ਹਾਸਾ ਵਿਕਾਓ ਹੈ! - ਅਵਤਾਰ ਸਿੰਘ ਸੌਜਾ

ਪੁਰਾਣੇ ਸਮਿਆਂ ਵਿੱਚ ਲੋਕੀਂ ਖੁੱਲ੍ਹਾ ਖਾਂਦੇ ਸੀ ਅਤੇ ਖੁੱਲ੍ਹਾਂ ਹਸਦੇ ਸੀ, ਜਿਹੜਾ ਯੋਗਾ ਅੱਜ ਅੰਤਰਰਾਸ਼ਟਰੀ ਪੱਧਰ 'ਤੇ ਜੋਰ ਸ਼ੋਰ ਨਾਲ ਪ੍ਰਚਾਰ ਰਾਹੀਂ ਲੋਕਾਂ ਨੂੰ ਸਿਖਾਇਆਂ ਜਾ ਰਿਹਾ ਹੈ। ਉਹ ਪੁਰਾਣੇ ਲੋਕੀਂ ਹੱਥੀ ਕੰਮ ਕਰਦੇ ਜਾਂ ਇੱਕ ਦੂਜੇ ਨਾਲ ਹਾਸਾ ਮਖੋਲ ਕਰਦੇ ਆਪਣੇ ਫੇਫੜਿਆਂ ਨੂੰ ਖੋਲ ਲੈਂਦੇ ਸੀ। ਸੱਥਾਂ ਵਿੱਚ ਪਿੰਡ ਦੇ ਬੱਚੇ ਕੀ, ਨੌਜਵਾਨ ਕੀ, 'ਤੇ ਬਜੁਰਗ ਕੀ, ਸਭ ਇੱਕ ਦੂਜੇ ਨਾਲ ਖੁੱਲ੍ਹ ਖੁੱਲ੍ਹ ਕੇ ਹੱਸਦੇ ਖੇਡਦੇ। ਉਮਰਾਂ ਦੇ ਪੜਾਂਵਾਂ ਦਾ ਅੰਤਰ ਬਹੁਤਾ ਨਹੀਂ ਸੀ। ਘਰ੍ਹਾਂ ਦੀਆਂ ਔਰਤਾਂ , ਤੀਆਂ 'ਤੇ ਹੋਰ ਤਿੱਥ ਤਿਉਹਾਰਾਂ ਨੂੰ ਆਂਢ ਗੁਆਂਢ ਦੀਆਂ ਔਰਤਾਂ ਨਾਲ ਮਿਲ ਬੈਠਦੀਆਂ, ਸਹੁਰੇ ਘਰ ਵਸਦੀਆਂ ਧੀਆਂ ਇਹਨਾਂ ਤਿੱਥ ਤਿਉਹਾਂਰਾਂ ਵੇਲੇ ਪੇਕਿਆਂ ਨੂੰ ਫੇਰੀ ਪਾਉਂਦੀਆਂ ਅਤੇ ਦੁੱਖ ਸੁੱਖ ਕਰਦੀਆਂ । ਉਹ ਸਮਾਂ ਸੱਚ ਮੁੱਚ ਹੀ ਸਵਰਗ ਵਾਂਗ ਜਾਪਦਾ ਸੀ। ਲੋਕ ਅਨਪੜ੍ਹ ਸੀ ਪਰ ਦਿਲਾਂ ਦੇ ਸੱਚੇ ਸੀ। ਤਰੱਕੀ ਨਹੀਂ ਸੀ ਹੋਈ ਪਰ ਦੋ ਵੇਲੇ ਦੀ ਰੋਟੀ ਸਭ ਹੱਸ ਖੇਡ ਖਾਂਦੇ ਸੀ। ਮਨੋਰੰਜਨ ਦੇ ਸਾਧਨ ਬਹੁਤੇ ਨਹੀਂ ਸਨ ਪਰ ਜੀ ਪਰਚਾਵਾ ਸਭ ਦਾ ਵਧੀਆ ਹੂੰਦਾ ਸੀ। ਲੋਕੀਂ ਚੁਸਤ ਚਲਾਕ ਬਹੁਤੇ ਨਹੀਂ ਸਨ ਪਰ ਸਿਆਣਪ ਸਭ ਕੋਲ ਸੀ। ਨੈਤਿਕ ਆਦਤਾਂ ਵਾਲੇ ਸੈਮੀਨਾਰ ਕਿਤੇ ਨਹੀਂ ਲਗਦੇ ਸੀ ਪਰ ਰਿਸ਼ਤਿਆਂ ਦੀ ਕਦਰ ਸਭ ਨੂੰ ਸੀ।
ਜਿਉਂ ਜਿਉਂ ਇਨਸਾਨ ਸਿਆਣਾ ਬਣਦਾ ਗਿਆ , ਤਰੱਕੀ  ਤੇ ਵਿਕਾਸ ਕਰਦਾ ਗਿਆ । ਪਤਾ ਨਹੀਂ ਉਹ ਖੁਸ਼ੀ, ਉਹ ਖੁੱਲ੍ਹ ਕੇ ਹੱਸਣਾ ਹੀ ਭੁੱਲ ਗਿਆ ਕਿਤੇ ਸਾਇਦ। ਸਵੇਰੇ ਸ਼ਾਮ ਪਿੰਡਾਂ ਸ਼ਹਿਰਾਂ ਦੇ ਪਾਰਕਾਂ ਵਿੱਚ ਕੁੱਝ ਲੋਕ ਜਰੂਰ ਉੱਚੀਂ ਉੱਚੀ ਹੱਸਣ ਵਾਲਾ ਨਕਲੀ ਹਾਸਾ ਹਸਦੇ, ਯੋਗਾ ਕਰਦੇ ਨਜ਼ਰ ਆੁੳਂਦੇ ਹਨ, ਪਰ ਅਸਲ ਜਿੰਦਗੀ ਚੋਂ ਆਪ ਮੁਹਾਰੇ ਫੁੱਟਣ ਵਾਲਾ ਹਾਸਾ ਲਗਭਗ ਬੁੱਲਾਂ 'ਤੋਂ ਕਿਧਰੇ ਉਡ ਗਿਆ ਜਾਪਦਾ ਹੈ । ਆਖਿਰ ਕੀ ਕਾਰਨ ਹੈ? ਕਿਉਂ ਹੁਣ ਹਾਸਾ ਵਿਕਾਓ ਹੋ ਗਿਆ। ਸ਼ਹਿਰਾਂ, ਪਿੰਡਾਂ ਵਿੱਚ, ਟੀ.ਵੀ 'ਤੇ ਹਾਸਰਸ ਕਵੀ, ਪ੍ਰੋਗਰਾਮਾਂ ਵਿੱਚ ਆਪਣੀਆਂ ਜੁਗਲਬੰਦੀਆਂ ਰਾਹੀਂ ਇਨਸਾਨ ਨੂੰ ਦੋ ਘੜੀ ਹਸਾਉਣ ਦੀ ਹਿੰਮਤ ਕਰਦੇ ਹਨ ਪਰ ਕੁੱਝ ਪਲਾਂ ਪਿੱਛੋਂ ਪਤਾ ਨਹੀਂ ਕਿਉਂ ਫਿਰ ਉਹ ਹਾਸਾ ਗਾਇਬ ਜਾਂਦਾ ਹੈ। ਕਿਸੇ ਸਾਥੀ ਨਾਲ ਹੱਸ਼ਣ ਵਾਲੀ ਗੱਲ ਵੀ ਕਰੋ ਤਾਂ ਅਗਲਾ ਵੀ ਬਸ ਬੁੱਲਾਂ ਵਿੱਚ ਹਲਕਾ ਜਿਹਾ ਮੁਸਕਰਾ ਕੇ ਹੀ ਸਾਰ ਦਿੰਦਾ ਹੈ। ਨਜਰ ਲੱਗ ਗਈ ਜਾਪਦੀ ਹੈ ਸਾਡੇ ਹਾਸਿਆਂ ਨੂੰ। ਕੀ ਸਾਡੀ ਜਿੰਦਗੀ ਏਨੀ ਭਾਰ ਬਣ ਚੁੱਕੀ ਹੈ ਸਾਡੇ 'ਤੇ ਕਿ ਸਾਡੇ ਅੰਦਰੋਂ ਫੁੱਟਦੇ ਹਾਸਿਆਂ ਦੇ ਫੁਹਾਰਿਆਂ ਨੂੰ ਵੀ ਦਬਾ ਰਹੀ ਹੈ।
ਅਖਿਰ ਕਿਉਂ ਇਨਸਾਨ ਹੱਸਣਾ ਭੁੱਲ ਗਿਆ ਹੈ। ਕਾਰਣ ਅਨੇਕਾਂ ਹੋਣਗੇ। ਜਿੰਦਗੀ ਦੁੱਖਾਂ ਅਤੇ ਸੁੱਖਾਂ ਦੀ ਨਗਰੀ ਸੀ ਪਰ ਅਸੀਂ ਆਪਣੀ ਸੋਚ ਨਾਲ ਇਸਨੂੰ ਦੁੱਖਾਂ ਦੀ ਨਗਰੀ ਹੀ ਬਣਾ ਲਿਆ ਹੈ। ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਜਿੰਦਗੀ ਕੱਟ ਰਹੇ ਹਾਂ ਜਾਂ ਜਿੰਦਗੀ ਜੀ ਰਹੇ ਹਾਂ। ਦੋਨਾਂ ਗੱਲਾਂ ਵਿੱਚ ਬਹੁਤ ਫਰਕ ਹੈ।ਦੁੱਖ ਅਤੇ ਸੁੱਖ ਨਾਲ ਨਾਲ ਹੀ ਚਲਦੇ ਰਹਿੰਦੇ ਹਨ। ਜਿੰਦਗੀ ਦੇ ਰਸਤੇ 'ਤੇ ਚਲਦਿਆ ਹਰ ਇਨਸਾਨ ਨੂੰ ਬਹੁਤ ਸਾਰੇ ਦੁੱਖਾਂ ,ਹਾਦਸਿਆਂ ,ਸਦਮਿਆਂ ਨੂੰ ਸਹਿਣਾ ਪੈਂਦਾ ਹੈ ਪਰ ਜਿਸ ਤਰ੍ਹਾਂ ਕਹਿੰਦੇ ਹਨ ਕਿ ਰਾਤ ਦਾ ਪਰਛਾਂਵਾਂ ਕਦੇ ਸੂਰਜ ਨੂੰ ਹਮੇਸ਼ਾ ਲਈ ਨਹੀਂ ਢੱਕ ਸਕਿਆ ਉਸੇ ਤਰ੍ਹਾਂ ਇਹ ਦੁੱਖ ਦੇ ਬੱਦਲ ਵੀ ਹਮੇਸ਼ਾਂ ਲਈ ਸਾਡੀਆਂ ਖੁਸ਼ੀਆਂ, ਸਾਡੇ ਸੁੱਖਾਂ ਨੂੰ ਸਾਡੇ ਤੋਂ ਨਹੀਂ ਖੋ ਸਕਦੇ।ਜੇਕਰ ਜਿੰਦਗੀ ਵਿੱਚ ਦੁੱਖ ਦੀ ਘੜੀ ਆਈ ਹੈ ਤਾਂ ਉਸਨੂੰ ਕੱਟਣ ਸਹਿਣ ਕਰਨ ਦੀ ਸਕਤੀ ਵੀ ਪਰਮਾਤਮਾ ਦਿੰਦਾ ਹੈ ਅਤੇ ਉਸੇ ਦੀ ਮਿਹਰ ਨਾਲ ਅੱਗੇ ਸੁੱਖ ਵੀ ਦੇਖਣ ਨੂੰ ਮਿਲਦਾ ਹੈ। ਕਹਿੰਦੇ ਹਨ ਦੁੱਖ ਵੰਡਣ ਨਾਲ ਵੀ ਘਟ ਜਾਂਦਾ ਹੈ ਪਰ ਹਕੀਕਤ ਤਾਂ ਇਹ ਹੈ ਕਿ ਆਧੂਨਿਕ ਯੁੱਗ ਵਿੱਚ ਨਾਂ ਤਾਂ ਅਸੀਂ ਆਪਣਾ ਦੁੱਖ ਕਿਸੇ ਨਾਲ ਵੰਡ ਕੇ ਰਾਜੀ ਹਾਂ ਨਾ ਹੀ ਕਿਸੇ ਕੋਲ ਏਨਾ ਸਮਾਂ ਹੈ ਕਿ ਉਹ ਸਾਡੇ ਦੁੱਖ ਤਕਲੀਫ ਨੂੰ ਸਮਝ ਸਕੇ ਜਾਂ ਸਾਡਾ ਦੁੱਖ ਹਲਕਾ ਕਰਕੇ ਸਾਡੇ ਚਿਹਰੇ 'ਤੇ ਮੁਸਕਾਨ ਲਿਆ ਸਕੇ। ਸ਼ਾਇਦ ਦੁਨੀਆਂ ਵਿੱਚ ਤੁਹਾਡਾ ਸਭ ਤੋਂ ਵਧੀਆਂ ਦੋਸਤ ਸਾਥੀ ਵੀ ਉਹੀ ਇਨਸਾਨ ਹੀ ਹੈ ਜੋ ਤੁਹਾਨੂੰ ਰੋਂਦਿਆਂ ਨੂੰ ਵੀ ਹਸਾ ਸਕਣ ਦੀ, ਦੁੱਖ ਭੁਲਾਉਣ ਦੀ ਤਾਕਤ ਰੱਖਦਾ ਹੋਵੇ। ਹੱਸਦਿਆਂ ਨੂੰ ਤਾਂ ਕੋਈ ਵੀ ਰੁਲਾ ਸਕਦਾ ਹੈ । ਇਹ ਤਾਂ ਗੱਲ ਹੋਈ ਉਸ ਹਾਸੇ ਦੀ ਜਿਸਨੂੰ ਅਜਿਹੇ ਦੁੱਖ ਦੀ ਮਾਰ ਪੈਂਦੀ ਹੈ ਜਿਸਤੇ ਇਨਸਾਨ ਦਾ ਕੋਈ ਵਸ ਨਹੀਂ ਚਲਦਾ ।ਪ੍ਰੰਤੂ ਕੁੱਝ ਦੁੱਖ ਇਨਸਾਨ ਨੇ ਖੁਦ ਹੀ ਆਪ ਸਹੇੜੇ ਹੋਏ ਹਨ, ਜਿਸ ਕਰਕੇ ਉਹ ਦਿਨ ਰਾਤ ਸੜਦਾ ਰਹਿੰਦਾ ਹੈ,ਹੱਸਣਾ ਭੁੱਲ ਗਿਆ ਹੈ। ਇਸ ਵਿੱਚ ਸਭ ਤੋਂ ਵੱਡਾ ਦੁੱਖ ਮਨੁੱਖ ਦੀਆਂ ਫਾਲਤੂ ਦੀਆਂ ਇਛਾਵਾਂ ਦਾ ਹੈ। ਮਨੁੱਖ ਦਾ ਸਭ ਤੋਂ ਵੱਡਾ ਗਹਿਣਾ ਉਸਦਾ ਸਬਰ ਸੰਤੋਖ ਹੈ। ਜਿਸਨੇ ਸਬਰ ਕਰ ਲਿਆ ਸਮਝੋ ਜੱਗ ਜਿੱਤ ਲਿਆ। ਪਰ ਇਹ ਦੁਨੀਆਂ ਦਾ ਸਭ ਤੋਂ ਔਖਾ ਕੰਮ ਵੀ ਹੈ। ਬਹੁਤ ਔਖਾ ਮਨ ਨੂੰ ਮਾਰਨਾ । ਕਹਿੰਦੇ ਹਨ ਜੋ ਸਾਡੀ ਕਿਸਮਤ ਵਿੱਚ ਲਿਖਿਆ ਕੋਈ ਖੋਹ ਨਹੀਂ ਸਕਦਾ,ਜੋ ਨਹੀਂ ਲਿਖਿਆ ਕੋਈ ਦੇ ਨਹੀਂ ਸਕਦਾ। ਫਿਰ ਪਤਾ ਨਹੀਂ ਕਿਉਂ ਇਨਸਾਨ ਉਹਨਾਂ ਚੀਜਾਂ ਦੀ ਦਿਨ ਰਾਤ ਲਾਲਛਾ ਕਰਦਾ ਹੈ ।ਦੂਜੇ ਕੋਲ ਜੋ ਚੀਜ ਹੈ ਉਸਨੂੰ ਦੇਖ ਕੇ ਸੜਦਾ ਰਹਿੰਦਾ ਹੈ। ਅਤੇ ਦੁੱਖ ਭੋਗਦਾ ਹੈ। ਸੰਤੁਸਟੀ ਕਿਸੇ ਨੂੰ ਨਹੀਂ ਹੈ, ਜੋ ਪੈਦਲ ਚੱਲ ਰਿਹਾ ਹੈ,ਉਹ ਸਾਇਕਲ ਵਾਲੇ ਨੂੰ ਦੇਖ ਲਾਲਛਾ ਕਰਦਾ ਹੈ ਕਿ ਕਦੋਂ ਉਹ ਸਾਇਕਲ 'ਤੇ ਜਾਵੇਗਾ, ਸਾਇਕਲ ਵਾਲਾ ਸੋਚਦਾ ਹੈ ਕਦੋਂ ਮੋਟਰ ਸਾਇਕਲ ਜਾਂ ਸਕੂਟਰ ਲੈ ਲਵਾਂ, ਸਕੂਟਰ /ਮੋਟਰ ਸਾਈਕਲ ਵਾਲਾ ਸੋਚਦਾ ਹੈ ਕਦੋਂ ਗੱਡੀ ਲੈ ਲਵਾਂ ਭਾਵੇਂ ਛੋਟੀ ਹੀ ਹੋਵੇ, ਛੋਟੀ ਗੱਡੀ ਵਾਲਾ ਸੋਚਦਾ ਹੈ ਕਦੋਂ ਇਸਤੋਂ ਮਹਿੰਗੀ ਵੱਡੀ ਗੱਡੀ ਲਵਾਂ, ਇਸ ਤਰ੍ਹਾਂ ਇਹ ਮਨੁੱਖੀ ਮਨ ਕਦੇ ਸ਼ਾਂਤ ਨਹੀਂ ਹੁੰਦਾ ਅਤੇ ਇਹਨਾਂ ਲਾਲਛਾਵਾਂ ਵਿੱਚ ਦੁੱਖ ਭੋਗਦਾ ਹੈ। ਜੋ ਕੁੱਝ ਪਰਮਤਾਮਾ ਨੇ ਬਖਸ਼ਿਆ ਹੈ ਉਸਦੀ ਖੁਸ਼ੀ ਕਦੇ ਨਹੀਂ ਮਾਣਦਾ।ਨਤੀਜਾ ਇਹ ਹੂੰਦਾ ਹੈ ਕਿ ਬੁੱਲਾਂ ਤੋਂ ਹਾਸਾ ਸਦਾ ਲਈ ਗਾਇਬ ਹੋ ਜਾਂਦਾ ਹੈ।
ਲੋੜ ਹੈ ਆਧੂਨਿਕ ਸਮੇਂ ਵਿੱਚ ਆਪਣੀ ਜਿੰਦਗੀ ਨੂੰ ਗੁਲਜਾਰ ਬਨਾਉਣ ਦੀ। ਅਕਸਰ ਕਥਾਵਾਂ ਵਿੱਚ ਸੁਣਦੇ ਹਾਂ ਕਿ ਮਨੁੱਖ ਚੁਰਾਸੀ ਲੱਖ ਜੂਨਾਂ ਵਿੱਚੋਂ ਲੰਘਣ ਮਗਰੋਂ ਇਨਸਾਨੀ ਜੂਨ 'ਚ ਆਉਂਦਾ ਹੈ,ਪਤਾ ਨਹੀਂ ਸੱਚ ਹੈ ਜਾਂ ਨਹੀਂ ਪਰ ਕਿਉਂ ਨਾ ਅਸੀਂ ਇਸ ਜੀਵਨ ਨੂੰ ਹੀ ਆਪਣਾ ਸੋਹਣਾ ਜੀਵਨ ਬਣਾ ਲਈਏ ਤੇ ਜੀਉਂਈਏ। ਨਾ ਕਿਸੇ ਨਾਲ ਈਰਖਾ ,ਨਾ ਸਾੜਾ ,ਨਾ ਕਿਸੇ ਦੀਆਂ ਗੱਲਾਂ ਦਾ ਗੁੱਸਾ ।ਆਪਣੇ ਆਪ ਵਿੱਚ ਮਸਤ ਰਹਿਣਾ ,ਉਸ ਅਲਬੇਲੇ ਫਕੀਰ ਵਾਗੂੰ ਜੋ ਕੁੱਝ ਵੀ ਨਾ ਹੁੰਦੇ ਹੋਏ ਆਪਣੀ ਮਸਤੀ ਵਿੱਚ ਨੱਚਦਾ ਹੈ, ਟੱਪਦਾ ਹੈ ,ਗਾਉਂਦਾ ਹੈ ਅਤੇ ਪਰਮਾਤਮਾ ਦਾ ਸ਼ੁੱਕਰ ਮਨਾਉਂਦਾ ਹੈ ।ਪੈਂਡਾ ਔਖਾ ਏ ਪਰ ਕੋਸ਼ਿਸ਼ ਕਰਕੇ ਜਰੂਰ ਦੇਖਿਓ ਬਹੁਤ ਖੁਸ਼ੀ ਮਿਲੇਗੀ। ਛੋਟੀਆਂ ਛੋਟੀਆਂ ਗੱਲਾਂ 'ਚੋਂ ਖੁਸ਼ੀ ਲੱਭਣ ਦੀ ਕੋਸ਼ਿਸ਼ ਕਰੀਏ।ਹਰ ਦਿਨ ਆਪਣੀ ਆਪਣੀ ਮਿਹਨਤ ਕਰਦੇ ਹੋਏ ਸਿਕਵੇ ਛੱਡ ਆਪ ਹੱਸੀਏ 'ਤੇ ਲੋਕਾਂ ਦੇ ਚਿਹਰਿਆਂ 'ਤੇ ਵੀ ਮੁਸ਼ਕਾਨ ਲਿਆਈਏ। ਅੰਤ ਵਿੱਚ ,"
ਹਾਸਾ ਵਿਕਾਓ ਹੈ! ਹਾਸਾ ਵਿਕਾਓ ਹੈ!
ਪਰ ਬਹੁਤਾ ਮਹਿੰਗਾ ਵੀ ਨਹੀਂ!
ਖਰਚ ਕਰਨੇ ਪੈਣਗੇ ਦੋਸਤੋ ਕੁੱਝ !
ਮਸਤੀ ਦੇ ਪਲ , ਫਕੀਰੀਆਂ 'ਦੇ ਰਸਤੇ 'ਤ ਚਲ!
ਛੱਡਣੇ ਪੈਣਗੇ ਦੋਸਤੋ!
ਈਰਖਾ, ਸਾੜਾ 'ਤੇ ਗੁੱਸੇ ਗਿਲੇ ,ਸਿੱਕਵੇ ਦੀਆਂ ਬਾਤਾਂ ਰਲ!
ਮੁੱਕਦੀ ਗੱਲ ਜੇ ਲਾਉਣੇ ਹਾਸਿਆਂ ਦੇ ਖੰਭ ਤੁਸੀਂ !
ਸਬਰ ਪੱਲੇ ਬੰਨ੍ਹ ਰਹੋ ਹਰਦਮ ਇਹ ਕਹਿੰਦੇ ਕਿ
" ਮਨ ਮੇਰੇ ਹਰ ਗੱਲ ਦਾ ਚਾਓ ਹੈ"
ਹਾਸਾ ਵਿਕਾਓ ਹੈ ਜੀ ਹਾਸਾ ਵਿਕਾਓ ਹੈ...!
ਬਸ ਖਰੀਦਣਾ ਆਉਣਾ ਚਾਹੀਦਾ ਏ ਜੀ...!
ਹਾਸਾ ਵਿਕਾਓ ਹੈ!!

ਅਵਤਾਰ ਸਿੰਘ ਸੌਜਾ ,
ਪਿੰਡ-ਸੌਜਾ, ਡਾਕਖਾਨਾ-ਕਲੇਹਮਾਜਰਾ,
 ਤਹਿਸੀਲ ਨਾਭਾ, ਜਿਲ੍ਹਾ-ਪਟਿਆਲਾ
ਮੋਬਾਇਲ ਨੰ 98784 29005