ਹਿੰਦੀ ਸੀਰੀਅਲ 'ਪਸ਼ਚਾਤਾਪ' ਵਿਚ ਬਤੌਰ ਐਕਟਰ ਵੀ ਕੰਮ ਕੀਤਾ।  ਇਸ ਤੋ ਇਲਾਵਾ ਆਪਣੀ 'ਬੱਧਣ ਪ੍ਰੋਡੈਕਸ਼ਨ' ਹੇਠ ਦਰਜਨਾਂ ਕਲਾਕਾਰ ਦੇ ਸੱਭਿਆਚਾਰਕ ਗੀਤ ਪੇਸ਼ ਕਰਨ ਦਾ ਵੀ ਫਖਰ ਹਾਸਿਲ ਕੀਤਾ।
         ਕਲਮੀ-ਖੇਤਰ ਵਿਚ ਵਿਜੇ ਬੱਧਣ ਦੀਆਂ ਲਿਖੀਆਂ ਰਚਨਾਵਾਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ.) ਪੰਜਾਬ ਦੀਆਂ ਕਈ ਸਾਂਝੀਆਂ ਪ੍ਰਕਾਸ਼ਨਾਵਾਂ  ਵਿਚ ਛਪੀਆਂ।  ਉਸ ਵਲੋਂ ਵੱਖ-ਵੱਖ ਖੇਤਰਾਂ ਪਾਏ ਗਏ ਯੋਗਦਾਨ ਦਾ ਮੁੱਲ ਪਾਂਉਂਦੇ , ਉਸ ਦੇ ਘਰ ਵਿਚ ਸੰਭਾਲੇ ਵੱਖ-ਵੱਖ ਸੰਸਥਾਵਾਂ ਵਲੋਂ ਪ੍ਰਾਪਤ ਅਨੇਕਾਂ ਸਰਟੀਫਿਕੇਟ ਅਤੇ ਸਨਮਾਨ-ਚਿੰਨ ਉਸਦੇ ਮਾਣ-ਮੱਤੇ ਸਾਹਿਤਕ ਤੇ ਸੱਭਿਆਚਾਰਕ ਸਫਰ ਦੀ ਭਰਵੀਂ ਗਵਾਹੀ ਦੇ ਰਹੇ ਹਨ।
        ਆਪਣੇ ਨਵੇ ਸਿੰਗਲ ਟਰੈਕ 'ਮਾਂ ਦੀ ਮੰਨਤ' ਬਾਰੇ ਗੱਲਬਾਤ ਕਰਦਿਆਂ ਬੱਧਣ ਨੇ ਦੱਸਿਆ ਕਿ ਡੀ: ਟੀ: ਬੀ: ਫਿਲਮ ਪ੍ਰੋਡੈਕਸ਼ਨ ਦੀ ਅਤੇ ਪੇਸ਼ਕਰਤਾ ਅਨਿਲ ਰਤਨਗੜੀਆ ਦੀ ਪੇਸ਼ਕਸ਼ ਅਤੇ ਨਿਰਮਾਤਾ ਨਰੇਸ਼ ਸ਼ਰਮਾਂ ਦੀ ਰਹਿਨੁਮਾਈ ਹੇਠ ਕੱਢੇ ਇਸ ਗੀਤ ਦਾ ਲੇਖਕ ਵੀ ਖੁਦ ਉਹ (ਵਿਜੇ) ਹੀ ਹੈ।  ਇਸ ਗੀਤ ਨੂੰ ਸੰਗੀਤਕ-ਛੋਹਾਂ ਸੰਗੀਤਕਾਰ ਸ਼ਕਤੀ ਬਚਨ ਨੇ ਦਿੱਤੀਆਂ : ਜਦ ਕਿ ਇਸ ਦਾ  ਵੀਡੀਓ-ਫਿਲਮਾਂਕਣ ਸਚਿਨ ਵੱਲੋ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ। ਵਿਜੇ ਬੱਧਣ ਨੇ ਅੱਗੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਭਾਰਤ ਤੋ ਇਲਾਵਾ ਕਨੇਡਾਂ, ਆਸਟ੍ਰੇਲੀਆ, ਦੁਬੱਈ, ਇਟਲੀ, ਇੰਗਲੈਡ, ਸਾਉਥ ਕੋਰੀਆ, ਆਦਿ ਦੇਸ਼ਾਂ ਵਿਚ ਵੀ ਰਲੀਜ ਕੀਤਾ ਜਾ ਰਿਹਾ ਹੈ।
          ਇੱਥੋਂ ਤੱਕ ਦੇ ਮੁਕਾਮ ਹਾਸਲ ਕਰਨ ਦੀ ਪ੍ਰਾਪਤੀ ਨੂੰ ਬੱਧਣ ਜਿੱਥੇ ਆਪਣੇ ਗੁਰੂ ਦੇਵ ਸਚਖੰਡ ਵਾਸੀ ਸਤਿਗੁਰੂ ਸ੍ਰੀ 108 ਸੀਤਲ ਦਾਸ ਜੀ ਦਾ ਓਟ ਆਸਰਾ ਮੰਨਦਾ ਹੈ, ਉਥੇ ਆਪਣੇ ਗੁਰੂ-ਭਾਈ ਸੂਫੀ ਗਾਇਕ ਮੁਮਤਾਜ. ਹੰਸ, ਗਾਇਕ ਅਸ਼ਵਨੀ ਲੱਖੋਵਾਲੀ,  ਨਿਰਮਾਤਾ ਨਰੇਸ਼ ਸ਼ਰਮਾਂ ਤੋ ਇਲਾਵਾ ਦੋਸਤਾਂ-ਮਿੱਤਰਾਂ, ਸਹਿਯੋਗੀਆਂ ਅਤੇ ਦਰਸ਼ਕਾਂ-ਸਰੋਤਿਆਂ ਦਾ ਵੀ ਤਹਿ-ਦਿਲੋਂ ਧੰਨਵਾਦ ਕਰਦਾ ਹੈ ਜਿਨਾਂ ਦੀਆਂ ਸ਼ੁਭ-ਇੱਛਾਵਾਂ ਅਤੇ ਹੱਲਾ-ਸ਼ੇਰੀ ਹਮੇਸ਼ਾਂ ਉਸ ਦੇ ਨਾਲ ਰਹੀ।
- ਪ੍ਰੀਤਮ ਲੁਧਿਆਣਵੀ (ਚੰਡੀਗੜ), (9876428641)